ਸੱਜਰੇ, ਨਰੋਏ ਅਤੇ ਅਨੋਖੇ ਵਿਚਾਰਾਂ ਦੀ ਸਾਂਝ ਦਾ ਪੁਲ਼


ਸੱਚ! ਸੱਚ ਕੀ ਹੈ?

ਇਸ ਦੀ ਪਰਿਭਾਸ਼ਾ ਸੱਤਾ ਹੀ ਤੈਅ ਕਰਦੀ ਆਈ ਹੈ ਤੇ ਕਰ ਰਹੀ ਹੈ। ਜੋ ਨਜ਼ਰ ਆਉਂਦਾ ਹੈ, ਉਹ ਸੱਚ ਨਹੀਂ ਤੇ ਜੋ ਸੱਚ ਹੈ, ਉਹ ਨਜ਼ਰ ਨਹੀਂ ਆਉਂਦਾ। ਸਹੀ ਕਹਿਣਾ ਹੋਵੇ ਤਾਂ ਉਸ ਨੂੰ ਨਜ਼ਰਾਂ ਤੋਂ ਉਹਲੇ ਕਰ ਦਿੱਤਾ ਜਾਂਦਾ ਹੈ। ਇਸ ਦੌਰ ਵਿਚ ਸੱਚ ਨੂੰ ਦਬਾਉਣ ਦਾ ਸੱਤਾ ਕੋਲ ਕਾਰਗਰ ਹਥਿਆਰ ਉਸਦਾ ਪਲੋਸਿਆ ਹੋਇਆ 'ਗੋਦੀ ਮੀਡੀਆ' ਹੈ।

ਮੀਡੀਆ ਦਾ ਜਨਮ ਭਾਵੇਂ ਲੋਕਾਂ ਨੂੰ ਅਮੁੱਲੀਆਂ ਜਾਣਕਾਰੀਆਂ,  ਸਹੀ ਤੇ ਸਟੀਕ ਸੂਚਨਾਵਾਂ ਅਤੇ ਸੱਚ ਦਿਖਾਉਣ ਲਈ ਹੋਇਆ ਸੀ ਪਰ ਸਮੇਂ ਦੇ ਨਾਲ-ਨਾਲ ਇਸ ਦੇ ਬਹੁਤ ਵੱਡੇ ਹਿੱਸੇ `ਤੇ ਵੀ ਬਾਜ਼ਾਰ ਦੀਆਂ ਤਾਕਤਾਂ ਦਾ ਕਬਜ਼ਾ ਹੋ ਗਿਆ। ਭਾਰਤ ਵਿਚ ਬੜੀ ਤੇਜ਼ੀ ਨਾਲ਼ ਇਹ 'ਗੋਦੀ ਮੀਡੀਆ' ਵਜੋਂ ਜਾਣਿਆਂ ਜਾਣ ਲੱਗਾ। ਗੋਦੀ ਮੀਡੀਆ ਦਾ ਇੱਕੋ ਇਕ ਕੰਮ ਸਰਕਾਰ ਦੀ ਤੂਤੀ ਵਜਾਉਣ ਦੇ ਨਾਲ਼ ਨਾਲ਼ ਵਿਅਕਤੀ ਵਿਸ਼ੇਸ਼ ਨੂੰ ਅਮਰਤਾ ਪ੍ਰਦਾਨ ਕਰਨ ਤੱਕ ਨਾਇਕ ਬਣਾਉਣਾ ਹੀ ਰਹਿ ਗਿਆ ਹੈ। ਭਾਰਤ ਦੇ 'ਗੋਦੀ ਮੀਡੀਆ' ਨੂੰ ਉਸ ਸੰਸਾਰ 'ਪੂੰਜੀ ਮੀਡੀਆ' ਦੀ ਸਰਪ੍ਰਸਤੀ ਵੀ ਹਾਸਲ ਹੈ ਜੋ ਸਿਰਫ਼ ਉਹੀ ਦਿਖਾਉਂਦਾ ਹੈ ਜੋ ਵਿਸ਼ਵ ਬਾਜ਼ਾਰ ਦੀ ਨਿਰਦੇਸ਼ਨਾ ਹੁੰਦੀ ਹੈ।

'ਪੂੰਜੀ ਮੀਡੀਏ' ਦੀ ਅਹਿਮ ਭੂਮਿਕਾ ਕਰੋਨਾ ਕਾਲ ਵਿਚ ਉਭਰ ਕੇ ਸਾਹਮਣੇ ਆਈ ਹੈ। ਦੁਨੀਆ ਭਰ ਵਿਚ ਇਸ ਨੇ ਡਰ ਦਾ ਮਾਹੌਲ ਸਿਰਜ ਕੇ ਪੂੰਜੀਪਤੀਆਂ ਦੀਆਂ ਤਿਜੌਰੀਆਂ ਭਰ ਦਿੱਤੀਆਂ। ਇਸ ਦੀ ਤਾਜ਼ਾ ਮਿਸਾਲ ਉਹ ਰਿਪੋਰਟ ਹੈ ਜਿਸ ਵਿਚ ਸਾਫ਼-ਸਾਫ਼ ਲਿਖਿਆ ਹੈ ਕਿ ਕਰੋਨਾ ਕਾਲ ਵਿਚ ਜਿੱਥੇ ਤਮਾਮ ਮੁਲਕਾਂ ਦੇ ਨਾਲ਼ ਹੀ ਭਾਰਤ ਵੀ ਬੁਰੀ ਤਰ੍ਹਾਂ ਆਰਥਕ ਮੰਦੀ ਵਿਚ ਚਲਾ ਗਿਆ ਹੈ, ਉਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਸਮ ਖਾਸ ਮਿੱਤਰ ਉਦਯੋਗਪਤੀਆਂ ਅੰਬਾਨੀਆਂ ਅਤੇ ਅਡਾਨੀਆਂ ਦੀਆਂ ਜਾਇਦਾਦਾਂ ਨੂੰ ਪਰ ਲੱਗ ਗਏ ਹਨ। ਰਿਪੋਰਟ ਮੁਤਾਕ ਕਰੋਨਾ ਕਾਲ ਦੌਰਾਨ ਹੀ ਮੁਕੇਸ਼ ਅੰਬਾਨੀ ਦੀ ਜਾਇਦਾਦ 24% ਵੱਧ ਗਈ ਹੈ ਅਤੇ ਅਡਾਨੀ ਦੀ ਸੰਪਤੀ ਦੁੱਗਣੀ ਹੋ ਗਈ ਹੈ।

ਇਸ ਡਰ ਦੇ ਮਾਹੌਲ ਵਿਚ ਹੀ ਇਨ੍ਹਾਂ ਦੋਵੇਂ ਕਾਰਪੋਰੇਟ ਘਰਾਣਿਆਂ ਨੇ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਰਾਹੀਂ ਖੇਤੀ ਖੇਤਰ 'ਤੇ ਕਬਜ਼ਾ ਕਰਨ ਲਈ ਤਿੰਨ ਕਾਲੇ ਕਾਨੂੰਨ ਲਿਆਂਦੇ। ਇਹ ਕਾਨੂੰਨ ਲਿਆਉਂਦਿਆਂ ਮੋਦੀ ਸਰਕਾਰ ਨੂੰ ਭੋਰਾ ਵੀ ਇਲਮ ਨਹੀਂ ਸੀ ਕਿ ਉਸ ਦਾ ਇਹ ਫੈਸਲਾ ਹੀ 'ਕਿਸਾਨੀ ਅੰਦੋਲਨ' ਦੇ ਰੂਪ ਉਸ ਦੇ ਗਲ਼ੇ ਦੀ ਹੱਡੀ ਬਣ ਜਾਵੇਗਾ। ਇਸ ਕਿਸਾਨ ਅੰਦੋਲਨ ਦਾ ਮੁੱਢ ਭਾਵੇਂ ਕਿਸਾਨਾਂ ਨੇ ਬੰਨ੍ਹਿਆ ਹੈ ਪਰ ਹੁਣ ਇਹ ਸਮੁੱਚੇ ਭਾਰਤ ਜਨ ਸੰਘਰਸ਼ ਬਣ ਚੁੱਕਾ ਹੈ।

ਇਸ ਪੂਰੇ ਸੰਘਰਸ਼ ਦੌਰਾਨ ਹੀ 'ਗੋਦੀ ਮੀਡੀਆ' ਤੇ 'ਪੂੰਜੀ ਮੀਡੀਆ' ਨੂੰ ਰੱਦ ਕਰਦਿਆਂ  ਰੇਗਿਸਤਾਨ ਵਿਚ ਮੀਂਹ ਦੀਆਂ ਕਣੀਆਂ ਵਾਂਗ 'ਬਦਲਵੇਂ ਮੀਡੀਆ' ਦਾ ਜਨਮ ਹੁੰਦਾ ਹੈ। ਇਸ ਬਦਲਵੇਂ ਮੀਡੀਏ ਦੇ ਵੱਡੇ ਹਿੱਸੇ ਨੇ ਪੂੰਜੀਪਤੀ-ਸਰਕਾਰੀ ਗਠਜੋੜ ਨੂੰ ਬੁਰੀ ਤਰ੍ਹਾਂ ਨੰਗਾ ਕੀਤਾ। ਪਰ ਇਸ ਮੀਡੀਏ ਵਿਚਲੇ ਵੀ ਕੁਝ ਚੈਨਲ ਅੱਗੇ ਨਿਕਲਣ ਤੇ ਟੀ.ਆਰ.ਪੀ. ਵਧਾਉਣ ਦੇ ਗੇੜ ਵਿਚ ਉਲਝ ਕੇ ਉਹ ਕੁਝ ਪੇਸ਼ ਕਰਨ ਲੱਗੇ ਜੋ ਇਸ ਅੰਦੋਲਨ ਨੂੰ ਢਾਹ ਲਾਉਣ ਵਾਲੇ ਸਨ।

ਇਸ ਧੁੰਦਲਕੇ ਵਿਚ ਸੱਚ ਦੀ ਪੈੜ ਨੱਪਣਾ ਬਹੁਤ ਮੁਸ਼ਕਲ ਕਾਰਜ ਹੈ। ਸੱਚ ਤੇ ਝੂਠ ਦੀ ਪਛਾਣ ਕਰਨ ਲਈ ਤਰਕ ਦੀ ਤਹਿ ਤੱਕ ਜਾਣਾ ਬਹੁਤ ਜ਼ਰੂਰੀ ਹੈ। ਅਜਿਹੀ ਹੀ ਸੋਚ ਦੇ ਨਾਲ 'ਸੁਨੇਹਾ ਮੈਗਜ਼ੀਨ' ਨੇ ਆਪਣੇ ਪਹਿਲੇ ਕਦਮ ਪੁੱਟੇ ਹਨ। 'ਸੁਨੇਹਾ ਮੈਗਜ਼ੀਨ' ਦਾ ਮਕਸਦ ਕਿਸੇ ਨੂੰ ਨਿੰਦਣਾ, ਅੱਗੇ ਨਿਕਲਣ ਦੀ ਅੰਨ੍ਹੀ ਦੌੜ ਵਿਚ ਸ਼ਾਮਲ ਹੋਣਾ ਜਾਂ ਪੈਸਾ ਕਮਾਉਣਾ ਨਹੀਂ, ਸਗੋਂ ਵਿਗਿਆਨਕ, ਤੱਥਾਤਮਕ ਅਤੇ ਸੱਚੀ-ਸੁੱਚੀ ਸੋਚ ਨੂੰ ਅੱਗੇ ਤੋਰਨਾ ਹੈ।

'ਸੁਨੇਹਾ ਮੈਗਜ਼ੀਨ' ਦਾ ਅਹਿਦ ਪਾਠਕਾਂ ਤੱਕ ਖ਼ਬਰਾਂ ਪਹੁੰਚਾਉਣਾ ਨਹੀਂ ਹੈ; ਸਗੋਂ ਸੱਜਰੇ, ਨਰੋਏ ਅਤੇ ਅਨੋਖੇ ਵਿਚਾਰਾਂ ਦੀ ਸਾਂਝ ਪਾਉਣਾ ਹੈ। ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਰਾਜਨੀਤਿਕ, ਸਮਾਜਿਕ, ਆਰਥਿਕ, ਸੱਭਿਆਚਾਰਿਕ, ਸਾਹਿਤਕ ਅਤੇ ਚਲੰਤ ਮਸਲਿਆਂ 'ਤੇ ਬਿਲਕੁੱਲ ਸਜੱਰੇ ਅਤੇ ਆਮ ਲੋਕਾਈ ਦੀ ਭਾਸ਼ਾ ਵਿਚ ਤੱਥਾਤਮਕ ਲੇਖਾਂ/ਫੀਚਰਾਂ ਦੀ ਨਿਰੰਤਰ ਲੜੀ 'ਸੁਨੇਹਾ ਮੈਗਜ਼ੀਨ' ਪਾਠਕਾਂ ਤੱਕ ਲੈ ਕੇ ਆਉਣਾ ਆਪਣੀ ਪਹਿਲੀ ਤਰਜ਼ੀਹ ਰੱਖੇਗਾ।

ਪਾਠਕਾਂ ਦਾ ਸਾਥ ਹੀ ਸਾਡੀ ਤਾਕਤ ਬਣੇਗਾ।

ਆਮੀਨ!

Editorial
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ

ਦੂਜੀ ਲਹਿਰ ਦਾ ਆਖ ਕੇ, ਭਾਰਤ ਦੇ ਅੰਦਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਤਾਲਾਬੰਦੀ ਲਗਾਉਣ ਦੀ...

By ਗੁਰਪ੍ਰੀਤ ਸਿੰਘ
May 6, 2021
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ
ਸੱਚ ਬੋਲਿਆਂ ਭਾਂਬੜ ਮੱਚਦਾ...!

ਹੁਣ ਦਿੱਲੀ ਦੇ ਵਿੱਚ ਕਿਸਾਨ ਬੈਠੇ ਹਨ.. ਪਰ ਉਹ ਤੇ ਜ਼ਮੀਨਾਂ ਲਈ ਬੈਠੇ ਹਨ...ਤੁਹਾਡੇ ਕੋਲ ਗਵਾਉਣ ਲਈ ਜ਼ਮੀਰ ਤੋਂ ਬਿਨਾਂ ਕੀ ਹੈ... ਤੁਹਾਡੀ ਤੇ ਜ...

May 6, 2021
ਸੱਚ ਬੋਲਿਆਂ ਭਾਂਬੜ ਮੱਚਦਾ...!