ਜੋਹੜ ਭੂਰੇ ਖਾਂ ... ਦੇਵਤੇ ਅੰਬਰਾਂ ਵਿੱਚ ਨਹੀਂ ਰਹਿੰਦੇ


ਜਲ-ਸੰਕਟ; ਹੁਣ ਹੱਟੀਆਂ-ਭੱਠੀਆਂ ਦੀ ਵੀ ਚੁੰਝ ਚਰਚਾ ਹੈ। ਪਰ ਅਸੀਂ ਸਿਰਫ਼ ਹਾਲ-ਦੁਹਾਈ ਪਾਉਂਦੇ ਹਾਂ, ਹੱਲ ਲਈ ਕਰਦੇ ਕੁਝ ਨਹੀਂ।  ਫਿਰ ਵੀ ਭੀੜ-ਭੜੱਕੇ ਵਿੱਚ ਵਿਰਲੇ-ਟਾਵੇਂ ਐਸੇ ਪੁਰਖ ਵੀ ਹਨ ਜਿਹੜੇ ਹੱਥੀਂ ਅਹੁਲ ਰਹੇ ਹਨ। ਸਾਡੀ ਸਭ ਦੀ ਸਲਾਮ ਦੇ ਹੱਕਦਾਰ ਹਨ, ਇਹ ਲੋਕ। ਇਨ੍ਹਾਂ ਵਿੱਚੋਂ ਹੀ ਇਕ ਹੈ ਭੂਰੇ ਖਾਂ ਜੋ ਹੁਣ ਨੱਬਿਆਂ ਨੂੰ ਢੁੱਕ ਚੁੱਕਾ ਹੈ।

ਰਾਜਸਥਾਨ ਦੇ ਮੇਵਾਤ ਖ਼ਿੱਤੇ ਦੇ ਪਿੰਡ ਭੋੜ ਦੇ ਇਸ ਗੁਮਨਾਮ ਯੋਧੇ ਨੇ ਪਿੰਡ ਦੀਆਂ ਤਿੰਨ ਪਥਰੀਲੀਆਂ ਪਹਾੜੀਆਂ ਚੀਰ ਕੇ ਵਰਖੇਈ ਪਾਣੀ ਨੂੰ ਸਾਂਭਣ-ਸਲੂਟਣ ਲਈ ਇਕ ਨਹੀਂ, ਸਗੋਂ ਤਿੰਨ ਤਲਾਬ ਬਣਾ ਦਿੱਤੇ।
ਬਕੌਲ ਭੂਰੇ ਖਾਂ; ਕੈਂਥਵਾੜਾ, ਰਾਜਸਥਾਨ (ਹੁਣ ਪਾਕਿਸਤਾਨ) ਵਿਚ ਉਸ ਦਾ ਪਿਤਾ-ਪੁਰਖੀ ਘਰ ਸੀ। ਸੰਤਾਲੀ ਦੇ ਬਟਵਾਰੇ ਮਗਰੋਂ ਉਹ ਮੇਵਾਤ ਆ ਗਏ। ਉਦੋਂ ਉਹ ਮਹਿਜ਼ 14 ਕੁ ਵਰ੍ਹਿਆਂ ਦਾ ਸੀ। 
ਹਾਲਾਤ ਵੱਸ ਭੋੜ ਪਿੰਡ ਵਿੱਚ ਉਸ ਚਰਵਾਹੇ ਦਾ ਕੰਮ ਸ਼ੁਰੂ ਕੀਤਾ। ਇਕੋ-ਇਕ ਮਾਂ ਬਚੀ ਸੀ, ਦਹਾਕੇ ਕੁ ਬਾਅਦ ਉਹ ਵੀ ਚਲ ਵਸੀ, ਭੂਰੇ ਖਾਂ ਬੜਾ ਰੋਇਆ-ਕਲਪਿਆ। ਨਾ ਘਰ ਬਣਾ ਸਕਿਆ ਤੇ ਨਾ ਹੀ ਸ਼ਾਦੀ ਹੋ ਸਕੀ। ਬੱਸ, ਦਿਨ ਭਰ ਅਰਾਵਲੀ ਦੀਆਂ ਪਹਾੜੀਆਂ ਵਿਚ ਪਸ਼ੂ ਚਾਰਦਿਆਂ ਉਮਰ ਬੀਤਣ ਲੱਗੀ।
ਅੱਲ੍ਹੜ ਵਰੇਸ ਤੋਂ ਹੀ ਭੂਰੇ ਖਾਂ ਲਈ ਪੇੜ-ਪੌਦੇ ਅਤੇ ਜਾਨਵਰ ਹੀ ਸਾਰਾ ਕੁਝ ਸਨ। ਦੁਨੀਆ ਤੋਂ ਕਰੀਬ-ਕਰੀਬ ਉਪਰਾਮ ਇਸ ਸ਼ਖ਼ਸ ਨੂੰ ਪਤਾ ਹੀ ਨਾ ਲੱਗਾ, ਕਦ ਚਿਹਰੇ 'ਤੇ ਝੁਰੜੀਆਂ ਆਉਣ ਲੱਗੀਆਂ। ਧੋਲ-ਦਾੜ੍ਹੀਏ ਭੁਰੇ ਖਾਂ, ਜਿਸ ਨੇ ਬਚਪਨ-ਜਵਾਨੀ ਵਿੱਚ ਹਰੀ-ਕਚੂਰ ਹਰਿਆਵਲ ਅਤੇ ਕਲ਼-ਕਲ਼ ਝਰਨੇ ਤੱਕੇ ਸਨ, ਨੂੰ ਰੁੰਡ ਮਰੁੰਡ ਪਹਾੜੀਆਂ ਅਤੇ ਪਸ਼ੂ ਪੰਖੇਰੂਆਂ ਦੀ ਭੁੱਖ-ਪਿਆਸ ਬੇਚੈਨ ਕਰਨ ਲੱਗੀ।

ਬੱਸ, ਇਸੇ ਤੋਂ ਦੁਖੀ ਭੂਰੇ ਖਾਂ ਨੇ ਪਾਣੀ ਨੂੰ ਸਾਂਭਣ-ਵਿਗਸਾਉਣ ਦਾ ਤਹੱਈਆ ਕੀਤਾ। ਬੇਹੱਦ ਔਖਾ ਨਿਸ਼ਾਨਾ ਸੀ ਉਸ ਦਾ, ਜਿਹੜਾ ਆਪਣੇ ਹਠ ਨਾਲ ਉਸ ਪੂਰਾ ਕੀਤਾ। ਬਿਲਕੁਲ ਕੱਲਮ-'ਕੱਲਿਆਂ। 
ਹੁਣ ਮੀਂਹ ਨਾਲ ਦਿਨਾਂ ਵਿਚ ਹੀ ਉਸ ਦੇ ਬਣਾਏ-ਸੰਵਾਰੇ ਤਲਾਬ ਲਬਾਲਬ ਭਰਨ ਲੱਗੇ। ਬੜੇ ਦੂਰ-ਰਸ ਸਿੱਟੇ ਕੱਢਣ ਲੱਗੇ।

ਪੰਜ ਸਾਲ ਪਹਿਲਾਂ ਤੱਕ ਭੂਰੇ ਖਾਂ ਦੇ ਕੰਮਾਂ ਬਾਰੇ ਸਰਕਾਰੀ ਪ੍ਰਬੰਧਕ ਬੇਖ਼ਬਰ ਸਨ। ਲੋਕ-ਚਰਚਾ ਸੁਣੀ ਤਾਂ ਸਰਵੇਖਣ ਕਰਵਾਇਆ। ਪ੍ਰਾਪਤ ਬਹੁ-ਪੱਖੀ ਲਾਭਾਂ ਬਾਰੇ ਸੁਣ-ਜਾਣ ਸਰਕਾਰ ਦੰਗ ਰਹਿ ਗਈ। ਉਸ ਦੇ ਕਰਮਯੋਗ ਨਾਲ ਜਲ-ਤਲ ਵਧਿਆ, ਹਰਿਆਵਲ ਵਧੀ ਤੇ ਪੌਣ-ਪਾਣੀ ਦੀ ਫ਼ਿਜ਼ਾ ਵੀ ਸੰਵਰੀ।
ਉਸ ਵੱਲੋਂ ਬਣਾਏ ਸੰਵਾਰੇ ਤਲਾਬਾਂ ਦਾ ਹੀ ਇਹ ਸਿੱਟਾ ਸੀ।

ਮੇਵਾਤ ਖ਼ਿੱਤੇ ਦੀਆਂ ਭੂਮੀ ਤੇ ਜਲ-ਸੰਭਾਲ ਸੰਸਥਾਵਾਂ ਨੇ ਭੂਰੇ ਖਾਂ ਦੀ ਬੱਲੇ-ਬੱਲੇ ਕੀਤੀ। ਇਨ੍ਹਾਂ ਤਲਾਬਾਂ ਨੂੰ ਫੂਟੇ ਦਾ ਜੋਹੜ, ਗਾਂਵ ਵਾਲਾ ਜੋਹੜ ਅਤੇ ਜੋਹੜ ਭੂਰੇ ਖਾਂ ਕਰਕੇ ਜਾਣਿਆ ਜਾਂਦਾ ਹੈ। ਜਦ ਤੱਕ ਇਹ ਤਲਾਬ ਅਤੇ ਇਨ੍ਹਾਂ ਦੀਆਂ ਬਰਕਤਾਂ ਰਹਿਣਗੀਆਂ, ਪ੍ਰੇਰਨਾ-ਸਰੋਤ ਭੂਰੇ ਖਾਂ ਵੀ ਲੋਕ-ਮਨਾਂ ਵਿੱਚ ਜ਼ਿੰਦਾ ਰਹੇਗਾ।

Climate Change
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ

ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ...

By ਗੁਰਪ੍ਰੀਤ ਸਿੰਘ
April 13, 2021
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ

ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜ...

By Vijay Bombeli
April 13, 2021
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ