ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ...
ਰਸੂਲ ਹਮਜ਼ਾਤੋਵ ਦੀ ਸੰਸਾਰ ਪ੍ਰਸਿੱਧ ਪੁਸਤਕ 'ਮੇਰਾ ਦਾਗਿਸਤਾਨ' ਵਿਚ ਮਾਂ-ਬੋਲੀ ਬਾਰੇ ਇਕ ਪੂਰਾ ਅਧਿਆਇ ਹੈ। ਉਹਦੇ ਵਿਚ ਰਸੂਲ ਇਕ ਘਟਨਾ ਦਾ ਜ਼ਿਕਰ ਕਰਦਿਆਂ ਲਿਖਦਾ ਹੈ-
'ਅਬੂਤਾਲਿਬ ਇਕ ਵਾਰੀ ਮਾਸਕੋ ਗਿਆ। ਉਥੇ ਉਸ ਨੂੰ ਕਿਸੇ ਰਾਹ-ਜਾਂਦੇ ਨਾਲ ਗੱਲ ਕਰਨੀ ਪੈ ਗਈ, ਸ਼ਾਇਦ ਇਹ ਪੁੱਛਣ ਲਈ ਕਿ ਮੰਡੀ ਕਿੱਥੇ ਹੈ। ਹੋਇਆ ਇਹ ਕਿ ਉਹ ਅੰਗਰੇਜ਼ ਨਿਕਲਿਆ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ, ਕਿਉਂਕਿ ਮਾਸਕੋ ਦੇ ਗਲੀਆਂ-ਬਾਜ਼ਾਰਾਂ ਵਿਚ ਬਹੁਤ ਸਾਰੇ ਬਦੇਸ਼ੀ ਦੇਖਣ ਵਿਚ ਆਉਂਦੇ ਹਨ।
ਅੰਗਰੇਜ਼ ਅਬੂਤਾਲਿਬ ਨੂੰ ਨਾ ਸਮਝ ਸਕਿਆ ਤੇ ਉਸ ਨੂੰ ਸਵਾਲ ਕਰਨ ਲੱਗ ਪਿਆ-ਪਹਿਲਾਂ ਅੰਗਰੇਜ਼ੀ ਵਿਚ, ਫਿਰ ਫਰਾਂਸੀਸੀ ਵਿਚ, ਸਪੇਨੀ ਵਿਚ ਤੇ ਸ਼ਾਇਦ ਹੋਰ ਵੀ ਕਈ ਬੋਲੀਆਂ ਵਿਚ। ਆਪਣੀ ਥਾਂ, ਅਬੂਤਾਲਿਬ ਨੇ ਅੰਗਰੇਜ਼ ਨਾਲ ਰੂਸੀ ਵਿਚ, ਫਿਰ ਲਾਕ, ਅਵਾਰ, ਲੇਜ਼ਗੀਨ, ਦਾਰਗ਼ੀਨ ਤੇ ਅਖੀਰ ਕੂਮੀਕ ਵਿਚ ਗੱਲ ਕਰਨ ਦੀ ਕੋਸ਼ਿਸ਼ ਕੀਤੀ।
ਇਕ ਦੂਜੇ ਨੂੰ ਜ਼ਰਾ ਵੀ ਸਮਝਣ ਤੋਂ ਬਿਨਾਂ ਉਹ ਆਪੋ-ਆਪਣੇ ਰਾਹ ਪੈ ਗਏ। ਕਿਸੇ ਬਹੁਤੇ ਪੜ੍ਹੇ ਦਾਗ਼ਿਸਤਾਨੀ ਨੇ, ਜਿਹੜਾ ਅੰਗਰੇਜ਼ੀ ਦੇ ਪੂਰੇ ਢਾਈ ਲਫਜ਼ ਜਾਣਦਾ ਸੀ, ਮਗਰੋਂ ਅਬੂਤਾਲਿਬ ਨੂੰ ਸਭਿਆਚਾਰ ਦੀ ਮਹੱਤਤਾ ਬਾਰੇ ਯਕੀਨ ਕਰਾਉਣ ਦੀ ਕੋਸ਼ਿਸ਼ ਕੀਤੀ-
''ਦੇਖਿਆ, ਸਭਿਆਚਾਰ ਦੀ ਕਿੰਨੀ ਮਹੱਤਤਾ ਹੈ। ਜੇ ਤੂੰ ਸਭਿਆਚਾਰ ਵਾਲਾ ਬੰਦਾ ਹੁੰਦਾ ਤਾਂ ਅੰਗਰੇਜ਼ ਨਾਲ ਗੱਲ ਤਾਂ ਕਰ ਸਕਦਾ ਸੀ, ਸਮਝਿਆ?''
''ਹਾਂ, ਸਮਝ ਤਾਂ ਗਿਆਂ,'' ਅਬੂਤਾਲਿਬ ਨੇ ਜਵਾਬ ਦਿੱਤਾ। ''ਸਿਰਫ਼ ਇਹ ਸਮਝ ਨਹੀਂ ਆਈ ਕਿ ਅੰਗਰੇਜ਼ ਨੂੰ ਮੇਰੇ ਨਾਲੋਂ ਜ਼ਿਆਦਾ ਪੜ੍ਹਿਆ-ਲਿਖਿਆ ਕਿਉਂ ਸਮਝਿਆ ਜਾਏ? ਉਹ ਵੀ ਤਾਂ ਉਨ੍ਹਾਂ ਬੋਲੀਆਂ ਵਿਚੋਂ ਇਕ ਵੀ ਨਹੀਂ ਸੀ ਜਾਣਦਾ, ਜਿਨ੍ਹਾਂ ਵਿਚ ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ।''
ਅੱਜ ਲੋਕ-ਭਾਸ਼ਾਵਾਂ ਦੇ ਮਾਮਲੇ ਵਿਚ ਲਗਭਗ ਇਹੀ ਸਥਿਤੀ ਹੈ। ਵਿਸ਼ਵ ਬਾਜ਼ਾਰ ਦੀਆਂ ਸ਼ਕਤੀਆਂ ਨੇ ਇਹ ਧੁਮਾਉਣ ਲਈ ਪੂਰਾ ਤਾਣ ਲਾਇਆ ਹੋਇਆ ਹੈ ਕਿ ਅੱਜ ਦੇ ਯੁੱਗ ਵਿਚ ਜਿਹੜਾ ਅੰਗਰੇਜ਼ੀ ਨਹੀਂ ਜਾਣਦਾ, ਉਹ ਸਭਿਅਕ ਹੀ ਨਹੀਂ। ਜਦਕਿ ਇਹ ਕਿਸੇ ਦੇ ਸਭਿਅਕ ਹੋਣ ਦਾ ਕੋਈ ਮਾਪਦੰਡ ਨਹੀਂ ਹੈ। ਸਗੋਂ ਅਸਭਿਅਕ ਤਾਂ ਉਹ ਹੈ, ਜਿਹੜਾ ਆਪਣੀ ਬੋਲੀ, ਆਪਣੀ ਭਾਸ਼ਾ ਤੋਂ ਮੁਨਕਰ ਹੈ। ਠੀਕ ਹੈ ਅੰਗਰੇਜ਼ੀ ਸਿਖਣੀ ਚਾਹੀਦੀ ਹੈ ਪਰ ਅੰਗਰੇਜ਼ੀ ਨਾਲ ਹੀ ਬੰਦੇ ਦਾ ਪਾਰ-ਉਤਾਰਾ ਹੋਣਾ ਹੈ, ਇਹ ਗਲਤ ਹੈ। ਭਾਸ਼ਾਵਾਂ ਤਾਂ ਜਿੰਨੀਆਂ ਆਉਂਦੀਆਂ ਹੋਣ, ਓਨਾ ਹੀ ਚੰਗਾ ਹੈ ਪਰ ਇਹ ਸਭ ਕੁਝ ਆਪਣੀ ਭਾਸ਼ਾ ਦੀ ਕਬਰ 'ਤੇ ਉਸਰੇ, ਇਹ ਖੁਦਕੁਸ਼ੀ ਕਰਨ ਵਾਂਗ ਹੈ। ਉਨ੍ਹਾਂ ਲਈ ਇਹ ਸ਼ੀਸ਼ਾ ਹੈ ਕਿ ਅੰਗਰੇਜ਼ੀ ਤੋਂ ਅਣਜਾਨ ਦੁਨੀਆ ਦੀ 75-80 ਫੀਸਦੀ ਆਬਾਦੀ ਦੀ ਰੋਜ਼ੀ ਰੋਟੀ ਆਪੋ-ਆਪਣੀ ਭਾਸ਼ਾ ਵਿਚ ਹੀ ਚੱਲ ਰਹੀ ਹੈ।
ਦਰਅਸਲ, ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਸ਼ਾਵਾਂ ਦਾ ਆਪਸੀ ਸਬੰਧ ਸਮਾਜਕ ਅਤੇ ਭੁਗੋਲਿਕ ਰਿਸ਼ਤਿਆਂ ਨਾਲ ਜੁੜਿਆ ਹੁੰਦਾ ਹੈ। ਕਿਸੇ ਵੀ ਇਕ ਭਾਸ਼ਾ ਨੂੰ ਦੂਸਰੀ ਭਾਸ਼ਾ ਜਾਂ ਸਮਾਜ 'ਤੇ ਥੋਪਣਾ ਕਦੇ ਵੀ ਸਹਿਣ ਨਹੀਂ ਕੀਤਾ ਜਾ ਸਕਦਾ। ਇਹ ਵਿਸ਼ਵ ਵਿਆਪੀ ਬਾਜ਼ਾਰੀ ਸ਼ਕਤੀਆਂ ਦੀ ਸਾਡੇ ਵਰਗੇ ਸਮਾਜਾਂ ਨੂੰ ਮਾਨਸਿਕ ਤੌਰ 'ਤੇ ਗੁਲਾਮ ਕਰਨ ਦੀਆਂ ਕੋਸ਼ਿਸ਼ਾਂ ਹਨ।
ਰਸੂਲ ਹਮਜ਼ਾਤੋਵ ਦੇ ਇਸ ਕਥਨ ਨਾਲ ਹੀ ਆਪਣੀ ਗੱਲ ਖ਼ਤਮ ਕਰਦੇ ਹਾਂ-
'ਮੇਰੇ ਲਈ, ਕੌਮਾਂ ਦੀਆਂ ਬੋਲੀਆਂ ਆਕਾਸ਼ ਵਿਚਲੇ ਸਿਤਾਰਿਆਂ ਵਾਂਗ ਹਨ। ਮੈਂ ਨਹੀਂ ਚਾਹੁੰਦਾ ਕਿ ਸਾਰੇ ਸਿਤਾਰੇ ਇਕ ਵੱਡੇ ਸਾਰੇ ਸਿਤਾਰੇ ਵਿਚ ਮਿਲ ਕੇ ਇਕ ਹੋ ਜਾਣ, ਜਿਸ ਨੇ ਅੱਧਾ ਆਕਾਸ਼ ਘੇਰਿਆ ਹੋਵੇ। ਇਸ ਕੰਮ ਲਈ ਸੂਰਜ ਹੈ ਪਰ ਆਕਾਸ਼ ਵਿਚ ਸਿਤਾਰੇ ਵੀ ਚਮਕਣੇ ਚਾਹੀਦੇ ਹਨ। ਹਰ ਕੌਮ ਨੂੰ ਆਪਣਾ ਸਿਤਾਰਾ ਰੱਖਣ ਦਿਓ।
ਮੈਨੂੰ ਆਪਣਾ ਸਿਤਾਰਾ ਪਿਆਰਾ ਹੈ-ਮੇਰੀ ਮਾਂ ਬੋਲੀ।'
(Cover image credit - Harminder Singh Boparai, Sculptor)
ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ...
ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜ...