ਦਿੱਲੀ ਦੀ ਹਿੱਕ 'ਤੇ ਝਰੀਟਾਂ


ਹੁਣ ਬੇਬੇ ਕਸੂਰੀ ਜੁੱਤੀਆਂ ਤੇ ਮੁਲਤਾਨੀ ਝੁੰਮਕਿਆਂ ਦੀਆਂ ਗੱਲਾਂ ਨਹੀਂ ਕਰਦੀ। ਤ੍ਰਿਝਣ 'ਚ ਬੈਠੀ ਬੇਬੇ ਹੁਣ ਸੂਤ ਨਹੀਂ ਕੱਤਦੀ, ਦਰੀਆਂ ਨਹੀਂ ਬੁਣਦੀ ਸਗੋਂ ਉਹ ਦਿੱਲੀ ਦੇ ਬਾਡਰਾਂ 'ਤੇ ਬੈਠੀ ਰੋਟੀਆਂ ਬਣਾ ਰਹੀ ਹੈ ਤੇ ਆਪਣਿਆਂ ਦੇ ਢਿੱਡ ਭਰ ਰਹੀ ਹੈ। ਭੱਤਾ ਲੈ ਕੇ ਖੇਤਾਂ ਵੱਲ ਨੂੰ ਨਹੀ, ਝੰਡੇ ਚੁੱਕ ਸਘੰਰਸ਼ਾਂ ਦੇ ਰਾਹ ਤੁਰ ਪਈ ਹੈ। ਮਿੱਟੀ ਦਾ ਮੋਹ ਹੀ ਚੰਦਰਾ ਐਸਾ ਹੈ ਕਿ ਹੁਣ ਉਹ ਵਾਪਸ ਵੀ ਓਦੋਂ ਹੀ ਆਵੇਗੀ ਜਦੋਂ ਕਾਲੇ ਖੇਤੀ ਕਾਨੂੰਨ ਵਾਪਸ ਹੋ ਗਏ।

ਲੜਾਈ 'ਕੱਲੀ ਜ਼ਮੀਨ ਦੀ ਨਹੀਂ ਰਹਿ ਗਈ, ਬਲਕਿ ਹੋਂਦ ਬਚਾਉਣ ਦੀ ਪੈ ਗਈ ਹੈ। ਬੇਬੇ ਤਾਂ ਨਿੱਤ ਨਵੀਂਆਂ ਮੁਹਿੰਮਾਂ ਦੀਆਂ ਹੀ ਗੱਲਾਂ ਕਰਦੀ ਹੈ ਤਾਂ ਜੋ ਕੇਂਦਰ ਸਰਕਾਰ ਨੂੰ ਵਖਤ ਪਾ ਕੇ ਰੱਖੇ। ਜਿਹੜੀਆਂ ਕੱਚੀਆਂ ਪਹੀਆਂ 'ਤੇ ਬਜ਼ੁਰਗਾਂ ਦੀਆਂ ਪੈੜਾਂ ਛਪੀਆਂ ਹੋਈਆਂ ਨੇ, ਜ਼ਾਲਮ ਉਹ ਵੀ ਲੁੱਟ ਕੇ ਲੈ ਜਾਣਾ ਲੋਚਦੇ ਨੇ।

ਸਾਨੂੰ ਵੀ ਹਿੰਡਾਂ ਭੰਨਣੀਆਂ ਆਉਂਦੀਆਂ ਨੇ। ਜ਼ੁਲਮ ਖ਼ਿਲਾਫ਼ ਲੜਨਾ ਆਉਂਦਾ ਏ। ਆਪਣੀ ਧਰਤ ਮਾਂ ਲਈ ਅਸੀਂ ਸਭ ਕੁਝ ਦਾਅ 'ਤੇ ਲਾ ਦਿੱਤਾ। ਬੱਚੇ, ਬਜ਼ੁਰਗ, ਮਾਵਾਂ ਸਭ ਧਰਨੇ 'ਤੇ ਨੇ। ਅਸੀਂ ਪਿੱਛੇ ਹੱਟਣ ਵਾਲੇ ਨਹੀਂ।

ਸਾਡੀ ਤਾਂ ਧਰਤੀ ਹੀ ਸ਼ਹਾਦਤਾਂ ਦੇ ਲਹੂ ਨਾਲ ਭਿੱਜੀ ਹੋਈ ਏ। ਅਸੀਂ ਸਭ ਤਰ੍ਹਾਂ ਦੀਆਂ ਫਸਲਾਂ ਬੀਜਣੀਆਂ ਜਾਣਦੇ ਹਾਂ। ਤੁਸੀਂ ਬਹੁਤ ਜ਼ੋਰ ਲਾਇਆ ਕਿ ਇਨ੍ਹਾਂ ਪੰਜਾਬੀਆਂ ਨੂੰ ਦੋਫਾੜ ਕਰਕੇ, ਮੋਰਚਿਆਂ ਨੂੰ ਖਿੰਡਾਂ ਦੇਈਏ ਪਰ ਸਾਡਾ ਤਾਂ ਇਤਿਹਾਸ ਹੀ ਮੋਰਚਿਆਂ ਨਾਲ ਭਰਿਆ ਪਿਆ ਹੈ। ਸਾਡੇ 'ਚ ਸਬਰ-ਸੰਤੌਖ ਹੈ, ਤਾਂਹੀਓਂ ਤਾਂ ਇੰਨਾ ਲੰਬਾ ਸ਼ਾਂਤਮਈ ਕਿਸਾਨ ਅੰਦੋਲਨ ਚੱਲ ਰਿਹਾ ਹੈ। ਜੇ ਪੋਹ ਦੀਆਂ ਰਾਤਾਂ ਸੜਕਾਂ 'ਤੇ ਲੰਘ ਗਈਆਂ ਤਾਂ ਹਾੜ ਦੀਆਂ ਧੁੱਪਾਂ ਵੀ ਸਹਿ ਲਵਾਂਗੇ। ਸਾਡੇ ਪਿੰਡਾਂ ਵਾਲਿਆਂ ਦੇ ਪਿੰਡੇ ਪੱਕੇ ਹੋਏ ਨੇ। ਅਸੀਂ ਮਿੱਟੀ ਦੇ ਜਾਏ, ਮਿੱਟੀ ਜਿਉਂਦੇ, ਮਿੱਟੀ ਖਾਂਦੇ, ਮਿੱਟੀ ਹੰਢਾਉਂਦੇ, ਮਿੱਟੀ 'ਚ ਹੀ ਦਫ਼ਨ ਹੁੰਦੇ ਹਾਂ। ਠੰਢੇ ਕਮਰਿਆਂ ਵਿਚ ਬੈਠਣ ਵਾਲੇ ਬਾਬੂ ਨਹੀਂ। ਇਸੇ ਲਈ ਮੋਰਚੇ 'ਤੇ ਬਾਂਸ ਦੇ ਰਹਿਣ ਬਸੇਰੇ ਬਣਾ ਲਏ ਨੇ। ਗੋਦੀ ਮੀਡੀਆ ਜੋ ਮਰਜ਼ੀ ਕੁਫ਼ਰ ਤੋਲੇ, ਪਰ ਅਸੀਂ ਵਾਪਸ ਨਹੀਂ ਜਾਣ ਵਾਲੇ। ਇਹ ਸਾਡੀ ਹੋਂਦ ਦਾ ਸਵਾਲ ਹੈ।

ਸਾਡੇ ਪੰਜਾਬ ਦੀ ਆਰਥਿਕਤਾ ਪੂਰੀ ਤਰ੍ਹਾਂ ਤਬਾਹੀ ਦੇ ਕੰਡੇ 'ਤੇ ਹੈ। ਜੇ ਏਥੋਂ ਵਾਪਸ ਚੱਲ ਗਏ ਤਾਂ ਅਗਲੀਆਂ ਪੀੜ੍ਹੀਆਂ ਨੇ ਤਬਾਹ ਹੋ ਜਾਣਾ। ਅੱਜ ਵੀ ਧਰਨੇ 'ਤੇ ਬੈਠੇ ਬਜ਼ੁਰਗ ਚੜ੍ਹਦੀ ਕਲਾ 'ਚ ਨੇ। ਗੱਲ ਕਰਕੇ ਦੇਖੋ ਸਭ ਕਹਿ ਰਹੇ ਨੇ ਮਰ ਜਾਵਾਂਗੇ ਪਰ ਪਿੱਛੇ ਨਹੀਂ ਹੱਟਦੇ। ਇਸ ਤਰ੍ਹਾਂ ਦੇ ਹੌਸਲੇ ਤੋੜਨੇ ਸੌਖੇ ਨਹੀਂ ਹੁੰਦੇ। ਹਾਲੇ ਤਾਂ ਦਿੱਲੀ ਦੀ ਹਿੱਕ 'ਤੇ ਸਾਡੇ ਸਿਰੜ ਦੀਆਂ ਝਰੀਟਾਂ ਹੀ ਪਈਆਂ ਨੇ, 'ਜੰਗ ਜਾਰੀ ਰੱਖਣ' ਦੇ ਬੁਲੰਦ ਹੌਸਲੇ ਉੁਹਨੂੰ ਸਿੰਘਾਸਨ ਤੋਂ ਵੀ ਧੂਹ ਲੈਣਗੇ। 

Agrarian Crisis
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ

ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ...

By ਗੁਰਪ੍ਰੀਤ ਸਿੰਘ
April 13, 2021
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ

ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜ...

By Vijay Bombeli
April 13, 2021
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ