ਕੋਰੋਨਾ ਦਾ ਬਹਾਨਾ ਕੇ ਸਰਕਾਰ ਕੀ ਕੁੱਝ ਕਰ ਰਹੀ ਐ?


ਵਿਸ਼ਵ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਨੇ ਜਿੱਥੇ ਲੋਕ ਮੁੱਦਿਆਂ ‘ਤੇ ਪਰਦਾ ਪਾ ਦਿੱਤਾ ਹੈ, ਉੱਥੇ ਹੀ ਏਸ ਕੋਰੋਨਾ ਵਾਇਰਸ ਨੇ ਕਰੋੜਾਂ ਲੋਕਾਂ ਦੇ ਦਿਮਾਗ਼ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਲੋਕਾਂ ਦੀ ਸੋਚਣ ਸ਼ਕਤੀ ਏਨੀ ਜ਼ਿਆਦਾ ਕਮਜ਼ੋਰ ਹੋ ਗਈ ਹੈ, ਕਿ ਉਨ੍ਹਾਂ ਦਾ ਤੱਪਦੀ ਦੁਪਹਿਰ ਵਿੱਚ ਵੀ ਖ਼ੂਨ ਦੌੜਨਾ ਬੰਦ ਕਰ ਗਿਆ ਹੈ। ਲੋਕ ਇਹ ਨਹੀਂ ਸੋਚ ਪਾ ਰਹੇ ਕਿ, ਕੋਰੋਨਾ ਵਾਇਰਸ ਵਾਕਿਆ ਹੀ ਹੈ, ਜਾਂ ਫਿਰ ਇਹਦੇ ਨਾਂਅ ‘ਤੇ ਡਰਾਮੇਬਾਜ਼ੀ ਹੋ ਰਹੀ ਹੈ? ਅਸਲ ਦੇ ਵਿੱਚ ਸਰਕਾਰੀ ਨਿਸ਼ਾਨੇ ਤਾਂ ਬਹੁਤੇ ਲੋਕ ਸਮਝ ਹੀ ਨਹੀਂ ਨਾ ਰਹੇ। ਚੱਲੀ ਮਗਰ ਭੱਲੀ ਵਾਲੀ ਗੱਲ ਇਸ ਵੇਲੇ ਸਾਰੇ ਮੁਲਕਾਂ ਵਿੱਚ ਬਣੀ ਪਈ ਹੈ। ਹਰ ਕੋਈ ਇੱਕ ਦੂਜੇ ਤੋਂ ਸਿਆਣਾ ਆਪਣੇ ਆਪ ਨੂੰ ਸਮਝ ਰਿਹਾ ਹੈ। ਕੋਰੋਨਾ ਵਾਇਰਸ ਦਾ ਇਲਾਜ ਲੱਭਣ ਵਿੱਚ ਦੁਨੀਆ ਭਰ ਦੇ ਵਿਗਿਆਨੀ ਲੱਗੇ ਹੋਏ ਹਨ। ਕਈ ਦੇਸ਼ਾਂ ਨੇ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਵਾਲੀ ਵੈਕਸੀਨ ਲੱਭ ਵੀ ਲਈ ਹੈ ਅਤੇ ਵਿਗਿਆਨੀ ਫਿਰ ਵੀ ਦਾਅਵੇ ਕਰ ਰਹੇ ਹਨ, ਕਿ ਅਸੀਂ ਇਹ ਨਹੀਂ ਕਹਿੰਦੇ ਕਿ ਇਸ ਵੈਕਸੀਨ ਦੇ ਲੈਣ ਨਾਲ ਕੋਰੋਨਾ ਨਹੀਂ ਹੋਵੇਗਾ। ਵੇਖਿਆ ਜਾਵੇ ਤਾਂ, ਜਦੋਂ ਵਿਗਿਆਨੀ ਇਹ ਕਹਿ ਰਹੇ ਹਨ ਕਿ ਅਸੀਂ ਦਾਅਵਾ ਨਹੀਂ ਕਰ ਸਕਦੇ ਕਿ, ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਵੀ ਕੋਰੋਨਾ ਨਹੀਂ ਹੋਵੇਗਾ, ਪਰ ਇੱਥੇ ਹੀ ਸਵਾਲ ਉੱਠਦਾ ਹੈ ਕਿ ਫਿਰ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਤਿਆਰ ਕੀਤੀ ਗਈ ਕੋਰੋਨਾ ਵੈਕਸੀਨ ਜਾਅਲੀ ਹੈ?

ਜੇਕਰ ਕੋਰੋਨਾ ਵੈਕਸੀਨ ਜਾਅਲੀ ਨਹੀਂ ਤਾਂ, ਫਿਰ ਵਾਇਰਸ ਜਾਅਲੀ ਹੈ, ਜਿਸ ਉੱਪਰ ਵੈਕਸੀਨ ਕੰਮ ਨਹੀਂ ਕਰ ਰਹੀ। ਖ਼ੈਰ, ਸਰਕਾਰ ਦੇ ਦਾਅਵੇ ਅਨੁਸਾਰ ਭਾਵੇਂ ਹੀ ਕੋਰੋਨਾ ਵਾਇਰਸ ਨੇ ਕਈ ਲੋਕਾਂ ਦੀਆਂ ਜਾਨਾਂ ਲਈਆਂ ਹਨ, ਪਰ ਸਰਕਾਰ ਹੁਣ ਤੱਕ ਇਹ ਦੱਸਣ ਦੇ ਵਿੱਚ ਨਾਕਾਮ ਰਹੀ ਹੈ ਕਿ, ‘ਉਕਤ ਲੋਕਾਂ ਦੀਆਂ ਜਾਨਾਂ’ ਵਾਕਿਆ ਹੀ ਕੋਰੋਨਾ ਵਾਇਰਸ ਦੇ ਨਾਲ ਗਈਆਂ ਜਾਂ ਫਿਰ ਕੋਈ ਹੋਰ ਕਾਰਨ ਸੀ। ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਦਾਅਵੇ ਵੱਖੋ ਵੱਖਰੇ ਹਨ। ਲੰਘੇ ਸਾਲ ਜਨਵਰੀ-2020 ਵਿੱਚ ਭਾਰਤ ਵਿੱਚ ਹਵਾਈ ਰਸਤੇ ਪਹੁੰਚੇ ਕੋਰੋਨਾ ਵਾਇਰਸ ਨੇ ਜਿੱਥੇ ਭਾਰਤ ਨੂੰ ਬਰਬਾਦੀ ਕੰਡੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਉੱਥੇ ਹੀ ਹੁਕਮਰਾਨਾਂ ਦੁਆਰਾ ਲਗਾਈ ਗਈ ਤਾਲਾਬੰਦੀ ਅਤੇ ਕਰਫ਼ਿਊ ਨੇ ਵੀ ਲੋਕਾਂ ਦਾ ਕਾਫ਼ੀ ਉਜਾੜਾ ਕਰਿਆ ਹੈ। ਕੋਰੋਨਾ ਦੀ ਆੜ ਵਿੱਚ ਲਗਾਏ ਗਏ ਬੇਲੋੜੇ ਲਾਕਡਾਊਨ ਦਾ ਖ਼ੁਲਾਸਾ ਤਾਂ ਭਾਰਤ ਦੇ ਸਿਹਤ ਮੰਤਰੀ ਖ਼ੁਦ ਕਰ ਚੁੱਕੇ ਹਨ ਕਿ, ਸਾਡੇ ਮੁਲਕ ਦੇ ਅੰਦਰ ਲਾਕਡਾਊਨ ਲਗਾਉਣ ਦੇ ਨਾਲ ਵੀ ਕੋਰੋਨਾ ਕੇਸ ਵਧਣ ਤੋਂ ਨਹੀਂ ਰੁਕੇ, ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ? ਪ੍ਰਧਾਨ ਮੰਤਰੀ ਅਤੇ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀ ਇਸ ਵੇਲੇ ਕੋਰੋਨਾ ਵਾਇਰਸ ਦਾ ਬਹਾਨਾ ਬਣਾ ਕੇ, ਕਰਫ਼ਿਊ ਅਤੇ ਲਾਕਡਾਊਨ ਲਗਾਈ ਜਾ ਰਹੇ ਹਨ। ਪਰ ਇਨ੍ਹਾਂ ਸਭ ਸਿਆਸਤਦਾਨਾਂ ਨੂੰ ਸਵਾਲ ਹੈ, ਕਿ ਕੀ ਲਾਕਡਾਊਨ ਅਤੇ ਕਰਫ਼ਿਊ ਲਗਾਉਣ ਨਾਲ ਕੋਰੋਨਾ ਵਾਇਰਸ ਰੁਕੇਗਾ?

ਦੱਸਣਾ ਬਣਦਾ ਹੈ, ਕਿ ਦੇਸ਼ ਦੇ ਅੰਦਰ ਕੋਰੋਨਾ ਦੀ ਆੜ ਵਿੱਚ ਲੰਘੇ ਸਾਲ ਸਰਕਾਰ ਨੇ ਖੇਤੀ ਕਾਨੂੰਨਾਂ ਵਿੱਚ ਸੋਧ ਕੀਤੀ, ਕਿਰਤ ਕਾਨੂੰਨ ਵਿੱਚ ਸੋਧ ਕੀਤੀ, ਇਸ ਤੋਂ ਇਲਾਵਾ ਸਰਕਾਰ ਨੇ ਬਿਜਲੀ ਸੋਧ ਬਿੱਲ ਵੀ ਪਾਸ ਕੀਤਾ, ਜਿਸ ਬਾਰੇ ਚਰਚਾ ਚੱਲ ਰਹੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਕਿ, ਜਦੋਂ ਸਾਰੇ ਸਕੂਲ ਕਾਲਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਆਵਾਜ਼ ‘ਤੇ ਬੰਦ ਹੋ ਗਏ ਸਨ ਤਾਂ, ਬੰਦ ਪਏ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ‘ਤੇ ਨਵੀਂ ਸਿੱਖਿਆ ਨੀਤੀ ਥੋਪ ਦਿੱਤੀ ਗਈ। ਇਹ ਨਵੀਂ ਸਿੱਖਿਆ ਨੀਤੀ ਦੀਆਂ ਖ਼ਾਮੀਆਂ ਕਈ ਬੁੱਧੀਜੀਵੀ ਗਿਣਾ ਚੁੱਕੇ ਹਨ। ਪਰ ਅਹਿਮ ਗੱਲ ਇਹ ਹੈ ਕਿ ਮੁਲਕ ਭਰ ਦੇ ਅੰਦਰ ਇਸ ਵੇਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਸਭ ਤੋਂ ਵੱਡਾ ਅੰਦੋਲਨ ਚੱਲ ਰਿਹਾ ਹੈ। ਇੱਕ ਪਾਸੇ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਜਾਰੀ ਹੈ, ਦੂਜੇ ਪਾਸੇ ਸਰਕਾਰ ਸਰਕਾਰੀ ਵਿਭਾਗਾਂ ਅਤੇ ਸਰਕਾਰੀ ਕੰਪਨੀਆਂ ਨੂੰ ‘ਸੇਲ’ ਕਰੀ ਜਾ ਰਹੀ ਹੈ। ਕੋਰੋਨਾ ਦੀ ਆੜ ਵਿੱਚ ਅਣਗਿਣਤ ਸਰਕਾਰੀ ਕੰਪਨੀਆਂ ਨੂੰ ਸਰਕਾਰ ਨੇ ਵੇਚਿਆ ਹੈ ਅਤੇ ਕਈ ਬੈਂਕ ਵੀ ਹੁਣ ਸਰਕਾਰ ਨੇ ਵੇਚ ਦਿੱਤੇ ਹਨ। ਕੋਰੋਨਾ ਵਾਇਰਸ ਨੂੰ ਰੋਕਣ ਲਈ ਲਗਾਏ ਗਏ ਲਾਕਡਾਊਨ ਦੇ ਦੌਰਾਨ, ਬਹੁਤੇ ਗ਼ਰੀਬ ਮਜ਼ਦੂਰ ਲੋਕਾਂ ਨੂੰ ਤਾਂ ਰੋਟੀ ਵੀ ਨਾ ਮਿਲੀ। ਭਾਵੇਂ ਸਰਕਾਰ ਦਾਅਵਾ ਕਰਦੀ ਰਹੀ ਕਿ, ਕੋਈ ਭੁੱਖਾ ਨਹੀਂ ਮਰਨ ਦਿੱਤਾ ਜਾਵੇਗਾ, ਪਰ ਲੋਕ ਕੋਰੋਨਾ ਦੇ ਨਾਲ ਘੱਟ ਅਤੇ ਭੁੱਖ ਦੇ ਨਾਲ ਜ਼ਿਆਦਾ ‘ਚੜ੍ਹਾਈ’ ਕਰ ਗਏ।

ਕੋਰੋਨਾ ਵਾਇਰਸ ਭਾਵੇਂ ਕੁੱਝ ਅਮੀਰਾਂ ਨੂੰ ਘਿਉ ਵਾਂਗ ਲੱਗਿਆ। ਉਕਤ ਅਮੀਰਾਂ ਦੀ ਕਮਾਈ ਲਾਕਡਾਊਨ ਅਤੇ ਕਰਫ਼ਿਊ ਦੇ ਦੌਰਾਨ ਵੀ ਦੁੱਗਣੀ ਤਿੱਗਣੀ ਹੋ ਗਈ। ਫੇਸਬੁੱਕ ਅਤੇ ਹੋਰਨਾਂ ਸੋਸ਼ਲ ਸਾਈਟਾਂ ਦੇ ਮਾਲਕ ਕੋਰੋਨਾ ਲਾਕਡਾਊਨ ਦੇ ਦੌਰਾਨ ਮਾਲਾ-ਮਾਲ ਹੋ ਗਏ। ਕੀ ਇਹ ਕੋਰੋਨਾ ਦਾ ਡਰਾਮਾ ਅਮੀਰਾਂ ਨੂੰ ਹੋਰ ਅਮੀਰ ਕਰਨ ਲਈ ਕੀਤਾ ਗਿਆ ਸੀ? ਆਖ਼ਰ ਅਮੀਰਾਂ ਦੀ ਕਮਾਈ ਸਭ ਕੁੱਝ ਬੰਦ ਹੋਣ ਦੇ ਬਾਵਜੂਦ ਵੀ ਕਿਵੇਂ ਵੱਧ ਗਈ ਇਹ ਇੱਕ ਆਪਣੇ ਆਪ ਵਿੱਚ ਵੱਡਾ ਸਵਾਲ ਹੈ? ਕੀ ਸਰਕਾਰਾਂ ਦੁਆਰਾ ਅਮੀਰਾਂ ਦੇ ਨਾਲ ਗਿੱਟ ਮਿਟ ਕਰਕੇ ਹੀ, ਕੋਰੋਨਾ ਦੀ ਆੜ ਵਿੱਚ ਸਖ਼ਤੀ ਕੀਤੀ ਅਤੇ ਪਾਬੰਦੀਆਂ ਮੜ੍ਹੀਆਂ? ਅਜਿਹੇ ਅਨੇਕਾਂ ਹੋਰ ਸਵਾਲ ਹਨ, ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕੋਰੋਨਾ ਦੇ ਨਾਂਅ ‘ਤੇ ਚੱਲ ਰਿਹਾ ਡਰਾਮਾ ਕਦੋਂ ਤੱਕ ਖ਼ਤਮ ਹੋਵੇਗਾ? ਕੀ ਸਾਡੇ ਮੁਲਕ ਦੇ ਅੰਦਰ ਕੋਰੋਨਾ ਤੋਂ ਖ਼ਤਰਨਾਕ ਬਿਮਾਰੀਆਂ ਦੇ ਨਾਲ ਮਰਦੇ ਲੋਕਾਂ ਨੂੰ ਸਰਕਾਰ ਬਚਾਉਣ ਦੀ ਕੋਸ਼ਿਸ਼ ਕਰੇਗੀ? ਕਿਉਂਕਿ ਹਰ ਸਾਲ ਲੱਖਾਂ ਲੋਕ ਤੰਬਾਕੂ ਦੇ ਨਾਲ ਸਾਡੇ ਮੁਲਕ ਦੇ ਅੰਦਰ ਤਾਂ ਮਰਦੇ ਹੀ ਹਨ, ਨਾਲ ਹੀ ਵਿਦੇਸ਼ਾਂ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਲੋਕ ਮੌਤ ਦੇ ਮੂੰਹ ਵਿੱਚ ਜਾਂਦੇ ਹਨ। ਕੀ ਸਰਕਾਰ ਤੰਬਾਕੂ ਨੂੰ ਬੈਨ ਕਰਕੇ, ਮੌਤ ਦੇ ਮੂੰਹ ਵਿੱਚ ਜਾ ਰਹੇ ਲੋਕਾਂ ਨੂੰ ਬਚਾਏਗੀ?

ਖ਼ੈਰ, ਕੋਰੋਨਾ ਦੇ ਨਾਂਅ ‘ਤੇ ਹੋ ਰਹੇ ਡਰਾਮੇ ਅਤੇ ਸਿੱਖਿਆ ਸੰਸਥਾਵਾਂ ‘ਤੇ ਲਗਾਈ ਤਾਲਾਬੰਦੀ ਦੇ ਨਾਲ-ਨਾਲ ਮੌਜੂਦਾ ਵੇਲੇ ਦੀ ਜੇਕਰ ਗੱਲ ਕਰੀਏ ਤਾਂ, ਸਰਕਾਰ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ, ਇਸੇ ਲਈ ਦੇਸ਼ ਵਿੱਚ ਸਖ਼ਤੀ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਸਰਕਾਰ ਇਸ ਸਖ਼ਤੀ ਅਤੇ ਕੋਰੋਨਾ ਦੀ ਆੜ ਵਿੱਚ ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਵਾ ਰਹੀ ਹੈ। ਪਿਛਲੇ ਸਾਲ ਵੀ ਵਿਦਿਆਰਥੀਆਂ ਨੇ ਘਰੋਂ ਬੈਠ ਕੇ ਆਨਲਾਈਨ ਪੜ੍ਹਾਈ ਕੀਤੀ, ਜਦੋਂਕਿ ਇਸ ਵਾਰ ਵੀ ਅਜਿਹਾ ਹੀ ਹੋ ਰਿਹਾ ਹੈ। ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਕਿ, ਅਗਲਾ ਸੈਸ਼ਨ 2021-22 ਵਿਦਿਆਰਥੀਆਂ ਦਾ ਆਨਲਾਈਨ ਹੀ ਸ਼ੁਰੂ ਹੋਵੇਗਾ, ਜੋ ਕਿ ਇੱਕ ਅਪ੍ਰੈਲ ਨੂੰ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਕੇ ਸਰਕਾਰ ਪੂਰੀ ਤਰ੍ਹਾਂ ਨਾਲ ਘਿਰ ਚੁੱਕੀ ਹੈ। ਕਿਉਂਕਿ ਸਰਕਾਰ ਦੁਆਰਾ ਸ਼ਰਾਬ ਦੇ ਠੇਕੇ ਤਾਂ ਬੰਦ ਨਹੀਂ ਕਰਵਾਏ ਜਾ ਰਹੇ, ਪਰ ਸਕੂਲ ਕਾਲਜ ਬੰਦ ਕਰਵਾ ਦਿੱਤੇ ਗਏ ਹਨ। ਸਕੂਲਾਂ ਨੂੰ ਛੇਤੀ ਤੋਂ ਛੇਤੀ ਖੋਲ੍ਹਣ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਦੇ ਅੰਦਰ ਅੰਦੋਲਨ ਸ਼ੁਰੂ ਹੋ ਗਏ ਹਨ। ਵਿਦਿਆਰਥੀ ਜਥੇਬੰਦੀਆਂ ਦੇ ਨਾਲ ਨਾਲ ਕਿਸਾਨ, ਮਜ਼ਦੂਰ ਅਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨਾਂ ਵੀ ਇਸ ਵੇਲੇ ਸਕੂਲ ਅਤੇ ਕਾਲਜ ਖੁੱਲ੍ਹਵਾਉਣ ਦੇ ਲਈ ਮੈਦਾਨ ਵਿੱਚ ਉੱਤਰ ਆਈਆਂ ਹਨ।

ਵਿਦਿਆਰਥੀਆਂ ਦੇ ਮਾਪੇ ਵੀ ਮੰਗ ਕਰ ਰਹੇ ਹਨ ਕਿ ਸਕੂਲ ਅਤੇ ਕਾਲਜ ਖੋਲ੍ਹੇ ਜਾਣ। ਇਸ ਤੋਂ ਇਲਾਵਾ ਸਰਕਾਰੀ ਅਧਿਆਪਕਾਂ ਦੀਆਂ ਜਥੇਬੰਦੀਆਂ ਵੀ ਸਕੂਲ ਖੋਲ੍ਹਣ ਦੀ ਮੰਗ ਕਰ ਰਹੀਆਂ ਹਨ। ਵੱਖ ਵੱਖ ਜਥੇਬੰਦੀਆਂ ਨੇ ਇੱਕੋ ਸੁਰ ਵਿੱਚ ਆਵਾਜ਼ ਦਿੰਦੇ ਹੋਏ ਕਿਹਾ ਕਿ, ਹੁਣ ਜਦੋਂ ਸਾਰੇ ਕੰਮ ਕਾਰ ਨਿਰਵਿਘਨ ਚੱਲ ਰਹੇ ਹਨ, ਤਾਂ ਸਕੂਲ ਬੰਦ ਹੋਣ ਨਾਲ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਪਿਛਲੇ ਸਾਲ ਵੀ ਸਕੂਲ ਬੰਦ ਰਹਿਣ ਕਾਰਨ ਭਾਵੇਂ ਆਨਲਾਈਨ ਪੜ੍ਹਾਈ ਕਰਵਾਈ ਗਈ, ਪਰ ਉਸ ਦੇ ਸਾਰਥਿਕ ਨਤੀਜੇ ਨਹੀਂ ਨਿਕਲੇ। ਕੁੱਝ ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਦਾ ਦਾਅਵਾ ਹੈ ਕਿ ਸਰਕਾਰ ਦੁਆਰਾ ਕੋਰੋਨਾ ਦਾ ਬਹਾਨਾ ਬਣਾ ਕੇ ਵਿੱਦਿਅਕ ਸੰਸਥਾਵਾਂ ਨੂੰ ਲੰਘੇ ਮਹੀਨੇ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ ਅਤੇ ਵਿਦਿਆਰਥੀਆਂ ਨੂੰ ਡਰਾ ਦਿੱਤਾ ਸੀ ਕਿ ਜੇਕਰ ਸਕੂਲ ਕਾਲਜ ਖੁੱਲ੍ਹੇ ਰਹੇ ਤਾਂ ਕੋਰੋਨਾ ਵਾਇਰਸ ਜ਼ਿਆਦਾ ਫੈਲ ਜਾਊ, ਇਸ ਲਈ ਵਿੱਦਿਅਕ ਸੰਸਥਾਨ ਬੰਦ ਕਰਨੇ ਜ਼ਰੂਰੀ ਨੇ। ਭਾਵੇਂ ਹੀ ਸਰਕਾਰ ਦੁਆਰਾ ਲਏ ਗਏ ਇਸ ਫ਼ੈਸਲੇ ਦਾ, ਸਮਾਜ ਕਾਰਕੁੰਨਾਂ ਨੇ ਵਿਰੋਧ ਕੀਤਾ। ਪਰ, ਦੂਜੇ ਪਾਸੇ ਪਾੜ੍ਹਿਆਂ ਅਤੇ ਸਿੱਖਿਆ ਦੇਣ ਵਾਲੇ ਅਧਿਆਪਕਾਂ ਨੇ ਵੀ ਸਮਾਜ ਕਾਰਕੁੰਨਾਂ ਦੇ ਹੱਕ ਵਿੱਚ ਨਾਅਰਾ ਮਾਰਦਿਆਂ ਹੋਇਆ ਬੰਦ ਵਿੱਦਿਅਕ ਸੰਸਥਾਵਾਂ ਦਾ ਵਿਰੋਧ ਕੀਤਾ।

ਦਰਅਸਲ, ਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ, ਇਸ ਵੇਲੇ ਇੱਕ ਮੰਚ ‘ਤੇ ਇਕੱਠਾ ਹੋ ਕੇ ਸਰਕਾਰ ਦੇ ਵਿਰੁੱਧ ਸੰਘਰਸ਼ ਕਰ ਰਹੀਆਂ ਹਨ ਅਤੇ ਮੰਗ ਕਰ ਰਹੀਆਂ ਹਨ ਕਿ ਵਿੱਦਿਅਕ ਸੰਸਥਾਨ ਖੋਲ੍ਹੇ ਜਾਣ। ਵਿਦਿਆਰਥੀਆਂ ਦੇ ਮਾਪਿਆਂ, ਅਧਿਆਪਨ ਅਤੇ ਗੈਰ-ਅਧਿਆਪਨ ਅਮਲੇ ਨੇ ਪੂਰੇ ਅਨੁਸ਼ਾਸਨ ਅਤੇ ਜ਼ਬਤ ਵਿੱਚ ਰਹਿੰਦੇ ਹੋਏ ਸਕੂਲਾਂ ਨੂੰ ਜਲਦੀ ਤੋਂ ਜਲਦੀ ਖੋਲ੍ਹਣ ਲਈ ‘ਕੋਰੋਨਾ ਤਾਂ ਇੱਕ ਬਹਾਨਾ ਹੈ, ਅਸਲੀ ਹੋਰ ਨਿਸ਼ਾਨਾ ਹੈ’ ਵਰਗੇ ਨਾਅਰਿਆਂ ਨਾਲ ਸਰਕਾਰ ਨੂੰ ਜਗਾਉਣ ਦਾ ਯਤਨ ਕਰ ਰਹੇ ਹਨ। ਭਾਵੇਂ ਕੋਰੋਨਾ ਵਾਇਰਸ ਇੱਕ ਖ਼ਤਰਨਾਕ ਵਾਇਰਸ ਹੈ, ਪਰ ਸਕੂਲ ਬੰਦ ਕਰਨਾ, ਇਸ ਦਾ ਹੱਲ ਨਹੀਂ ਹੈ, ਕਿਉਂਕਿ ਬੱਚੇ ਲਗਾਤਾਰ ਬਾਜ਼ਾਰਾਂ, ਖ਼ੁਸ਼ੀ-ਗਮੀ ਦੇ ਸਮਾਗਮਾਂ, ਰਿਸ਼ਤੇਦਾਰੀਆਂ ਆਦਿ ਵਿੱਚ ਵਿਚਰ ਰਹੇ ਹਨ। ਕੁੱਝ ਧਿਰਾਂ ਸਰਕਾਰ ਨੂੰ ਸਵਾਲ ਕਰ ਰਹੀਆਂ ਹਨ ਕਿ, ਇਸ ਗੱਲ ਦੀ ਕੀ ਗਾਰੰਟੀ ਹੈ ਕਿ ਕੁੱਝ ਸਮੇਂ ਲਈ ਸਕੂਲ ਬੰਦ ਕਰਕੇ ਇਸ ਵਾਇਰਸ ਦਾ ਇਲਾਜ ਹੋ ਜਾਵੇਗਾ? ਸਰਕਾਰ ਨੇ ਜਿਸ ਤਰ੍ਹਾਂ ਕੁੱਝ ਸ਼ਰਤਾਂ ਸਮੇਤ ਬਾਕੀ ਸਭ ਕੁੱਝ ਖੋਲ੍ਹਿਆ ਹੋਇਆ ਹੈ, ਉਸੇ ਤਰ੍ਹਾਂ ਕੋਵਿਡ-19 ਦੇ ਫੈਲਾਓ ਨੂੰ ਰੋਕਣ ਲਈ ਕੁੱਝ ਪਾਬੰਦੀਆਂ ਲਗਾ ਕੇ ਸਕੂਲ ਖੋਲ੍ਹਣ ਦੀ ਆਗਿਆ ਦੇਣੀ ਚਾਹੀਦੀ ਹੈ। ਵੇਖਿਆ ਜਾਵੇ ਤਾਂ, ਮੁਲਕ ਦੇ ਅੰਦਰ ਜਿੱਥੇ ਜਿੱਥੇ ਵੀ ਚੋਣਾਂ ਹੋ ਰਹੀਆਂ ਹਨ, ਉੱਥੇ ਲੱਖਾਂ ਦੀ ਗਿਣਤੀ ਵਿੱਚ ਲੋਕ ਪੁੱਜ ਰਹੇ ਹਨ, ਪਰ ਉੱਥੇ ਕੋਰੋਨਾ ਕਿਉਂ ਨਹੀਂ ਵੜ੍ਹ ਰਿਹਾ? ਕੀ ਚੋਣਾਂ ਵਾਲੇ ਸੂਬਿਆਂ ਵਿੱਚ ਕੋਰੋਨਾ ਜਾਣ ਤੋਂ ਡਰਦਾ ਹੈ? ਕੀ ਕੋਰੋਨਾ ਦੇ ਵੀ ਕੁੱਝ ਨਿਯਮ ਹਨ, ਕਿ ਉਹ ਧਰਨਿਆਂ, ਰੈਲੀਆਂ ਅਤੇ ਅੰਦੋਲਨ ਵਿੱਚ ਨਹੀਂ ਦਾਖਲ ਹੋਵੇਗਾ? ਕੀ ਕੋਰੋਨਾ ਰਾਤ ਵੇਲੇ ਘਰੋਂ ਬਾਹਰ ਨਿਕਲਦਾ ਹੈ? ਇਹ ਸਵਾਲ ਇਸ ਲਈ ਕਿਉਂਕਿ ਸਰਕਾਰ ਨੇ ਕਈ ਥਾਵਾਂ ‘ਤੇ ਰਾਤ ਦਾ ਕਰਫ਼ਿਊ ਲਗਾਇਆ ਹੋਇਆ ਹੈ।

Current Affairs Politics
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ

ਦੂਜੀ ਲਹਿਰ ਦਾ ਆਖ ਕੇ, ਭਾਰਤ ਦੇ ਅੰਦਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਤਾਲਾਬੰਦੀ ਲਗਾਉਣ ਦੀ...

By ਗੁਰਪ੍ਰੀਤ ਸਿੰਘ
May 6, 2021
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ
ਸੱਚ ਬੋਲਿਆਂ ਭਾਂਬੜ ਮੱਚਦਾ...!

ਹੁਣ ਦਿੱਲੀ ਦੇ ਵਿੱਚ ਕਿਸਾਨ ਬੈਠੇ ਹਨ.. ਪਰ ਉਹ ਤੇ ਜ਼ਮੀਨਾਂ ਲਈ ਬੈਠੇ ਹਨ...ਤੁਹਾਡੇ ਕੋਲ ਗਵਾਉਣ ਲਈ ਜ਼ਮੀਰ ਤੋਂ ਬਿਨਾਂ ਕੀ ਹੈ... ਤੁਹਾਡੀ ਤੇ ਜ...

May 6, 2021
ਸੱਚ ਬੋਲਿਆਂ ਭਾਂਬੜ ਮੱਚਦਾ...!