ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ


ਜੰਗਲ; ਸਾਡੀ ਸਾਹ-ਰਗ ਹੀ ਨਹੀਂ, ਇਹ ਮਿੱਟੀ, ਵਰਖਾ ਅਤੇ ਸਾਵੇਂ-ਵਾਤਾਵਰਣ ਦੇ ਪੂਰਕ ਵੀ ਹਨ। ਪੌਦ ਅਤੇ ਜੀਵ-ਵੰਨਸਵੰਨਤਾ, ਜਿਹੜੀ ਸਾਵੀਂ ਜ਼ਿੰਦਗੀ ਮਾਨਣ ਲਈ ਬੇਹੱਦ ਜ਼ਰੂਰੀ ਹੈ ਤਾਂ ਜੰਗਲਾਂ ਬਿਨਾਂ ਚਿਤਵੀ ਹੀ ਨਹੀਂ ਜਾ ਸਕਦੀ। ਜਨਰਲ ਨਰੈਣ ਬਚਖੇਤੀ, ਭਾਰਤ ਦੇ ਆਹਲਾ ਜੰਗਲਾਤ ਅਫ਼ਸਰ ਨੇ ਅੱਧੀ ਸਦੀ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਸੀ, ਮਨੁੱਖੀ ਵਿਕਾਸ ਵਿੱਚ ਸਿਆਣਿਆਂ ਨੇ ਤਿੰਨ ਪੜਾਅ ਮੰਨੇ ਹਨ। ਜੰਗਲ ਪ੍ਰਧਾਨ ਸਭਿਅਤਾਵਾਂ ਦਾ ਦੌਰ, ਜੰਗਲ ਉੱਪਰ ਕਾਬੂ ਪਾ ਰਹੀਆਂ ਸਭਿਅਤਾਵਾਂ ਦਾ ਦੌਰ ਅਤੇ ਉਹ ਸਭਿਅਤਾਵਾਂ ਜਿਹੜੀਆਂ ਜੰਗਲਾਂ ਉੱਤੇ ਪੂਰੀ ਤਰ੍ਹਾਂ ਹਾਵੀ ਹੋ ਚੁੱਕੀਆਂ ਹਨ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ  ਕਿ ਸਾਡਾ ਦੇਸ਼ ਤੀਜੇ ਪੜਾਅ ਵਿਚੋਂ ਲੰਘ ਰਿਹਾ ਹੈ। ਮਾਰੇ ਜਾਵਾਂਗੇ, ਅਸੀਂ।

ਕੁਦਰਤੀ ਮਾਹਰਾਂ ਅਨੁਸਾਰ ਸਾਵੀਂ-ਪੱਧਰੀ ਜ਼ਿੰਦਗੀ ਲਈ ਕਰੀਬ 33% ਭੂਮੀ ਜੰਗਲਾਂ ਹੇਠ ਹੋਣੀ ਚਾਹੀਦੀ ਹੈ। ਵਣ-ਸਰਵੇਖਣ ਮੁਤਾਬਕ ਇਹ ਅੱਧਾ (16.7%) ਹੈ ਪਰ ਕੁਝ ਗੈਰ-ਸਰਕਾਰੀ ਸੰਸਥਾਵਾਂ ਇਸ ਅੰਕੜੇ ਨੂੰ ਵੀ ਚੁਣੌਤੀ ਦਿੰਦੀਆਂ ਹਨ। ਇਸ ਸੰਦਰਭ ਵਿੱਚ ਪੰਜਾਬ ਦੀ ਸਥਿਤੀ ਬੇਹੱਦ ਤਰਸਯੋਗ ਹੈ। ਜਿੱਥੇ 'ਜੰਗਲ' ਦੀ ਪਰਿਭਾਸ਼ਾ ਅਨੁਸਾਰ ਜੰਗਲ ਹੈ ਹੀ ਨਹੀਂ । ਪੰਜਾਬ ਰਾਜ ਦੇ  ਕੁੱਲ 50,362 ਵਰਗ ਕਿੱਲੋਮੀਟਰ ਖੇਤਰਫਲ ਵਿਚੋਂ ਸਿਰਫ਼ 2868 ਵਰਗ ਕਿੱਲੋਮੀਟਰ ਰਕਬਾ ਹੀ ਮਹਿਜ਼ ਨਾਂ ਦੇ ਜੰਗਲਾਂ ਹੇਠ ਹੈ, ਉਹ ਵੀ ਝਾੜੀ-ਨੁਮਾ ਤੇ ਐਗਰੋ। ਦਰ-ਹਕੀਕਤ; ਪੰਜਾਬ ਰਾਜ ਦੇ ਕੁਲ ਖੇਤਰ ਦਾ ਸਿਰਫ਼ 5.7% ਹਿੱਸਾ ਹੀ ਜੰਗਲਾਂ ਹੇਠ ਹੈ, ਜਿਹੜਾ ਜ਼ਰੂਰੀ 33% ਦਾ ਛੇਵਾਂ ਹਿੱਸਾ ਬਣਦਾ ਹੈ। ਭਾਵੇਂ ਜੰਗਲਾਂ ਦੇ ਸੰਦਰਭ 'ਚ ਸਮੁੱਚੇ ਭਾਰਤ ਦੀ ਸਥਿਤੀ ਵੀ ਤਸੱਲੀ ਬਖ਼ਸ਼ ਨਹੀਂ ਕਹੀ ਜਾ ਸਕਦੀ ਪਰ ਪੰਜਾਬ ਦੀ ਹਾਲਤ ਤਾਂ ਬੇਹੱਦ ਤਰਸਯੋਗ ਹੈ। ਜੰਗਲ ਦਾ ਅਰਥ ਹੈ, ਘਾਹ ਤੋਂ ਲੈ ਕੇ ਵਿਸ਼ਾਲ ਬ੍ਰਿਛ ਸਮੇਤ ਬਹੁ-ਪਰਤੀ ਜੀਵ-ਜੰਤੂ।

1966 ਵਿੱਚ ਰਾਜਾਂ ਦੇ ਪੁਨਰਗਠਨ ਸਦਕਾ ਪੰਜਾਬ ਕੋਲੋਂ ਬਹੁਤ ਸਾਰੇ ਜੰਗਲ ਖੁੱਸ ਗਏ। ਦੇਸ਼ ਦੀ ਵਣਨੀਤੀ ਅਨੁਸਾਰ ਦੇਸ਼ ਦੇ ਕੁਲ ਰਕਬੇ ਦਾ ਤੀਜਾ ਹਿੱਸਾ ਜੰਗਲਾਂ ਹੇਠਾਂ ਹੋਣਾ ਚਾਹੀਦਾ ਹੈ ਜਦਕਿ ਪੰਜਾਬ ਵਿੱਚ ਇਹ ਸਿਰਫ਼ 20ਵਾਂ ਹੈ। ਜੀਅ ਪ੍ਰਤੀ ਆਧਾਰ 'ਤੇ ਭਾਰਤ ਵਿੱਚ 0.15 ਹੈਕਟਰ ਜੰਗਲ ਹਨ ਜਦੋਂ ਕਿ ਪੰਜਾਬ ਵਿੱਚ ਇਹ ਹਿੰਦਸਾ ਸਿਰਫ਼ 0.01 ਹੈਕਟਰ ਹੈ। ਬਿਨਾਂ ਸ਼ੱਕ, ਅਸੀਂ ਖੇਤੀਬਾੜੀ ਵਿੱਚ ਬੜੀ 'ਤਰੱਕੀ' ਕੀਤੀ ਹੈ। ਪੰਜਾਬ ਸਮੁੱਚੇ ਖੇਤਰਫਲ ਦਾ 1.54 ਫ਼ੀਸਦੀ ਹੈ ਫਿਰ ਵੀ ਇਸ ਨੇ ਦੇਸ਼ ਨੂੰ ਕਰੀਬ 60 ਫ਼ੀਸਦੀ ਅਨਾਜ ਦੇ ਕੇ ਸ਼ਕਤੀਸ਼ਾਲੀ ਖੇਤੀ ਜੁਗਾੜ ਦਾ ਸਬੂਤ ਦਿੱਤਾ ਹੈ ਪਰ, ਇਸ ਵਿਕਾਸ ਨੇ ਸਾਡੇ ਸਮੁੱਚੇ ਵਾਤਾਵਰਣ ਵਿਚ ਉਲਾਰ ਸਥਿਤੀ ਪੈਦਾ ਕਰ ਦਿੱਤੀ ਹੈ। ਨਿੱਤ ਨਵੀਆਂ ਸਮੱਸਿਆਵਾਂ ਸਾਡੀ ਖੇਤੀ ਨੂੰ ਘੇਰ ਰਹੀਆਂ ਹਨ। ਦੂਸ਼ਿਤ ਵਾਤਾਵਰਣ, ਭੌਂ ਜਰਖੇਜ਼ਤਾ ਵਿੱਚ ਕਮੀ, ਅਸਾਵੀਂ ਵਰਖਾ, ਜਲ-ਸੰਕਟ, ਭੌਂ-ਖੋਰ, ਕੱਲਰ, ਸੇਮ, ਹੜ੍ਹ ਆਦਿ ਆਫ਼ਤਾਂ ਨੇ ਸਾਡੇ ਕੁਦਰਤੀ (ਇਕਾਲੋਜੀਕਲ) ਸਮਤੋਲ ਨੂੰ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ।

ਕਾਰਨ: ਪੰਜਾਬ ਵਿੱਚ ਤੇਜ਼ੀ ਨਾਲ ਘਟਦੇ ਦਰੱਖਤ ਵੀ ਹਨ। ਪੰਜਾਬ ਦੇ ਸੰਦਰਭ 'ਚ ਜੰਗਲਾਤ ਨੀਤੀ ਦਰੁਸਤ ਕਰਨ ਦੀ ਲੋੜ ਹੈ। ਜੰਗਲ ਉਗਾਉਣ ਨਾਲ ਨਹੀਂ ਸਰਨਾ, ਜੰਗਲਾਂ ਦੀ ਮੂਲ ਮਾਂ, ਭੂਮੀ ਤੇ ਜਲ ਸੰਭਾਲ ਨੂੰ ਵੀ ਤਵੱਜੋ ਦੇਣੀ ਪਵੇਗੀ। ਪਹਿਲਾਂ ਮਿੱਟੀ ਅਤੇ ਪਾਣੀ ਹੈ ਫਿਰ ਹੀ ਬਨਸਪਤੀ ਉਪਰੰਤ ਜੀਵਿਕਾ। ਭਾਵੇਂ, ਪੰਜਾਬ ਦੀ ਵਿਸ਼ੇਸ਼ ਭੂਗੋਲਿਕ ਸਥਿਤੀ ਅਤੇ ਖੇਤੀਬਾੜੀ ਪ੍ਰਮੁੱਖਤਾ ਕਾਰਨ ਇੱਥੇ ਉਸ ਰੂਪ ਵਿੱਚ ਜੰਗਲ ਨਹੀਂ ਚਿਤਵੇ ਜਾ ਸਕਦੇ, ਜਿਵੇਂ ਹੋਣੇ ਚਾਹੀਦੇ ਹਨ ਪ੍ਰੰਤੂ ਇਸ ਦਾ ਅਰਥ ਇਹ ਵੀ ਨਹੀਂ ਕਿ ਮਹਿਜ਼ ਇਸੇ ਦੀ ਆੜ ਹੇਠ ਕੁਦਰਤੀ ਸਮਤੋਲ ਅਤੇ ਮਨੁੱਖ ਪ੍ਰਤੀ ਜ਼ਿੰਮੇਵਾਰੀ ਤੋਂ ਭੱਜਿਆ ਜਾਵੇ। ਪੰਜਾਬ ਵਿੱਚ ਸਿਰਫ਼ ਜੰਗਲਾਤ ਵਿਭਾਗ ਉੱਪਰ ਹੀ ਨਿਰਭਰ ਹੋ ਕੇ ਨਹੀਂ ਸਗੋਂ ਭਰਾਤਰੀ ਮਹਿਕਮੇ ਬਾਗ਼ਬਾਨੀ, ਖੇਤੀਬਾੜੀ, ਵਿਸ਼ੇਸ਼ ਕਰਕੇ ਭੂਮੀ ਤੇ ਜਲ ਸੰਭਾਲ ਨੂੰ ਨਾਲ ਲੈ ਕੇ ਲੋਕਾਂ ਦੀ ਸ਼ਮੂਲੀਅਤ ਅਤੇ ਭਰੋਸਾ ਜਿੱਤ ਕੇ ਤੁਰਨਾ ਪਵੇਗਾ, ਤਦ ਹੀ ਢੁਕਵੇਂ ਸਿੱਟੇ ਕੱਢੇ ਜਾ ਸਕਦੇ ਹਨ।

ਪਹਾੜੀ ਖੇਤਰਾਂ ਵਿੱਚ ਵਣਾਂ ਦਾ ਹੋਣਾ ਪ੍ਰਸਿਥਤਕੀ ਸੰਤੁਲਨ (ਇਕਾਲੋਜੀਕਲ ਬੈਲੰਸ) ਅਤੇ ਵਾਤਾਵਰਣ ਸਥਿਰਤਾ ਦੀ ਦ੍ਰਿਸ਼ਟੀ ਤੋਂ ਜ਼ਰੂਰੀ ਤਾਂ ਹੈ ਹੀ, ਇਸ ਨਾਲ ਭੂਮੀ ਦਾ ਕਟਾਅ ਅਤੇ ਜ਼ਮੀਨ ਦੀ ਗੁਣਵੱਤਾ ਵਿੱਚ ਗਿਰਾਵਟ ਨੂੰ ਰੋਕਣ ਵਿੱਚ ਵੀ ਮਦਦ ਮਿਲਦੀ ਹੈ। ਜਲ ਸੋਮੇ ਅਤੇ ਜਲ-ਤਲ ਨੂੰ ਵੀ ਸਥਿਰਤਾ ਮਿਲਦੀ ਹੈ। ਜਨੋਰਾਂ, ਵਰਖਾ ਅਤੇ ਵਿਸ਼ਵ-ਤਾਪਮਾਨ ਦੇ ਸੰਦਰਭ ਵਿੱਚ ਇਹ ਜ਼ਿਆਦਾ ਲਾਹੇਵੰਦ ਹੈ। ਪੰਜਾਬ, ਜਿਸ ਦਾ ਮੈਦਾਨੀ ਇਲਾਕਾ ਸੰਘਣੀ ਖੇਤੀ ਹੇਠ ਹੈ ਦੇ ਮੱਦੇਨਜ਼ਰ ਪਹਾੜੀ ਖ਼ਿੱਤੇ ਪ੍ਰਤੀ ਧਿਆਨ ਇਕਾਗਰ ਕਰਨਾ ਹੋਰ ਵੀ ਜ਼ਰੂਰੀ ਹੈ। ਪੰਜਾਬ ਦੇ ਪਹਾੜੀ ਖ਼ਿੱਤਿਆਂ ਦੀ ਭੈੜੀ ਹਾਲਤ ਨੂੰ ਛੱਡ ਕੇ ਦੇਸ਼ ਦੇ ਬਾਕੀ ਪਹਾੜੀ ਅਤੇ ਜੰਗਲੀ ਖੇਤਰਾਂ ਵਿੱਚ ਹਾਲਤ ਕੁਝ ਤਸੱਲੀ ਬਖ਼ਸ਼ ਹੈ। ਦਰਅਸਲ ਪਹਾੜਾਂ ਰਾਹੀ ਅਸੀਂ ਕੁਲ ਰਕਬੇ ਵਿੱਚ ਤੀਜਾ ਹਿੱਸਾ ਜੰਗਲ ਜ਼ਰੂਰ ਹੋਣ ਦਾ ਨਿਸ਼ਾਨਾ ਪੂਰਾ ਕਰ ਸਕਦੇ ਹਾਂ।

ਲੋਅਰ ਸ਼ਿਵਾਲਕ ਅਤੇ ਕੰਢੀ ਖੇਤਰ ਵਿੱਚ ਉੱਥੋਂ ਦੇ ਬਾਸ਼ਿਦਿੰਆਂ ਅਤੇ ਕੁਦਰਤੀ ਸੋਮਿਆਂ ਨਾਲ ਸਬੰਧਤ ਭਰਾਤਰੀ ਮਹਿਕਮਿਆਂ ਨੂੰ ਨਾਲ ਲੈ ਕੇ ਨਾ ਚੱਲਣ ਦੀ ਜੰਗਲਾਤ ਵਿਭਾਗ ਦੀ ਅਚੇਤ-ਸੁਚੇਤ ਨੀਤੀ  ਕਾਰਨ ਵੀ ਅਜਿਹੀ ਦੁਰਦਸ਼ਾ ਹੋਈ ਹੈ। ਜੰਗਲਾਤ ਨਿਯਮਾਂ ਨੂੰ 'ਥਾਣੇਦਾਰੀ ਤਰਜ਼' ਨਾਲ ਨਹੀਂ ਸਗੋਂ ਉਸ ਦੀ ਮੂਲ-ਭਾਵਨਾ ਅਨੁਸਾਰ ਲਾਗੂ ਕਰਨ ਦੀ ਲੋੜ ਹੈ। ਭੂਮੀ ਤੇ ਜਲ ਸੰਭਾਲ ਵਰਗੇ ਕੁਦਰਤੀ ਸਰੋਤਾਂ ਨਾਲ ਜੁੜੇ ਹੋਏ ਮਹਿਕਮਿਆਂ ਦੇ ਕਾਰਜ ਪਹਾੜੀ ਖ਼ਿੱਤਿਆਂ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ। ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜੋੜ ਕੇ ਬੈਠਣ ਅਤੇ ਭਾਈਵਾਲ ਕੋਸ਼ਿਸ਼ਾਂ ਨਾਲ ਹੀ ਹੱਲ ਸੰਭਵ ਹੈ। ਪਹਾੜਾਂ ਵੱਲ ਧਿਆਨ ਦਿਓ ਪਰ ਮੈਦਾਨੀ ਜੰਗਲ ਬਿਲਕੁਲ ਨਾ ਉਜਾੜੋ, ਇਸੇ ਵਿੱਚ ਹੀ ਸਾਡਾ ਸਭ ਦਾ ਭਲਾ ਲੁਕਿਆ ਹੋਇਆ ਹੈ। 

Environment
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ

ਦੂਜੀ ਲਹਿਰ ਦਾ ਆਖ ਕੇ, ਭਾਰਤ ਦੇ ਅੰਦਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਤਾਲਾਬੰਦੀ ਲਗਾਉਣ ਦੀ...

By ਗੁਰਪ੍ਰੀਤ ਸਿੰਘ
May 6, 2021
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ
ਸੱਚ ਬੋਲਿਆਂ ਭਾਂਬੜ ਮੱਚਦਾ...!

ਹੁਣ ਦਿੱਲੀ ਦੇ ਵਿੱਚ ਕਿਸਾਨ ਬੈਠੇ ਹਨ.. ਪਰ ਉਹ ਤੇ ਜ਼ਮੀਨਾਂ ਲਈ ਬੈਠੇ ਹਨ...ਤੁਹਾਡੇ ਕੋਲ ਗਵਾਉਣ ਲਈ ਜ਼ਮੀਰ ਤੋਂ ਬਿਨਾਂ ਕੀ ਹੈ... ਤੁਹਾਡੀ ਤੇ ਜ...

May 6, 2021
ਸੱਚ ਬੋਲਿਆਂ ਭਾਂਬੜ ਮੱਚਦਾ...!