ਗਾਂਧੀ ਦੇ ਵਿਹੜੇ ਵਿਚ ਗੋਡਸੇ ਦੇ ਪੁਜਾਰੀ!


ਬਾਬੂਲਾਲ ਚੌਰਸੀਆ ਪਹਿਲੀ ਵਾਰ ਚਰਚਾ ਵਿਚ ਉਦੋਂ ਆਏ ਸਨ ਜਦੋਂ ਉਨ੍ਹਾਂ ਨੇ ਨਾਥੂਰਾਮ ਗੋਡਸੇ ਦੀ ਮੂਰਤੀ ਦੀ ਪੂਜਾ ਕੀਤੀ ਸੀ। ਦੂਸਰੀ ਵਾਰ ਉਹ ਚਰਚਾ ਵਿਚ ਉਦੋਂ ਆਏ ਹਨ ਜਦੋਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਕਮਲਨਾਥ ਨੇ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਕਾਂਗਰਸ ਵਿਚ ਸ਼ਾਮਲ ਕਰਵਾਇਆ। ਕੁਝ ਸਮਾਂ ਉਹ ਹਿੰਦੂ ਮਹਾਂਸਭਾ ਵਿਚ ਰਹੇ ਅਤੇ ਪਿਛਲੇ ਦਿਨੀਂ ਉਨ੍ਹਾਂ ਨੇ ਗਵਾਲੀਅਰ ਦੇ ਵਾਰਡ ਨੰਬਰ 44 ਤੋਂ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਕੇ ਕੌਂਸਲਰ ਦੀ ਚੋਣ ਵੀ ਜਿੱਤੀ। ਕੀ ਗਾਂਧੀ ਦੇ ਹੱਤਿਆਰੇ ਦੀ ਪੂਜਾ ਕਰਨ ਵਾਲੇ ਨੂੰ ਕਾਂਗਰਸ ਵਿਚ ਜਗ੍ਹਾ ਮਿਲਣੀ ਚਾਹੀਦੀ ਹੈ? ਕਾਂਗਰਸ ਅੰਦਰ ਵੀ ਇਹ ਗੱਲ ਕਹਿਣ ਦਾ ਜਿਗਰਾ ਘੱਟ ਹੀ ਲੋਕਾਂ ਕੋਲ ਹੋਵੇਗਾ ਕਿ ਮਿਲਣੀ ਚਾਹੀਦੀ ਹੈ। ਹਾਲਾਂਕਿ ਖ਼ੁਦ ਗਾਂਧੀ ਹਿਰਦੇ-ਪਰਿਵਰਤਨ `ਤੇ ਭਰੋਸਾ ਕਰਦੇ ਸਨ ਅਤੇ ਉਹ ਹੁੰਦੇ ਤਾਂ ਸ਼ਾਇਦ ਮੰਨਦੇ ਕਿ ਜੇਕਰ ਉਨ੍ਹਾਂ ਦੇ ਹੱਤਿਆਰੇ ਦੇ ਵਿਚਾਰ ਬਦਲ ਗਏ ਹਨ ਤਾਂ ਉਸ ਲਈ ਕਾਂਗਰਸ ਦੇ ਦਰਵਾਜ਼ੇ ਖੋਲ੍ਹੇ ਜਾਣੇ ਚਾਹੀਦੇ ਹਨ। ਇਸ ਨੂੰ ਉਹ ਆਪਣੇ ਕਤਲ ਦੀ ਪ੍ਰਾਪਤੀ ਮੰਨਦੇ ਕਿ ਇਸ ਕਾਰਨ ਇਕ ਆਦਮੀ ਦਾ ਹਿਰਦੇ-ਪਰਿਵਰਤਨ ਹੋਇਆ ਹੈ। ਪਰ ਕੀ ਬਾਬੂਲਾਲ ਚੌਰਸੀਆ ਦਾ ਹਿਰਦੇ ਪਰਿਵਰਤਨ ਹੋ ਗਿਆ ਹੈ?

ਖ਼ੁਦ ਬਾਬੂਲਾਲ ਚੌਰਸੀਆ ਦਾ ਬਿਆਨ ਇਸ ਦੀ ਪੁਸ਼ਟੀ ਨਹੀਂ ਕਰਦਾ। ਕਾਸ਼ ਕਿ ਉਨ੍ਹਾਂ ਨੇ ਕਿਹਾ ਹੁੰਦਾ ਕਿ ਕਦੇ ਉਹ ਨਾਥੂਰਾਮ ਗੋਡਸੇ ਨੂੰ ਮਹਾਨ ਸਮਝਦੇ ਸਨ ਅਤੇ ਆਪਣੀ ਇਸ ਸਮਝ `ਤੇ ਉਹ ਸ਼ਰਮਿੰਦਾ ਹਨ। ਉਹ ਗਾਂਧੀ ਵਾਂਗ ਕਿਸੇ ਪ੍ਰਾਸਚਿਤ ਲਈ ਤਿਆਰ ਹਨ। ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਜਿਸ ਮੂਰਤੀ ਨੂੰ ਉਹ ਜਲ ਚੜ੍ਹਾ ਰਹੇ ਹਨ, ਉਹ ਗੋਡਸੇ ਦੀ ਹੈ। ਉਨ੍ਹਾਂ ਤੋਂ ਧੋਖੇ ਨਾਲ ਇਹ ਕੰਮ ਕਰਵਾਇਆ ਗਿਆ। ਕਹਿਣ ਦੀ ਜ਼ਰੂਰਤ ਨਹੀਂ ਕਿ ਉਨ੍ਹਾਂ ਦੀ ਇਸ ਦਲੀਲ `ਤੇ ਕਿਸੇ ਨੂੰ ਯਕੀਨ ਨਹੀਂ ਹੋਵੇਗਾ-ਕਮਲਨਾਥ ਤੱਕ ਨੂੰ ਨਹੀਂ। ਜ਼ਿਆਦਾ ਤੋਂ ਜ਼ਿਆਦਾ ਇਹ ਸਮਝ ਵਿਚ ਆਉਂਦਾ ਹੈ ਕਿ ਬਾਬੂਲਾਲ ਚੌਰਸੀਆ ਪਾਖੰਡ ਦੀ ਉਸ ਪਰੰਪਰਾ ਦਾ ਪਾਲਣ ਕਰ ਰਹੇ ਹਨ ਜਿਸ ਨੂੰ ਕਾਂਗਰਸ ਨੇ ਆਪਣਾ ਸਭਿਆਚਾਰ ਬਣਾ ਲਿਆ ਹੈ। ਇਸ ਲਿਹਾਜ਼ ਨਾਲ ਉਹ ਕਾਂਗਰਸ ਵਿਚ ਸ਼ਾਮਲ ਕੀਤੇ ਜਾਣ ਦੇ ਸਭ ਤੋਂ ਵੱਧ ਯੋਗ ਪਾਤਰ ਦਿਖਾਈ ਦਿੰਦੇ ਹਨ।

ਇਸ ਟਿੱਪਣੀ ਵਿਚ ਤਲਖ਼ੀ ਭਾਵੇਂ ਕਿੰਨੀ ਹੀ ਕਿਉਂ ਨਾ ਹੋਵੇ, ਤੱਥ ਵੀ ਇਸ ਦੀ ਪੁਸ਼ਟੀ ਕਰਦੇ ਹਨ। ਬੀਤੇ ਤਮਾਮ ਵਰਿ੍ਹਆਂ ਦੌਰਾਨ ਕਾਂਗਰਸ ਲਈ ਵਿਚਾਰ ਨਾਲੋਂ ਜ਼ਿਆਦਾ ਮੌਕੇ ਅਹਿਮੀਅਤ ਰੱਖਦੇ ਹਨ ਜੋ ਉਸ ਨੂੰ ਘੱਟ ਮਿਲਦੇ ਰਹੇ ਹਨ। ਕਿਉਂਕਿ ਉਸ ਦਾ ਨਿਰਮਾਣ ਆਜ਼ਾਦੀ ਦੀ ਲੜਾਈ ਦੌਰਾਨ ਹੋਇਆ ਹੈ, ਇਸ ਲਈ ਉਸ ਦੇ ਗੁਣਸੂਤਰਾਂ ਵਿਚ ਉਦਾਰਤਾ ਅਤੇ ਧਰਮ ਨਿਰਪੱਖਤਾ ਪ੍ਰਤੀ ਇਕ ਸਹਿਜ ਆਸਥਾ ਹੈ, ਪਰ ਅਕਸਰ ਉਸ ਦੇ ਨੇਤਾ ਆਪਣੇ ਤਤਕਾਲੀ ਹਿਤਾਂ ਲਈ ਇਨ੍ਹਾਂ ਨੂੰ ਵੀ ਦਾਅ `ਤੇ ਲਗਾਉਂਦੇ ਰਹੇ ਹਨ। ਦਰਅਸਲ, ਭਾਜਪਾ ਦੀ ਫ਼ਿਰਕਾਪ੍ਰਸਤੀ ਨੂੰ ਸਭ ਤੋਂ ਜ਼ਿਆਦਾ ਤਰਕ ਕਾਂਗਰਸ ਦੇ ਇਸੇ ਢਿੱਲੇ-ਮੱਠੇ ਰਵੱਈਏ ਨੇ ਮੁਹੱਈਆ ਕਰਵਾਏ ਹਨ।

ਬਾਬੂਲਾਲ ਚੌਰਸੀਆ ਦੇ ਮਾਮਲੇ ਵੱਲ ਪਰਤਦੇ ਹਾਂ। ਉਹ ਕਾਂਗਰਸ ਵਿਚ ਸ਼ਾਮਲ ਕੀਤੇ ਗਏ ਹਨ, ਪਰ ਇਸ ਨਾਲ ਖ਼ੁਸ਼ ਭਾਜਪਾ ਹੋਵੇਗੀ। ਆਖ਼ਰ ਉਸ ਨੂੰ ਕਾਂਗਰਸ ਦੇ ਬਾਪੂ-ਪ੍ਰੇਮ ਦੇ ਪਾਖੰਡ ਦਾ ਮਜ਼ਾਕ ਉਡਾਉਣ ਦਾ ਇਕ ਹੋਰ ਮੌਕਾ ਜੋ ਮਿਲ ਗਿਆ ਹੈ। ਜਿਸ ਹਿੰਦੂ ਮਹਾਂਸਭਾ ਤੋਂ ਬਾਬੂਲਾਲ ਚੌਰਸੀਆ ਆਏ ਹਨ, ਉਸ `ਤੇ ਗਾਂਧੀ ਦੀ ਹੱਤਿਆ ਦਾ ਇਲਜ਼ਾਮ ਹੈ। ਬੇਸ਼ਕ, ਇਹ ਸੱਚ ਹੈ ਕਿ ਭਾਰਤੀ ਸਿਆਸਤ ਵਿਚ ਦਲਬਦਲ ਅਤੇ ਵਿਚਾਰਬਦਲ ਬਸ ਇਕ ਖੇਡ ਰਹਿ ਗਈ ਹੈ। ਕੱਲ੍ਹ ਦੇ ਫ਼ਿਰਕਾਪ੍ਰਸਤ ਰਾਤੋ-ਰਾਤ ਧਰਮ ਨਿਰਪੱਖ ਹੋ ਜਾਂਦੇ ਹਨ ਅਤੇ ਕੱਲ੍ਹ ਦੇ ਧਰਮ ਨਿਰਪੱਖ ਰਾਤੋ-ਰਾਤ ਖ਼ੁਦ ਨੂੰ ਰਾਸ਼ਟਰਵਾਦੀ ਦੱਸਣ ਲੱਗਦੇ ਹਨ। ਦੂਸਰੀਆਂ ਸਿਆਸੀ ਪਾਰਟੀਆਂ ਵਿਚ ਅਪਰਾਧੀਆਂ ਦੇ ਦਾਖ਼ਲੇ `ਤੇ ਸਵਾਲ ਕਰਨ ਵਾਲੇ ਆਪਣੇ ਕੋਲ ਅਪਰਾਧੀਆਂ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦੇ ਹਨ।

ਭਾਜਪਾ ਦਾ ਜੋ ਵਿਸਥਾਰ ਹੋਇਆ ਹੈ, ਉਸ ਵਿਚ ਕਾਂਗਰਸ ਤੋਂ ਵੱਖ ਹੋਏ ਧੜਿਆਂ ਦੀ ਵੱਡੀ ਭੂਮਿਕਾ ਹੈ। ਮੱਧ ਪ੍ਰਦੇਸ਼ ਦੀ ਕੁਰਸੀ ਨਾ ਮਿਲਣ ਤੋਂ ਦੁਖੀ ਜਿਓਤੀਰਾਦਿਤਯ ਸਿੰਧੀਆ ਹੁਣ ਭਾਜਪਾ ਵਿਚ ਹਨ ਅਤੇ ਪ੍ਰਧਾਨ ਮੰਤਰੀ ਦੇ ਗੁਣ ਗਾ ਰਹੇ ਹਨ। ਯੂ.ਪੀ. ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਕਰ ਰਹੀ ਰੀਤਾ ਬਹੁਗੁਣਾ ਯੂ.ਪੀ. ਦੀ ਹੀ ਭਾਜਪਾ ਸਰਕਾਰ ਵਿਚ ਮੰਤਰੀ ਬਣਾ ਦਿੱਤੀ ਗਈ ਸੀ। ਇਹ ਸੂਚੀ ਬਹੁਤ ਵੱਡੀ ਹੈ। ਪੂਰਬ-ਉੱਤਰ, ਅਸਾਮ, ਉੱਤਰਾਖੰਡ ਸਮੇਤ ਕਈ ਸੂਬਿਆਂ ਵਿਚ ਕਈ ਨੇਤਾ ਹਨ ਜੋ ਪਹਿਲਾਂ ਕਾਂਗਰਸੀ ਸਨ ਅਤੇ ਹੁਣ ਭਾਜਪਾਈ ਹਨ। ਪਰ ਅਜਿਹੇ ਨੇਤਾਵਾਂ ਨੂੰ ਸ਼ਾਮਲ ਕਰਦਿਆਂ ਭਾਜਪਾ ਅੰਦਰ ਇਹ ਦੁਬਿਧਾ ਨਹੀਂ ਜਾਗਦੀ ਕਿ ਉਹ ਆਪਣੀ ਵਿਚਾਰਧਾਰਾ ਦੇ ਵਿਰੋਧੀ ਰਹੇ ਲੋਕਾਂ ਨੂੰ ਆਪਣੀ ਪਾਰਟੀ ਵਿਚ ਕਿਉਂ ਥਾਂ ਦੇ ਰਹੇ ਹਨ। ਉਸ ਨੂੰ ਪਤਾ ਹੈ ਕਿ ਉਸ ਕੋਲ ਸੱਤਾ ਹੋਵੇਗੀ ਤਾਂ ਉਹ ਆਪਣਾ ਵਿਚਾਰ ਥੋਪੇਗੀ। ਉਦੋਂ ਇਹ ਸਾਰੇ ਲੋਕ ਉਸ ਦੇ ਹਥਿਆਰਬੰਦ ਦਸਤੇ ਹੋਣਗੇ, ਵਿਚਾਰਬੰਦ ਫ਼ੌਜੀ ਨਹੀਂ। ਉਹ ਆਪਣੇ ਬਹੁਮਤ ਨੂੰ ਬਹੁ-ਗਿਣਤੀਵਾਦ ਦੀ ਸਿਆਸਤ ਦਾ ਰੱਥ ਬਣਾਏਗੀ ਅਤੇ ਬਣਾ ਰਹੀ ਹੈ। ਕਈ ਸੂਬਿਆਂ ਵਿਚ ਭਾਜਪਾ ਨੇ ਇਸੇ ਤਰ੍ਹਾਂ ਦਲ-ਬਦਲ ਦੇ ਜ਼ਰੀਏ ਸਰਕਾਰਾਂ ਬਣਾਈਆਂ ਹਨ। ਅਜਿਹੇ ਮੌਕਿਆਂ `ਤੇ ਉਹ ‘ਕਾਂਗਰਸ ਮੁਕਤ` ਭਾਰਤ ਦਾ ਨਾਅਰਾ ਦੇਣ ਤੋਂ ਨਹੀਂ ਖੁੰਝਦੀ।

ਪਰ ਇਹ ਦਰਅਸਲ ਨਾ ਭਾਜਪਾ ਮੁਕਤ ਭਾਰਤ ਬਣ ਰਿਹਾ ਹੈ ਤੇ ਨਾ ਕਾਂਗਰਸ ਮੁਕਤ ਭਾਰਤ। ਇਹ ਵਿਚਾਰਧਾਰਾਮੁਕਤ ਭਾਰਤ ਬਣ ਰਿਹਾ ਹੈ। ਇਸ ਵਿਚਾਰਧਾਰਾ ਮੁਕਤ ਭਾਰਤ ਵਿਚ ਗੋਡਸੇ ਦੀ ਮੂਰਤੀ ਲੈ ਕੇ ਸੌਣ ਵਾਲਾ ਬਾਬੂਲਾਲ ਚੌਰਸੀਆ ਅਗਲੀ ਸਵੇਰ ਗਾਂਧੀ ਦਾ ਚਰਖ਼ਾ ਲੈ ਕੇ ਜਾਗਦਾ ਹੈ ਅਤੇ ਦੱਸਦਾ ਹੈ ਕਿ ਸੁਪਨੇ ਵਿਚ ਉਹ ਗੋਡਸੇ ਨੂੰ ਗਾਂਧੀ ਸਮਝ ਬੈਠਾ ਸੀ। ਪਰ ਕੀ ਅਜਿਹਾ ਕੋਈ ਸਮਾਜ ਸੰਭਵ ਹੈ ਜੋ ਵਿਚਾਰ ਜਾਂ ਆਸਥਾ ਤੋਂ ਪਰ੍ਹੇ ਹੋਵੇ ਜਾਂ ਅਜਿਹੀ ਕੋਈ ਸਿਆਸਤ ਸੰਭਵ ਹੈ ਜਿਸ ਦੀ ਕੋਈ ਵਿਚਾਰਧਾਰਾ ਨਾ ਹੋਵੇ? ਜੋ ਖ਼ੁਦ ਨੂੰ ਕਿਸੇ ਵਿਚਾਰਧਾਰਾ ਤੋਂ ਮੁਕਤ ਮੰਨਦੇ ਹਨ, ਉਹ ਵੀ ਅਣਜਾਣੇ ਵਿਚ ਕਿਸੇ ਨਾ ਕਿਸੇ ਵਿਚਾਰ ਦਾ ਪੋਸ਼ਣ ਕਰ ਰਹੇ ਹੁੰਦੇ ਹਨ। ਅਸਲੀ ਖ਼ਤਰਾ ਇਥੇ ਲੁਕਿਆ ਹੈ। ਸਿਰਫ਼ ਸੱਤਾ ਸੁੰਘਣ ਵਾਲੀ ਸਿਆਸਤ ਅਣਜਾਣੇ ਵਿਚ ਨਹੀਂ, ਸਗੋਂ ਜਾਣਬੁੱਝ ਕੇ ਪੂੰਜੀ ਪਿਛੇ ਚੱਲ ਪੈਂਦੀ ਹੈ, ਬਾਜ਼ਾਰ ਨੂੰ ਅਤੇ ਉਸ ਦੀਆਂ ਨਿਆਮਤ ਤਾਕਤਾਂ ਨੂੰ ਆਪਣਾ ਕੰਟਰੋਲਰ ਮੰਨ ਲੈਂਦੀ ਹੈ। ਭਾਰਤੀ ਰਾਸ਼ਟਰ ਰਾਜ ਵਿਚ ਉਦਾਰੀਕਰਨ ਜੇਕਰ ਇਕ ਸਥਾਈ ਪ੍ਰਕਿਰਿਆ ਸਿੱਧ ਹੋਈ ਹੈ ਤਾਂ ਬੱਸ ਇਸ ਲਈ ਨਹੀਂ ਕਿ ਅਸੀਂ ਉਸ ਨੂੰ ਆਪਣੇ ਸਮਾਜ ਲਈ ਲਾਹੇਵੰਦ ਮੰਨਿਆ ਹੈ, ਸਗੋਂ ਇਸ ਲਈ ਵੀ ਕਿ ਹਰ ਦਿਲ ਨਿੱਜੀ ਪੂੰਜੀ ਦੇ ਹੱਕ ਵਿਚ ਫ਼ੈਸਲਾ ਸੁਣਾਉਣ ਵਿਚ ਆਪਣਾ ਲਾਭ ਦੇਖ ਰਿਹਾ  ਹੈ। ਕਾਰਖ਼ਾਨੇ ਚਲਾਉਣਾ ਸਰਕਾਰ ਦਾ ਕੰਮ ਨਹੀਂ ਹੈ, ਇਸ ਤਰਕ `ਤੇ ਬੇਸ਼ਕੀਮਤੀ ਕੌਮੀ ਸੰਪਤੀ ਉਨ੍ਹਾਂ ਲੋਕਾਂ ਨੂੰ ਵੇਚੀ ਜਾ ਰਹੀ ਹੈ ਜੋ ਕਾਰਖ਼ਾਨੇ ਘੱਟ, ਇਸ ਦੇਸ਼ ਨੂੰ ਜ਼ਿਆਦਾ ਚਲਾ ਰਹੇ ਹਨ।

ਦੂਸਰੀ ਗੱਲ, ਇਸ ਵਿਚਾਰਹੀਣਤਾ `ਚੋਂ ਹੀ ਉਹ ਖੋਖਲਾਪਣ ਨਿਕਲਦਾ ਹੈ ਜਿਸ ਵਿਚ ਲੋਕ ਧਰਮ ਦੇ ਨਾਂ `ਤੇ ਜ਼ਬਰਦਸਤੀ ਬਣਾਏ ਜਾ ਰਹੇ ਇਕ ਮੰਦਰ ਨੂੰ ਦੇਖ ਕੇ ਖ਼ੁਸ਼ ਹੁੰਦੇ ਹਨ, ਦੇਸ਼ ਦੇ ਨਾਂ `ਤੇ ਗਵਾਂਢੀ ਨਾਲ ਦੁਸ਼ਮਣੀ ਅਤੇ ਯੁੱਧ ਦਾ ਮਾਹੌਲ ਦੇਖ ਕੇ ਜੋਸ਼ ਵਿਚ ਆਉਂਦੇ ਹਨ ਅਤੇ ਵਿਕਾਸ ਦੇ ਨਾਮ `ਤੇ ਹਰ ਅਨਿਆਂ ਨੂੰ ਜਾਇਜ਼ ਮੰਨਦੇ ਹਨ। ਇਹ ਇਤਫ਼ਾਕ ਨਹੀਂ ਹੈ ਕਿ ਕਈ ਥਾਵਾਂ `ਤੇ ਕਾਂਗਰਸੀ ਵੀ ਰਾਮ ਮੰਦਰ ਦੇ ਨਾਂ `ਤੇ ਚੰਦਾ ਇਕੱਠਾ ਕਰਦੇ ਦੱਸੇ ਜਾ ਰਹੇ ਹਨ। ਇਵੇਂ ਹੀ ਕਾਂਗਰਸ ਵਿਚ ਕਮਲਨਾਥ ਬਾਬੂਲਾਲ ਚੌਰਸੀਆ ਨੂੰ ਕਾਂਗਰਸ ਵਿਚ ਲਿਆ ਕੇ ਖ਼ੁਸ਼ ਹੋ ਸਕਦੇ ਹਨ। ਕਾਂਗਰਸ ਵਿਚ ਜੇਕਰ ਜ਼ਰਾ ਵੀ ਸ਼ਰਮ ਬਚੀ ਹੈ ਅਤੇ ਆਪਣੀ ਹੀ ਸਿਆਸੀ ਵਿਚਾਰਧਾਰਾ ਪ੍ਰਤੀ ਸਨਮਾਨ ਬਚਿਆ ਹੈ ਤਾਂ ਉਸ ਨੂੰ ਇਹ ਫ਼ੈਸਲਾ ਰੱਦ ਕਰਨਾ ਚਾਹੀਦਾ ਹੈ। ਬਾਬੂਲਾਲ ਨੂੰ ਮਸ਼ਵਰਾ ਦੇਣਾ ਚਾਹੀਦਾ ਹੈ ਕਿ ਉਹ ਥੋੜ੍ਹਾ ਜਿਹਾ ਗਾਂਧੀ ਨੂੰ ਹੀ ਪੜ੍ਹ ਲਵੇ, ਉਨ੍ਹਾਂ ਤੋਂ ਸਿੱਖੇ ਅਤੇ ਫੇਰ ਕਾਂਗਰਸ ਵਿਚ ਆਏ।

[‘ਐਨ.ਡੀ.ਟੀ.ਵੀ` ਤੋਂ ਧੰਨਵਾਦ ਸਹਿਤ]

Current Affairs
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ

ਦੂਜੀ ਲਹਿਰ ਦਾ ਆਖ ਕੇ, ਭਾਰਤ ਦੇ ਅੰਦਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਤਾਲਾਬੰਦੀ ਲਗਾਉਣ ਦੀ...

By ਗੁਰਪ੍ਰੀਤ ਸਿੰਘ
May 6, 2021
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ
ਸੱਚ ਬੋਲਿਆਂ ਭਾਂਬੜ ਮੱਚਦਾ...!

ਹੁਣ ਦਿੱਲੀ ਦੇ ਵਿੱਚ ਕਿਸਾਨ ਬੈਠੇ ਹਨ.. ਪਰ ਉਹ ਤੇ ਜ਼ਮੀਨਾਂ ਲਈ ਬੈਠੇ ਹਨ...ਤੁਹਾਡੇ ਕੋਲ ਗਵਾਉਣ ਲਈ ਜ਼ਮੀਰ ਤੋਂ ਬਿਨਾਂ ਕੀ ਹੈ... ਤੁਹਾਡੀ ਤੇ ਜ...

May 6, 2021
ਸੱਚ ਬੋਲਿਆਂ ਭਾਂਬੜ ਮੱਚਦਾ...!