ਭਾਰਤ ਦਾ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਤਾਂ ਨਹੀਂ?


ਮਜ਼ਾਕ ਨਾ ਸਮਝੋ, ਇਹ ਗੱਲ ਪੱਥਰ ‘ਤੇ ਲਕੀਰ ਹੋ ਚੁੱਕੀ ਹੈ ਅਤੇ ਇਸ ਗੱਲ ਦਾ ਸਪੱਸ਼ਟੀਕਰਨ ਗੋਦੀ ਮੀਡੀਆ ਵੀ ਦੇ ਚੁੱਕਿਆ ਹੈ ਕਿ, ਭਾਰਤ ਦਾ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਹੀ ਹੈ। ਬੇਸ਼ੱਕ ਕਾਗ਼ਜ਼ਾਂ ਦੇ ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ, ਪਰ ਲੋਕਾਂ ਵਿੱਚ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਹੈ। ਸਿੱਧੇ ਸ਼ਬਦਾਂ ਵਿੱਚ ਆਖੀਏ ਤਾਂ, ਇਹ ਕਹਿਣਾ ਸਾਡਾ ਤਾਂ ਨਹੀਂ ਹੈ, ਪਰ ਇਹ ਕਹਿਣਾ ਸਰਕਾਰ ਦੇ ਉਸ ਗੋਦੀ ਮੀਡੀਆ ਦਾ ਜ਼ਰੂਰ ਹੈ, ਜਿਸ ਨੂੰ ਹਰ ਥਾਂ ਰਾਹੁਲ ਗਾਂਧੀ ਹੀ ਨਜ਼ਰੀ ਆਉਂਦਾ ਰਹਿੰਦਾ ਹੈ ਅਤੇ ਸਵਾਲ ਮੋਦੀ ਦੀ ਬਿਜਾਏ ਰਾਹੁਲ ਨੂੰ ਹੁੰਦੇ ਰਹਿੰਦੇ ਹਨ। ਵੈਸੇ ਤਾਂ, ਰਾਹੁਲ ਗਾਂਧੀ ਕਾਂਗਰਸ ਪਾਰਟੀ ਦਾ ਸੀਨੀਅਰ ਆਗੂ ਹੈ, ਪਰ ਉਨ੍ਹਾਂ ਦੀ ਪਾਰਟੀ ਸੱਤਾ ਦੇ ਵਿੱਚ ਨਹੀਂ ਹੈ, ਪਰ ਰਾਹੁਲ ਗਾਂਧੀ ਜ਼ਰੂਰ ਪ੍ਰਧਾਨ ਮੰਤਰੀ ਹੈ। ਆਲੋਚਕ ਕਹਿੰਦੇ ਹਨ ਕਿ ਜਿਸ ਪ੍ਰਕਾਰ ਰਾਹੁਲ ਗਾਂਧੀ ਦੀ ਮੁਫ਼ਤ ਦੇ ਵਿੱਚ ਗੋਦੀ ਮੀਡੀਆ ਝੜਾਈ ਕਰਵਾਈ ਜਾ ਰਿਹਾ ਹੈ, ਉਹਦੇ ਤੋਂ ਇੱਕ ਗੱਲ ਤਾਂ ਜੱਗ ਜ਼ਾਹਿਰ ਹੋ ਹੀ ਜਾਂਦੀ ਹੈ, ਕਿ ਗੋਦੀ ਮੀਡੀਆ ਨੂੰ ਕੋਈ ਨਾ ਕੋਈ ਤਾਂ ਰਾਹੁਲ ਵਿੱਚ ਖ਼ੂਬੀ ਦਿਸਦੀ ਹੈ, ਜਿਸ ਦੇ ਕਾਰਨ ਉਹ ਮੋਦੀ ਤੋਂ ਵੱਧ ਰਾਹੁਲ ਨੂੰ ਸਵਾਲ ਕਰਦੇ ਹਨ।

ਨਰਿੰਦਰ ਮੋਦੀ ਵੱਲੋਂ 2014 ਤੋਂ ਲੈ ਕੇ ਹੁਣ ਤੱਕ ਇੱਕ ਵੀ ਪ੍ਰੈੱਸ ਕਾਨਫ਼ਰੰਸ ਨਹੀਂ ਕੀਤੀ, ਜਦੋਂਕਿ ਤਤਕਾਲੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੁਆਰਾ ਕਈ ਪ੍ਰੈੱਸ ਕਾਨਫ਼ਰੰਸਾਂ ਕੀਤੀਆਂ ਗਈਆਂ ਸਨ। ਡਾਕਟਰ ਮਨਮੋਹਨ ਸਿੰਘ ਤੋਂ ਪੱਤਰਕਾਰ ਸਵਾਲ ਵੀ ਪੁੱਛਦੇ ਸਨ ਅਤੇ ਉਹ ਸਵਾਲਾਂ ਦੇ ਜਵਾਬ ਵੀ ਠੁਕਵੇਂ ਸ਼ਬਦਾਂ ਵਿੱਚ ਦਿੰਦੇ ਸਨ। ਭਾਵੇਂ ਹੀ ਡਾਕਟਰ ਮਨਮੋਹਨ ਸਿੰਘ ਦੇ ਰਾਜ ਵਿੱਚ ਵੀ ਕਾਂਗਰਸੀਆਂ ‘ਤੇ ਗੁੰਡਾਗਰਦੀ ਦੇ ਦੋਸ਼ ਲੱਗਦੇ ਰਹੇ ਹਨ, ਪਰ ਏਨੀ ਜ਼ਿਆਦਾ ਬਦਮਾਸ਼ੀ ਕਾਂਗਰਸ ਰਾਜ ਸਮੇਂ ਨਹੀਂ ਸੀ, ਜਿੰਨੀ ਹੁਣ ਹੋ ਰਹੀ ਹੈ। ਖ਼ੈਰ, ਕਾਂਗਰਸ ਦਾ ਇਸ ਵੇਲੇ ਭਾਰਤ ਦੇ ਅੰਦਰ ਕੋਈ ਬਾਹਲ਼ਾ ਵਜੂਦ ਰਿਹਾ ਨਹੀਂ ਅਤੇ ਕਾਂਗਰਸ ਦੇ ਨਾਲੋਂ ਲੋਕ ਟੁੱਟ ਕੇ, ਇਸ ਵੇਲੇ ਮੋਦੀ ਭਗਤ ਬਣਦੇ ਜਾ ਰਹੇ ਨੇ। ਪਤਾ ਨਹੀਂ ਭਾਜਪਾ ਕੀ ਕਾਂਗਰਸੀਆਂ ਨੂੰ ਸੁਗਾਹ ਰਹੀ ਹੈ, ਕਿ ਉਹ ਕਾਂਗਰਸ ਛੱਡ ਕੇ ਭਾਜਪਾ ਨੂੰ ਗਲੇ ਲਗਾਈ ਜਾ ਰਹੇ ਹਨ। ਵੈਸੇ ਤਾਂ, ਕਾਂਗਰਸ ਦਾ ਸੱਤਾ ਦੇ ਵਿੱਚੋਂ ਬਾਹਰ ਹੋਣਾ ਉਸ ਵੇਲੇ ਲਾਜ਼ਮੀ ਹੀ ਹੋ ਗਿਆ ਸੀ, ਜਦੋਂ 2014 ਦੀਆਂ ਚੋਣਾਂ ਸਮੇਂ ਉਨ੍ਹਾਂ ਨੇ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਸਾਹਮਣੇ ਨਹੀਂ ਸੀ ਲਿਆਂਦਾ।

ਗਾਂਧੀ ਪਰਿਵਾਰ ਦਾ ਇਸ ਵੇਲੇ ਕਾਂਗਰਸ ‘ਤੇ ਬੇਸ਼ੱਕ ਕਬਜ਼ਾ ਹੈ ਅਤੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੋਂ ਇਲਾਵਾ ਸੋਨੀਆ ਗਾਂਧੀ ਕਾਂਗਰਸ ਪਾਰਟੀ ਦੀ ਕਮਾਨ ਸੰਭਾਲ ਰਹੇ ਹਨ, ਪਰ ਏਨਾ ਵਿੱਚੋਂ ਸਭ ਤੋਂ ਜ਼ਿਆਦਾ ਐਕਟਿਵ ਇਸ ਵੇਲੇ ਪ੍ਰਿਯੰਕਾ ਗਾਂਧੀ ਹੈ, ਉਸ ਤੋਂ ਬਾਅਦ ਰਾਹੁਲ ਗਾਂਧੀ। ਰਾਹੁਲ ਗਾਂਧੀ ਲਗਾਤਾਰ ਕੇਂਦਰ ਵਿਚਲੀ ਮੋਦੀ ਸਰਕਾਰ ‘ਤੇ ਨਿਸ਼ਾਨਾ ਕੱਸ ਰਹੇ ਹਨ, ਪਰ ਉਹਦੇ ਬਿਆਨਾਂ ਅਤੇ ਉਹਦੇ ਟਵੀਟਾਂ ਨੂੰ ਇਸ ਪ੍ਰਕਾਰ ਗੋਦੀ ਮੀਡੀਆ ਪੇਸ਼ ਕਰ ਰਿਹਾ ਹੈ, ਜਿਵੇਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਹੋਵੇ। ਦਰਅਸਲ, ਸੱਤਾ ਦੇ ਵਿੱਚੋਂ ਬਾਹਰ ਹੋਇਆ ਗਾਂਧੀ ਪਰਿਵਾਰ ਵੀ ਇਸ ਵੇਲੇ ਸੱਤਾ ਵਿੱਚ ਬੈਠਾ ਹੋਇਆ ਗੋਦੀ ਮੀਡੀਆ ਨੂੰ ਵਿਖਾਈ ਦੇ ਰਿਹਾ ਹੈ। ਸਰਕਾਰ ਦੇ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ ਖ਼ੁਦ ਲੋਕਾਂ ਦੇ ਜਵਾਬ ਦੇਣ ਦੀ ਬਿਜਾਏ, ਤਤਕਾਲੀ ਕਾਂਗਰਸ ਸਰਕਾਰ ਨੂੰ ਕੋਸੀ ਜਾ ਰਹੇ ਹਨ, ਜਦੋਂਕਿ ਮੌਜੂਦਾ ਸਮੇਂ ਵਿੱਚ ਭਾਜਪਾ ਕੇਂਦਰ ਦੀ ਸੱਤਾ ‘ਤੇ ਕਾਬਜ਼ ਹੈ। ਜਦੋਂ ਨਰਿੰਦਰ ਮੋਦੀ ਨਵਾਂ ਨਵਾਂ ਪ੍ਰਧਾਨ ਮੰਤਰੀ ਬਣਿਆ ਸੀ, ਤਾਂ ਉਦੋਂ ਇਹ ਗੱਲ ਜਾਇਜ਼ ਸੀ ਕਿ ਤਤਕਾਲੀ ਕਾਂਗਰਸ ਸਰਕਾਰ ਨੂੰ ਸਵਾਲ ਕਰਨਾ ਅਤੇ ਉਹਦੇ ਲੋਕ ਮਾਰੂ ਕੰਮਾਂ ਨੂੰ ਉਜਾਗਰ ਕਰਨਾ, ਪਰ ਹੁਣ ਜਦੋਂ ਪ੍ਰਧਾਨ ਮੰਤਰੀ ਮੋਦੀ ਪਿਛਲੇ ਸੱਤ ਸਾਲਾਂ ਤੋਂ ਦੇਸ਼ ਦੀ ਸੱਤਾ ‘ਤੇ ਕਾਬਜ਼ ਹੈ ਤਾਂ, ਗੋਦੀ ਮੀਡੀਆ ਮੋਦੀ ਸਰਕਾਰ ਨੂੰ ਸਵਾਲ ਕਰਨ ਦੀ ਬਿਜਾਏ, ਕਾਂਗਰਸ ‘ਤੇ ਵੰਨ ਸੁਵੰਨੇ ਦੋਸ਼ ਮੜੀ ਜਾ ਰਿਹਾ ਹੈ।

ਪਾਠਕਾਂ ਦੇ ਧਿਆਨ ਹਿੱਤ ਗੱਲ ਦੱਸ ਦਈਏ ਕਿ ‘ਸੁਨੇਹਾ ਨੈੱਟਵਰਕ’ ਮੀਡੀਆ ਅਦਾਰਾ ਕਾਂਗਰਸ ਹਮਾਇਤੀ ਨਹੀਂ ਹੈ, ਪਰ ਜਿਸ ਪ੍ਰਕਾਰ ਗੋਦੀ ਮੀਡੀਆ ਸੱਤਾ ਧਿਰ ਨੂੰ ਛੱਡ ਕੇ, ਤਤਕਾਲੀ ਕਾਂਗਰਸ ਪਾਰਟੀ ਨੂੰ ਸਵਾਲ ਕਰਨ ਦੇ ਵਿੱਚ ਰੁੱਝਿਆ ਹੋਇਆ ਹੈ ਤਾਂ, ਉਦੋਂ ਇਹ ਗੱਲ ਸਾਨੂੰ ਕਹਿਣੀ ਪੈ ਸਕਦੀ ਹੈ, ਕਿ ਜਿਹੜੀ ਸਰਕਾਰ ਸੱਤਾ ਦੇ ਵਿੱਚ ਹੈ, ਮੀਡੀਆ ਉਹਨੂੰ ਸਵਾਲ ਕਿਉਂ ਨਹੀਂ ਕਰਦਾ। ਗੋਦੀ ਮੀਡੀਆ, ਸੱਤਾ ਦੇ ਵਿੱਚ ਸਰਕਾਰ ਦੀ ਹੀ ਆਲੋਚਨਾ ਕਰੇ ਅਤੇ ਉਹਦੇ ਚੰਗੇ ਮਾੜੇ ਸਾਰੇ ਕੰਮਾਂ ਨੂੰ ਜਨਤਾ ਸਾਹਮਣੇ ਲਿਆ ਕੇ ਰੱਖੇ। ਪਰ ਅੱਜ ਮੀਡੀਆ ਦੀ ਦਸ਼ਾ ਏਨੀ ਕੁ ਜ਼ਿਆਦਾ ਭੈੜੀ ਅਤੇ ਦਹਿਸ਼ਤਗਰਦੀ ਵਾਲੀ ਹੋ ਚੁੱਕੀ ਹੈ ਕਿ ਉਹ ਸਰਕਾਰ ਨੂੰ ਸਵਾਲ ਕਰਨ ਦੀ ਬਿਜਾਏ, ਤਤਕਾਲੀ ਸਰਕਾਰਾਂ ਦੇ ਆਗੂਆਂ ਨੂੰ ਸਵਾਲ ਕਰਨ ਦੇ ਵਿੱਚ ਰੁੱਝਿਆ ਹੋਇਆ ਹੈ। ਅੱਜ ਇੱਕਾ ਦੁੱਕਾ ਮੀਡੀਆ ਅਦਾਰਿਆਂ ਨੂੰ ਛੱਡ ਕੇ ਭਾਰਤੀ ਮੀਡੀਆ, ਸੱਤਾ ਧਿਰ ਨੂੰ ਇਹ ਸਵਾਲ ਨਹੀਂ ਕਰ ਰਿਹਾ, ਕਿ ਜੋ ਵਾਅਦਾ ਸੱਤਾ ਦੇ ਵਿੱਚ ਆਉਣ ਤੋਂ ਪਹਿਲੋਂ ਨਰਿੰਦਰ ਮੋਦੀ ਨੇ ਭਾਰਤ ਵਾਸੀਆਂ ਦੇ ਨਾਲ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣ ਜਾਂਦੀ ਹੈ ਤਾਂ ਸਭ ਤੋਂ ਪਹਿਲੋਂ ਦੇਸ਼ ਦੇ ਅੰਦਰ ਕਾਲਾ ਧਨ ਵਾਪਸ ਲਿਆ ਕੇ, ਸਾਰਿਆਂ ਦੇ ਖਾਤਿਆਂ ਵਿੱਚ 15/20 ਲੱਖ ਰੁਪਏ ਪਾਏ ਜਾਣਗੇ, ਉਕਤ ਵਾਅਦਾ ਮੋਦੀ ਸਰਕਾਰ ਪੂਰਾ ਕਿਉਂ ਨਹੀਂ ਕਰ ਸਕੀ?

ਗੋਦੀ ਮੀਡੀਆ ਇਹ ਸਵਾਲ ਵੀ ਸੱਤਾ ਧਿਰ ਭਾਜਪਾ ਨੂੰ ਨਹੀਂ ਕਰ ਰਿਹਾ, ਕਿ 2 ਕਰੋੜ ਨੌਕਰੀਆਂ ਪ੍ਰਤੀ ਸਾਲ ਦੇਣ ਦਾ ਵਾਅਦਾ ਨਰਿੰਦਰ ਮੋਦੀ ਨੇ ਭਾਰਤ ਦੇ ਨੌਜਵਾਨਾਂ ਨਾਲ 2014 ਵੇਲੇ ਕੀਤਾ ਸੀ, ਜੋ ਕਿ ਹੁਣ ਤੱਕ ਪੂਰਾ ਨਹੀਂ ਹੋ ਸਕਿਆ ਅਤੇ ਸਗੋਂ ਭਾਰਤ ਦੇ ਅੰਦਰ ਸੱਤ ਸਾਲਾਂ ਦੇ ਅੰਦਰ 14 ਕਰੋੜ ਬੇਰੁਜ਼ਗਾਰ ਪੈਦਾ ਹੋ ਚੁੱਕੇ ਹਨ ਤਾਂ, ਸਰਕਾਰ ਇਹ ਵਾਅਦਾ ਪੂਰਾ ਕਿਉਂ ਨਹੀਂ ਕਰ ਸਕੀ? ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਕੀਤਾ ਸੀ, ਜੋ ਕਿ ਹੁਣ ਤੱਕ ਪੂਰਾ ਨਹੀਂ ਹੋ ਸਕਿਆ, ਪਰ ਗੋਦੀ ਮੀਡੀਆ ਇਹ ਸਵਾਲ ਵੀ ਸੱਤਾ ਧਿਰ ਨੂੰ ਨਹੀਂ ਕਰ ਰਿਹਾ। ਇਸੇ ਤਰ੍ਹਾਂ ਅੱਛੇ ਦਿਨਾਂ ਦਾ ਵਾਅਦਾ ਕਰਕੇ ਮੋਦੀ ਨੇ ਭਾਰਤ ਦੀ ਜਨਤਾ ਨੂੰ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਦੇ ਵਿੱਚ ਆ ਜਾਂਦੀ ਹੈ ਤਾਂ ਸਸਤਾ ਰਾਸ਼ਨ, ਡੀਜ਼ਲ ਪੈਟਰੋਲ ਤੋਂ ਇਲਾਵਾ ਰਸੋਈ ਗੈੱਸ ਦੇ ਰੇਟ ਘਟਾਏ ਜਾਣਗੇ ਅਤੇ ਮਹਿੰਗਾਈ ਘੱਟ ਕੀਤੀ ਜਾਵੇਗੀ, ਪਰ ਇਹ ਅੱਛੇ ਦਿਨਾਂ ਵਾਲੀ ਗੱਡੀ ਰਸਤੇ ਵਿੱਚ ਹੀ ਕਿਉਂ ਅਟਕੀ ਪਈ ਹੈ, ਇਹ ਸਵਾਲ ਵੀ ਗੋਦੀ ਮੀਡੀਆ ਸੱਤਾ ਧਿਰ ਨੂੰ ਨਹੀਂ ਕਰ ਰਿਹਾ।

ਅਜਿਹੇ ਅਨੇਕਾਂ ਸਵਾਲ ਹਨ, ਜੋ ਕਿ ਗੋਦੀ ਮੀਡੀਆ ਨੂੰ ਸੱਤਾ ਧਿਰ ਭਾਜਪਾ ਨੂੰ ਕਰਨੇ ਚਾਹੀਦੇ ਹਨ, ਜੋ ਕਿ ਗੋਦੀ ਮੀਡੀਆ ਕਰ ਨਹੀਂ ਰਿਹਾ, ਸਗੋਂ ਸਰਕਾਰ ਦੇ ਗੁਣਗਾਨ ਕਰਨ ਦੇ ਵਿੱਚ ਗੋਦੀ ਮੀਡੀਆ ਲੱਗਿਆ ਹੋਇਆ ਹੈ। ਵੈਸੇ ਮੀਡੀਆ ਦਾ ਕੰਮ ਹੁੰਦਾ ਹੈ ਸਰਕਾਰ ਨੂੰ ਸਵਾਲ ਕਰਨਾ, ਸੱਤਾ ਧਿਰ ਦੇ ਲੋਕ ਮਾਰੂ ਕੰਮਾਂ ਦੀ ਆਲੋਚਨਾ ਕਰਨਾ, ਅਵਾਮ ਦੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਣਾ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਵਾਉਣ ਤੱਕ ਖ਼ਬਰਾਂ ਵਿਖਾਉਣਾ ਅਤੇ ਧਰਮ ਦੇ ਨਾਂਅ ‘ਤੇ ਲੜ੍ਹਾਈ ਨੂੰ ਬੰਦ ਕਰਵਾ ਕੇ, ਅਮਨ ਸ਼ਾਂਤੀ ਜਿਹਾ ਮਾਹੌਲ ਬਣਾਉਣਾ, ਪਰ ਮੌਜੂਦਾ ਸਮੇਂ ਵਿੱਚ ਇਹ ਸਭ ਕੁੱਝ ਤੋਂ ਪਾਸੇ ਹੱਟ ਕੇ, ਗੋਦੀ ਮੀਡੀਆ ਸਰਕਾਰ ਨੂੰ ਸਵਾਲ ਕਰਨ ਦੀ ਬਿਜਾਏ, ਤਤਕਾਲੀ ਕਾਂਗਰਸ ਸਰਕਾਰ ਤੋਂ ਇਲਾਵਾ ਰਾਹੁਲ ਗਾਂਧੀ ਅਤੇ ਡਾਕਟਰ ਮਨਮੋਹਨ ਸਿੰਘ ਨੂੰ ਸਵਾਲ ਕਰ ਰਿਹਾ ਹੈ।

ਜੇਕਰ ਰਾਹੁਲ ਗਾਂਧੀ ਵਿਦੇਸ਼ ਵੀ ਜਾਂਦੇ ਹਨ ਤਾਂ, ਗੋਦੀ ਮੀਡੀਆ ਸਵਾਲ ਕਰਨ ਲੱਗ ਜਾਂਦਾ ਹੈ, ਕਿ ਰਾਹੁਲ ਵਿਦੇਸ਼ ਕਿਉਂ ਗਿਆ, ਉਹਨੂੰ ਜਨਤਾ ਦੀ ਫ਼ਿਕਰ ਨਹੀਂ। ਵੈਸੇ, ਵੇਖਿਆ ਜਾਵੇ ਤਾਂ, ਗੋਦੀ ਮੀਡੀਆ ਨੂੰ ਇਹ ਸਵਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰਨੇ ਚਾਹੀਦੇ ਹਨ, ਜਦੋਂ ਉਹ ਵਿਦੇਸ਼ੀ ਦੌਰੇ ‘ਤੇ ਜਾਂਦੇ ਹਨ, ਪਰ ਗੋਦੀ ਮੀਡੀਆ ਡਰਦਾ ਮਾਰਾ ਮੋਦੀ ਨੂੰ ਸਵਾਲ ਨਹੀਂ ਕਰ ਰਿਹਾ। ਜੇਕਰ ਕੋਈ ਪੱਤਰਕਾਰ ਸਰਕਾਰ ਨੂੰ ਸਵਾਲ ਕਰਦਾ ਵੀ ਹੈ ਅਤੇ ਸਰਕਾਰ ਦੀ ਅਸਲੀਅਤ ਵਿਖਾਉਂਦਾ ਵੀ ਹੈ ਤਾਂ, ਉਹਨੂੰ ਵੰਨ ਸੁਵੰਨੀਆਂ ਜਿੱਥੇ ਧਮਕੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ, ਉੱਥੇ ਹੀ ਕਈ ਪੱਤਰਕਾਰਾਂ ਨੂੰ ਇਸੇ ਕਰਕੇ ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ, ਕਿ ਉਨ੍ਹਾਂ ਨੇ ਸਰਕਾਰ ਨੂੰ ਸਵਾਲ ਕਿਉਂ ਕੀਤਾ?

ਸਰਕਾਰ ਦੀ ਬਿਜਾਏ, ਜਿਸ ਪ੍ਰਕਾਰ ਰਾਹੁਲ ਗਾਂਧੀ ਦਾ ਪ੍ਰਚਾਰ ਅਤੇ ਉਹਦੇ ਕੋਲੋਂ ਗੋਦੀ ਮੀਡੀਆ ਸਵਾਲ ਪੁੱਛ ਰਿਹਾ ਹੈ ਤਾਂ, ਇਹਦੇ ਤੋਂ ਇੱਕ ਗੱਲ ਸਾਫ਼ ਹੋ ਜਾਂਦੀ ਹੈ, ਕਿ ਗੋਦੀ ਮੀਡੀਆ ਦੇ ਮੁਤਾਬਿਕ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ, ਬਲਕਿ ਰਾਹੁਲ ਗਾਂਧੀ ਹੈ। ਖ਼ੈਰ, ਰਾਹੁਲ ਗਾਂਧੀ ਦੀ ਸਰਕਾਰ ਵੀ ਸੱਤਾ ਵਿੱਚ ਹੈ ਨਹੀਂ, ਪਰ ਫਿਰ ਵੀ ਉਹਨੂੰ ਗੋਦੀ ਮੀਡੀਆ ਸਵਾਲ ਕਰਦਾ ਹੈ ਕਿ ”ਰਾਹੁਲ ਗਾਂਧੀ” ਆਹ ਸਵਾਲ ਦਾ ਜਵਾਬ ਦੇਵੇ, ਔਹ ਸਵਾਲ ਦਾ ਜਵਾਬ ਦੇਵੇ, ਜਦੋਂਕਿ ਸੱਤਾ ਵਿੱਚ ਬਿਰਾਜਮਾਨ ਮੋਦੀ ਜੀ ਤੋਂ ਕੋਈ ਵੀ ਗੋਦੀ ਮੀਡੀਆ ਆਲਾ ਸਵਾਲ ਨਹੀਂ ਕਰ ਰਿਹਾ। ਇਸ ਸਾਰੇ ਲੇਖ ਦਾ ਨਿਚੋੜ ਕੱਢਦਿਆਂ ਹੋਇਆ ਸਾਫ਼ ਸ਼ਬਦਾਂ ਵਿੱਚ ਸਵਾਲ ਇਹ ਗੋਦੀ ਮੀਡੀਆ ਨੂੰ ਕਰਨਾ ਹੁਣ ਬਣਦਾ ਹੈ, ਕਿ ਦੱਸਿਆ ਜਾਵੇ ਕਿ, ਕੀ ਭਾਰਤ ਦਾ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਹੈ, ਜਿਸ ਨੂੰ ਦੇਸ਼ ਦੀ ਡਿਗਦੀ ਅਰਥ ਵਿਵਸਥਾ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗ਼ਰੀਬੀ, ਭੁੱਖਮਰੀ, ਕਿਸਾਨੀ ਖ਼ੁਦਕੁਸ਼ੀਆਂ ਅਤੇ ਕਿਰਤੀਆਂ ਦੀ ਲੁੱਟ ਦੇ ਬਾਰੇ ਸਵਾਲ ਹੋ ਰਹੇ ਹਨ?

Current Affairs
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ

ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ...

By ਗੁਰਪ੍ਰੀਤ ਸਿੰਘ
April 13, 2021
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ

ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜ...

By Vijay Bombeli
April 13, 2021
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ