ਹੁਣ ਇਕ ਹੋਰ ਉਜਾੜੇ ਦੀ ਆਹਟ


ਕਰੋਨਾ ਵਾਇਰਸ : ਸਿਆਸਤ ਦਰ ਸਿਆਸਤ

ਮਨੁੱਖ ਦਾ ਇਤਿਹਾਸ ਕਬਜ਼ਿਆਂ, ਹਮਲਿਆਂ ਤੇ ਉਜਾੜਿਆਂ ਦਾ ਇਤਿਹਾਸ ਹੈ। ਤਵਾਰੀਖ਼ ਦੇ ਪੰਨੇ ਕਬਜ਼ੇ ਦੀ ਲਾਲਸਾ ਵਿਚੋਂ ਪੈਦਾ ਹੋਏ ਹਮਲਿਆਂ ਅਤੇ ਇਨ੍ਹਾਂ ਕਰਕੇ ਹੋਏ ਉਜਾੜਿਆਂ ਨਾਲ ਭਰੇ ਹੋਏ ਹਨ। ਇਹ ਵੀ ਇਕ ਸੱਚ ਹੈ ਕਿ ਉਜਾੜੇ ਸਿਰਫ਼ ਮਨੁੱਖ ਦੁਆਰਾ ਸਿਰਜਿਤ ਹੀ ਨਹੀਂ ਹੁੰਦੇ, ਕੁਝ ਉਜਾੜੇ ਕੁਦਰਤਨ ਵੀ ਹੁੰਦੇ ਹਨ। ਆਦਿ ਕਾਲ ਤੋਂ ਮਨੁੱਖ ਦਾ ਕੁਦਰਤ ਨਾਲ ਦੋਸਤਾਨਾ ਰਿਸ਼ਤਾ ਵੀ ਰਿਹਾ ਹੈ ਤੇ ਸੰਘਰਸ਼ ਦਾ ਰਿਸ਼ਤਾ ਵੀ ਰਿਹਾ ਹੈ। ਮਨੁੱਖ ਬਹੁਤ ਵਾਰ ਕੁਦਰਤ ਨੂੰ ਮਾਣਦਾ ਵੀ ਹੈ, ਇਸ ਨਾਲ ਰਿਸ਼ਤੇ ਵੀ ਗੰਢਦਾ ਹੈ, ਇਸ ਦੀਆਂ ਨਿਆਮਤਾਂ ਨਾਲ ਝੋਲੀਆਂ ਵੀ ਭਰਦਾ ਹੈ, ਪਰ ਬਹੁਤ ਵਾਰ ਇਸ ਨੂੰ ਚੂੰਢਦਾ ਵੀ ਹੈ, ਲੁੱਟਦਾ ਵੀ ਹੈ ਅਤੇ ਉਜਾੜਦਾ ਵੀ ਹੈ। ਕੁਦਰਤ ਵੀ ਮਨੁੱਖ ਨੂੰ ਬਹੁਤ ਸਾਰੀਆਂ ਪਲਟੀਆਂ ਦਿੰਦੀ ਹੈ। ਕਦੇ ਹੜ੍ਹ, ਕਦੇ ਭੂਚਾਲ, ਕਦੇ ਤੂਫਾਨ, ਕਿਤੇ ਡੋਬਾ ਤੇ ਕਿਤੇ ਸੋਕਾ..ਬਹੁਤ ਕੁਝ ਅਜਿਹਾ ਹੁੰਦਾ ਹੈ ਜੋ ਮਨੁੱਖ ਦੀ ਸਾਲਾਂ ਦੀ ਮਿਹਨਤ 'ਤੇ ਪੋਚਾ ਫੇਰ ਕੇ ਉਸ ਨੂੰ ਇਕ ਪਲ ਵਿਚ ਬਰਬਾਦ ਕਰ ਦਿੰਦਾ ਹੈ। ਉਂਝ ਕੁਦਰਤ ਦੀਆਂ ਇਨ੍ਹਾਂ ਤਬਾਹੀਆਂ ਪਿੱਛੇ ਵੀ ਬਹੁਤੀ ਵਾਰ ਸਿੱਧੇ-ਅਸਿੱਧੇ ਰੂਪ ਵਿਚ ਮਨੁੱਖ ਹੀ ਜ਼ਿੰਮੇਵਾਰ ਹੁੰਦਾ ਹੈ। 

ਕਰੋਨਾ ਮਹਾਂਮਾਰੀ ਦਾ ਸੰਕਟ ਵੀ ਬਹੁਤ ਸਾਰੇ ਲੋਕਾਂ ਨੂੰ ਕੁਦਰਤੀ ਲੱਗ ਸਕਦਾ ਹੈ, ਪਰ ਅਸਲ ਵਿਚ ਇਹ ਕੁਦਰਤੀ ਹੈ ਨਹੀਂ। ਪੂੰਜੀਵਾਦੀ ਵਿਵਸਥਾ ਦੇ ਤਹਿਤ ਜਿਸ ਤਰ੍ਹਾਂ ਸੱਤਾ ਅਤੇ ਕਾਰਪੋਰੇਟ ਨੇ ਆਪਣੇ ਮੁਨਾਫ਼ਿਆਂ ਨੂੰ ਜ਼ਰਬਾਂ-ਤਕਸੀਮਾਂ ਦੇਣ ਲਈ ਕੁਦਰਤ ਉੱਪਰ ਲੁੱਟ ਤੇ ਜਬਰ ਕਰਨ ਦੀ ਜੋ ਖੇਡ ਖੇਡੀ ਸੀ, ਇਹ ਮਹਾਂਮਾਰੀ ਉਸ ਖੇਡ ਦਾ ਨਤੀਜਾ ਹੈ। ਇਸ ਦੇ ਆਉਣ ਦੇ ਕਾਰਨ ਵੀ ਮਨੁੱਖੀ ਹਨ ਤੇ ਆਉਣ ਤੋਂ ਬਾਅਦ ਜਿਸ ਰੂਪ ਵਿਚ ਇਸ ਨੂੰ ਟਰੀਟ ਕੀਤਾ ਗਿਆ ਅਤੇ ਇਸ ਦੀ ਆੜ ਵਿਚ ਸੱਤਾ ਅਤੇ ਬਾਜ਼ਾਰ ਨੇ ਜੋ ਖੇਡਾਂ ਖੇਡੀਆਂ, ਉਸ ਨੇ ਇਸ ਦੇ ਪ੍ਰਭਾਵਾਂ ਨੂੰ ਹੋਰ ਵਿਕਰਾਲ ਬਣਾ ਦਿੱਤਾ। ਯਾਦ ਕਰੋ ਉਹ ਮੰਜ਼ਰ ਜਦ ਦੇਸ਼ ਵਿਚ ਪਹਿਲੀ ਵਾਰ ਲੌਕਡਾਊਨ ਲਾਇਆ ਸੀ ਤੇ ਸੱਤਾ ਦੁਆਰਾ ਸਪਾਂਸਰਡ ਮੀਡੀਆ ਨੇ ਵਾਇਰਸ ਨੂੰ ‘ਮਨੁੱਖੀ ਦੇਹ’ ਤੋਂ ਅੱਗੇ ਲਿਜਾ ਕੇ ‘ਮਨੁੱਖੀ ਦਿਮਾਗ਼’ ਵਿਚ ਤੁੰਨ ਦਿੱਤਾ ਸੀ ਅਤੇ ਪਹਿਲਾਂ ਤੋਂ ਹੀ ਹਾਸ਼ੀਆਕ੍ਰਿਤ ਮਨੁੱਖ ਸਾਹਮਣੇ ਆਪਣੇ ਆਪ ਨੂੰ ਬਚਾਉਣ ਦਾ ਸਵਾਲ ਹੋਰ ਵੱਡੇ ਰੂਪ ਵਿਚ ਖੜਾ ਕਰ ਦਿੱਤਾ ਸੀ। ਇਸ ਅਸੁਰੱਖਿਆ ਭਰੇ ਵਾਤਾਵਰਣ ਵਿਚ ਕਰੋੜਾਂ ਮਜ਼ਦੂਰ ਜਿਸ ਤਰ੍ਹਾਂ ਭੁੱਖ ਅਤੇ ਕਰੋਨਾ ਦੇ ਰੂਪ ਵਿਚ ਦੋ ਅਣਹੋਣੀਆਂ ਦੀ ਜਕੜ ਵਿਚ ਆਪਣੇ ‘ਆਲ੍ਹਣਿਆਂ’ ਵੱਲ ਜਾਣ ਲਈ ਪੈਦਲ ਹੀ ਸੜਕਾਂ ਅਤੇ ਰੇਲਾਂ ਦੀਆਂ ਪਟੜੀਆਂ 'ਤੇ ਨਿੱਕਲ ਤੁਰੇ ਸੀ, ਉਨ੍ਹਾਂ ਨੂੰ ਦੇਖ ਕੇ ਉੱਨੀ ਸੌ ਸੰਤਾਲੀ ਦੇ ਉਜਾੜੇ ਦਾ ਮੰਜ਼ਰ ਚੇਤੇ ਆ ਗਿਆ ਸੀ। ਭਾਵੇਂ ਇਨ੍ਹਾਂ ਦੋਹਾਂ ਉਜਾੜਿਆਂ ਦੀ ਤਾਸੀਰ ਵੱਖਰੀ ਸੀ, ਪਰ ਦੋਹਾਂ ਵਿਚ ਮੌਕੇ ਦੀ ਸੱਤਾ ਦੀ ਦਖਲਅੰਦਾਜ਼ੀ ਏਨੀ ਜ਼ਿਆਦਾ ਸੀ ਕਿ ਦੋਵੇਂ ਤ੍ਰਾਸਦੀਆਂ ਮਨੁੱਖੀ ਇਤਿਹਾਸ ਦੀਆਂ ਵੱਡੀਆਂ ਤ੍ਰਾਸਦੀਆਂ ਬਣੀਆਂ। 2020 ਵਿਚ ਪ੍ਰਵਾਸੀ ਮਜ਼ਦੂਰਾਂ ਦੇ ਉੱਜੜ ਕੇ ਰਾਤੋ ਰਾਤ ਆਪਣੇ ਘਰਾਂ ਵੱਲ ਜਾਣ ਦੇ ਦ੍ਰਿਸ਼ ਦੇਖ ਕੇ ਇੰਜ ਲਗਦਾ ਸੀ ਕਿ ਸੰਤਾਲੀ ਹੁਣ ਪੰਜਾਬ ਵਿਚ ਨਹੀਂ ਪੂਰੇ ਦੇਸ਼ ਵਿਚ ਫੈਲ ਗਈ ਹੈ। ਬਸ ਤਸਵੀਰਾਂ ਦੇ ਰੰਗ ਬਦਲੇ ਸਨ, ਪਹਿਰਾਵੇ ਬਦਲੇ ਸਨ ਅਤੇ ਸਿਰਨਾਵੇਂ ਬਦਲੇ ਸਨ। ਮੰਨਿਆ ਕਿ ਉਹ ਆਫਤ ਹੋਰ ਤਰ੍ਹਾਂ ਦੀ ਸੀ, ਤੇ ਇਹ ਹੋਰ ਤਰ੍ਹਾਂ ਦੀ ਸੀ। ਦੋਵਾਂ ਦੇ ਕਾਰਨ ਵੀ ਵੱਖੋ-ਵੱਖਰੇ ਸਨ, ਸਮਾਂ ਵੀ ਤੇ ਸਥਾਨ ਵੀ, ਪਰ ਦਰਦ ਦੀ ਚੀਸ ਬਹੁਤ ਥਾਵਾਂ ਤੇ ਇੱਕੋ ਜਿਹੀ ਹੈ।

·    ਉਦੋਂ ਵੀ ਸਿਆਸਤਦਾਨਾਂ ਨੇ ਆਪਣੀਆਂ ਚਾਲਾਂ ਚੱਲੀਆਂ ਤੇ ਹੁਣ ਵੀ ਚੱਲ ਰਹੇ ਸਨ।
·    ਉਦੋਂ ਵੀ ਲੋਕ ਰਾਤੋ-ਰਾਤ ਸਿਰਾਂ 'ਤੇ ਸਾਮਾਨ ਦੀਆਂ ਗੰਢੜੀਆਂ ਚੁੱਕੀ ਉੱਜੜ ਕੇ ਬਿਨਾਂ ਸੋਚੇ ਸਮਝੇ ਜਿਧਰ ਨੂੰ ਮੂੰਹ ਹੋਇਆ ਤੁਰ ਪਏ ਸਨ, ਹੁਣ ਵੀ ਇੰਝ ਹੀ ਹੋਇਆ ਸੀ।
·    ਉਦੋਂ ਵੀ ਉਜੜੇ ਹੋਏ ਲੋਕ ਥਾਂ ਥਾਂ ਆਰਜੀ ਟਿਕਾਣਿਆਂ ਵਿਚ ਬੈਠੇ ਆਪਣੀਆਂ ਕਿਸਮਤ ਨੂੰ ਝੁਰ ਰਹੇ ਸਨ, ਹੁਣ ਵੀ ਝੁਰ ਰਹੇ ਸਨ।
·    ਉਦੋਂ ਵੀ ਬਹੁਤ ਸਾਰੇ ਲੋਕ, ਦੁੱਖ, ਭੁੱਖ ਅਤੇ ਤੇਹ ਨਾਲ ਵਿਲਕ ਰਹੇ ਸਨ, ਹੁਣ ਵੀ ਇਕ ਇਕ ਟੱਬਰ ਦੇ ਪੰਜ-ਪੰਜ ਜੀਆਂ ਦੀ ਆਂਦਰਾਂ ਲੂਹੀਆਂ ਪਈਆਂ ਸਨ। ਇਕ ਵੇਲੇ ਦੀ ਜੇ ਮਿਲ ਜਾਏ ਤਾਂ ਦੂਜੇ ਡੰਗ ਦਾ ਫਿਕਰ ਖੜਾ ਹੋ ਜਾਂਦਾ ਸੀ।
·    ਉਦੋਂ ਵੀ ਬਹੁਤ ਸਾਰੇ ਲੋਕ ਇਕ ਦੂਜੇ ਨੂੰ ਬਚਾ ਰਹੇ ਸਨ, ਤੇ ਹੁਣ ਵੀ ਇਕ ਦੂਜੇ ਨੂੰ ਬਚਾ ਰਹੇ ਸਨ। 
·    ਉਦੋਂ ਵੀ ਲੋਕ ਇਸ ਅਣਹੋਣੀ ਲਈ ਬਿਲਕੁਲ ਵੀ ਤਿਆਰ ਨਹੀਂ ਸੀ, ਹੁਣ ਵੀ ਲੋਕ ਬਿਲਕੁਲ ਵੀ ਤਿਆਰ ਨਹੀਂ ਸੀ।
·    ਉਦੋਂ ਵੀ ਸਰਕਾਰਾਂ ਨੇ ਰਾਤੋ ਰਾਤ ਫੈਸਲਾ ਕਰਕੇ ਉਜਾੜਾ ਲੋਕਾਂ ਦੀ ਕਿਸਮਤ ਵਿਚ ਲਿਖ ਦਿੱਤਾ ਸੀ, ਹੁਣ ਦੇ ਹਾਕਮਾਂ ਨੇ ਬਿਨਾਂ ਕਿਸੇ ਤਿਆਰੀ ਤੋਂ ਲੋਕਾਂ ਨੂੰ ਆਪਣੇ ਘਰਾਂ ਵਿਚੋਂ ਉਜੜਨ ਦਾ ਮਾਹੌਲ ਬਣਾ ਦਿੱਤਾ ਸੀ।
·    ਉਦੋਂ ਵੀ ਦੁਸ਼ਮਣ ਅਦਿੱਖ ਸੀ ਤੇ ਲੋਕ ਮਰ ਰਹੇ ਸੀ, ਹੁਣ ਵੀ ਦੁਸ਼ਮਣ ਅਦਿੱਖ ਹੈ ਤੇ ਲੋਕ ਮਰ ਰਹੇ ਸਨ ਜਾਂ ਹਰ ਦਿਨ ਮਰਨ ਦੀਆਂ ਸੰਭਾਵਨਾਵਾਂ ਵਧ ਰਹੀਆਂ ਸਨ। 
·    ਉਦੋਂ ਵੀ ਨਾ ਉਧਰ ਦੀਆਂ ਨਾ ਇਧਰ ਦੀਆਂ ਸਰਕਾਰਾਂ ਬੰਦੇ ਨੂੰ ਓਟ ਰਹੀਆਂ ਸਨ, ਹੁਣ ਵੀ ਟੀਵੀ 'ਤੇ ਆ ਕੇ ਬਿਆਨ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਰਿਹਾ ਸੀ।
·    ਉਦੋਂ ਵੀ ਡਰ, ਭੈਅ, ਚਿੰਤਾ, ਘਬਰਾਹਟ ਤੇ ਬਦਅਮਨੀ ਦਾ ਮਾਹੌਲ ਸੀ, ਹੁਣ ਵੀ ਲੋਕਾਂ ਦੀ ਜਾਨ ਉਸੇ ਤਰ੍ਹਾਂ ਕੁੜਿੱਕੀ ਵਿਚ ਆਈ ਹੋਈ ਸੀ।
·    ਉਦੋਂ ਵੀ ਨਹੀਂ ਪਤਾ ਸੀ ਕਿ ਆਖਰ ਇਹ ਸਿਲਸਿਲਾ ਕਦੋਂ ਮੁੱਕੇਗਾ ਤੇ ਹੁਣ ਵੀ ਮੁੱਕਣ ਦੀਆਂ ਸੰਭਾਵਨਾਵਾਂ ਨਹੀਂ ਦਿਖਾਈ ਦੇ ਰਹੀਆਂ ਸਨ।
·    ਪਹਿਲਾਂ ਫਿਰਕਾਪ੍ਰਸਤ ਤਾਕਤਾਂ ਤੇ ਸਿਆਸਤ ਦੇ ਕਾਲੇ ਨਾਗ ਨੇ ਫਿਜ਼ਾਵਾਂ ਨੂੰ ਡੰਗ ਲਿਆ ਸੀ ਤੇ ਅੱਜ ਵਿਸ਼ਵ ਪੱਧਰ 'ਤੇ ਪੂੰਜੀ 'ਤੇ ਕਬਜ਼ੇ ਦੀ ਹੋੜ ਨੇ ਅਨੇਕ ਤਰ੍ਹਾਂ ਦੇ ਵਾਤਾਵਰਣਿਕ ਸੰਕਟਾਂ ਨਾਲ ਇਕ ਨਵੀਂ ਕਿਸਮ ਦੇ ਅਦਿੱਖ ਦੁਸ਼ਮਣ ਨੂੰ ਪੈਦਾ ਕਰ ਦਿੱਤਾ ਹੈ, ਜਿਸ ਦਾ ਨਾ ਮੂੰਹ ਪਤਾ ਲਗਦਾ ਸੀ ਨਾ ਸਿਰ।
·    ਉਦੋਂ ਵੀ ਦਹਿਸ਼ਤਾਂ ਤੇ ਅਫਵਾਹਾਂ ਦਾ ਬਜ਼ਾਰ ਗਰਮ ਹੁੰਦਾ ਸੀ ਅਤੇ ਅੱਗ ਵਾਂਗ ਇਕ ਥਾਂ ਤੋਂ ਦੂਜੀ ਥਾਂ ਤੇ ਫੈਲ ਰਹੀਆਂ ਸਨ, ਹੁਣ ਦੇ ਦੌਰ ਵਿਚ ਤਾਂ ਦਹਿਸ਼ਤ ਅਤੇ ਅਫਵਾਹਾਂ ‘ਵਰਚੁਅਲ ਘੋੜੇ’ ਤੇ ਚੜ੍ਹ ਕੇ ਪਹਿਲਾਂ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਆ ਰਹੀਆਂ ਸਨ ਅਤੇ ਪਹਿਲਾਂ ਨਾਲੋਂ ਕਿਤੇ ਤੇਜ਼ੀ ਨਾਲ ਫੈਲ ਰਹੀਆਂ ਸਨ।
·    ਉਦੋਂ ਵੀ ਪਰਦੇ ਪਿੱਛੇ 'ਵੰਡੋ ਤੇ ਰਾਜ ਕਰੋ, ਦੀ ਮਨਸ਼ਾ ਨਾਲ ਬਹੁਤ ਸਾਰੀਆਂ ਤਾਕਤਾਂ ਨੇ ਭਵਿੱਖ ਦੇ ਮਨਸੂਬਿਆਂ ਨੰ ਪੂਰਾ ਕਰਨ ਲਈ ਇਹ ਡਰਾਮਾ ਰਚਿਆ ਸੀ ਅਤੇ ਦਹਿਸ਼ਤ ਦਾ ਤਮਾਸ਼ਾ ਦੇਖਿਆ ਸੀ ਤੇ ਹੁਣ ਵੀ ਸਾਮਰਾਜੀ ਮੁਲਕਾਂ ਦੇ ਪੂਰੇ ਵਿਸ਼ਵ ਨੂੰ ਮੰਡੀ ਬਣਾ ਲੈਣ ਦੇ ਮਨਸੂਬਿਆਂ ਦੀ ਸਾਜ਼ਿਸ਼ ਇਸ ਤ੍ਰਾਸਦੀ ਦੇ ਪਿੱਛੇ ਕਾਰਜਸ਼ੀਲ ਦਿਖਾਈ ਦੇ ਰਹੀ ਹੈ ਅਤੇ ਮਿਥ ਕੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਤਾਂ ਜੋ ਭਵਿੱਖ ਦੇ ਵੈਕਸੀਨ ਬਾਜ਼ਾਰ ਦੇ ਰਾਸਤੇ ਸਰ ਕੀਤੇ ਜਾ ਸਕਣ।  

ਅਜਿਹੇ ਸੰਕਟਾਂ ਅਤੇ ਉਜਾੜਿਆਂ ਦੇ ਮੌਕਿਆਂ 'ਤੇ ਬਹੁਤ ਕੁਝ ਅਣਕਿਆਸਿਆ ਹੁੰਦਾ ਹੈ। ਕੁਝ ਹਾਂ ਪੱਖੀ ਤਾਕਤਾਂ ਵੀ ਅਜਿਹੇ ਦੌਰ ਵਿਚ ਸਰਗਰਮ ਹੁੰਦੀਆਂ ਹਨ, ਪਰ ਬਹੁਤ ਸਾਰੀਆਂ ਨਾਂਹ ਪੱਖੀ ਤਾਕਤਾਂ ਮੌਕੇ ਦਾ ਫਾਇਦਾ ਉਠਾਉਣ ਲਈ ਹੋਰ ਵੀ ਵੱਧ ਸਰਗਰਮ ਹੁੰਦੀਆਂ ਹਨ। ਯਾਦ ਕਰੋ 2020 ਦਾ ਉਹ ਭਿਆਨਕ ਮੰਜ਼ਰ ਜਦ:

·    ਕਿਸੇ ਦਾ ਸੰਸਕਾਰ ਨਹੀਂ ਕਰਨ ਦਿੱਤਾ ਜਾ ਰਿਹਾ ਸੀ। ਕਿਤੇ ਪ੍ਰਵਾਸੀਆਂ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਸਨ, ਕਿਤੇ ਤਬਲੀਗੀਆਂ ਨੂੰ ਤੇ ਕਿਤੇ ਚੀਨੀਆਂ ਦੀ ਮਾਂ-ਭੈਣ ਇਕ ਕੀਤੀ ਜਾ ਰਹੀ ਸੀ।
·    ਕਿਤੇ ਰਾਸ਼ਨ ਨਹੀਂ ਪਹੁੰਚ ਰਿਹਾ ਸੀ ਤੇ ਕੋਈ ਰਾਸ਼ਨ ਮਿਲਣ ਦੇ ਮੌਕੇ ਲੱਭ ਕੇ ਜਖੀਰੇ ਇਕੱਠੇ ਕਰ ਰਿਹਾ ਸੀ।
·    ਕੋਈ ਆਪਣੀਆਂ ਜ਼ੇਬਾਂ ਵਿਚੋਂ ਦਾਨ ਦੇ ਰਿਹਾ ਸੀ ਤੇ ਕੋਈ ਵੱਧ ਰੇਟ ਲਾ ਲੇ ਲੋਕਾਂ ਦੀ ਛਿੱਲ ਲਾਹ ਰਿਹਾ ਸੀ।
·    ਕਿਤੇ ਪੁਲਿਸ ਲੋਕਾਂ ਦੇ ਗਿੱਟੇ ਕੁੱਟ ਰਹੀ ਸੀ ਤੇ ਕਿਤੇ ਪੁਲਿਸ ਤੇ ਇੱਟਾਂ ਬਰਸਾਈਆਂ ਜਾ ਰਹੀਆਂ ਸਨ।
·    ਕਿਤੇ ਕੈਂਸਰ, ਸੂਗਰ, ਲਿਵਰ ਆਦਿ ਖ਼ਤਰਨਾਕ ਬਿਮਾਰੀਆਂ ਦੇ ਮਰੀਜ਼ ਡਾਕਟਰਾਂ ਨੂੰ ਤਰਸ ਰਹੇ ਸਨ, ਕਿਤੇ ਡਾਕਟਰਾਂ ਨੂੰ ਪਿੰਡਾਂ 'ਚੋਂ ਭਜਾਇਆ ਜਾ ਰਿਹਾ ਸੀ।
·    ਕਿਤੇ ਇਸ ਆਫਤ ਵਿਚੋਂ ਵੀ ਫਿਰਕੂ ਪੱਤੇ ਖੇਡਣ ਦੇ ਮਨਸੂਬੇ ਘੜੇ ਜਾ ਰਹੇ ਸਨ ਤੇ ਖ਼ਰੀਦਿਆ ਹੋਇਆ ਮੀਡੀਆ ਇਕ ਧਿਰ ਨੂੰ ਨਾਇਕ ਤੇ ਦੂਜੀ ਧਿਰ ਨੂੰ ਖਲਨਾਇਕ ਬਣਾਉਣ ਲਈ ਅੱਡੀਆਂ ਚੁੱਕ ਚੁੱਕ ਜ਼ੋਰ ਲਗਾ ਰਿਹਾ ਸੀ।
·    ਕਿਤੇ ਡਾਕਟਰ, ਨਰਸਾਂ ਲੋੜੀਂਦੇ ਸਾਧਨ ਤੇ ਸਾਮਾਨ ਨਾ ਮੁਹੱਈਆ ਹੋਣ ਕਾਰਨ ਆਪਣਾ ਦੁੱਖੜਾ ਰੋ ਰਹੇ ਸਨ ਤੇ ਕਿਤੇ ਤਾਲੀਆਂ, ਥਾਲੀਆਂ ਤੇ ਦੀਵਿਆਂ ਦੇ ਡਰਾਮੇ ਕੀਤੇ ਜਾ ਰਹੇ ਸਨ।
·    ਕਿੰਨੇ ਹੀ ਲੋਕ ਅਜਿਹੇ ਸਨ ਜੋ ਦਸਾਂ ਨਹੁੰਆਂ ਦੀ ਕਿਰਤ ਕਰਕੇ ਸਤਿਕਾਰ ਦੀ ਰੋਟੀ ਖਾਂਦੇ ਸੀ ਪਰ ਹੁਣ ਉਨ੍ਹਾਂ ਨੂੰ ਮੰਗਤੇ ਬਣ ਕੇ ਚੌਕਾਂ ਵਿਚ ਖੜੇ ਹੋਣਾ ਪੈ ਰਿਹਾ ਸੀ।
·    ਜਿਸ ਜੇਬ ਵਿਚ ਪਹਿਲਾਂ ਕੋਈ ਕਿਰਤੀ ਦਿਹਾੜੀ ਕਰਕੇ ਦੋ ਸੌ ਜਾਂ ਤਿੰਨ ਸੌ ਰੁਪਏ ਪਾ ਕੇ ਘਰ ਮੁੜਦਾ ਸੀ ਤੇ ਰਾਸਤੇ 'ਚੋਂ ਆਪਣੇ ਟੱਬਰ ਦੀਆਂ ਸੀਮਤ ਰੀਝਾਂ ਪੂਰੀਆਂ ਕਰਦਾ ਹੋਇਆ ਲੋੜ ਜੋਗਾ ਸਾਮਾਨ ਖ਼ਰੀਦ ਕੇ ਲਿਆਉਂਦਾ ਸੀ, ਹੁਣ ਉਹ ਜੇਬ ਮੰਗ ਕੇ ਤੁੰਨੇ ਬਰੈਡਾਂ ਨਾਲ ਭਰੀਆਂ ਹੁੰਦੀਆਂ ਸਨ।
·    ਇਕ ਗ਼ਰੀਬ ਔਰਤ ਨੂੰ ਪੁੱਛਿਆ ਗਿਆ ਕਿ ਤੁਸੀਂ ਏਨੀ ਸੋਹਣੀ ਇਮਾਰਤ ਵਿਚ ਕੁਆਰੰਟੀਨ ਕਰਨ ਸਮੇਂ ਕਿਸ ਤਰਾਂ ਮਹਿਸੂਸ ਕਰ ਰਹੇ ਹੋ ਤਾਂ ਉਸ ਦਾ ਜੁਆਬ ਸੀ,, ਕਿ ਭਾਵੇਂ ਮੌਤ ਹੀ ਆਵੇ, ਪਰ ਆਪਣੇ ਘਰ ਦੀ ਦੇਹਲੀ 'ਤੇ ਆ ਜਾਵੇ..ਬਸ।


ਇਹ ਅਪ੍ਰੈਲ 2020 ਦੀ ਸਥਿਤੀ ਸੀ ਤੇ ਹੁਣ ਅਪ੍ਰੈਲ 2021 ਆ ਚੁੱਕਾ ਹੈ। ਕਰੋਨਾ ਦੇ ਨਾਂ 'ਤੇ ਦੇਸ਼ ਦੁਨੀਆ ਨੇ ਬਹੁਤ ਕੁਝ ਦੇਖ ਲਿਆ ਹੈ। ਕਿਸਾਨਾਂ ਦੀ ਸੰਘੀ ਘੁੱਟਣ ਲਈ ਤਿੰਨ ਖੇਤੀ ਕਨੂੰਨ ਵੀ ਇਸ ਦੀ ਆੜ ਵਿਚ ਬਣਾਏ ਹਨ ਤੇ ਕਿਰਤ ਕਨੂੰਨਾਂ ਵਿਚ ਸੋਧਾਂ ਵੀ ਇਸ ਦੀ ਆੜ ਵਿਚ ਹੋਈਆਂ ਹਨ। ਵੈਕਸੀਨ, ਸੈਨੇਟਾਈਜ਼ਰ, ਮਾਸਕ ਆਦਿ ਦੇ ਰੂਪ ਵਿਚ ਮੁਨਾਫ਼ੇ ਦਾ ਪੂਰਾ ਬਾਜ਼ਾਰ ਵੀ ਇਸ ਦੌਰ ਵਿਚ ਵਿਕਸਤ ਹੋਇਆ ਦੇਖ ਰਹੇ ਹਾਂ। ਕਰੋਨਾ ਦੇ ਨਾਂ 'ਤੇ ਸ਼ਾਹੀਨ ਬਾਗ ਦੇ ਅੰਦੋਲਨ ਦੀ ਸੰਘੀ ਘੁੱਟੀ ਜਾਂਦੀ ਵੀ ਲੋਕਾਂ ਨੇ ਦੇਖੀ ਹੈ ਅਤੇ ਉਸ ਤੋਂ ਬਾਅਦ ਕਰੋਨਾ ਦੀ ਆੜ ਵਿਚ ਲੋਕਾਂ ਨੂੰ ਕੁਸਕਣ ਤੱਕ ਨਾ ਦੇਣ ਦਾ ਵਰਤਾਰਾ ਵੀ ਦੇਖਿਆ ਹੈ। । ਸੱਤਾ ਦਾ ਜਦ ਜੀ ਕੀਤਾ ਕਰੋਨਾ ਨੂੰ ਜਿਉਂਦਾ ਕਰ ਲਿਆ, ਜਦ ਜੀ ਕਰਤਾ ਮਾਰ ਦਿੱਤਾ। ਕਿਹਾ ਜਾਂਦਾ ਹੈ ਕਿ ਕੁਝ ਰਾਜਾਂ ਵਿਚ ਚੋਣਾਂ ਹੁੰਦੀਆਂ ਹਨ ਤੇ ਕੁਝ ਵਿਚ ਕਰੋਨਾ ਹੁੰਦਾ ਹੈ। ਭਾਵ ਜਿੱਥੇ ਚੋਣਾਂ ਹੁੰਦੀਆਂ ਹਨ, ਉਥੇ ਨਾ ਟੈਸਟਿੰਗ ਹੁੰਦੀ ਹੈ, ਨਾ ਟਰੇਸਿੰਗ ਹੁੰਦੀ ਹੈ, ਨਾ 2 ਗਜ਼ ਦੀ ਦੂਰੀ ਹੁੰਦੀ ਹੈ, ਨਾ ਮਾਸਕ ਹੁੰਦਾ ਹੈ, ਨਾ ਲੱਖਾਂ ਕਰੋੜਾਂ ਦੀ ਭੀੜ ਇੱਕਠੀ ਕਰਨ 'ਤੇ ਕੋਈ ਪਾਬੰਦੀ ਹੁੰਦੀ ਹੈ। ਕੁੱਲ ਮਿਲਾ ਕੇ ਕਰੋਨਾ ‘ਸੱਤਾ ਦੀ ਬੋਤਲ’ ਵਿਚ ਬੰਦ ਉਹ ‘ਜਿੰਨ’ ਬਣ ਚੁੱਕਿਆ ਹੈ ਜਿਸ ਨੂੰ ਸੱਤਾ ਜਦ ਮਰਜ਼ੀ ਬੋਤਲ ਵਿਚੋਂ ਬਾਹਰ ਕੱਢ ਲੈਂਦੀ ਹੈ ਤੇ ਜਦ ਮਰਜ਼ੀ ਬੋਤਲ ਵਿਚ ਬੰਦ ਕਰ ਲੈਂਦੀ ਹੈ। ਬਲਕਿ ਵਾਰ ਵਾਰ ਇਸ ਦਾ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਜੋ ਬਹੁਤ ਸਾਰੀਆਂ ਪਾਬੰਦੀਆਂ ਦਾ ਆਧਾਰ ਤਿਆਰ ਕਰਕੇ ਰੱਖਿਆ ਜਾ ਸਕੇ, ਬਹੁਤਾ ਵੱਡਾ ਬਾਜ਼ਾਰ ਪੈਦਾ ਕਰਕੇ ਰੱਖਿਆ ਜਾ ਸਕੇ ਅਤੇ ਮਨਮਰਜ਼ੀ ਦੇ ਕਨੂੰਨ ਬਣਾਉਣ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਸਾਰੀ ਸ਼ਕਤੀ ਸੱਤਾ ਦੇ ਹੱਥ ਵਿਚ ਰਹੇ। ਇਸ ਬਿਮਾਰੀ ਨੂੰ ਆਮ ਬਿਮਾਰੀਆਂ ਵਾਂਗ ਸਹਿਜ ਰੂਪ ਵਿਚ ਲੈਣ ਅਤੇ ਇਸ ਦੇ ਨਾਲ-ਨਾਲ ਜਿਉਣ ਵਾਲੀ ਜੀਵਨ ਜਾਚ ਪੈਦਾ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਕਿਤੇ ਪੂਰੀਆਂ ਪਾਬੰਦੀਆਂ ਤੇ ਕਿਤੇ ਪੂਰੀਆਂ ਆਜ਼ਾਦੀਆਂ। ਇਹ ਇਕ ਅਜਿਹੀ ਬਿਮਾਰੀ ਹੈ ਜੋ ਜਿੰਨੀ ਛੇਤੀ ਅਤੇ ਵੱਡੀ ਗਿਣਤੀ ਵਿਚ ਫੈਲਦੀ ਹੈ, ਉੱਨੀ ਛੇਤੀ ਤੇ ਵੱਡੀ ਗਿਣਤੀ ਵਿਚ ਠੀਕ ਵੀ ਹੁੰਦੀ ਹੈ। ਜੇ ਅੱਜ ਭਾਰਤ ਦੇ ਸਾਰੇ ਲੋਕਾਂ ਦਾ ਕਰੋਨਾ ਟੈਸਟ ਕਰਾ ਲਿਆ ਜਾਵੇ ਤਾਂ ਘੱਟ ਤੋਂ ਘੱਟ 10 ਤੋਂ 20 ਕਰੋੜ ਲੋਕ ਕਰੋਨਾ ਪਾਜ਼ਿਟਿਵ ਨਿੱਕਲ ਸਕਦੇ ਹਨ। ਪਰ ਨਾ ਇਨ੍ਹਾਂ ਨੂੰ ਆਪਣੇ ਪਾਜ਼ਿਟਿਵ ਹੋਣ ਦਾ ਪਤਾ ਲਗਦਾ ਹੈ ਤੇ ਨਾ ਨੈਗੇਟਿਵ ਹੋਣ ਦਾ ਪਤਾ ਲਗਦਾ ਹੈ। ਸਹਿਜ ਰੂਪ ਵਿਚ ਬਹੁਤ ਸਾਰੇ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਹੈ ਤੇ ਹੋ ਕੇ ਹੱਟ ਜਾਂਦੀ ਹੈ। 5 ਤੋਂ 7% ਲੋਕਾਂ, ਜੋ ਪਹਿਲਾਂ ਤੋਂ ਹੀ ਬਿਮਾਰ ਹਨ, ਜਾਂ ਬਜ਼ੁਰਗ ਹਨ, ਲਈ ਇਹ ਗੰਭੀਰ ਬਿਮਾਰੀ ਹੈ, ਜਿਸ ਵਿਚੋਂ ਇਕ ਦੋ ਤੋਂ ਲੈ ਕੇ ਤਿੰਨ-ਚਾਰ ਪ੍ਰਤੀਸ਼ਤ ਤੱਕ ਲੋਕਾਂ ਦੀ ਮੌਤ ਹੁੰਦੀ ਹੈ। ਇਸ ਤੋਂ ਕਿਤੇ ਵੱਧ ਮੌਤਾਂ ਰੋਜ਼ ਭੁੱਖਮਰੀ ਨਾਲ ਹੁੰਦੀਆਂ ਹਨ, ਜਿਸ ਦਾ ਕਿਤੇ ਡੇਟਾ ਨਹੀਂ ਦਿੱਤਾ ਜਾਂਦਾ। ਕਿੰਨਾ ਚੰਗਾ ਹੁੰਦਾ ਜੇ ਲੋਕਾਂ ਨੂੰ ਇਸ ਬਿਮਾਰੀ ਦੇ ਨਾਲ ਜਿਉਣ ਲਈ ਤਿਆਰ ਕੀਤਾ ਜਾਂਦਾ ਤੇ ਦੋਵਾਂ ਰੂਪਾਂ (ਵੈਕਸੀਨ ਰਾਹੀਂ ਹਰਡ ਇਮਿਉਨਟੀ ਅਤੇ ਕੁਦਰਤੀ ਹਰਡ ਇਮਿਉਨਟੀ) ਵੱਲ ਵਧਿਆ ਜਾਂਦਾ। ਵਿਦਿਅਕ ਅਦਾਰੇ ਬੰਦ ਕਰਨ ਦੇ ਰੂਪ ਵਿਚ ਜਿਵੇਂ ਬੱਚਿਆਂ ਤੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਆਨਲਾਈਨ ਸਿੱਖਿਆ ਦੇ 'ਤੇ ਨਾਂ ਸਿੱਖਿਆ ਦਾ ਡਰਾਮਾ ਕਰਕੇ ਬਿਲਕੁਲ ਕੋਰਿਆਂ ਨੂੰ ਅਗਲੀਆਂ ਜਮਾਤਾਂ ਵਿਚ ਪਰਮੋਟ ਕੀਤਾ ਜਾ ਰਿਹਾ ਹੈ, ਉਹ ਕਈ ਪੀੜ੍ਹੀਆਂ ਦੇ ਭਵਿੱਖ ਦੇ ਅੱਗੇ ਸਵਾਲੀਆ ਨਿਸ਼ਾਨ ਹੈ।

ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਨਾਈਟ ਕਰਫਿਊ ਲਗਾਏ ਜਾ ਰਹੇ ਹਨ, ਕੁਝ ਥਾਂ 'ਤੇ ਦਿਨ ਦੇ ਕਰਫਿਊ ਵੀ ਲਗਾਏ ਜਾ ਰਹੇ ਹਨ ਤੇ ਕੁਝ ਥਾਵਾਂ 'ਤੇ ਲਾਕਡਾਉਨ ਵਾਲੇ ਪਾਸੇ ਵਧਿਆ ਜਾ ਰਿਹਾ ਹੈ, ਉਸ ਤੋਂ 2020 ਦਾ ਉਜਾੜਾ ਦੁਹਰਾਏ ਜਾਣ ਦੇ ਸੰਕੇਤ ਮਿਲ ਰਹੇ ਹਨ। ਪਿਛਲੇ ਸਾਲ ਲੱਖਾਂ ਮਜ਼ਦੂਰ ਇਸ ਕਰਕੇ ਮਹਾਂਨਗਰਾਂ ਵਿਚੋਂ ਬਾਹਰ ਨਿੱਕਲੇ ਸਨ ਕਿ ਸਰਕਾਰਾਂ ਉਨ੍ਹਾਂ ਨੂੰ ਇਹ ਭਰੋਸਾ ਨਹੀਂ ਦੇ ਸਕੀਆਂ ਸਨ ਕਿ ਇਥੇ ਤੁਹਾਡੇ ਰੁਜ਼ਗਾਰ ਨੂੰ ਕੋਈ ਖਤਰਾ ਨਹੀਂ ਹੋਵੇਗਾ। ਜੇਕਰ ਰੁਜ਼ਗਾਰ ਚਲਾ ਵੀ ਗਿਆ ਤਾਂ ਤੁਹਾਨੂੰ ਜਿਉਣ ਲਈ ਰੋਟੀ ਅਤੇ ਹੋਰ ਸਹੂਲਤਾਂ ਦੀ ਤੰਗੀ ਨਹੀਂ ਹੋਵੇਗੀ। 73 ਸਾਲਾਂ ਦੀ ਸੱਤਾ ਦੇ ਅਖੌਤੀ ਭਰੋਸੇ ਦਾ ਸਾਰਾ ਕੱਚ-ਸੱਚ ਇਕ ਹਫਤੇ ਵਿਚ ਬਾਹਰ ਆ ਗਿਆ ਸੀ। ਲੌਕਡਾਉਣ ਲੱਗਣ ਦੇ ਇਕ ਹਫਤੇ ਦੇ ਵਿਚ-ਵਿਚ ਕਰੋੜਾਂ ਮਜ਼ਦੂਰ ਕਰੋਨਾ ਅਤੇ ਭੁੱਖ ਦੇ ਸਤਾਏ ਜਦ ਆਪਣੇ ਘਰਾਂ ਨੂੰ ਤੁਰੇ ਸਨ ਤਾਂ ਸੱਤਾ ਦੇ ਮੂੰਹ 'ਤੇ ਇਹ ਸਭ ਤੋਂ ਵੱਡਾ ਤਮਾਚਾ ਸੀ। ਪਰ ਸੱਤਾ ਦਾ ਖਾਸਾ ਹੀ ਇਹ ਹੈ ਕਿ ਇਹ ਬਹੁਤ ਬੇਸ਼ਰਮ ਹੁੰਦੀ ਹੈ, ਇਸ ਲਈ ਲੋਕਾਂ ਦੇ ਉਜਾੜੇ ਕੋਈ ਮਾਇਨੇ ਨਹੀਂ ਰਖਦੇ, ਇਹ ਉਜਾੜਿਆਂ, ਦੰਗਿਆਂ, ਫਸਾਦਾਂ, ਮਹਾਮਾਰੀਆਂ, ਦੁਸ਼ਵਾਰੀਆਂ, ਮੌਤਾਂ, ਸ਼ਮਸ਼ਾਨਾਂ ਅਤੇ ਕਫਨਾਂ ਵਿਚ ਵੀ ਅਮਰਵੇਲ ਵਾਂਗ ਨਿੱਤ ਜੁਆਨ ਹੁੰਦੀ ਹੈ। 
ਕੱਲ੍ਹ-ਪਰਸੋ ਦੀਆਂ ਖ਼ਬਰਾਂ ਮੁਤਾਬਕ ਦਿੱਲੀ ਦੇ ਅਨੰਦ ਵਿਹਾਰ ਟਰਮੀਨਲ ਤੋਂ ਜਿਸ ਤਰ੍ਹਾਂ ਪ੍ਰਵਾਸੀ ਮਜ਼ਦੂਰ ਇਕ ਵਾਰ ਫਿਰ ਆਪਣੇ ਘਰਾਂ ਨੂੰ ਜਾਂਦੇ ਦਿਖਾਏ ਦੇ ਰਹੇ ਹਨ ਅਤੇ ਹੋਰ ਬਹੁਤ ਸਾਰੇ ਸ਼ਹਿਰਾਂ ਤੇ ਮਹਾਂਨਗਰਾਂ ਵਿਚੋਂ ਇਸ ਤਰ੍ਹਾਂ ਦੀਆਂ ਕਣਸੋਆਂ ਮਿਲ ਰਹੀਆਂ ਹਨ ਕਿ ਇਹ ਪ੍ਰਵਾਸੀ ਮਜ਼ਦੂਰ ਪਹਿਲਾਂ ਤੋਂ ਹੀ ਕਰੋਨਾ ਦੀ ਮਾਰ ਝੱਲ ਰਹੇ ਹਨ ਤੇ ਹੁਣ ਫਿਰ ਇਕ ਵਾਰ ਕਰਫਿਊ ਅਤੇ ਲੌਕਡਾਉਨ ਦੇ ਪ੍ਰਚਲਨ ਨੇ ਇਨ੍ਹਾਂ ਸਾਮ੍ਹਣੇ ਉਹੀ ਪਿਛਲੇ ਸਾਲ ਦਾ ਸੰਕਟ ਖੜਾ ਕਰ ਦਿੱਤਾ ਹੈ ਤੇ ਸੱਤਾ ਇਨ੍ਹਾਂ ਨੂੰ ਭਰੋਸਾ ਦੁਆਉਣ ਲਈ ਉਵੇਂ ਕੁਝ ਨਹੀਂ ਕਰ ਰਹੀ, ਜਿਸ ਤਰ੍ਹਾਂ ਇਸ ਨੇ ਪਿਛਲੇ ਸਾਲ ਕੁਝ ਨਹੀਂ ਕੀਤਾ ਸੀ। ਅਜਿਹੇ ਹਾਲਤ ਵਿਚ ਇਹ ਬਦਕਿਸਮਤ ਲੋਕ ਪਿਛਲੇ ਸਾਲ ਦੇ ਡਰਾਉਣੇ ਹਾਲਤਾਂ ਤੋਂ ਏਨਾ ਕੁ ਡਰੇ ਹੋਏ ਹਨ ਕਿ ਇਨ੍ਹਾਂ ਨੂੰ ਲਗਦਾ ਹੈ ਕਿ ਇਸ ਤੋਂ ਪਹਿਲਾਂ ਕਿ ਬੱਸਾਂ ਟਰੇਨਾਂ ਬੰਦ ਹੋਣ, ਉਨ੍ਹਾਂ ਦਾ ਰੁਜ਼ਗਾਰ ਖੋਹਿਆ ਜਾਵੇ ਤੇ ਰੋਟੀ ਲਈ ਦੋਬਾਰਾ ਭੀਖ ਮੰਗਣ ਦੀ ਨੌਬਤ ਆਵੇ, ਹੁਣੇ ਤੋਂ ਹੀ ‘ਪਰਦੇਸ਼’ ਤੋਂ ਆਪਣੇ ‘ਦੇਸ’ ਵੱਲ ਜਾਇਆ ਜਾਵੇ। ਇਸ ਰੂਪ ਵਿਚ ਪ੍ਰਵਾਸੀਆਂ ਦੇ ਇਸ ਪ੍ਰਸਥਾਨ ਦੇ ਇਹ ਮੁਢਲੇ ਸੰਕੇਤ ਇਕ ਵਾਰ ਦੇਸ਼ ਨੂੰ ਉਸ ਭਿਆਨਕ ਉਜਾੜੇ ਦੇ ਮੰਜ਼ਰ ਵੱਲ ਲੈ ਕੇ ਜਾਣ ਦੇ ਹਨ। ਜੇਕਰ ਸਮੇਂ ਸਿਰ ਸੁਚੇਤ ਨਾ ਹੋਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਜਿਵੇਂ ਜਿਵੇਂ ਅਨਿਸ਼ਚਿਤਿਤਾ ਵਧੇਗੀ, ਇਹ ਉਜਾੜਾ ਵੀ ਵਧਣ ਦੀਆਂ ਸੰਭਾਵਨਾਵਾਂ ਹਨ। ਪਾਬੰਦੀਆਂ ਲਗਾਤਾਰ ਟਾਈਟ ਹੋ ਰਹੀਆਂ ਹਨ, ਲੌਕਡਾਉਣ ਦੇ ਅੰਦੇਸ਼ੇ ਲਾਏ ਜਾ ਰਹੇ ਹਨ, ਹੋਟਲਾਂ, ਰੈਸਟੋਰੈਂਟਾਂ, ਪੈਲਸਾਂ ਤੇ ਮਾਲਾਂ ਵਿਚ ਜਿਥੇ ਹਜ਼ਾਰਾਂ-ਲੱਖਾਂ ਲੋਕ ਕੰਮ ਕਰਦੇ ਸੀ, ਪਾਬੰਦੀਆ ਲੱਗ ਗਈਆਂ ਹਨ। ਕਰੋੜਾਂ ਲੋਕਾਂ ਦਾ ਪਿਛਲੇ ਇਕ ਸਾਲ ਵਿਚ ਰੁਜ਼ਗਾਰ ਚਲਾ ਗਿਆ ਸੀ, ਜਿਨ੍ਹਾਂ ਵਿਚੋਂ ਬਹੁਤਿਆਂ ਨੂੰ ਅਜੇ ਤੱਕ ਵੀ ਦੋਬਾਰਾ ਪ੍ਰਾਪਤ ਨਹੀਂ ਹੋਇਆ। ਹੁਣ ਫਿਰ ਬਹੁਤ ਸਾਰੇ ਲੋਕ ਰੁਜ਼ਗਾਰ ਤੋਂ ਵਾਂਝੇ ਹੋ ਰਹੇ ਹਨ। ਇਹ ਰੁਜ਼ਗਾਰ ਤੋਂ ਬੇਦਖ਼ਲ ਹੋਏ ਲੋਕ ਫਿਰ ਕਿਤੇ ਪਰਿਵਾਰਾਂ ਸਮੇਤ ਸੜਕਾਂ 'ਤੇ ਬਦਹਾਲ ਨਾ ਹੋਣ..ਉਸੇ ਤਰ੍ਹਾਂ ਦਰ ਬਦਰ ਨਾ ਹੋਣ, ਉਸੇ ਤਰ੍ਹਾਂ ਐਕਸੀਡੈਂਟਾਂ ਨਾਲ ਤੇ ਭੁੱਖ ਨਾਲ ਨਾ ਮਰਨ...ਉਸੇ ਤਰ੍ਹਾਂ ਇਨ੍ਹਾਂ ਦੀ ਹੋਣੀ ਤੱਕ ਕੇ ਮਨੁੱਖਤਾ ਨੂੰ ਸ਼ਰਮਸ਼ਾਰ ਨਾ ਹੋਣਾ ਪਵੇ। ਇਸ ਉਜਾੜੇ ਤੇ ਤਬਾਹੀ ਦੇ ਸੰਕੇਤਾਂ ਨੂੰ ਸਮਝਣ ਦੀ ਜ਼ਰੂਰਤ ਹੈ। ਨਹੀਂ ਤਾਂ ਸਿਆਸਤ ਦਰ ਸਿਆਸਤ ਅਤੇ ਉਜਾੜੇ ਦਰ ਉਜਾੜੇ ਦਾ ਇਹ ਸਿਲਸਿਲਾ ਦੇਸ਼ ਨੂੰ ਵਿਨਾਸ਼ ਦੇ ਕਿਹੜੇ ਅੰਨ੍ਹੇ ਖੂਹ ਵਿਚ ਸੁੱਟੇਗਾ, ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ।

Current Affairs Business and Economy
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ

ਦੂਜੀ ਲਹਿਰ ਦਾ ਆਖ ਕੇ, ਭਾਰਤ ਦੇ ਅੰਦਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਤਾਲਾਬੰਦੀ ਲਗਾਉਣ ਦੀ...

By ਗੁਰਪ੍ਰੀਤ ਸਿੰਘ
May 6, 2021
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ
ਸੱਚ ਬੋਲਿਆਂ ਭਾਂਬੜ ਮੱਚਦਾ...!

ਹੁਣ ਦਿੱਲੀ ਦੇ ਵਿੱਚ ਕਿਸਾਨ ਬੈਠੇ ਹਨ.. ਪਰ ਉਹ ਤੇ ਜ਼ਮੀਨਾਂ ਲਈ ਬੈਠੇ ਹਨ...ਤੁਹਾਡੇ ਕੋਲ ਗਵਾਉਣ ਲਈ ਜ਼ਮੀਰ ਤੋਂ ਬਿਨਾਂ ਕੀ ਹੈ... ਤੁਹਾਡੀ ਤੇ ਜ...

May 6, 2021
ਸੱਚ ਬੋਲਿਆਂ ਭਾਂਬੜ ਮੱਚਦਾ...!