ਵੀਹਵੀਂ ਸਦੀ ਦਾ ਫ਼ਰਹਾਦ 


ਦਸ਼ਰਥ ਮਾਂਝੀ, ਬਿਹਾਰ ਦੇ ਗਯਾ ਜ਼ਿਲ੍ਹੇ ਵਿਚ ਪੈਂਦੇ ਬੇਹੱਦ ਪੱਛੜੇ ਪਿੰਡ ਦੇ ਬਹੁਤ ਹੀ ਗਰੀਬ ਪਰਿਵਾਰ ਵਿੱਚ 1934 ਨੂੰ ਜਨਮਿਆ।ਸਿੱਧਾ ਸਪਾਟ ਖੜ੍ਹਾ ਪਥਰੀਲਾ ਪਹਾੜ ਇਸ ਪਿੰਡ ਨੂੰ ਬਾਕੀ ਦੁਨੀਆ ਤੋਂ ਅਲੱਗ ਕਰਦਾ ਸੀ।

ਮਾਂਝੀ ਉਦੋਂ ਮਹਿਜ਼ 26 ਵਰ੍ਹਿਆਂ ਦਾ ਸੀ ਜਦੋਂ ਉਸ ਦੀ ਪਤਨੀ ਫਾਗੁਨੀ ਦੇਵੀ ਬਿਮਾਰ ਹੋ ਗਈ। ਸਭ ਤੋਂ ਨੇੜੇ ਦਾ ਹਸਪਤਾਲ ਵੀ 50 ਮੀਲ ਦੂਰ ਸੀ, ਉਹ ਵੀ ਪਹਾੜ ਵਗਲ ਕੇ ਜਾਣਾ ਪੈਂਦਾ ਸੀ। ਹਸਪਤਾਲ ਲੈ ਕੇ ਜਾਂਦੇ ਸਮੇਂ ਉਸ ਦੀ ਰਾਹ ਵਿਚ ਹੀ ਦਮ ਤੋੜ ਗਈ। ਉਸ ਲਈ ਇਹ ਸਦਮਾ ਸੀ ਕਿਉਂਕਿ ਉਹ ਆਪਣੀ ਪਤਨੀ ਨੂੰ ਬੇਹੱਦ ਮੁਹੱਬਤ ਕਰਦਾ ਸੀ।

ਦਸ਼ਰਥ ਇਸ ਗੱਲ ਲਈ ਝੂਰ ਰਿਹਾ ਸੀ ਕਿ ਜੇਕਰ ਇਹ ਪਹਾੜ ਨਾ ਹੁੰਦਾ ਤਾਂ ਉਸ ਦੀ ਪਤਨੀ ਸ਼ਾਇਦ ਬਚ ਜਾਂਦੀ। ਜੇ ਇਹ ਪਹਾੜ ਇੰਞ ਹੀ ਖੜ੍ਹਾ ਰਿਹਾ ਤਾਂ ਫਿਰ ਕਿਸੇ ਹੋਰ ਦੀ ਵੀ ਜਾਨ ਜਾ ਸਕਦੀ ਹੈ।
ਪਤਨੀ ਨਮਿਤ ਕਿਰਿਆ-ਕਰਮ ਸਮੇਟ, ਉਹ ਲੋਕਾਂ ਨੂੰ ਇਹ ਪਹਾੜ ਚੀਰ ਕੇ ਰਾਹ ਬਣਾਉਣ ਲਈ ਪੇ੍ਰਰਨ ਲੱਗਾ। ਪੂਰੇ ਚਾਰ ਵਰ੍ਹੇ, ਲਗਾਤਾਰ ਉਹ ਲਾਗਲੇ ਪਿੰਡਾਂ ਵਿਚ ਘੁੰਮਿਆ ਅਤੇ ਸਰਕਾਰੇ-ਦਰਬਾਰੇ ਵੀ ਗੇੜੇ ਮਾਰੇ।ਪਰ ਹਰ ਥਾਂ, ਨਿਰਾਸ਼ਾ ਹੀ ਪੱਲੇ ਪਈ।

ਆਖ਼ਰ ਇਕ ਦਿਨ, ਉਹ ਛੈਣੀ-ਹਥੌੜਾ ਲੈ ਕੇ ਇਕੱਲਾ ਹੀ ਪਹਾੜ ਕੱਟਣ ਲਗ ਪਿਆ। ਬਿਲਕੁਲ ਕਲਮ-'ਕੱਲਾ। ਇੱਥੋਂ ਹੀ ਆਰੰਭ ਹੁੰਦੀ ਹੈ ਉਸ ਦੇ ਨਿੱਜੀ ਪਿਆਰ ਤੋਂ ਸਮਾਜਿਕ ਪਿਆਰ ਵਿੱਚ ਢਲਣ ਦੀ ਕਹਾਣੀ।ਉਦੋਂ ਉਸ ਦੀ ਉਮਰ 30 ਸਾਲ ਸੀ।

ਪੰਜ ਸਾਲ ਦਸ਼ਰਥ ਹਰ ਰੋਜ਼ ਦੋ ਤੋਂ ਚਾਰ ਘੰਟੇ ਪਹਾੜ ਕੱਟਣ ਵਿਚ ਮਸ਼ਰੂਫ ਰਹਿਣ ਲੱਗਾ। ਕਦੇ-ਕਦਾਈਂ ਦੋ-ਚਾਰ ਜਣੇ ਹੱਥ ਵੰਡਾ ਜਾਂਦੇ ਪਰ ਬਹੁਤੇ  ਲੋਕ ਉਸ ਨੂੰ ਦੇਖ ਕੇ ਅਣਡਿੱਠ ਹੀ ਕਰਦੇ ਰਹੇ।ਉਸ ਦਾ ਮਜ਼ਾਕ ਉਡਾਉਂਦੇ ਰਹੇ। ਕੁਝ ਨਿਰਾਸ਼ਾ ਤੇ ਕੁਝ ਆਸ ਵਰਗੇ ਅਹਿਸਾਸ ਸਨ ਪਰ ਜਿਵੇਂ ਹੀ ਪਹਾੜ ਦੇ ਵਿਚਕਾਰੋਂ ਰਾਹ ਨਿਕਲਦਾ ਦਿਸਿਆ, ਉਸ ਦਾ ਸਾਥ ਦੇਣ ਕੁਝ ਹੋਰ ਲੋਕ ਆ ਗਏ। ਇਸ ਤਰ੍ਹਾਂ ਹੋਰ ਲੋਕ ਵੀ ਜੁੜਦੇ ਗਏ।

ਆਖਰ 22 ਸਾਲਾਂ ਦੀ ਸਖ਼ਤ ਮਸ਼ੱਕਤ ਮਗਰੋਂ ਦਰਸ਼ਨ ਮਾਂਝੀ ਅਤੇ ਉਸ ਦੇ ਸਹਿਯੋਗੀਆਂ ਨੇ ਉੱਚੇ-ਕਠੋੜ ਪਹਾੜ ਦਾ ਸੀਨਾ ਚੀਰ ਵਿਚਕਾਰੋਂ ਰਾਹ ਬਣਾ ਹੀ ਲਿਆ।ਇਹ 360 ਫੁੱਟ ਲੰਮਾ ਤੇ 30 ਫੁੱਟ ਚੌੜਾ ਰਸਤਾ ਸੀ।ਹੁਣ ਪਿੰਡ ਤੋਂ ਵਜ਼ੀਰਗੰਜ ਦੀ 50 ਮੀਲ ਦੀ ਦੂਰੀ ਘੱਟ ਕੇ ਰਹਿ ਗਈ ਮਹਿਜ਼ 7 ਮੀਲ। 
ਇਕ ਵਿਸ਼ਾਲ ਇਰਾਦੇ ਦੇ ਸੰਕਲਪ ਸਾਹਮਣੇ ਅਖੀਰ ਪਹਾੜ ਝੁਕ ਗਿਆ। ਪਹਾੜ ਵੱਡਾ ਜ਼ਰੂਰ ਸੀ ਪਰ ਦ੍ਰਿੜ ਮਨੁੱਖ ਦੇ ਅੱਗੇ ਬਿਲਕੁਲ ਨਹੀਂ। ਇਹ ਰਾਹ ਉਸ ਦੀ ਪਤਨੀ ਦੇ ਪਿਆਰ ਦੀ ਨਿਸ਼ਾਨੀ ਹੈ।

ਇਕ ਗੋਰੇ ਨੇ ਲਿਖਿਆ, ਏ ਪੁਅਰ ਮੈਨਜ਼ ਤਾਜ ਮਹੱਲ।

ਪਰ ਸੱਚ ਤਾਂ ਇਹ ਹੈ ਕਿ ਉਹ ਰਾਹ ਤਾਜ ਮਹੱਲ ਤੋਂ ਕਿਤੇ ਵਧ ਮਹੱਤਵਪੂਰਨ ਹੈ।ਸ਼ਾਹਜਹਾਨ ਤਾਂ ਸ਼ਾਹ-ਜਹਾਂ ਸਨ। ਉਨ੍ਹਾਂ ਤਾਂ ਗੱਦੀ ਅਤੇ ਤਲਵਾਰ ਦੀ ਤਾਕਤ ਨਾਲ ਹੀ ਮਿਹਨਤ ਅਤੇ ਕਲਾ-ਕੁਸ਼ਲਤਾ ਖ਼ਰੀਦ ਕੇ ਪਤਨੀ ਦੀ ਯਾਦ ਨੂੰ ਸਦੀਵੀ-ਸਿਜਦਾ ਕੀਤਾ ਸੀ। ਹੱਥ ਨਾਲ ਪੱਥਰ ਦਾ ਇਕ ਟੁਕੜਾ ਤੀਕ ਨਹੀਂ ਸੀ ਚੁੱਕਿਆ। ਪਸੀਨੇ ਦੀ ਬੂੰਦ ਤੱਕ ਵੀ ਨਹੀਂ ਸੀ ਡਿੱਗੀ, ਉਸ ਦੀ। 

ਜਦਕਿ ਮਾਂਝੀ ਨੇ ਪਹਾੜ ਕੱਟ ਕੇ ਰਾਹ ਬਣਾਉਣ ਲਈ ਖ਼ੁਦ ਪਹਿਲ ਕੀਤੀ ਸੀ। ਭਾਵੁਕਤਾ ਅਤੇ ਦਿਖਾਵੇ ਤੋਂ ਬਹੁਤ ਦੂਰ ਇੱਕ ਠੋਸ ਸੰਕਲਪ ਦੀ ਜਿਉਂਦੀ ਮਿਸਾਲ ਹੈ ਦਸ਼ਰਥ।

ਪਹਾੜ ਦਾ ਸੀਨਾ ਚੀਰ ਕੇ ਬਣਾਇਆ ਹੋਇਆ ਰਾਹ ਤਾਜ ਮਹੱਲ ਵਾਂਗ ਐਸ਼ਪ੍ਰਸਤ ਪਿਆਰ ਦਾ ਇਜ਼ਹਾਰ ਨਹੀਂ ਸਗੋਂ ਉਸ ਦੇ ਨਿੱਜੀ ਪਿਆਰ ਦੇ ਸਮਾਜਿਕ ਪਿਆਰ ਵਿੱਚ ਰੂਪਾਂਤਰਨ ਹੋਣ ਦੀ ਸੁੱਚੀ ਉਦਾਹਰਣ ਹੈ।
ਦਸ਼ਰਥ ਮਾਂਝੀ ਦੀ ਉਚਾਈ ਕਿਸੇ ਅਖੌਤੀ ਉੱਚੀ ਜਾਤੀ, ਵੰਸ਼-ਗੋਤ ਜਾਂ ਅਮੀਰੀ ਦੀ ਫੌੜ੍ਹੀ ਦੇ ਸਹਾਰੇ ਨਹੀਂ ਖੜ੍ਹੀ। ਹਾਲਾਤ ਨੇ ਉਸ ਨੂੰ ਸਕੂਲ ਨਹੀਂ ਜਾਣ ਦਿੱਤਾ ਪਰ ਉਸ ਦਾ ਜੀਵਨ ਹੀ ਸਕੂਲ ਰਿਹਾ।

ਉਸ ਦੀ ਗਾਥਾ ਉਸ ਸੱਚ ਨੂੰ ਇੱਕ ਵਾਰ ਫਿਰ ਤੋਂ ਸਥਾਪਤ ਕਰ ਜਾਂਦੀ ਹੈ ਕਿ ਨਾਇਕ ਬਣਨ ਲਈ ਕਿਸੇ ਕੁਰਸੀ ਜਾਂ ਮਹੱਲ ਦੀ ਜ਼ਰੂਰਤ ਨਹੀਂ ਹੁੰਦੀ। ਗ਼ਰੀਬ, ਸਿੱਖਿਆ ਤੋਂ ਕੋਰੇ, ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦੇ ਘਰਾਂ ਵਿੱਚੋਂ ਹੀ ਅਸਲ ਨਾਇਕ ਆਉਂਦੇ ਹਨ।

ਸ਼ਰਤ ਸਿਰਫ਼ ਇੱਕ ਹੀ ਹੁੰਦੀ ਹੈ ਆਪਣੇ ਦੁੱਖ ਤੋਂ ਸਿੱਟੇ ਦੇ ਸੰਕਲਪ ਦਾ ਸਮਾਜੀਕਰਨ।
ਇਹ ਕਥਾ ਮੈਂ ਦੁਸ਼ਯੰਤ ਕੁਮਾਰ ਦੇ ਇਸ ਸ਼ੇਅਰ ਨਾਲ ਖ਼ਤਮ ਕਰਦਾ ਹਾਂ- 

ਕੌਨ ਕਹਿਤਾ ਹੈ ਆਸਮਾਂ ਮੇਂ ਛੇਦ ਨਹੀਂ ਹੋਤਾ,
ਏਕ ਪੱਥਰ ਤੋਂ ਤਬੀਅਤ ਸੇ ਉਛਾਲੋ ਯਾਰੋ।

 

History Environment
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ

ਦੂਜੀ ਲਹਿਰ ਦਾ ਆਖ ਕੇ, ਭਾਰਤ ਦੇ ਅੰਦਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਤਾਲਾਬੰਦੀ ਲਗਾਉਣ ਦੀ...

By ਗੁਰਪ੍ਰੀਤ ਸਿੰਘ
May 6, 2021
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ
in History
History of Sikhs in Australia

Most of us think that Sikh or South Asian migration to Australia is a recent phenomenon, spanning just the past few deca...

By Manpreet Kaur
May 6, 2021
History of Sikhs in Australia