ਹੰਕਾਰੇ ਹਾਕਮ ਨੂੰ ਸਿਰਫ਼ ਹਕੂਮਤ ਹੀ ਦਿਖਾਈ ਦਿੰਦੀ ਹੈ


ਦੋਸਤੋ, ਕਿਹਾ ਜਾਂਦਾ ਹੈ ਕਿ ਉਹ ਹਕੂਮਤ ਸਭ ਤੋਂ ਵਧੀਆ ਹੁੰਦੀ ਹੈ ਜਿਸ ਵਿਚ ‘ਹਕੂਮਤ ਘੱਟ ਤੋਂ ਘੱਟ ਹੋਵੇ, ਪਰ ਅਕਸਰ ਇੰਝ ਹੁੰਦਾ ਨਹੀਂ। ਦੁਨੀਆ ਭਰ ਦੀਆਂ ਹਕੂਮਤਾਂ ਦਾ ਜੇਕਰ ਅਧਿਐਨ ਕੀਤਾ ਜਾਵੇ ਤਾਂ ਹਕੂਮਤਾਂ ਦਾ ਮਾਨਵੀ ਚਿਹਰਾ ਇਸ ਦੀ ਕਾਇਮੀ ਦੇ ਕੁਝ ਕੁ ਸਮੇਂ ਤਕ ਹੀ ਕਾਇਮ ਰਹਿੰਦਾ ਹੈ, ਹੌਲੀ ਹੌਲੀ ਹਰ ਹਾਕਮ ਆਪਣੇ ਆਪ ਨੂੰ ਹਰ ਪ੍ਰਕਾਰ ਦੀ ਨੈਤਿਕਤਾ ਅਤੇ ਕਾਨੂੰਨ ਤੋਂ ਉੱਪਰ ਸਮਝਣ ਲੱਗ ਜਾਂਦਾ ਹੈ ਤੇ ਆਜ਼ਾਦੀ, ਬਰਾਬਰੀ ਅਤੇ ਨਿਆਂ ਹਾਕਮ ਦੀ ਕੁਰਸੀ ਥੱਲੇ ਕਰਾਹੁੰਦੇ ਹੋਏ ਦਮ ਤੋੜਨ ਲਗਦੇ ਹਨ। ਹਾਕਮ ‘ਹੋਣ’ ਤੇ ਆਪਣੇ ਆਪ ਨੂੰ ਹਾਕਮ ‘ਸਮਝਣ’ ਵਿਚ ਬਹੁਤ ਫ਼ਰਕ ਹੁੰਦਾ ਹੈ। ਹਾਕਮ ‘ਹੋਣ’ ਤੇ ਹਰ ਹਾਲਤ ਵਿਚ ਹਾਕਮ ‘ਬਣੇ ਰਹਿਣ’ ਵਿਚ ਹੋਰ ਵੀ ਵੱਧ ਫ਼ਰਕ ਹੁੰਦਾ ਹੈ। ‘ਹਾਕਮ ਬਣੇ ਰਹਿਣ ਦੀ ਇੱਛਾ’ ਤੇ ਇਸ ਇੱਛਾ ਲਈ ‘ਹਰ ਹਰਬਾ ਵਰਤਣ’ ਵਿਚ ਇਸ ਤੋਂ ਵੀ ਜ਼ਿਆਦਾ ਫ਼ਰਕ ਹੁੰਦਾ ਹੈ। ਕਬਜ਼ਾ ਕਰਨ ਦੀ ਪ੍ਰਵਿਰਤੀ ਅਤੇ ਮਾਲਕਾਨਾ ਹੱਕ ਰੱਖਣ ਦਾ ਨਸ਼ਾ ਮਨੁੱਖ ਦੀ ਭਾਵੇਂ ਕੁਦਰਤੀ ਪ੍ਰਵਿਰਤੀ ਤਾਂ ਨਹੀਂ, ਪਰ ਫਿਰ ਵੀ ਇਹ ਮਨੁੱਖ ਦੀ ਬੁਨਿਆਦੀ ਪ੍ਰਵਿਰਤੀ ਜ਼ਰੂਰ ਬਣ ਚੁੱਕੀ ਹੈ। ਇਸ ਲਾਲਸਾ ਦਾ ਸਿਖਰ ਕਿਸੇ ਜ਼ਾਲਮ ਅਤਿਆਚਾਰ ਹੁਕਮਰਾਨ ਦੇ ਰੂਪ ਵਿਚ ਹੁੰਦਾ ਹੈ ਤੇ ਇਸ ਲਾਲਸਾ ਤੋਂ ਮੁਕਤੀ ਦਾ ਮੁਕਾਮ ਕਿਸੇ ਸੰਤ ਦੇ ਰੂਪ ਵਿਚ ਦੁਨੀਆ ਤੋਂ ਨਿਰਲੇਪ ਤੇ ਉਪਰਾਮ ਹੋਣ ਵਿਚ ਹੁੰਦਾ ਹੈ। ਇਹ ਦੋਵੇਂ ਹੀ ਅਸਾਧਾਰਨ ਸਿਰੇ ਹਨ, ਜਦ ਕਿ ਜ਼ਿੰਦਗੀ ਜਿਊਣ ਦਾ ਰਾਹ ਇਹਨਾਂ ਦੋਹਾਂ ਦੇ ਕਿਤੋਂ ਵਿਚਕਾਰ ਦੀ ਨਿਕਲਦਾ ਹੈ। ਇਹ ਵਿਚਕਾਰ ਦਾ ਰਾਹ ਦਸਾਂ ਨਹੁੰਆਂ ਦੀ ਕਿਰਤ ਕਰਨ ਅਤੇ ਸਬਰ ਸੰਤੋਖ ਨਾਲ ਵੰਡ ਕੇ ਖਾਣ ਦਾ ਰਾਹ ਹੈ ਜਿਸ ਵਿਚ ‘ਸੀਮਤ ਮਾਲਕਾਨਾ ਪ੍ਰਵਿਰਤੀ’ ਤੇ ‘ਸੀਮਤ ਸੰਤ ਗਿਰੀ’ ਸ਼ਾਮਿਲ ਹੁੰਦੀ ਹੈ। ਜਦੋਂ ਤੋਂ ਮਨੁੱਖ ਨੇ ਬਾਕੀ ਜੀਵਾਂ ਵਰਗੀ ਕੁਦਰਤੀ ਜੀਵਨ ਜਾਚ ਤੋਂ ਵੱਖਰਾ ਹੋ ਕੇ ਸਮਾਜਿਕ ਅਤੇ ਸਮੂਹ ਦੀ ਜੀਵਨ ਜਾਚ ਵਿਚ ਕਦਮ ਧਰਿਆ ਹੈ, ਉਦੋਂ ਤੋਂ ਉਸ ਵਿਚ ‘ਖੋਹ-ਖਿੰਜ’ ਤੇ ਕਬਜ਼ਾ ਕਰਨ ਦੀ ਪ੍ਰਵਿਰਤੀ ਨੇ ਸਿਰ ਚੁੱਕਿਆ ਹੈ। ਖੋਹ-ਖਿੰਜ ਹੋਰ ਜਾਤੀਆਂ-ਪ੍ਰਜਾਤੀਆਂ ਵਿਚ ਵੀ ਹੁੰਦੀ ਹੈ, ਪਰ ਉਨ੍ਹਾਂ ਵਿਚ ਇਹ ਸਿਰਫ਼ ਭੁੱਖ ਲੱਗਣ ‘ਤੇ ਭੋਜਨ ਦੀ ਤਲਾਸ਼ ਕਾਰਨ ਹੁੰਦੀ ਹੈ। ਜਦੋਂ ਹੀ ਇਨ੍ਹਾਂ ਜੀਵਾਂ ਦੀ ਪੇਟ ਦੀ ਭੁੱਖ-ਤੇਹ ਸ਼ਾਂਤ ਹੋ ਜਾਂਦੀ ਹੈ ਤਾਂ ਇਨ੍ਹਾਂ ਦੀ ਖੋਹ-ਖਿੰਜ ਦੀ ਪ੍ਰਵਿਰਤੀ ਅਗਲੀ ਵਾਰ ਭੁੱਖ ਲੱਗਣ ਤੱਕ ਰੁਕ ਜਾਂਦੀ ਹੈ। ਮਨੁੱਖ ਨੇ ਪੇਟ ਦੀ ਲੋੜ ਤੋਂ ਅੱਗੇ ਬਹੁਤ ਸਫ਼ਰ ਤੈਅ ਕਰ ਲਿਆ ਹੈ। ਉਸ ਨੇ ਆਪਣੇ ਆਪ ਨੂੰ ਭੋਜਨ ਖਾਣ ਤੱਕ ਸੀਮਤ ਨਹੀਂ ਰੱਖਿਆ, ਬਲਕਿ ਉਹ ਭੋਜਨ ‘ਤੇ ਕਬਜ਼ਾ ਕਰ ਕੇ ਉਸ ਨੂੰ ਸਾਂਭਣ ਵੱਲ ਤੁਰ ਪਿਆ। ਹੌਲੀ ਹੌਲੀ ਉਸ ਦੀਆਂ ਖਾਣ-ਪੀਣ ਅਤੇ ਪਹਿਨਣ ਦੀਆਂ ਵਸਤਾਂ ਤੇ ਲੋੜਾਂ ਗ਼ੈਰ ਕੁਦਰਤੀ ਰੂਪ ਵਿਚ ਵਧਦੀਆਂ ਗਈਆਂ ਅਤੇ ਇਹ ਲੋੜ ਤੋਂ ਵੱਧ ਕੇ ‘ਲਗਜ਼ਰੀ’ ਬਣ ਗਈਆਂ। ਕੁੱਝ ਲੋਕ ਆਪਣੀ ਤਾਕਤ ਦੇ ਬਲਬੂਤੇ ਆਪਣੀ ਹਰ ਤਰ੍ਹਾਂ ਦੀ ਲਗਜ਼ਰੀ ਹਾਸਲ ਕਰਨ ਵਿਚ ਕਾਮਯਾਬ ਹੋ ਗਏ ਤੇ ਉਨ੍ਹਾਂ ਨੇ ਸਾਰੇ ਕੁਦਰਤੀ ਸਾਧਨਾਂ ‘ਤੇ ਕਬਜ਼ਾ ਕਰ ਕੇ ਦੌਲਤਾਂ ਦੇ ਅੰਬਾਰ ਉਸਾਰ ਲਏ ਤੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਗ਼ੁਲਾਮ ਹੋ ਗਏ। ਸੱਤਾ ਇਸ ਧਨਾਢ ਅਤੇ ਸ਼ੋਸ਼ਕ ਜਮਾਤ ਦੇ ਹੱਥਾਂ ਦਾ ਖਿਡੌਣਾ ਬਣ ਗਈ ਅਤੇ ਉਸ ਨੇ ਧਰਮ ਨੂੰ ਵੀ ਆਪਣੇ ਆਪ ਅਤੇ ਸਿਆਸੀ ਸੱਤਾ ਨੂੰ ਜਸਟੀਫਾਈ ਕਰਨ ਦਾ ਹਥਿਆਰ ਬਣਾ ਲਿਆ। ਨਾਂ-ਥਾਂ ਬਦਲਦੇ ਗਏ, ਪਰ ਇਨ੍ਹਾਂ ਜਮਾਤਾਂ ਦਾ ਕਿਰਦਾਰ ਨਾ ਬਦਲਿਆ। ਅੱਜ ਇਹ ਧਨਾਢ ਵਰਗ ‘ਕਾਰਪੋਰੇਟ’ ਦੇ ਰੂਪ ਵਿਚ ਵਿਕਸਤ ਹੋ ਗਿਆ ਅਤੇ ਹੁਣ ਉਹ ਸੱਤਾ ਨੂੰ ਸਪਾਂਸਰ ਕਰ ਕੇ ਆਪਣੀਆਂ ਉਂਗਲਾਂ ‘ਤੇ ਨਚਾਉਣ ਲੱਗਾ ਹੈ। ਧਰਮ ਨੂੰ ਉਹ ਜਦ ਵੀ ਚਾਹੇ, ਮਨਮਰਜ਼ੀ ਦੇ ਰੂਪ ਵਿਚ ਵਰਤਣ ਲੱਗਾ ਅਤੇ ਇਕ ਤੀਜੀ ਧਿਰ ਮੀਡੀਆ ਦੇ ਰੂਪ ਵਿਚ ਤਾਕਤਵਰ ਹੋ ਕੇ ਉੱਭਰੀ, ਜਿਸ ਨੇ ਸੱਤਾ ਅਤੇ ਕਾਰਪੋਰੇਟ ਦੇ ‘ਕੱਚ’ ਨੂੰ ‘ਸੱਚ’ ਕਹਿ ਕੇ ਇਸ ਦਾ ਦੱਬ ਕੇ ‘ਗੁੱਗਾ’ ਗਾਇਆ ਅਤੇ ਇਕ ਝੂਠ ਨੂੰ ਸੌ ਸੌ ਵਾਰ ਉੱਚੀ ਉੱਚੀ ਬੋਲ ਕੇ ਸੱਚ ਨੂੰ ਝੁਠਲਾਉਣ ਦੀ ਕੋਸ਼ਿਸ਼ ਕੀਤੀ।

ਇਸ ਲਈ ਸਮਝਣ ਵਾਲੀ ਗੱਲ ਇਹ ਹੈ ਕਿ ਹਾਕਮ ਕੋਈ ਵਿਅਕਤੀ ਨਹੀਂ ਹੁੰਦਾ, ਬਲਕਿ ਇਕ ਮਾਨਸਿਕਤਾ ਹੁੰਦੀ ਹੈ, ਜੋ ਆਪਣੇ ਸਵਾਰਥ ਲਈ ਕਿੰਨੀ ਵੀ ਅਮਾਨਵੀ ਅਤੇ ਦਰਿੰਦਗੀ ਭਰਪੂਰ ਹੋ ਸਕਦੀ ਹੈ। ਸੱਤਾ ਦੇ ਇਸ ਦਾਨਵੀ ਅਤੇ ਦਰਿੰਦਾ ਕਿਰਦਾਰ ਦੀਆਂ ਇਤਿਹਾਸ ਵਿਚ ਅਨੇਕ ਉਦਾਹਰਨਾਂ ਭਰੀਆਂ ਪਈਆਂ ਹਨ। ਪਿਛਲੇ ਇਕ ਦਹਾਕੇ ਤੋਂ ਘਰੇਲੂ ਖ਼ਾਨਾ-ਜੰਗੀ ਦੇ ਸ਼ਿਕਾਰ ਸੀਰੀਆ ਬਾਰੇ ਇਹ ਜਾਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਜਿਸ ਖ਼ਾਨਾ-ਜੰਗੀ ਵਿਚ ਹੁਣ ਤੱਕ ਤਿੰਨ ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਉਸ ਦਾ ਬੁਨਿਆਦੀ ਕਾਰਨ ਕਿੰਨਾ ਮਾਮੂਲੀ ਸੀ।

2011 ਵਿਚ ਹੋਈ ਇਕ ਨਿੱਕੀ ਜਿਹੀ ਘਟਨਾ ਨੇ ਸੀਰੀਆ ਵਿਚ ਹੁਣ ਸਿਵਲ ਵਾਰ ਦਾ ਰੂਪ ਲੈ ਲਿਆ। ਦੂਜੇ ਵਿਸ਼ਵ-ਯੁੱਧ ਤੋਂ ਬਾਅਦ ਇਹ ਦੁਨੀਆ ਦਾ ਸਭ ਤੋਂ ਵੱਡਾ ਮਾਨਵੀ ਸੰਕਟ ਬਣ ਚੁੱਕਿਆ ਹੈ। ਗੱਲ 2011 ਦੀ ਹੈ, ਜਦ ਪੂਰੇ ਦੇਸ਼ ਵਿਚ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਭ੍ਰਿਸ਼ਟ ਕਿਰਦਾਰ ਦੇ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਸਨ। ਇਸ ਦੌਰਾਨ ਸੀਰੀਆ ਦੇ ਦਾਰਾ ਸ਼ਹਿਰ ਵਿਚ ਕੁਝ ਸਕੂਲੀ ਬੱਚਿਆਂ ਨੇ ਸਕੂਲ ਦੀ ਕੰਧ ‘ਤੇ ਬਸ਼ਰ ਅਲ ਅਸਦ ਦੇ ਖ਼ਿਲਾਫ਼ ਤਸਵੀਰਾਂ ਬਣਾ ਦਿੱਤੀਆਂ। ਹਾਕਮ ਇਸ ਗ਼ੈਰ ਮਾਮੂਲੀ ਗੱਲ ਤੋਂ ਏਨਾ ਤੈਸ਼ ਵਿਚ ਆ ਗਿਆ ਕਿ ਉਸ ਨੇ ਚੁੱਕ ਕੇ ਉਨ੍ਹਾਂ ਬੱਚਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਅਤੇ ਉਨ੍ਹਾਂ ਨੂੰ ਤਸੀਹੇ ਦਿੱਤੇ। ਇਸ ਨਾਲ ਸੱਤਾ ਦੇ ਵਿਰੁੱਧ ਗੁੱਸਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ। ਪਹਿਲਾਂ ਤੋਂ ਹੀ ਚੱਲ ਰਹੇ ਸਾਰੇ ਪ੍ਰਦਰਸ਼ਨ ਹਿੰਸਕ ਹੋ ਗਏ। ਸਰਕਾਰ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਥਾਂ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ ਅਤੇ ਕਈ ਲੋਕਾਂ ਦੀ ਮੌਤ ਹੋ ਗਈ। ਉਹ ਦਿਨ ਸੋ ਆਹ ਦਿਨ..ਨਾ ਲੋਕ ਹਟੇ ਨਾ ਸੱਤਾ..ਬਾਅਦ ਵਿਚ ਇਸ ਵਿਚ ਬਹੁਤ ਸਾਰੀਆਂ ਦੇਸੀ ਫ਼ਿਰਕਾਪ੍ਰਸਤ ਤਾਕਤਾਂ ਅਤੇ ਇੱਥੋਂ ਦੇ ਕੁਦਰਤੀ ਸਾਧਨਾਂ ‘ਤੇ ਕਬਜ਼ਾ ਕਰਨ ਦੀਆਂ ਚਾਹਵਾਨ ਵਿਦੇਸ਼ੀ ਤਾਕਤਾਂ ਸ਼ਾਮਿਲ ਹੋ ਗਈਆਂ ਤੇ ਇਹ ਸੰਕਟ ਸਦੀ ਦਾ ਸਭ ਤੋਂ ਵੱਡਾ ਅਮਾਨਵੀ ਸੰਕਟ ਬਣ ਗਿਆ ਜਿਸ ਵਿਚ ਹਜ਼ਾਰਾਂ ਤਾਂ ਬੱਚੇ ਹੀ ਮਾਰੇ ਜਾ ਚੁੱਕੇ ਹਨ।

ਸੱਤਾ ਦੀ ਇਸ ਹਵਸ ਦਾ ਹੀਰੋਸ਼ੀਮਾ ਤੇ ਨਾਗਾਸਾਕੀ ਵਿਚ ਸੁੱਟੇ ਐਟਮ ਬੰਬ ਤੋਂ ਵੱਡਾ ਪ੍ਰਮਾਣ ਹੋਰ ਕੀ ਹੋ ਸਕਦਾ ਹੈ ਕਿ ਆਪਣੇ ਬੰਬਾਂ ਦੀ ਤਬਾਹੀ ਪਰਖਣ ਲਈ ਅਤੇ ਪੂਰੀ ਦੁਨੀਆ ‘ਤੇ ਆਪਣੀ ਦਹਿਸ਼ਤ ਪਾਉਣ ਲਈ ਲੱਖਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ ਗਿਆ।

ਮਿਆਂਮਾਰ ਦਾ ਤਜਰਬਾ ਵੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ। ਹੰਕਾਰੇ ਹਾਕਮ ਲਈ ਜਿਊਣ ਦਾ ਮਤਲਬ ਸੱਤਾ ‘ਤੇ ਕਾਬਜ਼ ਹੋਣਾ ਹੈ। ਦੋ ਵਾਰ ਭਾਰੀ ਬਹੁਮਤ ਨਾਲ ਜਿੱਤਣ ਦੇ ਬਾਵਜੂਦ ਉਥੋਂ ਦੇ ਫ਼ੌਜੀ ਤਾਨਾਸ਼ਾਹਾਂ ਨੇ ਸੂ ਕੀ ਦੀ ਇਕ ਨਾ ਚੱਲਣ ਦਿੱਤੀ। ਹਰ ਪ੍ਰਕਾਰ ਦੀ ਨੈਤਿਕਤਾ ਨੂੰ ਛਿੱਕੇ ਤੇ ਟੰਗ ਕੇ ਇਨ੍ਹਾਂ ਨੇ ਪਹਿਲਾਂ 2017 ਵਿਚ ਰਖਾਈਨ ਸੂਬੇ ਵਿਚ ਪੰਜ ਲੱਖ ਦੇ ਕਰੀਬ ਰੋਹਿੰਗਿਆ ਮੁਸਲਮਾਨਾਂ ਨੂੰ ਦਰ-ਬਦਰ ਕੀਤਾ, ਉਨ੍ਹਾਂ ਦੇ ਘਰ ਘਾਟ ਤਬਾਹ ਕੀਤੇ, ਉਨ੍ਹਾਂ ਦੀਆਂ ਔਰਤਾਂ ਨਾਲ ਬਲਾਤਕਾਰ ਕੀਤੇ ਅਤੇ ਉਨ੍ਹਾਂ ਨੂੰ ਵੱਖ ਵੱਖ ਦੇਸ਼ਾਂ ਵਿਚ ਸ਼ਰਨਾਰਥੀਆਂ ਦੀ ਜ਼ਿੰਦਗੀ ਜਿਊਣ ‘ਤੇ ਮਜਬੂਰ ਕੀਤਾ। ਹੁਣ ਲੋਕਰਾਜੀ ਤਰੀਕੇ ਨਾਲ ਚੁਣੀ ਸੂ ਕੀ ਨੂੰ ਸਾਥੀਆਂ ਸਮੇਤ ਜੇਲ੍ਹ ਵਿਚ ਸੁੱਟ ਦਿੱਤਾ ਤੇ ਦੇਸ਼ ਨੂੰ ਖੁੱਲ੍ਹੀਆਂ ਹਵਾਵਾਂ ਤੇ ਆਜ਼ਾਦ ਫ਼ਜ਼ਾਵਾਂ ਤੋਂ ਮੌਤਾਂ ਨਾਲ ਕਰਾਹੁੰਦੀ ਅਤੇ ਹਿੱਕਾਂ ਵਿਚ ਵੱਜਦੀਆਂ ਗੋਲੀਆਂ ਨਾਲ ਦਮ ਤੋੜਦੀ ਕਲਹਿਣੀ ਫ਼ਿਜ਼ਾ ਵਿਚ ਤਬਦੀਲ ਕਰ ਦਿੱਤਾ।

ਭਾਰਤ ਦੀ ਗੱਲ ਕਰੀਏ ਤਾਂ ਇਸ ਦੀ ਵਰਤਮਾਨ ਸਰਕਾਰ ਦਾ ਲਗਭਗ ਹਰ ਕਦਮ ਲੋਕ ਵਿਰੋਧੀ ਰਿਹਾ। ਫ਼ਿਰਕਾਪ੍ਰਸਤੀ ਦੇ ਆਧਾਰ ‘ਤੇ ਵੋਟਾਂ ਦਾ ਧਰੁਵੀਕਰਨ ਕਰ ਕੇ ਸੱਤਾ ‘ਤੇ ਕਾਬਜ਼ ਹੋਈ ਇਸ ਜਮਾਤ ਨੇ ਕਿਤੇ ਵੀ ਨਾ ਲੋਕਾਂ ਦੀ ਰਾਏ ਦਾ ਸਤਿਕਾਰ ਕੀਤਾ ਅਤੇ ਨਾ ਹੀ ਲੋਕਾਂ ਦੀ ਰਾਏ ਨੂੰ ਨੀਤੀ ਨਿਰਧਾਰਨ ਵਿਚ ਕਿਧਰੇ ਸ਼ਾਮਿਲ ਕੀਤਾ। ਹਰ ਕੰਮ ਤਾਨਾਸ਼ਾਹੀ ਰਵੱਈਏ ਨਾਲ ਤਾਕਤ ਦੇ ਜ਼ੋਰ ‘ਤੇ ਐਮਰਜੈਂਸੀ ਵਰਗੇ ਹਾਲਾਤ ਬਣਾ ਕੇ ਕੀਤਾ। ਨੋਟਬੰਦੀ ਵੀ ਇਸੇ ਤਰ੍ਹਾਂ ਹੋਈ, ਧਾਰਾ 370 ਵੀ ਇਸੇ ਤਰ੍ਹਾਂ ਹਟਾਈ ਗਈ, ਜੰਮੂ ਕਸ਼ਮੀਰ ਤੋਂ ਰਾਜ ਦਾ ਰੁਤਬਾ ਖੋਹ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਅਤੇ ਉੱਥੇ ਲੋਕਾਂ ਦੀ ਸਰਕਾਰ ਨੂੰ ਬਰਖ਼ਾਸਤ ਕਰ ਕੇ ਤੇ ਕਈ-ਕਈ ਵਾਰ ਮੁੱਖ ਮੰਤਰੀ ਤੱਕ ਰਹੇ ਵਿਅਕਤੀਆਂ ਨੂੰ ਦੇਸ਼ ਧਰੋਹੀ ਗਰਦਾਨ ਕੇ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ। ਸੀਏਏ ਤੇ ਐਨਆਰਸੀ ਵਿਚ ਕਿਧਰੇ ਵੀ ਅਵਾਮ ਦੀ ਰਾਏ ਨਹੀਂ ਲਈ ਗਈ ਅਤੇ ਪੂਰੇ ਦੇਸ਼ ਦੇ ਹਰ ਨਾਗਰਿਕ ਦੀ ਨਾਗਰਿਕਤਾ ਨੂੰ ਸ਼ੱਕ ਦੇ ਦਾਇਰੇ ਵਿਚ ਲਿਆ ਖੜਾ ਕੀਤਾ। ਕਰੋਨਾ ਦੀ ਹੈਲਥ ਐਮਰਜੈਂਸੀ ਦੌਰਾਨ ਕਿਸਾਨਾਂ ਦੇ ਖ਼ਿਲਾਫ਼ ਅਜਿਹੇ ਤਿੰਨ ਕਾਨੂੰਨ ਪਾਸ ਕੀਤੇ ਕਿ ਅੰਨਦਾਤੇ ਨੂੰ ‘ਕਿਰਤ ਵਾਲੇ ਖੇਤ’ ਛੱਡ ਕੇ ‘ਜੰਗ ਵਾਲੇ ਖੇਤ’ ਵਿਚ ਆਉਣਾ ਪਿਆ। ਅੱਜ 112 ਤੋਂ ਉੱਪਰ ਦਿਨ ਲੰਘ ਚੁੱਕੇ ਹਨ, ਸਰਕਾਰ ਆਰਾਮ ਨਾਲ ਜਹਾਜ਼ਾਂ ਦੇ ਝੂਟੇ ਲੈ ਚੋਣ ਪ੍ਰਚਾਰ ਕਰਦੀ ਫਿਰਦੀ ਹੈ ਤੇ ਇਨ੍ਹਾਂ ਕਿਸਾਨਾਂ ਲਈ ਪਾਣੀ ਦੇ ਟੈਂਕਰ ਆਉਣ ਵਾਲੇ ਰਾਹ ‘ਤੇ ਵੀ ਕਿੱਲਾਂ ਤੇ ਤਾਰਾਂ ਵਿਛਾ ਦਿੱਤੀਆਂ। 300 ਤੋਂ ਵੱਧ ਕਿਸਾਨਾਂ ਦੇ ਘਰਾਂ ਵਿਚ ਸੱਥਰ ਵਿਛ ਚੁੱਕੇ ਹਨ, ਪਰ ਸਰਕਾਰ ਤਾਂ ਸਰਕਾਰ ਹੈ, ਮਜਾਲ ਹੈ ਕੰਨ ‘ਤੇ ਜੂੰ ਵੀ ਸਰਕੀ ਹੋਵੇ? ਕੀ ਦੇਸ਼-ਭਗਤਾਂ ਨੇ ਅਜਿਹੇ ਹੰਕਾਰੇ ਹਾਕਮਾਂ ਦਾ ਸੁਪਨਾ ਲਿਆ ਸੀ, ਜਿਨ੍ਹਾਂ ਲਈ ‘ਆਪਣੀ ਇਮੇਜ’ 300 ਬੇਕਸੂਰ ਕਿਸਾਨਾਂ ਦੀਆਂ ਲਾਸ਼ਾਂ ਤੋਂ ਵੀ ਵੱਡੀ ਹੋ ਸਕਦੀ ਹੈ?

ਲੇਬਰ ਐਕਟ ਵਿਚ ਕੀਤੀਆਂ ਸੋਧਾਂ ਦਾ ਮਸਲਾ ਅਜੇ ਭਖਣਾ ਹੈ। ਉਥੇ ਵੀ ਫ਼ੈਕਟਰੀ ਮਾਲਕਾਂ ਨੂੰ ਬੇਇੰਤਹਾ ਅਖ਼ਤਿਆਰ ਦੇ ਦਿੱਤੇ ਅਤੇ ਮਜ਼ਦੂਰ ਤੋਂ ਅੱਠ ਘੰਟਿਆਂ ਦੀ ਥਾਂ ਤੇ ਜਿੰਨੇ ਮਰਜ਼ੀ ਘੰਟੇ ਕੰਮ ਕਰਾਉਣ ਦਾ ਫ਼ਰਮਾਨ ਲਾਗੂ ਕਰ ਦਿੱਤਾ। ਵਿਰੋਧ ਦੀ ਹਰ ਆਵਾਜ਼ ਨੂੰ ਦੇਸ਼ ਦੇ ਖ਼ਿਲਾਫ਼ ਆਵਾਜ਼ ਕਹਿ ਕੇ ਕਿੰਨੇ ਹੀ ਲੋਕਾਂ ‘ਤੇ ਦੇਸ਼ ਧਰੋਹ ਦੇ ਕੇਸ ਦਰਜ ਕਰ ਦਿੱਤੇ। ਵਰਵਰਾ ਰਾਓ ਤੋਂ ਲੈ ਕੇ ਰਵੀ ਦਿਸ਼ਾ ਅਤੇ ਨੌਦੀਪ ਤੱਕ ਸੈਂਕੜੇ ਸੰਘਰਸ਼ੀ ਕਾਰਕੁਨ ਅਤੇ ਚਿੰਤਕ ਜਾਂ ਤਾਂ ਜੇਲ੍ਹਾਂ ਦੀ ਹਵਾ ਖਾ ਚੁੱਕੇ ਹਨ, ਜਾਂ ਬਿਨਾਂ ਐਫ ਆਈ ਆਰ ਤੋਂ ਹੀ ਅਜੇ ਜੇਲ੍ਹਾਂ ਵਿਚ ਸੜ ਰਹੇ ਹਨ।

ਕਿਸੇ ਸਮੇਂ ਸਰਕਾਰਾਂ ਨੇ ਜਦ ਕੋਈ ਮਹਿਕਮਾ ਪ੍ਰਾਈਵੇਟ ਕਰਨਾ ਹੁੰਦਾ ਸੀ ਤਾਂ ਉਸ ਲਈ ਤਰ੍ਹਾਂ ਤਰ੍ਹਾਂ ਦੇ ਗਰਾਊਡ ਤਿਆਰ ਕੀਤੇ ਜਾਂਦੇ ਸਨ, ਪਰ ਹੁਣ ਬਹੁਤ ਬੇਸ਼ਰਮੀ ਨਾਲ ਬਾਕਾਇਦਾ ਇਕ ਵਿਨਿਵੇਸ਼ ਵਿਭਾਗ(Disinvestment Department) ਬਣਾ ਦਿੱਤਾ ਗਿਆ, ਜਿਹੜਾ ਬਾਕਾਇਦਾ ਇਸ ਕੰਮ ਦੀ ਯੋਜਨਾਬੰਦੀ ਕਰਦਾ ਹੈ ਕਿ ਕਦ ਕਿਹੜਾ ਮਹਿਕਮਾ ਕਿਵੇਂ ਪ੍ਰਾਈਵੇਟ ਕਰਨਾ ਹੈ। ਪਹਿਲਾਂ ਵੀ ਕਈ ਬੈਂਕਾਂ ਨੂੰ ਇੱਕਠਾ ਕਰ ਕੇ ਸਟੇਟ ਬੈਂਕ ਆਫ਼ ਇੰਡੀਆ ਵਿਚ ਮਿਲਾ ਦਿੱਤਾ ਸੀ ਤੇ ਹੁਣ ਫੇਰ ਕਈ ਬੈਂਕਾਂ ਨੂੰ, ਰੇਲਵੇ, ਐਲ ਆਈ ਸੀ ਅਤੇ ਏਅਰਪੋਰਟਾਂ ਨੂੰ ਕਾਰਪੋਰੇਟ ਕੋਲ ਵੇਚਣ ਦੀ ਤਿਆਰੀ ਹੈ।

ਦਿੱਲੀ ਵਿਚ ਚੁਣੀ ਹੋਈ ਸਰਕਾਰ ਦੇ ਪਰ ਕੁਤਰਨ ਲਈ ਐਲ ਜੀ ਨੂੰ ਹੋਰ ਸ਼ਕਤੀਆਂ ਦਿੱਤੀਆਂ ਜਾ ਰਹੀਆਂ ਹਨ, ਕਿਉਂਕਿ ਕੇਂਦਰੀ ਸੱਤਾ ਨੂੰ ਸ਼ਾਇਦ ਹੁਣ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਹੈ ਕਿ ਉਹ ਦਿੱਲੀ ਦੀ ਸੱਤਾ ‘ਤੇ ਕਦੇ ਕਾਬਜ਼ ਨਹੀਂ ਹੋ ਸਕੇਗੀ, ਇਸ ਲਈ ਉਹ ਐਲ ਜੀ ਰਾਹੀਂ ਦਿੱਲੀ ਦੀ ਸਰਕਾਰ ਨੂੰ ਆਪਣੇ ਕਾਬੂ ਵਿਚ ਰੱਖਣਾ ਚਾਹੁੰਦੀ ਹੈ। ਰਸੋਈ ਗੈਸ ਅਤੇ ਡੀਜ਼ਲ ਪੈਟਰੋਲ ਤੋਂ ਸਬਸਿਡੀ ਖ਼ਤਮ ਕੀਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਦੀਆਂ ਨਿੱਤ ਵਧਦੀਆਂ ਕੀਮਤਾਂ ਨੇ ਮਿਡਲ ਕਲਾਸ ਤੱਕ ਦਾ ਕਚੂਮਰ ਕੱਢ ਦਿੱਤਾ ਹੈ। ਵੋਟਾਂ ਵਿੱਚੋਂ ਇਹ ਸਾਰੇ ਮੁੱਦੇ ਗ਼ਾਇਬ ਹੋ ਜਾਂਦੇ ਹਨ ਤੇ ਇੱਕੋ ਮੁੱਦਾ ‘ਜੈ ਸ਼੍ਰੀ ਰਾਮ’ ਦਾ ਬਚ ਜਾਂਦਾ ਹੈ। ਕਿਉਂਕਿ ਲੋਕਾਂ ਦੇ ਅਸਲ ਮੁੱਦਿਆਂ ‘ਤੇ ਤਾਂ ਇਨ੍ਹਾਂ ਕੋਲ ਕਹਿਣ ਨੂੰ ਕੁੱਝ ਨਹੀਂ, ਇਸ ਲਈ ਇਸ ਤਰ੍ਹਾਂ ਦੇ ਇਮੋਸ਼ਨਲ ਮੁੱਦੇ ਭੜਕਾ ਕੇ ਵੋਟਰਾਂ ਦਾ ਧਰੁਵੀਕਰਨ ਕਰ ਲਿਆ ਜਾਂਦਾ ਹੈ। ਕਿਸਾਨਾਂ ਦੇ ਖ਼ਿਲਾਫ਼ ਬਣੇ ਤੀਜੇ ਕਾਨੂੰਨ (ਜ਼ਰੂਰੀ ਵਸਤਾਂ ਐਕਟ) ਦੇ ਤਹਿਤ ਅਨਾਜ ਤੇ ਦਾਲਾਂ ਤੋਂ ਲੈ ਕੇ ਹਰ ਵਸਤ ਕਾਰਪੋਰੇਟ ਦੇ ਗੋਦਾਮ ਤੇ ਕੋਲਡ ਸਟੋਰਾਂ ਕੋਲ ਚਲੀ ਜਾਣੀ ਹੈ। ਫਿਰ ਡੀਜ਼ਲ ਤੇ ਪੈਟਰੋਲ ਵਾਂਗ ਰੋਜ਼ ਇਸ ਦੇ ਰੇਟ ਵਧਿਆ ਕਰਨਗੇ ਤੇ ਅੱਜ ਚੁੱਪ ਕਰ ਕੇ ਘਰ ਬੈਠੀ ਜਨਤਾ ਫਿਰ ਅੱਖਾਂ ਵਿਚ ਘਸੁੰਨ ਦੇ ਕੇ ਰੋਇਆ ਕਰੇਗੀ। ਵਕਤ ਨੇ ਲੋਕਾਂ ਤੋਂ ਇਹ ਹਿਸਾਬ ਪੁੱਛਣਾ ਹੈ ਕਿ ਜਦ ਕਸ਼ਮੀਰ ਨੂੰ ਇੱਕ ਸਾਲ ਨਜ਼ਰਬੰਦ ਕੀਤਾ ਸੀ ਤਾਂ ਸਾਰਾ ਭਾਰਤ ਕਿੱਥੇ ਸੀ, ਜਦ ਕਸ਼ਮੀਰ ਤੋਂ ਰਾਜ ਦਾ ਦਰਜਾ ਖੋਹਿਆ ਸੀ ਤਾਂ ਦਿੱਲੀ ਦਾ ਮੁੱਖ ਮੰਤਰੀ ਸੱਤਾ ਦੀ ਪੈਰਵਾਈ ਕਰ ਰਿਹਾ ਸੀ ਤੇ ਜਦ ਹੁਣ ਦਿੱਲੀ ਦੇ ਪਰ ਕੁਤਰੇ ਜਾ ਰਹੇ ਹਨ ਤਾਂ ਉਹ ਦੂਜਿਆਂ ਤੋਂ ਆਪਣੀ ਪੈਰਵਾਈ ਦੀ ਆਸ ਕਿਵੇਂ ਕਰ ਰਿਹਾ ਹੈ। ਜਦ ਕਿਸਾਨ ਸਰਹੱਦਾਂ 'ਤੇ ਬੈਠੇ ਸੀ ਤਾਂ ਬੈਂਕਾਂ ਦੇ ਲੱਖਾਂ ਮੁਲਾਜ਼ਮ ਕਿੱਥੇ ਸੀ, ਜਦ ਬੈਂਕ ਦੇ ਲੱਖਾਂ ਮੁਲਾਜ਼ਮ ਸੜਕਾਂ 'ਤੇ ਸੀ, ਤਾਂ ਜ਼ਿੰਦਾਬਾਦ-ਮੁਰਦਾਬਾਦ ਕਰਦੇ ਅਧਿਆਪਕ ਕਿੱਥੇ ਸੀ, ਜਦ ਅਧਿਆਪਕ ਪੁਤਲੇ ਫ਼ੂਕ ਰਹੇ ਸੀ ਤੇ ਧਰਨੇ ਦੇ ਰਹੇ ਸੀ, ਤਦ ਮਹਿੰਗਾਈ ਦੇ ਖ਼ਿਲਾਫ਼ ਲੜਨ ਵਾਲੇ ਲੋਕ ਕਿੱਥੇ ਸੀ? ਇਹੀ ਮਾਹੌਲ ਸੱਤਾ ਨੂੰ ਰਾਸ ਆਉਂਦਾ ਹੈ ਕਿ ਲੋਕ ਪੀੜਤ ਤਾਂ ਬੇਸ਼ੱਕ ਰਹਿਣ, ਪਰ ਜਥੇਬੰਦ ਨਾ ਹੋਣ, ਇੱਕ ਦੂਜੇ ਦਾ ਦਰਦ ਸਮਝ ਕੇ ਉਸ ਦੀ ਦਵਾਈ ਬਣਨ ਦੀ ਕੋਸ਼ਿਸ਼ ਨਾ ਕਰਨ। ਜਾਗੋ ਲੋਕੋ ਜਾਗੋ..ਜੇ ਹੁਣ ਨਾ ਜਾਗੇ ਤਾਂ ਬਹੁਤ ਦੇਰ ਹੋ ਜਾਵੇਗੀ...ਕਿਉਂਕਿ ਫਿਰ ਜਦ ਜਾਗੋਗੇ, ਤਦ ਸਾਰਾ ਮਾਲ-ਖ਼ਜ਼ਾਨਾ ਲੁੱਟ ਚੁੱਕਾ ਹੋਵੇਗਾ ਤੇ ਬਚਾਉਣ ਵਾਲਾ ਕੁੱਝ ਬਚਣਾ ਹੀ ਨਹੀਂ। ਮਾਰਟਿਨ ਨੀਲੋਫ਼ਰ ਦੀ ਇੱਕ ਨਿੱਕੀ ਜਿਹੀ ਕਵਿਤਾ ਯਾਦ ਆ ਰਹੀ ਹੈ :

ਪਹਿਲਾਂ ਉਹ ਕਮਿਊਨਿਸਟਾਂ ਨੂੰ ਮਾਰਨ ਲਈ ਆਏ

ਪਰ ਮੈਂ ਆਵਾਜ਼ ਨਹੀਂ ਉਠਾਈ

ਕਿਉਂਕਿ ਮੈਂ ਕਮਿਊਨਿਸਟ ਨਹੀਂ ਸਾਂ

ਦੁਬਾਰਾ ਉਹ ਯਹੂਦੀਆਂ ਨੂੰ ਮਾਰਨ ਆਏ

ਮੈਂ ਚੁੱਪ ਰਿਹਾ

ਕਿਉਂਕਿ ਮੈਂ ਯਹੂਦੀ ਵੀ ਨਹੀਂ ਸਾਂ

ਫਿਰ ਉਹ ਟਰੇਡ-ਯੂਨੀਅਨ ਵਾਲਿਆਂ ਨੂੰ ਮਾਰਨ ਆਏ

ਪਰ ਮੈਂ ਫਿਰ ਵੀ ਨਹੀਂ ਬੋਲਿਆ

ਕਿਉਂਕਿ ਮੈਂ ਟ੍ਰੇਡ-ਯੂਨੀਅਨਿਸਟ ਨਹੀਂ ਸਾਂ

ਫੇਰ ਉਹ ਮੇਰੇ ਲਈ ਆਏ

ਉਦੋਂ ਤੱਕ ਕੋਈ ਨਹੀਂ ਸੀ ਬਚਿਆ

ਜੋ ਮੇਰੇ ਲਈ ਬੋਲਦਾ

Current Affairs
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ

ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ...

By ਗੁਰਪ੍ਰੀਤ ਸਿੰਘ
April 13, 2021
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ

ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜ...

By Vijay Bombeli
April 13, 2021
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ