ਗੰਗਾ ਮਈਆ ਵੀ ਦੁਖੀ

ਅੱਜ ਮੁਲਕ ਦੇ ਹਾਲਾਤ ਤਰਸਯੋਗ ਬਣੇ ਪਏ ਹਨ। ਕਿਤੇ ਤਾਂ ਆਕਸੀਜਨ ਖੁਣੋਂ ਲੋਕ ਮਰ ਰਹੇ ਹਨ ਅਤੇ ਕਿਤੇ ਵੈਂਟੀਲੇਟਰ ਮਰੀਜ਼ਾਂ ਨੂੰ ਮਿਲ ਨਹੀਂ ਰਹੇ। ਹੋਰ ਤੇ ਹੋਰ ਕਈ ਹਸਪਤਾਲਾਂ ਵਾਲਿਆਂ ਨੇ ਤਾਂ ਬਾਹਰੋਂ ਤਾਲੇ ਵੀ ਲਗਾ ਦਿੱਤੇ ਹੋਏ ਨੇ, ਕਿ ਸਾਡੇ ਕੋਲ ਬੈੱਡ ਨਹੀਂ ਹਨ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦਾ ਇੱਕੋ ਜਿਹਾ ਹਾਲ ਹੋਇਆ ਪਿਆ ਹੈ। ਵੈਕਸੀਨ ਵੀ ਲੰਗੜੀ ਚਾਲ ਦੇ ਅਧੀਨ ਹੈ। ਪਰ ਲੀਡਰ ਵੈਕਸੀਨ ਲਗਵਾ ਕੇ ਚੌਧਰਾਂ ਚਾੜ ਰਹੇ ਹਨ ਅਤੇ ਰੋਣ ਦਾ ਨਾਟਕ ਕਰ ਰਹੇ ਹਨ। ਕੁੱਲ ਮਿਲਾ ਕੇ ਕਹਿ ਲਈਏ ਤਾਂ, ਇਹ ਹੀ ਠੀਕ ਹੋਵੇਗਾ ਕਿ ਸਾਡੇ ਮੁਲਕ ਦੇ ਹਾਲਾਤ ਏਨੇ ਜ਼ਿਆਦਾ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਖ਼ਰਾਬ ਨਹੀਂ ਹੋਏ, ਜਿਨ੍ਹੇ ਹਾਲਾਤ ਲੀਡਰਾਂ ਦੇ ਝੂਠੇ ਵਾਅਦਿਆਂ ਅਤੇ ਫ਼ੁਕਰਪੁਣੇ ਦੇ ਕਾਰਨ ਖ਼ਰਾਬ ਹੋਏ ਹਨ। ਭਾਰਤ ਦਾ ਕੋਈ ਵੀ ਸੂਬਾ ਅਜਿਹਾ ਨਹੀਂ ਬਚਿਆ, ਜਿੱਥੇ ਕੋਰੋਨਾ ਨਾ ਪੁੱਜਿਆ ਹੋਵੇ। ਵਿਗਿਆਨੀਆਂ ਮੁਤਾਬਿਕ, ਭਾਵੇਂ ਹੀ ਕੋਰੋਨਾ ਇੱਕ ਆਮ ਫਲੂ ਹੈ, ਪਰ ਇਸ ਆਮ ਫਲੂ ਨੇ ਐਨੀਆਂ ਜਾਨਾਂ ਲੈ ਲਈਆਂ ਹਨ ਕਿ, ਲਾਸ਼ਾਂ ਨੂੰ ਫੂਕਣ ਲਈ ਸ਼ਮਸ਼ਾਨ ਘਾਟਾਂ ਦੀ ਕਮੀ ਨਜ਼ਰ ਆ ਰਹੀ ਹੈ। ਕਈ ਜਗ੍ਹਾਵਾਂ ਤੋਂ ਖ਼ਬਰਾਂ ਇਹ ਮਿਲੀਆਂ ਹਨ ਕਿ, ਜਿਹੜੇ ਪਾਰਕ ਲੋਕਾਂ ਦੇ ਟਹਿਲਣ ਜਾਂ ਫਿਰ ਸੈਰ ਕਰਨ ਵਾਸਤੇ ਬਣਾਏ ਗਏ ਸਨ, ਉੱਥੇ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ।

ਹਾਲਾਤ ਤਾਂ ਉਦੋਂ ਵਿਗੜਦੇ ਵਿਖਾਈ ਦਿੱਤੇ ਹਨ, ਜਦੋਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਲਈ ਲੱਕੜਾਂ ਅਤੇ ਸ਼ਮਸ਼ਾਨਘਾਟ ਵਿੱਚ ਵੀ ਜ਼ਮੀਨ ਦੀ ਕਮੀ ਨਜ਼ਰ ਆਈ। ਪਹਿਲੋਂ ਤਾਂ ਜਿਨ੍ਹਾਂ ਦੇ ਪਰਿਵਾਰ ਵਾਲੇ ਕੋਰੋਨਾ ਦੀ ਬਿਮਾਰੀ ਕਾਰਨ ਮਰ ਗਏ, ਉਨ੍ਹਾਂ ਨੂੰ ਹਸਪਤਾਲ ਵਿੱਚੋਂ ਸਹੀ ਸਲਾਮਤ ਲਾਸ਼ ਹੀ ਨਹੀਂ ਮਿਲੀ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਲਾਸ਼ ਹੀ ਬਦਲ ਕੇ ਦੇ ਦਿੱਤੀ ਗਈ ਅਤੇ ਅੱਗੇ ਜਦੋਂ ਲਾਸ਼ ਦੇ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਲਿਜਾਇਆ ਗਿਆ ਤਾਂ, ਉੱਥੇ ਐਨੀਆਂ ਲਾਸ਼ਾਂ ਬਲ ਰਹੀਆਂ ਸਨ ਕਿ, ਲਾਸ਼ਾਂ ਨੂੰ ਕਈ ਪਰਿਵਾਰਾਂ ਨੇ ਨਦੀਆਂ ਵਿੱਚ ਵਹਾਉਣਾ ਸ਼ੁਰੂ ਕਰ ਦਿੱਤਾ। ਬਹੁਤੀਆਂ ਖ਼ਬਰਾਂ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈਆਂ, ਜਿੱਥੇ ਗੰਗਾ ਨਦੀ ਵਿੱਚ ਲਾਸ਼ਾਂ ਤੈਰਦੀਆਂ ਵਿਖਾਈ ਦਿੱਤੀਆਂ। ਅੰਤਰਰਾਸ਼ਟਰੀ ਮੀਡੀਆ ਅਦਾਰਾ ਬੀਬੀਸੀ ਤੋਂ ਇਲਾਵਾ ਭਾਰਤ ਦੇ ਮਸ਼ਹੂਰ ਟੀਵੀ ਚੈਨਲ ਐਨਡੀਟੀਵੀ ਇੰਡੀਆ ਅਤੇ ਹੋਰ ਤਮਾਮ ਯੂ ਟਿਊਬ ਚੈਨਲਾਂ ਦੁਆਰਾ ਗੰਗਾ ਵਿੱਚ ਤੈਰਦੀਆਂ ਲਾਸ਼ਾਂ ਅਤੇ ਲਾਸ਼ਾਂ ਦੇ ਕੋਲ ਕੁੱਤੇ ਅਤੇ ਹੋਰ ਜਾਨਵਰਾਂ ਦੀਆਂ ਤਸਵੀਰਾਂ ਵੀ ਵਿਖਾਈਆਂ। ਗੰਗਾ ਕੰਡੇ ਵਸੇ ਲੋਕਾਂ ਨੇ ਤੈਰਦੀਆਂ ਲਾਸ਼ਾਂ ਦੀਆਂ ਵੀਡੀਓ ਵੀ ਬਣਾ ਕੇ ਸ਼ੇਅਰ ਕੀਤੀਆਂ, ਪਰ ਜਿਨ੍ਹਾਂ ਲੋਕਾਂ ਨੇ ਉਕਤ ਵੀਡੀਉਜ਼ ਦੀ ਕੈਪਸ਼ਨ ਵਿੱਚ ਕੁੱਝ ਲਿਖਿਆ, ਉਹਦੇ ‘ਤੇ ਹੀ ਸਵਾਲ ਗੋਦੀ ਮੀਡੀਆ ਅਤੇ ਸਰਕਾਰ ਪੱਖੀ ਲੋਕਾਂ ਨੇ ਉਠਾਉਣੇ ਸ਼ੁਰੂ ਕਰ ਦਿੱਤੇ।

ਸਵਾਲ ਤਾਂ, ਆਖ਼ਰ ਮੀਡੀਆ ਵੱਲੋਂ ਸਰਕਾਰ ਨੂੰ ਇਹ ਕਰਨੇ ਬਣਦੇ ਸਨ ਕਿ, ਕੋਰੋਨਾ ਭਾਰਤ ਵਿੱਚ ਐਨਾ ਕਿਵੇਂ ਫੈਲਿਆ? ਭਾਰਤ ਸਰਕਾਰ ਕੀ ਕਰ ਰਹੀ ਸੀ? ਕਿਉਂ ਨਹੀਂ ਲਾਕਡਾਊਨ ਲਗਾਉਣ ਤੋਂ ਬਾਅਦ ਵੀ ਕੋਰੋਨਾ ਕੰਟਰੋਲ ਵਿੱਚ ਹੋਇਆ? ਸਭਨਾਂ ਦੇਸ਼ਾਂ ਨਾਲੋਂ ਵੈਕਸੀਨ ਬਣਾ ਕੇ ਵੀ ਅਸੀਂ ਮੁਸੀਬਤਾਂ ਵਿੱਚ ਕਿਉਂ ਹਾਂ? ਜੇਕਰ ਸ਼ਮਸ਼ਾਨ ਘਾਟਾਂ ਵਿੱਚ ਥਾਂ ਨਹੀਂ ਤਾਂ, ਦੱਸੋ ਲਾਸ਼ਾਂ ਨੂੰ ਕਿੱਥੇ ਫੂਕੀਏ? ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਲਈ ਲੱਕੜਾਂ ਹੀ ਨਹੀਂ ਤਾਂ, ਫਿਰ ਅਸੀਂ ਲਾਸ਼ਾਂ ਦਾ ਕੀ ਕਰੀਏ? ਇਨ੍ਹਾਂ ਸਾਰੇ ਸਵਾਲਾਂ ਨੂੰ ਗੋਦੀ ਮੀਡੀਆ ਨੇ ਦਰਕਿਨਾਰ ਕਰਕੇ, ਸਰਕਾਰ ਪੱਖੀ ਬੋਲੀ ਬੋਲਦਿਆਂ ਹੋਇਆ ਕਹਿਣਾ ਸ਼ੁਰੂ ਕਰ ਦਿੱਤਾ ਕਿ, ਗੰਗਾ ਮਈਆ ਦੀ ਬੇਅਦਬੀ ਕਰ ਰਹੇ ਨੇ ਲੋਕ! ਲੋਕਾਂ ਨੂੰ ਸਮਝ ਨਹੀਂ ਕਿ, ਕਿਸ ਤਰ੍ਹਾਂ ਲਾਸ਼ ਨੂੰ ਜਲਾਇਆ ਜਾਂਦਾ ਹੈ? ਗੋਦੀ ਮੀਡੀਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਰਕਾਰ ਦੀ ਬਜਾਏ, ਲੋਕਾਂ ਨੂੰ ਹੀ ਦੋਸ਼ ਦਿੰਦਾ ਰਿਹਾ ਹੈ ਕਿ ਲੋਕ ਹੀ ਦੋਸ਼ੀ ਹਨ ਅਤੇ ਜੇਕਰ ਉਨ੍ਹਾਂ ਨੂੰ ਕੋਰੋਨਾ ਨੇ ਆਪਣੀ ਲਪੇਟ ਵਿੱਚ ਲਿਆ ਹੈ ਤਾਂ, ਇਹਦੇ ਲਈ ਜ਼ਿੰਮੇਵਾਰ ਸਿਰਫ਼ ਤੇ ਸਿਰਫ਼ ਲੋਕ ਹਨ, ਨਾ ਕਿ ਸਰਕਾਰ। ਖ਼ੈਰ, ਸਰਕਾਰ ਪੱਖੀ ਇਸ ਗੋਦੀ ਮੀਡੀਆ ਨੂੰ ਸਾਡੇ ਕੁੱਝ ਸਵਾਲ ਹਨ ਕਿ, ਮੰਨਦੇ ਹਾਂ ਕਿ ਲੋਕ ਜ਼ਿੰਮੇਵਾਰ ਹੋਣਗੇ, ਲੋਕਾਂ ਨੇ ਨਿਯਮਾਂ ਦੀ ਪਾਲਨਾ ਨਹੀਂ ਕੀਤੀ ਤਾਂ ਹੀ ਕੋਰੋਨਾ ਫੈਲਿਆ। ਪਰ ਕੋਰੋਨਾ ਨੂੰ ਵਿਦੇਸ਼ਾਂ ਤੋਂ ਪਹਿਲੋਂ ਲਿਆਇਆ ਕੌਣ ਸੀ, ਅਮੀਰ ਜਾਂ ਫਿਰ ਗ਼ਰੀਬ?

ਕੋਰੋਨਾ ਵਾਇਰਸ ਜਦੋਂ ਲੰਘੇ ਸਾਲ ਸਤੰਬਰ-ਅਕਤੂਬਰ ਵਿੱਚ ਘੱਟ ਗਿਆ ਸੀ ਤਾਂ, ਸਰਕਾਰ ਆਗਾਮੀ ਸਮੇਂ ਲਈ ਚੌਕੰਨੀ ਕਿਉਂ ਨਹੀਂ ਹੋਈ? ਸਰਕਾਰ ਨੇ ਵੈਂਟੀਲੇਟਰਾਂ ਦਾ ਪ੍ਰਬੰਧ ਕਿਉਂ ਨਹੀਂ ਕੀਤਾ? ਆਕਸੀਜਨ ਪਲਾਂਟ ਕਿਉਂ ਨਹੀਂ ਲਗਾਏ ਗਏ? ਹਸਪਤਾਲਾਂ ਦੀ ਹਾਲਤ ਕਿਉਂ ਨਹੀਂ ਸੁਧਾਰੀ ਗਈ? ਸਰਕਾਰ ਨੇ ਲਾਕਡਾਊਨ ਤਾਂ ਲੰਘੇ ਸਾਲ ਤੋਂ ਹੁਣ ਤੱਕ ਵੀ ਲਗਾਈ ਰੱਖਿਆ ਅਤੇ ਅੱਜ ਵੀ ਲਾਕਡਾਊਨ ਕਈ ਸੂਬਿਆਂ ਵਿੱਚ ਮੁਕੰਮਲ ਤੌਰ ‘ਤੇ ਜਾਰੀ ਹੈ, ਪਰ ਕੀ ਇਹ ਲਾਕਡਾਊਨ ਕੋਰੋਨਾ ਦਾ ਹੱਲ ਹੈ? ਜਦੋਂ ਤਾਂ ਮੁਲਕ ਦੇ ਅੰਦਰ ਮਾਰਚ-ਅਪ੍ਰੈਲ 2021 ਵਿੱਚ ਕੋਰੋਨਾ ਕੇਸ ਵੱਧ ਰਹੇ ਸਨ ਤਾਂ, ਉਦੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਬੰਗਾਲ ਸਮੇਤ ਪੰਜ ਸੂਬਿਆਂ ਵਿੱਚ ਹੋਈਆਂ ਚੋਣਾਂ ਦੇ ਵਿੱਚ ਮਸਰੂਫ਼ ਸਨ ਅਤੇ ‘ਓ ਦੀਦੀ, ਓ ਦੀਦੀ’ ਦੇ ਨਾਅਰੇ ਲਗਾ ਰਹੇ ਸਨ। ਕੀ ਲੀਡਰਾਂ ਦੁਆਰਾ ਚੋਣ ਰੈਲੀਆਂ ਦੌਰਾਨ ਕੀਤੇ ਗਏ ਲੱਖਾਂ ਦੀ ਗਿਣਤੀ ਵਿੱਚ ਇਕੱਠ ਕਾਰਨ ਕੋਰੋਨਾ ਨਹੀਂ ਫੈਲਿਆ ਹੋਵੇਗਾ? ਅਸੀਂ ਸਾਰੀਆਂ ਗੱਲਾਂ ‘ਤੇ ਮਿੱਟੀ ਪਾ ਦਿੰਦੇ ਹਾਂ, ਪਰ ਸਰਕਾਰ ਦੱਸੇ ਕਿ ਉਹਨੇ ਕੀਤਾ ਕੀ? ਕੋਰੋਨਾ ਨਾਲ ਨਜਿੱਠਣ ਲਈ ਸਿਰਫ਼ ਤੇ ਸਿਰਫ਼ ਫੋਕੇ ਬਿਆਨ, ਫੋਕੇ ਐਲਾਨ ਕੀਤੇ ਗਏ, ਕਿੱਥੇ ਗਏ ਉਹ 20 ਲੱਖ ਕਰੋੜ ਰੁਪਏ, ਜਿਹੜੇ ਲੰਘੇ ਸਾਲ ਜਾਰੀ ਕੀਤੇ ਸਨ? ਘੱਟੋ ਘੱਟ ਜ਼ਿਆਦਾ ਕੁੱਝ ਨਹੀਂ ਤਾਂ, ਸਰਕਾਰ ਕੁੱਝ ਪੈਸੇ ਖ਼ਰਚ ਕੇ, ਹੋਰ ਵਿਕਾਸ ਕਾਰਜ ਕਰਵਾਉਣ ਦੀ ਬਿਜਾਏ, ਭਾਰਤ ਦੇ ਵਿੱਚ ਸ਼ਮਸ਼ਾਨਘਾਟ ਹੀ ਬਣਵਾ ਦਿੰਦੀ ਅਤੇ ਉੱਥੇ ਲੱਕੜਾਂ ਦੇ ਢੇਰ ਲਗਵਾ ਦਿੰਦੀ ਤਾਂ, ਜੋ ਲੋਕਾਂ ਨੂੰ ਲਾਸ਼ਾਂ ਫੂਕਣ ਲਈ ਜਗ੍ਹਾ ਤਾਂ ਮਿਲੀ ਜਾਂਦੀ। ਇਸ ਨਾਲ ਹੋਣਾ ਕੀ ਸੀ ਕਿ, ਲੋਕਾਂ ਨੂੰ ਆਪਣੇ ਸਕੇ ਸੰਬੰਧੀਆਂ ਦੀਆਂ ਲਾਸ਼ਾਂ ਗੰਗਾ ਨਦੀ ਵਿੱਚ ਨਾ ਸੁੱਟਣੀਆਂ ਪੈਂਦੀਆਂ ਅਤੇ ਨਾ ਹੀ ਲੋਕਾਂ ਨੂੰ ਨਦੀ ਦੇ ਕਿਨਾਰਿਆਂ ‘ਤੇ ਵੱਡੇ ਪੈਮਾਨੇ ‘ਤੇ ਲਾਸ਼ਾਂ ਦਫ਼ਨ ਕਰਨੀਆਂ ਪੈਂਦੀਆਂ।

ਵੱਖ ਵੱਖ ਮੀਡੀਆ ਅਦਾਰਿਆਂ ਵਿੱਚ ਚੱਲੀਆਂ ਖ਼ਬਰਾਂ ਦੀ ਮੰਨੀਏ ਤਾਂ, ਗੰਗਾ ਕੰਢੇ ਵੱਡੀ ਗਿਣਤੀ ਵਿੱਚ ਲਾਸ਼ਾਂ ਦਾ ਅੰਤਿਮ ਸੰਸਕਾਰ ਵੀ ਕੀਤਾ ਜਾ ਰਿਹਾ ਹੈ। ਪੈਸੇ ਨਾ ਹੋਣ ਕਾਰਨ ਲੋਕ, ਲਾਸ਼ਾਂ ਨੂੰ ਸਾੜਨ ਦੀ ਬਜਾਏ ਦਫ਼ਨਾ ਕੇ ਅੰਤਿਮ ਸੰਸਕਾਰ ਕਰ ਰਹੇ ਹਨ। ਗੰਗਾ ਦੇ ਕੰਢੇ ਘਾਟਾਂ ਦਾ ਆਲਮ ਇਹ ਹੈ ਕਿ ਹੁਣ ਲਾਸ਼ ਦਫ਼ਨ ਕਰਨ ਦੀ ਜਗ੍ਹਾ ਘਾਟਾਂ ‘ਤੇ ਜਗ੍ਹਾ ਨਹੀਂ ਬਚੀ ਹੈ। ਸਥਾਨਿਕ ਲੋਕਾਂ ਨੇ ਦੱਸਿਆ ਕਿ ਪਿਛਲੇ ਕਰੀਬ 30-35 ਦਿਨਾਂ ਵਿੱਚ 300 ਤੋਂ ਜ਼ਿਆਦਾ ਲਾਸ਼ਾਂ ਇੱਥੇ ਅੰਤਿਮ ਸੰਸਕਾਰ ਲਈ ਆਈਆਂ ਹਨ। ਕੁੱਝ ਅਜਿਹਾ ਹੀ ਹਾਲ ਉਂਨਾਓ ਦੇ ਦੋ ਘਾਟਾਂ ਬਕਸਰ ਅਤੇ ਰੌਤਾਪੁਰ ਵਿੱਚ ਦੇਖਣ ਨੂੰ ਮਿਲਿਆ ਹੈ। ਉਂਨਾਓ ਦੇ ਦਿਹਾਤੀ ਇਲਾਕਿਆਂ ਵਿੱਚ ਇੱਕ ਤੋਂ ਬਾਅਦ ਇੱਕ ਸ਼ੱਕੀ ਹਾਲਾਤਾਂ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਦੀ ਮੌਤ ਹੋ ਰਹੀ ਹੈ। ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਨੂੰ ਖੰਘ, ਬੁਖ਼ਾਰ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋਈ ਅਤੇ ਬਾਅਦ ਵਿੱਚ ਮੌਤ ਹੋ ਗਈ।

ਇਸ ਤਰ੍ਹਾਂ ਮਰਨ ਵਾਲਿਆਂ ਦੀ ਗਿਣਤੀ ਦਿਹਾਤੀ ਇਲਾਕਿਆਂ ਵਿੱਚ ਹੀ ਹਜ਼ਾਰਾਂ ਵਿੱਚ ਹੋਵੇਗੀ। ਉਂਨਾਓ ਦੇ ਰੌਤਾਪੁਰ ਘਾਟ ‘ਤੇ ਹੀ ਇੱਕ ਮਹੀਨੇ ਵਿੱਚ ਕਰੀਬ 300 ਲਾਸ਼ਾਂ ਨੂੰ ਦਫ਼ਨਾ ਕੇ ਅੰਤਿਮ ਸੰਸਕਾਰ ਕੀਤਾ ਗਿਆ। ਹਾਲਾਤ ਇਹ ਹਨ ਕਿ ਹੁਣ ਇੱਥੇ, ਲਾਸ਼ ਦਫ਼ਨਾਉਣ ਦੀ ਜਗ੍ਹਾ ਗੰਗਾ ਦੀ ਰੇਤ ਵਿੱਚ ਨਹੀਂ ਬਚੀ ਹੈ। ਹੁਣ ਸਿਰਫ਼ ਇੱਕ ਪੱਟੀ, ਜਿਸ ‘ਤੇ ਲਾਸ਼ਾਂ ਨੂੰ ਸਾੜ ਕੇ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ, ਬਚੀ ਹੈ। ਇਸ ਤੋਂ ਇਲਾਵਾ ਨੇੜੇ ਦੇ ਖੇਤਾਂ ਵਿੱਚ ਵੀ ਕੁੱਝ ਲੋਕ ਲਾਸ਼ਾਂ ਨੂੰ ਦਫ਼ਨਾ ਜਾਂਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਘਾਟ ‘ਤੇ ਰੌਂਤਾਪੁਰ, ਮਿਰਜ਼ਾਪੁਰ, ਲੰਗੜਾਪੁਰ, ਭਟਪੁਰਵਾ, ਰਾਜੇਪੁਰ, ਕਨਿਕਾਮਊ, ਫੱਤੇਪੁਰ ਸਮੇਤ ਦੋ ਦਰਜਨ ਤੋਂ ਜ਼ਿਆਦਾ ਪਿੰਡਾਂ ਦੇ ਲੋਕ ਅੰਤਿਮ ਸੰਸਕਾਰ ਲਈ ਆਉਂਦੇ ਹਨ। ਘਾਟ ਦੇ ਨੇੜੇ ਜਾਨਵਰ ਚਰਾਉਣ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਹੁਣ ਇੱਥੇ ਇੱਕ ਦਿਨ ਵਿੱਚ 30 ਤੱਕ ਲਾਸ਼ਾਂ ਆ ਜਾਂਦੀਆਂ ਹਨ, ਜਦੋਂ ਕਿ ਪਹਿਲਾਂ ਇੱਕ ਦਿਨ ਵਿੱਚ ਸਿਰਫ਼ ਇੱਕ ਦੋ ਲਾਸ਼ ਹੀ ਆਉਂਦੀ ਸੀ। ਇੰਨੀ ਵੱਡੀ ਗਿਣਤੀ ਵਿੱਚ ਲਾਸ਼ ਦਫ਼ਨ ਕਰਨ ਨਾਲ ਨੇੜੇ ਦੇ ਪਿੰਡਾਂ ਵਿੱਚ ਵਾਇਰਸ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਖ਼ੈਰ, ਹੁਣ ਤਾਂ ਗੰਗਾ ਮਈਆ ਵੀ ਭਾਰਤੀ ਸਿਸਟਮ ਤੇ ਸਵਾਲ ਕਰਦੀ ਹੋਵੇਗੀ ਕਿ, ਮੈਂ ਕਿਹੋ ਜਿਹੇ ਮੁਲਕ ਵਿੱਚ ਵਹਿ ਰਹੀ ਹਾਂ, ਜਿੱਥੇ ਲਾਸ਼ਾਂ ਵੀ ਮੇਰੇ ਵਿੱਚ ਹੀ ਸੁੱਟੀਆਂ ਜਾ ਰਹੀਆਂ ਨੇ ਅਤੇ ਮੇਰੇ ਅੱਗੇ ਹੀ ਦੁਆ ਕਰਕੇ, ਸਿਸਟਮ ਦੀ ਭਲਾਈ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ?

ਗੁਰਪ੍ਰੀਤ ਸਿੰਘ

WhatsApp
Facebook
Twitter
LinkedIn
Email
Reddit
mood_bad
  • No comments yet.
  • Add a comment