ਮੇਘਾ ਡਾਂਗਰੀ


ਮੇਘਾ ਡੰਗਰ ਚਰਾਉਂਦਾ ਹੁੰਦਾ ਸੀ। ਇਹ ਕਿੱਸਾ 500 ਵਰ੍ਹੇ ਪੁਰਾਣਾ ਹੈ। ਡੰਗਰਾਂ ਨਾਲ ਮੇਘਾ ਮੂੰਹ ਨ੍ਹੇਰੇ ਨਿੱਕਲ ਜਾਂਦਾ । ਜਦ ਮੁੜਦਾ ਡੂੰਘਾ ਆਥਣ ਹੁੰਦਾ। ਕੋਹਾਂ ਤੱਕ ਫੈਲਿਆ ਸਪਾਟ ਰੇਗਿਸਤਾਨ। ਮੇਘਾ ਦਿਨ ਭਰ ਦਾ ਪਾਣੀ ਮਿੱਟੀ ਦੀ ਸੁਰਾਹੀ ਵਿਚ ਲੈ ਜਾਂਦਾ। ਇਕ ਦਿਨ ਸੁਰਾਹੀ ਵਿਚ ਥੋੜ੍ਹਾ ਜਿਹਾ ਪਾਣੀ ਬਚ ਗਿਆ। ਮੇਘੇ ਨੂੰ ਪਤਾ ਨਹੀਂ ਕੀ ਸੁੱਝਿਆ, ਉਸ ਇਕ ਛੋਟਾ ਜਿਹਾ ਟੋਆ ਪੁੱਟਿਆ, ਉਸ ਵਿਚ ਬਚਿਆ ਪਾਣੀ ਪਾਇਆ ਅਤੇ ਅੱਕ ਦੇ ਪੱਤਿਆਂ ਨਾਲ ਢੱਕ ਦਿੱਤਾ। ਚਰਵਾਹੇ ਦਾ ਪੱਕਾ ਟਿਕਾਣਾ ਨਹੀਂ ਹੁੰਦਾ, ਅੱਜ ਇੱਥੇ ਕੱਲ੍ਹ ਉੱਥੇ। ਮੇਘਾ ਦੋ ਦਿਨ ਉੱਧਰ ਨਾ ਜਾ ਸਕਿਆ। ਤੀਜੇ ਦਿਨ ਜਦੋਂ ਉੱਥੇ ਅੱਪੜਿਆ ਤਾਂ ਬੇਸਬਰੀ ਨਾਲ ਪੱਤੇ ਚੁੱਕੇ। ਟੋਏ ਵਿਚ ਪਾਣੀ ਤਾਂ ਨਹੀਂ ਸੀ, ਪਰ ਵਿਚੋਂ ਠੰਢੀ ਹਵਾ ਜ਼ਰੂਰ ਰੁਮਕੀ। ਮੇਘੇ ਦੇ ਮੂੰਹੋਂ ਅਚਾਨਕ ਨਿਕਲਿਆ 'ਭਾਫ਼' ਉਸ ਨੇ ਸੋਚਿਆ ਜੇ ਜਰਾ ਜਿਹੇ ਪਾਣੀ ਨਾਲ ਸਿੱਲ੍ਹ ਬਚ ਸਕਦੀ ਹੈ ਤਾਂ ਫੇਰ ਇੱਥੇ ਤਲਾਬ ਕਿਉਂ ਨਹੀਂ ਬਣ ਸਕਦਾ? ਰੇਗਿਸਤਾਨ ਵੀ ਤਾਂ ਜਮ੍ਹਾ ਕਰ ਸਕਦਾ ਹੈ ਪਾਣੀ।

ਮੇਘੇ ਨੇ ਇਕੱਲਿਆਂ ਹੀ ਤਲਾਬ ਬਣਾਉਣਾ ਸ਼ੁਰੂ ਕਰ ਦਿੱਤਾ। ਲੋਕੀਂ ਮੁਸਕੜੀ ਹੱਸਦੇ ਪਰ ਕਲਮ-ਕੱਲਾ ਹੀ ਡਟਿਆ ਰਿਹਾ ਉਹ, ਆਪਣੇ ਅਕੀਦੇ ਨੂੰ ਪਰਖਣ ਲਈ। ਉਹ ਰੋਜ਼ ਆਪਣੇ ਨਾਲ ਕਹੀ-ਤਸਲਾ ਲੈ ਕੇ ਜਾਂਦਾ ਸਾਰਾ ਦਿਨ ਮਿਹਨਤ ਕਰਦਾ। ਡੰਗਰ ਵੀ ਆਲੇ-ਦੁਆਲੇ ਚਰਦੇ ਰਹਿੰਦੇ। ਭੀਮ ਜਿਹੀ ਤਾਕਤ ਨਹੀਂ ਸੀ ਉਸ ਵਿਚ, ਪਰ ਭੀਮ ਜਿਹਾ ਸੰਕਲਪ ਜ਼ਰੂਰ ਸੀ ਉਸ ਕੋਲ। ਦੋ ਸਾਲ ਤੱਕ 'ਕੱਲਾ ਹੀ ਲੱਗਿਆ ਰਿਹਾ। ਬਿਲਕੁਲ ਸਪਾਟ ਰੇਗਿਸਤਾਨ ਵਿਚ ਤਲਾਬ ਦਾ ਘੇਰਾ ਦੂਰੋਂ ਹੀ ਦਿਸਣ ਲੱਗ ਪਿਆ ਸੀ। ਬੰਨ੍ਹ ਦੀ ਖ਼ਬਰ ਚੁਫੇਰੇ ਫੈਲ ਗਈ।

ਹੁਣ ਰੋਜ਼ ਸਵੇਰੇ ਪਿੰਡ ਦੇ ਬੱਚੇ-ਬਜ਼ੁਰਗ ਮੇਘਾ ਦਾ ਸਾਥ ਦੇਣ ਲਈ ਆਉਣ ਲੱਗੇ। 12 ਸਾਲ ਹੋ ਚੁੱਕੇ ਸਨ, ਫੇਰ ਵੀ ਤਲਾਬ ਉੱਤੇ ਵੱਖ-ਵੱਖ ਤਰ੍ਹਾਂ ਦਾ ਕੰਮ ਚੱਲ ਰਿਹਾ ਸੀ। ਸਮੇਂ ਤੋਂ ਪਹਿਲਾਂ ਹੀ ਮੇਘਾ ਚਲ ਵਸਿਆ। ਚਿਤਾ ਉੱਤੇ ਪਤਨੀ ਦਾ ਸਤੀ ਹੋ ਜਾਣਾ ਉਸ ਸਮੇਂ ਦਾ ਚਲਣ ਸੀ ਉਧਰ, ਪਰ ਉਹ ਸਤੀ ਨਾ ਹੋਈ। ਮੇਘੇ ਦਾ ਅਧੂਰਾ ਸੁਫ਼ਨਾ ਪੂਰਾ ਕਰਨ ਲਈ ਉਸ ਸਮਾਜ ਦੀ ਇਸ 'ਰੀਤ' ਨੂੰ ਠੋਕਰ ਮਾਰ ਦਿੱਤੀ। ਪਤਨੀ ਨੇ ਮੇਘਾ ਦਾ ਕੰਮ ਚਾਲੂ ਰੱਖਿਆ, ਉਹ ਉਸ ਨੂੰ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੀ ਸੀ ਇੰਜ।

ਇਹ ਤਲਾਬ ਭਾਫ਼ ਕਾਰਨ ਬਣਨਾ ਸ਼ੁਰੂ ਹੋਇਆ ਸੀ, ਇਸੇ ਕਰਕੇ ਇਸ ਜਗ੍ਹਾ ਦਾ ਨਾਂ ਵੀ ਭਾਫ਼ ਪੈ ਗਿਆ, ਬਾਅਦ ਵਿਚ ਵਿਗੜ ਕੇ ਬਾਪ ਹੋ ਗਿਆ। ਚਰਵਾਹੇ ਮੇਘਾ ਨੂੰ ਸਮਾਜ ਨੇ ਵੀ ਮੇਘੋ ਜੀ ਦੇ ਨਾਂ ਨਾਲ ਯਾਦ ਰੱਖਿਆ।ਤਲਾਬ ਉੱਤੇ ਇੱਕ ਸੋਹਣੀ ਛਤਰੀ (ਯਾਦਗਾਰ) ਉਸ ਦੇ ਨਾਂ ਅਤੇ ਉਸ ਦੀ ਪਤਨੀ ਦੀ ਯਾਦ ਵਿਚ ਇੱਕ ਬਾਉਲੀ ਬਣਾਈ।

ਹੁਣ 'ਬਾਪ' ਬੀਕਾਨੇਰ ਅਤੇ ਜੈਸਲਮੇਰ ਦੇ ਰਾਹ ਉਤੇ ਇਕ ਛੋਟਾ ਜਿਹਾ ਕਸਬਾ ਹੈ। ਚਾਹ-ਕਚੋਰੀ ਦੀਆਂ ਪੰਜ-ਸੱਤ ਦੁਕਾਨਾਂ ਵਾਲਾ ਛੋਟਾ ਜਿਹਾ ਬੱਸ ਅੱਡਾ। ਬੱਸਾਂ ਤੋਂ ਕਿਤੇ ਉੱਚਾ ਬੰਨ੍ਹ ਅੱਡੇ ਦੇ ਲਾਗੇ ਮਾਣ-ਮੱਤੀ ਹਿੱਕ ਤਾਣੀ ਅਜੇ ਵੀ ਖੜ੍ਹਾ ਹੈ। ਭਰ-ਗਰਮੀਆਂ ਵਿਚ ਬੰਨ੍ਹ ਦੇ ਇਕ ਪਾਸੇ ਤੱਤੀ-ਲੂ ਵਗਦੀ ਹੈ, ਦੂਜੇ ਪਾਸੇ ਮੇਘੋ ਜੀ ਦੇ ਤਲਾਬ ਵਿਚ ਨਮ-ਲਹਿਰਾਂ ਉੱਠਦੀਆਂ ਹਨ। ਬਰਸਾਤ ਦੇ ਦਿਨਾਂ ਵਿਚ ਤਾਂ ਇੱਥੇ ਪਾਣੀ ਚਾਰ-ਪੰਜ ਮੀਲ ਤੱਕ ਫੈਲ ਜਾਂਦਾ ਹੈ।

ਮੇਘ (ਬੱਦਲ) ਭਾਵੇਂ ਇੱਥੇ ਘੱਟ (ਆਉਂਦੇ) ਹੋਣ, ਪਰ ਮੇਘੋ ਜੀ ਜਿਹੇ ਲੋਕਾਂ ਦੀ ਇਸ ਮਰੂ-ਭੂਮੀ ਵਿਚ ਵੀ ਕਮੀ ਨਹੀਂ। ਮੇਘਾ ਡਾਂਗਰੀ ਉਨ੍ਹਾਂ ਦਾ ਪ੍ਰੇਰਨਾ ਸ੍ਰੋਤ ਹੈ।

 

Environment
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ

ਦੂਜੀ ਲਹਿਰ ਦਾ ਆਖ ਕੇ, ਭਾਰਤ ਦੇ ਅੰਦਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਤਾਲਾਬੰਦੀ ਲਗਾਉਣ ਦੀ...

By ਗੁਰਪ੍ਰੀਤ ਸਿੰਘ
May 6, 2021
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ
ਸੱਚ ਬੋਲਿਆਂ ਭਾਂਬੜ ਮੱਚਦਾ...!

ਹੁਣ ਦਿੱਲੀ ਦੇ ਵਿੱਚ ਕਿਸਾਨ ਬੈਠੇ ਹਨ.. ਪਰ ਉਹ ਤੇ ਜ਼ਮੀਨਾਂ ਲਈ ਬੈਠੇ ਹਨ...ਤੁਹਾਡੇ ਕੋਲ ਗਵਾਉਣ ਲਈ ਜ਼ਮੀਰ ਤੋਂ ਬਿਨਾਂ ਕੀ ਹੈ... ਤੁਹਾਡੀ ਤੇ ਜ...

May 6, 2021
ਸੱਚ ਬੋਲਿਆਂ ਭਾਂਬੜ ਮੱਚਦਾ...!