ਮਿੱਟੀ ਰੁਦਨ ਕਰੇ


ਧਰਤ ਮਾਂ ਹੈ, ਮਿੱਟੀ ਪਾਲਣਹਾਰ। ਧਰਤੀ ਦਾ ਤਿੰਨ-ਚੌਥਾਈ ਹਿੱਸਾ ਪਾਣੀ ਨੇ ਮੱਲਿਆ ਹੋਇਆ ਹੈ, ਚੌਥਾ ਹਿੱਸਾ ਖ਼ੁਸ਼ਕ ਹੈ। ਇਸ ਚੌਥੇ ਹਿੱਸੇ ਦਾ ਅੱਧਾ ਹਿੱਸਾ ਮਾਰੂਥਲ, ਪਹਾੜ, ਬਰਫ਼ ਆਦਿ ਨੇ ਢਕਿਆ ਹੋਇਆ ਹੈ, ਜਿੱਥੇ ਬਹੁਤ ਗਰਮੀ, ਉੱਭੜ-ਖਾਬੜ ਅਤੇ ਜ਼ਿਆਦਾ ਸਰਦੀ ਹੈ। ਇਹ ਹਿੱਸਾ ਗ਼ੈਰ-ਉਪਜਾਊ ਹੈ। ਇਸੇ ਚੌਥੇ ਦੇ ਬਾਕੀ ਅੱਧ ਦਾ ਵੀ ਚਾਲੀ ਫ਼ੀਸਦੀ ਸੇਮ, ਦਲਦਲ, ਚਟਾਨਾਂ, ਬਹੁਤੀ ਬਾਰਸ਼ ਜਾਂ ਜ਼ਿਆਦਾ ਢਲਾਣ ਹੋਣ ਕਾਰਨ ਗ਼ੈਰ-ਉਪਜਾਊ ਹੈ। ਕੁਲ ਘਟਾ ਕੇ ਬਾਕੀ ਜੋ ਸਾਢੇ ਸੱਤ ਫ਼ੀਸਦੀ ਦੇ ਕਰੀਬ ਬਚਦਾ ਹੈ, ਉਹੀ ਹੈ ਸਾਡੀ ਧਰਤੀ ਦਾ ਉਪਜਾਊ ਮਿੱਟੀ ਵਾਲਾ ਹਿੱਸਾ। ਇਹੀ ਹਿੱਸਾ ਲੱਖਾਂ ਵਰ੍ਹਿਆਂ ਤੋਂ ਸਾਡਾ ਪਾਲਣਹਾਰ ਹੈ, ਮਨੁੱਖੀ ਸਭਿਅਤਾਵਾਂ ਦੀ ਧਰੋਹਰ ਵੀ।

ਧਰਤੀ ਦਾ ਇਹ ਹਿੱਸਾ ਜਿਸ ਉੱਪਰ ਸਾਡਾ ਸਾਰਾ ਦਾਰੋਮਦਾਰ ਹੈ, ਕਦੇ ਸਾਡੇ ਖਿਆਲ ਵਿਚ ਨਹੀਂ ਆਉਂਦਾ। ਇਸ ਨੂੰ ਗਾਰੰਟੀਸ਼ੁਦਾ ਮੰਨਿਆ ਹੋਇਆ ਹੈ ਪਰ ਅਜਿਹਾ ਹੈ ਨਹੀਂ ਜਾਂ ਅਸੀਂ ਰਹਿਣ ਨਹੀਂ ਦਿੱਤਾ। ਮਨੁੱਖ ਅਤੇ ਕੁਦਰਤ ਦੇ ਘੋਲ ਦਾ ਅਖਾੜਾ ਇਹੀ ਹਿੱਸਾ ਹੈ। ਅਸੀਂ ਬੜੀ ਨਾਸ਼ੁਕਰੀ ਨਾਲ ਇਸ ਦੀ ਵਰਤੋਂ ਕਰਦੇ ਆ ਰਹੇ ਹਾਂ। ਜੇ ਇਹ ਭੂਮੀ ਸਾਹ-ਸੱਤਹੀਣ ਹੋ ਗਈ ਤਾਂ ਕੀ ਵਾਪਰੇਗਾ? ਬੇਲਗ਼ਾਮ ਹਿਰਸ ਕਾਰਨ ਮਿੱਟੀ ਬਾਂਝ ਹੀ ਨਹੀਂ ਹੋ ਰਹੀ, ਸਗੋਂ ਉਪਜਾਊ ਪਰਤਾਂ ਉਸਾਰੀਆਂ ਹੇਠ ਆਈ ਜਾਂਦੀਆਂ ਹੋਣ ਕਾਰਨ ਇਹ ਆਕਾਰ ਵਿਚ ਵੀ ਘੱਟ ਰਹੀ ਹੈ।

ਕਦੇ ਧਰਤ ਦੀ ਇਹ ਪਰਤ ਜ਼ਰਖੇਜ਼ ਪਦਾਰਥਾਂ ਅਤੇ ਮਿੱਤਰ ਜੀਵਾਂ ਨਾਲ ਭਰਪੂਰ ਸੀ ਪਰ ਅਸੀਂ ਇਸ ਦੀ ਬੇਕਿਰਕ ਵਰਤੋਂ ਕਰਕੇ ਸਾਰਾ ਕੁਝ ਉਲਟ-ਪੁਲਟ ਕਰ ਦਿੱਤਾ ਹੈ। ਮਿੱਟੀ ਦੀ ਇਕ ਇੰਚ ਪਰਤ ਤਿਆਰ ਹੋਣ ਵਿਚ ਇਕ ਹਜ਼ਾਰ ਵਰ੍ਹਾ ਲੱਗ ਜਾਂਦਾ ਹੈ ਅਤੇ ਕੁਦਰਤਨ ਜ਼ਰਖੇਜ਼ ਹੋਣ ਵਿਚ ਤਿੰਨ ਸਦੀਆਂ। ਭਲਾ! ਸਾਡੇ ਵਿਚੋਂ ਕਿੰਨਿਆਂ ਕੁ ਨੂੰ ਪਤਾ ਹੈ, ਇਹ ਗੱਲ? 

ਮਿੱਟੀ ਦੀ ਪਰਤ ਆਪਣੇ ਅੰਦਰ ਬੜਾ ਕੁਝ ਹਾਂ-ਪੱਖੀ ਰੱਖਦੀ ਹੈ ਅਤੇ ਕੁਦਰਤੀ ਤੌਰ 'ਤੇ ਸਮਤੋਲ ਵਿਚ ਰਹਿੰਦੀ ਹੈ/ਸੀ। ਪਰ ਹੁਣ ਅਜਿਹਾ ਨਹੀਂ ਹੈ। ਕਾਰਨ, ਮਨੁੱਖ ਦੀਆਂ ਆਪਹੁਦਰੀਆਂ। ਉਪਜਾਊ ਤੱਤਾਂ ਤੋਂ (ਅਤੇ ਖਣਿਜ ਪਦਾਰਥਾਂ ਤੋਂ) ਬਿਨਾਂ ਮਿੱਟੀ ਵਿਚ ਅਨੇਕਾਂ ਹੀ ਜੀਵਾਣੂ ਹੁੰਦੇ ਹਨ/ਸਨ। ਬਹੁਤੇ ਮਿੱਤਰ ਜੀਵ ਹਨ। 

ਆਜ਼ਾਦੀ ਉਪਰੰਤ ਹਿੰਦੁਸਤਾਨ ਨੇ ਆਮ ਤੌਰ 'ਤੇ ਅਤੇ ਪੰਜਾਬ ਨੇ ਖ਼ਾਸ ਤੌਰ 'ਤੇ ਮਿੱਟੀ ਸੰਭਾਲਣ, ਵਿਗਸਾਉਣ ਦੇ ਸਦੀਆਂ ਪੁਰਾਣੇ ਅਜ਼ਮਾਏ ਹੋਏ ਢੰਗ-ਤਰੀਕੇ ਛੱਡ ਕੇ ਮੁਰਗੀ ਵਿੱਚੋਂ ਇਕੋ ਦਿਨ ਹੀ ਸੋਨੇ ਦੇ ਅੰਡੇ ਕੱਢਣ ਦਾ ਆਤਮਘਾਤੀ ਰਸਤਾ ਅਖ਼ਤਿਆਰ ਕਰ ਲਿਆ ਹੈ। ਕਸੂਰਵਾਰ ਕਿਸਾਨ ਨਹੀਂ, ਰਾਜਸੀ ਪ੍ਰਬੰਧ ਹੈ। 

ਪਿਛਲੇ ਤਿੰਨ ਦਹਾਕਿਆਂ ਤੋਂ ਭਾਰਤ (ਖ਼ਾਸ ਕਰਕੇ ਪੰਜਾਬ) ਦੀ ਮਿੱਟੀ ਪ੍ਰਤੀ ਸਾਲ ਕਰੋੜ ਟਨ ਦੇ ਹਿਸਾਬ ਪੌਸ਼ਟਿਕ ਤੱਤਾਂ ਦੇ ਘਾਟੇ ਵਿਚ ਜਾ ਰਹੀ ਹੈ। ਕਾਰਨ; ਅਸੀਂ ਕੁਦਰਤ ਦਾ ਸਾਵਾਂਪਨ ਬਰਕਰਾਰ ਰੱਖਣ ਵਿਚ ਅਚੇਤ-ਸੁਚੇਤ ਅਸਫਲ ਰਹੇ। ਕੁਦਰਤੀ ਸੋਮਿਆਂ ਦੀ ਰਵਾਇਤੀ ਢੰਗਾਂ ਨਾਲ ਅਤੇ ਕੁਦਰਤੀ ਤੌਰ 'ਤੇ ਮੁੜ-ਭਰਪਾਈ ਨਾ ਕੀਤੀ, ਫਲਸਰੂਪ ਮਿੱਟੀ ਵਿਚਲੇ ਇਹ ਤੱਤ ਤੇਜ਼ੀ ਨਾਲ ਘਟਣ ਲੱਗ ਪਏ। ਕੁਦਰਤੀ ਤੱਤਾਂ ਦੀ ਘਾਟ ਦੀ ਪੂਰਤੀ ਸਿਰਫ਼ ਬਨਾਵਟੀ ਤਰੀਕਿਆਂ, ਰਸਾਇਣਾਂ ਨਾਲ ਹੀ ਕਰਨ ਨਾਲ ਹਾਲਾਤ ਬਦਜ਼ਨ-ਦਰ-ਬਦਜ਼ਨ ਹੋਣ ਲੱਗੇ।

ਸ਼ਾਇਦ; ਅਸੀਂ ਨਹੀਂ ਜਾਣਦੇ ਕਿ ਇਹ ਰਸਾਇਣ A:[email protected]@ ਦੇ ਅਨੁਪਾਤ ਨਾਲ ਦੁਸ਼ਮਣ ਅਤੇ ਮਿੱਤਰ ਕੀਟਾਂ ਦਾ ਨਾਸ਼ ਕਰਦੇ ਹਨ। ਝੋਨਾ ਅਤੇ ਨਰਮਾ ਪੱਟੀ (ਹੁਣ ਕੈਂਸਰ ਪੱਤੀ) ਦੇ ਸਰਵੇਖਣ ਅਨੁਸਾਰ ਹਰ ਪਿੰਡ ਵਿਚ ਔਸਤਨ ਅੱਧਾ ਕਰੋੜ ਰੁਪਏ ਸਾਲਾਨਾ ਦੇ ਨਦੀਨਨਾਸ਼ਕ, ਕੀਟਨਾਸ਼ਕ, ਉੱਲੀਨਾਸ਼ਕ ਜ਼ਹਿਰ ਅਤੇ ਤੱਤ ਰਸਾਇਣ ਵਰਤੇ ਜਾਂਦੇ ਹਨ। ਅਰਥਾਤ ਹਰ ਸਾਲ ਐਡਾ ਵੱਡਾ ਸਰਮਾਇਆ ਬਹੁਕੌਮੀ ਕਾਰਪੋਰੇਸ਼ਨਾਂ ਅਤੇ  ਹਾਕਮ ਜਮਾਤਾਂ ਦੀ ਝੋਲੀ ਪੈ ਰਿਹਾ ਹੈ। ਸਾਡੀ ਕਿਰਤ, ਸਾਡੀ ਪੂੰਜੀ, ਸਾਡਾ ਪਾਣੀ ਲੁੱਟ ਕੇ ਲੈ ਜਾਂਦੇ ਹਨ, ਉਹ। ਦੂਜੇ ਹੱਥ ਆਬੋ-ਹਵਾ, ਮਿੱਟੀ ਅਤੇ ਸਰੀਰਾਂ ਨੂੰ ਹੋ ਰਿਹਾ ਨੁਕਸਾਨ ਤਾਂ ਅਸੰਖ ਗੁਣਾ ਹੈ। ਇਸ ਨਾਲ ਪੰਜਾਬ ਦੀ ਭੂਮੀ ਦਾ ਅੱਧ ਤੇ ਜਲਵਾਯੂ ਬੰਜਰ ਹੋਣ ਦੇ ਕੰਢੇ ਹੈ ਅਤੇ ਅੱਧ ਹਜ਼ਾਰ ਤੋਂ ਉੱਪਰ ਸ਼ਤਰੂ ਕੀੜਿਆਂ ਦੀ ਜ਼ਹਿਰ-ਸਹਿਣਯੋਗ ਸਮਰੱਥਾ ਤਾਂ ਵੱਧ ਹੀ ਚੁੱਕੀ ਹੈ।

ਚਿਤਾਵਨੀ: 'ਜੇਕਰ ਅਸੀਂ ਮਿੱਟੀ ਦੀ ਰਸਾਇਣ ਆਧਾਰਤ ਵਰਤੋਂ ਲਗਾਤਾਰ ਕਰਦੇ ਰਹੇ ਤਾਂ ਸਾਨੂੰ ਤਿੰਨ ਨਤੀਜੇ ਭੁਗਤਣੇ ਪੈਣਗੇ: ਪਹਿਲਾਂ, ਸਾਡੀ ਖ਼ੁਰਾਕ ਵਿਚ ਪੌਸ਼ਟਿਕ ਤੱਤਾਂ ਦੀ ਘਾਟ ਹੋ ਜਾਵੇਗੀ। ਦੂਜਾ, ਰਸਾਇਣਾਂ ਦੀ ਵਰਤੋਂ ਕੁਦਰਤ ਦੇ ਹੱਕ ਵਿਚ ਨਹੀਂ ਰਹੇਗੀ। ਤੀਜਾ, ਅਸੀਂ ਮਿੱਟੀ ਦੀ ਉਪਜਾਊ ਸ਼ਕਤੀ ਗੁਆ ਬੈਠਾਂਗੇ।' ਮੁੱਕਦੀ ਗੱਲ; ਖੇਤਾਂ ਵਿੱਚ ਹੁਣ ਮੌਤ ਵੀ ਉੱਗਦੀ ਹੈ।

ਦਰ-ਹਕੀਕਤ; ਲੰਮੇ ਸਮੇਂ ਤੋਂ ਖ਼ੁਰਾਕ ਅਤੇ ਆਰਥਿਕ ਯੋਜਨਾਵਾਂ ਸਬੰਧੀ ਸਾਡਾ ਨਾਅਰਾ ਇਹੋ ਹੀ ਰਿਹਾ ਹੈ, 'ਉਤਪਾਦਨ ਕਿਸੇ ਵੀ ਕੀਮਤ 'ਤੇ ਮਹਿੰਗਾ ਨਹੀਂ ਹੈ।' ਉਪਜਾਇਕਤਾ ਦੇ ਇਸੇ ਫ਼ਲਸਫ਼ੇ ਨੇ ਹੀ ਕੁਦਰਤ ਦੀ ਤਬਾਹੀ ਕੀਤੀ ਹੈ। ਹੁਣ ਕੁਦਰਤ ਮੋੜਵਾਂ ਵਾਰ ਕਰਨ ਲੱਗ ਪਈ ਹੈ, ਜਿਹੜਾ ਅਸੀਂ ਸਹਿ ਨਹੀਂ ਸਕਣਾ। ਜੇ ਅਸੀਂ ਨਾ ਸੰਭਲੇ ਤਾਂ ਭਲਕ ਤੱਕ ਤਾਂ ਬੜੀ ਦੇਰ ਹੋ ਜਾਵੇਗੀ। ਸਿਵਿਆਂ ਨੂੰ ਜਾਂਦੇ ਰਾਹ ਤੋਂ ਮੁੜ ਆਵੋ।

ਮਿੱਟੀ ਦਾ ਰੁਦਨ, ''ਜੇ ਮਨੁੱਖ ਨੇ ਜ਼ਿੰਦਾ ਰਹਿਣਾ ਹੈ ਤਾਂ ਹੁਣ ਫ਼ਲਸਫ਼ੇ, ਸਿਧਾਂਤ, ਵਿਚਾਰਧਾਰਾਵਾਂ ਅਤੇ ਕਾਰਜ ਸ਼ੈਲੀਆਂ ਸਿਰਫ਼ ਬੰਦੇ ਨੂੰ ਹੀ ਧਿਆਨ ਵਿਚ ਰੱਖ ਕੇ ਘੜਨ ਦੀ ਲੋੜ ਨਹੀਂ, ਸਗੋਂ ਇਸ ਧਰਤੀ ਦੇ ਛੋਟੇ ਤੋਂ ਛੋਟੇ ਜੀਵਾਂ, ਬਨਸਪਤੀ ਸਮੇਤ ਮੈਨੂੰ (ਮਿੱਟੀ) ਨੂੰ ਵੀ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਮੈਂ (ਮਿੱਟੀ) ਵੀ ਜ਼ਿੰਦਾ ਵਸਤ ਹਾਂ। ਜਿਹੜੀ ਮਹਿਸੂਸਦੀ ਹੈ। ਵਿਗਸਦੀ ਵੀ ਹੈ।

ਸੰਭਲ ''ਬੰਦਿਆਂ''! ਵੇਖੀ; ਕਿਤੇ ਬਾਂਝ ਹੀ ਨਾ ਹੋ ਜਾਵਾਂ, ਮੈਂ''।

Climate Change
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ

ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ...

By ਗੁਰਪ੍ਰੀਤ ਸਿੰਘ
April 13, 2021
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ

ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜ...

By Vijay Bombeli
April 13, 2021
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ