ਰਿਸ਼ਤਿਆਂ ਦੇ ਸਮੁੰਦਰ ਵਿਚ ਉੱਠਦੇ ਜੁਆਰਭਾਟਾ


ਦੋਸਤੋ ! ਗਲੋਬਲ ਦੌਰ ਵਿਚ ਪੈਦਾ ਹੋਏ ਖਪਤ ਸੱਭਿਆਚਾਰ ਨੇ ਦੁਨੀਆ ਨੂੰ ਇਕ ਨਵੇਂ ਸੰਕਟ ਵੱਲ ਧੱਕ ਦਿੱਤਾ ਹੈ। ਇਹ ਸੰਕਟ ਹੈ : ਰਿਸ਼ਤਿਆਂ ਵਿਚ ਕਸ਼ੀਦਗੀ ਦਾ। ਕਰੋਨਾ ਕਾਲ ਤੋਂ ਬਾਅਦ ਅਜਿਹੀਆਂ ਕਈ ਰਿਪੋਰਟਾਂ ਤੇ ਸਰਵੇ ਜਨਤਕ ਹੋ ਰਹੇ ਹਨ ਕਿ ਘਰਾਂ ਵਿਚ ਕਲੇਸ਼ ਵਧ ਰਹੇ ਹਨ। ਅਸਲ ਵਿਚ ਕਲੇਸ਼ ਤਾਂ ਇਸ ਮਹਾਂਮਾਰੀ ਤੋਂ ਪਹਿਲਾਂ ਹੀ ਸੀ, ਪਰ ਪਹਿਲਾਂ ਲੋਕਾਂ ਨੇ ਇਸ ਕਲੇਸ਼ ਤੋਂ 'ਬਾਈਪਾਸ' ਹੋ ਕੇ ਲੰਘਣਾ ਸਿੱਖ ਲਿਆ ਸੀ... ਸਾਰਿਆਂ ਨੇ ਆਪੋ ਆਪਣੀਆਂ 'ਪਾਕਿਟਾਂ' ਬਣਾ ਲਈਆਂ ਸਨ..ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਵਿਚ... ਨੂੰਹਾਂ ਤੇ ਸੱਸਾਂ ਵਿਚ... ਪਤੀ ਤੇ ਪਤਨੀਆਂ ਵਿਚ ਗੈਪ ਤਾਂ ਪਹਿਲਾਂ ਹੀ ਬਹੁਤ ਸਨ, ਪਰ ਬਚਾਅ ਇਸ ਗੱਲ ਦਾ ਸੀ ਕਿ ਘਰ ਵਿਚ ਸਾਰਾ ਟੱਬਰ ਕਿਤੇ ਹੀ ਇਕੱਠਾ ਹੁੰਦਾ ਸੀ... ਇਸ ਲਈ 'ਢਕਿਆ ਢੋਲ' ਸੋਹਣਾ ਵੱਜ ਰਿਹਾ ਸੀ। ਪਰ 2020 ਵਿਚ ਆਏ ਕਰੋਨਾ ਦੇ ਲੰਮੇ ਲਾਕਡਾਉਨ ਨੇ ਇਸ ਢੋਲ ਦਾ ਪੋਲ ਸਾਮ੍ਹਣੇ ਲਿਆ ਦਿੱਤਾ।

ਅਸਲ ਵਿਚ ਸੰਕਟ ਕਈ ਵਾਰ ਬਹੁਤ ਕੁਝ ਵਿਗਾੜਦਾ ਵੀ ਤੇ ਸੰਵਾਰਦਾ ਵੀ ਹੈ। ਪੰਜਾਬ ਬਾਰੇ ਤਾਂ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ..ਸਾਡੀ ਤਾਂ ਸਮਾਜਿਕ ਬਣਤਰ ਦੀਆਂ ਚੂਲਾਂ ਹੀ ਸੰਕਟਾਂ ਨੇ ਤੈਅ ਕੀਤੀਆਂ ਹਨ। ਇਹ ਸੰਕਟ ਕਈ ਵਾਰ ਤੁਹਾਨੂੰ ਆਪਣੀਆਂ ਲੋੜਾਂ ਵਿਚੋਂ ਗਲਤ ਫੈਸਲੇ ਲੈਣ ਲਈ ਮਜਬੂਰ ਕਰ ਦਿੰਦੇ ਹਨ...ਪੰਜਾਬ ਵਿਚ ਜਦ ਕੋਈ ਕੁੜੀ ਜੰਮਦੀ ਸੀ ਅਸੀਂ ਗਲਗੂਠਾ ਦੇ ਕੇ, ਕੋਲ ਗੁੜ ਤੇ ਇਕ ਪੂਣੀ ਰੱਖ ਕੇ ਇਹ ਕਹਿੰਦੇ ਹੋਏ ਦੱਬ ਦਿੰਦੇ ਸੀ ਕਿ:

ਗੁੜ ਖਾਈਂ ਪੂਣੀ ਕੱਤੀਂ, ਆਪ ਨਾ ਆਈਂ ਵੀਰ ਨੂੰ ਘੱਤੀ

ਜਾਂ ਤਾਂ ਅਸੀਂ ਇਕ ਵੀਰ ਦੀ ਤਲਾਸ਼ ਵਿਚ ਉਸ ਵੀਰ ਦੀਆਂ ਕਈ ਕਈ ਭੈਣਾਂ ਨੂੰ ‘ਗੱਡੀ’ ਚੜ੍ਹਾ ਦਿੰਦੇ ਸੀ ਤੇ ਜਾਂ ਫਿਰ ਵੀਰ ਦੀ ਉਡੀਕ ਵਿਚ ਨਿਆਣਿਆਂ ਦੀ ਲਾਈਨ ਮਾਲਗੱਡੀ ਜਿੰਨੀ ਲੰਮੀ ਕਰ ਲੈਂਦੇ ਸੀ। ਰੌਲਾ ਕੀ ਸੀ?

ਹਿੰਦੁਸਤਾਨ ਦੇ ਦੋ ਪਾਸੇ ਸਮੁੰਦਰ ਸੀ ਤੇ ਤੀਜੇ ਪਾਸੇ ਹਿਮਾਲਾ ਪਹਾੜ..ਤੇ ਚੌਥੇ ਪਾਸੇ ਅਸੀਂ ਸੀ..ਜਿੰਨੇ ਵੀ ਦੁਸ਼ਮਣ ਆਏ, ਉਨ੍ਹਾਂ ਨਾਲ ਸਭ ਤੋਂ ਪਹਿਲਾਂ ਲੜਨਾ ਸਾਡੀ ਤਾਂ ਮਜਬੂਰੀ ਸੀ., ਇਸ ਲਈ ਨਿੱਤ ਲੜਨਾ, ਮਾਰਨਾ ਜਾਂ ਮਰਨਾ ਸਾਡੀ ਹੋਣੀ ਬਣ ਗਿਆ।

ਹੁਣ ਸੋਚੋ :

ਖੇਤੀ ਕਰਨੀ ਸੀ ਤਾਂ ਮੁੰਡੇ ਚਾਹੀਦੇ ਸੀ... ਯੁੱਧ ਲੜਨਾ ਸੀ ਤਾਂ ਮੁੰਡੇ ਚਾਹੀਦੇ ਸੀ...

ਕੁੜੀਆਂ ਤਾਂ ਜਾਨ ਦਾ ਖੌ ਬਣਦੀਆਂ ਸਨ..ਹਰ ਵੇਲੇ ਡਰ ਸੀ ਕਿ ਕੀ ਪਤਾ ਕਦ ਕਿਹੜਾ ਹਮਲਾਵਰ ਆਵੇ ਤੇ ਚੁੱਕ ਕੇ ਲੈ ਜਾਵੇ... ਸਿੱਟਾ ਕੀ ਨਿਕਲਿਆ? ਮੁੰਡੇ ਸਿਰ ਦਾ ਤਾਜ ਬਣ ਗਏ ਤੇ ਕੁੜੀਆਂ ਸਰਾਪ ਬਣ ਗਈਆਂ।

ਪਰ ਵਕਤ ਨੇ ਬਦਲਣਾ ਹੀ ਹੁੰਦਾ ਹੈ, ਸੋ ਬਦਲਿਆ। ਨਵੀਂ ਜੀਵਨ ਜਾਚ ਆ ਗਈ ਪਰ ਸਾਡੇ ਅੰਦਰਲਾ ਸਾਫ਼ਟਵੇਅਰ ਪੁਰਾਣਾ ਹੀ ਰਿਹਾ। ਸਦੀਆਂ ਤੋਂ ਇਕ ਖਾਸ ਕਿਸਮ ਦੇ 'ਮਰਦ ਨਾਇਕਤਵ' ਵਿਚ ਜਿਉਂਦਿਆਂ ਮਰਦ ਹਮਸਫਰ ਨਹੀ ਰਿਹਾ 'ਪਤੀ' ਬਣ ਗਿਆ। ਪਤੀ ਬਰਾਬਰ ਦੀ ਸੱਤਾ ਨਹੀਂ ਹੈ। ਪਤੀ ਦੀ ਹੈਸੀਅਤ ਹਮਸਫ਼ਰ ਦੀ ਨਹੀਂ ਹੁੰਦੀ, ਮਾਲਕ ਦੀ ਹੁੰਦੀ ਹੈ। ਜਿੱਥੇ ਇਕ ਮਾਲਕ ਹੁੰਦਾ ਹੈ, ਉਥੇ ਦੂਜੇ ਸਾਰੇ ਗੁਲਾਮ ਹੁੰਦੇ ਹਨ। ਸਾਡੇ ਅੰਦਰ 'ਮਾਲਕੀ' ਬਹੁਤ ਡੂੰਘੀ ਤਰ੍ਹਾਂ ਲਹਿ ਗਈ। ਜਿਸ ਦੇ ਕੋਲ ਜਿੰਨੀ ਮਾਲਕੀ ਆਈ, ਉਹ ਉੱਨਾ ਹੀ ਸੁਪਰੀਮ ਬਣਦਾ ਗਿਆ। ਆਓ ਆਪਣੀ ਪਰਿਵਾਰਕ ਬਣਤਰ ਨੂੰ ਸਮਝੀਏ:

ਘਰ ਦਾ ਧੁਰਾ ਆਰਥਿਕਤਾ ਹੁੰਦੀ ਹੈ ਤੇ ਆਰਥਿਕਤਾ ਦੀ ਚਾਬੀ ਮਰਦ ਦੇ ਹੱਥ ਹੁੰਦੀ ਸੀ। ਇਸ ਲਈ ਉਹ 'ਪਤੀ' ਬਣ ਗਿਆ। ਔਰਤ ਪਤੀ ਦੀ ਸੱਤਾ ਵਿਚ ਤਾਂ ਕਦੇ ਹਿੱਸੇਦਾਰ ਨਹੀਂ ਰਹੀ, ਪਰ ਪਤੀ ਦੇ ਅਧੀਨ ਰਹਿ ਕੇ ਵੀ ਘਰ ਦੀ ਕੂੰਜੀ ਆਪਣੇ ਨੇਫੇ ਨਾਲ ਬੰਨਣ ਕਰਕੇ ਇਕ ਸੀਮਾ ਵਿਚ ਰਹਿ ਕੇ ਕੂੰਜੀ ਮੁਖ਼ਤਿਆਰ ਬਣ ਗਈ ਤੇ ਆਪਣੇ ਛੋਟੋ ਜਿਹੇ 'ਸਾਮਰਾਜ' ਵਿਚ ਜਿਉਣ ਲੱਗ ਪਈ। ਘਰ ਵਿਚ ਧੀ ਦਾ ਰੁਤਬਾ ਕਦੇ ਵੀ ਮਾਲਕੀ ਵਾਲਾ ਨਹੀਂ ਰਿਹਾ। ਉਹ ਪੇਕੇ ਘਰ ਵਿਚ ਹਮੇਸ਼ਾ 'ਬਗਾਨਾ ਧਨ' ਬਣ ਕੇ ਰਹੀ, ਇਸ ਲਈ ਉਸ ਦਾ ਘਰ ਨਾਲ ਭਾਵੁਕ ਰਿਸ਼ਤਾ ਤਾਂ ਰਿਹਾ ਪਰ ਤਾਕਤ ਵਿਚ ਹਿੱਸੇਦਾਰੀ ਵਾਲਾ ਰਿਸ਼ਤਾ ਨਾ ਰਿਹਾ। ਹੁਣ ਚੌਥੀ ਧਿਰ ਹੈ ਨੂੰਹ..ਉਸ ਦੇ ਆਉਣ ਨਾਲ ਸਾਰੀਆਂ ਸਮੀਕਰਨਾਂ ਬਦਲਣ ਲੱਗੀਆਂ। ਜੇ ਤਾਂ ਨੂੰਹ 'ਘਰੇਲੂ ਔਰਤ' ਹੈ ਤਾਂ ਉਹ ਪਤੀ ਦੀ ਸੱਤਾ ਨੂੰ ਕੋਈ ਚੁਣੌਤੀ ਨਹੀਂ ਦਿੰਦੀ ਪਰ ਉਸ ਦੀ ਆਮਦ ਨਾਲ ਸੱਸ ਦੀ ਸੱਤਾ ਡੋਲ ਜਾਂਦੀ ਹੈ। ਕਿਉਂਕਿ ਨੂੰਹ ਹੁਣ ਘਰ ਵਿਚ ਧੀ ਵਾਂਗ 'ਮਹਿਮਾਨ' ਦੀ ਭੂਮਿਕਾ ਵਿਚ ਨਹੀਂ ਹੈ, ਇਸ ਲਈ ਉਸ ਨੇ ਪਤੀ ਨੂੰ ਛੱਡ ਕੇ ਸੱਸ ਦੀ ਤਾਕਤ ਵਿਚੋਂ ਅੱਧ ਵੰਡਾਉਣਾ ਹੈ। ਇਸ ਲਈ ਸੱਸ ਦਾ ਸਿੰਘਾਸਨ ਡੋਲਣ ਲੱਗ ਜਾਂਦਾ ਹੈ। ਤੇ ਪਤੀ 'ਗੇਂਦ' ਬਣ ਜਾਂਦਾ ਹੈ। ਮਾਂ ਕਹਿੰਦੀ ਹੈ : ਮੈਂ ਸੁੱਖ ਨਾਲ 25 ਸਾਲ ਦੁੱਧ-ਦਹੀਆਂ ਨਾਲ ਪਾਲਿਆ, ਵੱਡਾ ਕੀਤਾ..ਮੇਰਾ ਬਣ ਕੇ ਰਹਿ। ਤੇ ਉਧਰ ਪਤਨੀ ਕਹਿੰਦੀ: ਬੱਚੂਆ ਸਿਹਰੇ ਬੰਨ੍ਹ ਕੇ ਲਿਆਇਆ ਏਂ... ਸਿੱਧਾ ਹੋ ਕੇ ਮੇਰਾ ਬਣ ਕੇ ਰਹਿ। ਤੇ ਫਿਰ ਹੁਣ ਦੱਸੋ ਚਿੜੀ ਵਿਚਾਰੀ ਕੀ ਕਰੇ?

ਇਸ ਲਈ ਸਭ ਤੋਂ ਵੱਧ ਟਕਰਾਅ ਸੱਸ ਤੇ ਨੂੰਹ ਦੇ ਰਿਸ਼ਤੇ ਵਿਚ ਹੈ। ਜਦੋਂ ਤੱਕ ਸੱਸ ਦੀ ਪੁਗਦੀ ਹੈ ਇੱਟ-ਖੜਕਾ ਉਧਰ ਚਲਦਾ ਰਹਿੰਦਾ ਹੈ ਤੇ ਜਦ ਉਮਰ ਦੇ ਹਿਸਾਬ ਨਾਲ ਸੱਸ ਆਤਮ ਸਮਰਪਣ ਕਰ ਦਿੰਦੀ ਹੈ ਤਾਂ ਫਿਰ ਉਹੀ ‘ਬਹੂ’ ‘ਸਾਸ’ ਬਣ ਕੇ ਕੂੰਜੀ ਮੁਖ਼ਤਿਆਰ ਬਣ ਜਾਂਦੀ ਹੈ ਤੇ ਕੁਝ ਸਾਲਾਂ ਬਾਅਦ ਨਵੀਂ ਬਹੂ ਆ ਜਾਂਦੀ ਹੈ..ਡਰਾਮਾ ਉਹੀ ਰਹਿੰਦਾ ਤੇ ਐਕਟਰ ਬਦਲ ਜਾਂਦੇ ਹਨ।
ਪਰ ਹੁਣ ਸਥਿਤੀ ਥੋੜ੍ਹੀ ਬਦਲ ਗਈ ਹੈ:

ਪੜ੍ਹੀ ਲਿਖੀ ਪਤਨੀ ਜੌਬ ਕਰਦੀ ਹੈ... ਕੁਲੀਗ ਹਨ, ਜਿਨ੍ਹਾਂ 'ਚੋਂ ਕੁਝ ਹੌਲੀ ਹੌਲੀ ਦੋਸਤ ਬਣ ਜਾਂਦੇ ਹਨ। ਬਸ ਇੱਥੇ ਹੀ ਭਸੂੜੀ ਪੈ ਜਾਂਦੀ ਹੈ। ਸਾਡੇ ਸਮਾਜ ਵਿਚ ਔਰਤ-ਮਰਦ ਦੀ ਦੋਸਤੀ ਦਾ ਕੋਈ ਸੰਕਲਪ ਹੀ ਨਹੀਂ। ਮਰਦ ਪਤੀ ਹੋ ਸਕਦਾ ਹੈ, ਪਿਤਾ ਹੋ ਸਕਦਾ ਹੈ ਤੇ ਪੁੱਤ ਹੋ ਸਕਦਾ ਹੈ ਜਾਂ ਭਰਾ ਹੋ ਸਕਦਾ ਹੈ। ਡਰਾਮੇ ਵਿਚ ਰੋਲ ਹੀ ਕੋਈ ਨਹੀਂ ਸੀ। ਇਸ ਲਈ ਫਿਲਮ ਬਣੀ ਸੀ.. 'ਪਤੀ ਪਤਨੀ ਔਰ ਵੋਹ', ਪਰ ਸਮਿਆਂ ਦਾ ਗੇੜ ਦੇਖੋ... 'ਵੋ' ਤੱਕ ਸੀਮਤ ਰਹਿੰਦੀ ਗੱਲ ਤਾਂ ਠੀਕ ਸੀ..ਉਹ ਤਾਂ ਵੋ ਤੋਂ 'ਹਮ' ਬਣ ਗਏ.. ਤੇ ਫੇਰ 'ਪਤੀ' ਮਤਲਬ ...ਮਾਲਕ...ਅੰਦਰੋਂ ਅੰਦਰੀ ਬਿਸਕੁਟ ਵਾਂਗੂ ਕਦੇ ਖੁਰਦਾ ਹੈ ਤੇ ਕਦੇ ਭੁਰਦਾ ਹੈ।

ਹੋਰ ਭਸੂੜੀ ਪੈ ਗਈ... ਫੋਨ ਆ ਗਏ...ਵਟਸਐਪ ਆ ਗਿਆ, ਚੰਦਰੀ ਫੇਸਬੁਕ ਵੀ ਆ ਗਈ। ਹੁਣ ਉਹ ਜ਼ਮਾਨਾ ਤਾਂ ਹੈ ਨੀ ਚੜ੍ਹ ਮੇਰੇ ਸੈਕਲ 'ਤੇ ਟੱਲੀਆਂ ਵਜਾਉਂਦਾ ਜਾਊ... ਪਹਿਲਾਂ ਹਰੇਕ ਚੀਜ਼ ਦਾ ਡਰਾਈਵਰ ਮਰਦ ਸੀ.. ਹੁਣ ਫੇਸਬੁੱਕ ਦੇ ਪਿੱਛੇ ਤਾਂ ਬੈਠਿਆ ਨਹੀਂ ਜਾ ਸਕਦਾ। ਉੱਥੇ ਤਾਂ ਸਵਾਰੀ ਵੀ ਆਪ ਹੈ ਤੇ ਡਰਾਈਵਰ ਵੀ ਆਪ ਹੈ.. ਤੇ ਜਦ ਸਵਾਰੀ ਤੇ ਡਰਾਈਵਰ ਬੰਦਾ ਆਪ ਹੀ ਹੋਵੇ ਤਾਂ ਫਿਰ ਸਵਾਰੀ ਆਪਣੇ ਆਪ ਦੀ ਆਪੇ ਜ਼ਿੰਮੇਵਾਰ ਹੋ ਜਾਂਦੀ ਹੈ। ਹੁਣ ਜਿਹੜੇ ਆਫਲਾਈਨ ਕੁਝ ਕੁ ਦੋਸਤ ਬਣੇ ਸੀ, ਉਨ੍ਹਾਂ ਦਾ ਸੈਂਸੈਕਸ ਰਾਤੋ ਰਾਤ ਵਧ ਗਿਆ... ਫੇਸਬੁੱਕਾਂ ਤੇ ਵਟਸਐਪਾਂ ਨੇ ਫਰੈਂਡ ਨਹੀਂ ਫਰੈਂਡ ਲਿਸਟਾਂ ਬਣਾ ਦਿੱਤੀਆਂ। ਬੰਦਾ ਕੋਈ ਰੋਬੋਟ ਤਾਂ ਹੁੰਦਾ ਨਹੀਂ ਕਿ ਉਸ ਦਾ ਕੋਈ ਇਕ ਪਾਰਟ ਆਪਾਂ ਲੌਕ ਕਰ ਦਈਏ ਤੇ ਦੂਜਾ ਅਨਲੌਕ.. ਜੇ ਉਸ ਦੇ 100-200 ਤੋਂ ਲੈ ਕੇ ਹਜ਼ਾਰਾਂ ਵਿਚ ਫੇਸਬੁੱਕ ਫਰੈਂਡ ਨੇ ਤਾਂ ਉਹ ਕਿਸੇ ਨਾਲ ਵੱਧ ਜਾਂ ਘੱਟ ਜੁੜੇਗਾ ਹੀ.. ਕਿਤੇ ਨਾ ਕਿਤੇ ਇਨਬੌਕਸ ਵਿਚ ਵੀ ਜਾਏਗਾ। ਜਦ ਪਾਸਵਰਡ ਵੀ ਸੀਕਰੇਟ ਹੋ ਗਿਆ... ਫੇਰ 'ਪਤੀ' ਤਾਂ ਬਿਨਾਂ ਅਧਿਕਾਰਾਂ ਵਾਲਾ ਰਾਸ਼ਟਰਪਤੀ ਬਣ ਗਿਆ... ਬਿਲਕੁਲ ਰਬੜ ਦੀ ਮੋਹਰ। ਜੇ ਹੁਣ ਟਰੰਪ ਨੂੰ ਕਹਿ ਦਈਏ ਕਿ ਭਾਈ ਤੂੰ ਸਾਡੇ ਆਲੇ ਰਾਸ਼ਟਰਪਤੀ ਸਾਹਿਬ ਵਰਗਾ ਬਣ ਜਾ... ਜਮ੍ਹਾਂ ਈ ਚਾਬੀ ਵਾਲਾ ਖਿਡੋਣਾ...ਤਾਂ ਫਿਰ ਉਸ ਲਈ ਤਾਂ ਵਿਚਾਰੇ ਲਈ ਖੁਦਕੁਸ਼ੀ ਵਰਗੀ ਸਥਿਤੀ ਹੋ ਜਾਏਗੀ। ਜਿਸ ਦੇ ਹੁਕਮ ਬਿਨਾਂ ਪੱਤਾ ਨਹੀ ਝੂਲਦਾ ਸੀ.. ਹੁਣ ਉਸੇ ਸਲਤਨਤ ਵਿਚ ਪਤਾ ਨਹੀਂ ਕਿਸ ਕਿਸ ਦੇ ਝੰਡੇ ਝੂਲਦੇ ਨੇ...ਤੇ ਚੰਗਾ ਭਲਾ ਪਤੀ 'ਅ-ਪਤੀ' ਬਣ ਗਿਆ।

ਇਸ ਬਦਲੇ ਹੋਏ ਦੌਰ ਦਾ ਇਕ ਹੋਰ ਪੱਖ ਹੈ।

ਰਿਜ਼ਕ ਦਾ ਤੇ ਰਿਸ਼ਤਿਆਂ ਦਾ ਬੜਾ ਡੂੰਘਾ ਸਾਕ ਹੁੰਦਾ ਹੈ... ਉਂਝ ਤਾਂ ਇਸ ਬਾਰੇ ਗੱਲ ਕਦੇ ਆਪਾਂ ਫੇਰ ਕਰਾਂਗੇ.. ਪਰ ਅੱਜ ਏਨਾ ਕੁ ਹੀ ਕਹਿਣਾ ਹੈ ਕਿ..ਪਹਿਲਾਂ ਰਿਜ਼ਕ ਦਾ ਧੁਰਾ ਧਰਤੀ ਸੀ... ਭਾਵ ਇਕ ਪਿੰਡ ਸੀ.. ਜਿੱਥੇ ਬੰਦਾ ਸਦੀਆਂ ਤੋਂ ਵਸਦਾ ਸੀ.. ਇਕ ਬਾਪੂ ਦੀ ਕਮਾਂਡ ਵਿਚ ਸਾਰਾ ਟੱਬਰ ਚਲਦਾ ਸੀ... ਕੋਈ ਨਿਜੀ ਚੁਆਇਸ ਨਹੀ ਹੁੰਦੀ ਸੀ... ਬੁੱਢੇ ਦਾ ਖੰਘੁਰਾ ਜਾਂ ਖੂੰਡਾ ਉਸ ਦੀ ਬਾਦਸ਼ਾਹਤ ਦੀ ਨਿਸ਼ਾਨੀ ਹੁੰਦਾ ਸੀ। ਪਰ ਜਦ ਐਜੂਕੇਸ਼ਨ ਆ ਗਈ... ਤਾਂ ਰਿਜ਼ਕ ਦਾ ਕੇਂਦਰ ਇਕ ਨਹੀਂ ਰਿਹਾ.. ਬਹੁਤ ਬਣ ਗਏ.. ਪੜ੍ਹੇ ਲਿਖੇ ਧੀਆਂ ਪੁੱਤ... ਜਾਂ ਤਾਂ ਨੌਕਰੀਆਂ ਕਰਨ ਲੱਗੇ ਜਾਂ ਫਿਰ ਹੋਰ ਕੰਮਾਂ-ਧੰਦਿਆਂ ਵਿਚ ਸ਼ਹਿਰਾਂ ਨਾਲ ਜੁੜ ਗਏ.. ਪਰਿਵਾਰਾਂ ਦੀ ਬਣਤਰ ਹੀ ਚੇਂਜ਼ ਹੋਣ ਲੱਗੀ। ਗੱਲਾਂ ਦੇ ਸਾਂਝੇ ਵਿਸ਼ੇ ਮੁੱਕ ਗਏ... ਇਕ ਘਰ ਵਿਚ ਹੀ ਕਈ ਘਰ ਬਣਨ ਲੱਗੇ। ਬਾਪੂ ਕਹਿੰਦਾ : ਨੂੰਹੇ ਧਾਰ ਚੋਅ ਲੈ... ਨੂੰਹ ਮਾਹਟਰਨੀ ਨੇ ਤਿਆਰ ਹੋ ਕੇ ਸਕੂਲ ਜਾਣਾ ਹੈ। ਨਾ ਮੱਝ ਨੂੰ ਇਸ ਗੱਲ ਦਾ ਫਿਕਰ ਨਾ ਬਾਪੂ ਨੂੰ... ਮੱਝ ਲੱਤ ਚੱਕ ਗਈ ਤੇ ਨੂੰਹ ਦੀ ਬਸ ਟੱਪ ਗਈ..ਫਿਰ ਅੱਕੀ ਨੂੰਹ ਨਾਲੇ ਮੱਝ ਦੇ ਗਿੱਟੇ ਛਾਂਗੂ, ਨਾਲੇ ਬਾਪੂ ਨੂੰ ਸਲੋਕ ਸੁਣਾਊ..ਸਿੱਟਾ ਇਹ ਨਿਕਲੂ ਜਾਂ ਘਰ ਵਿਚ ਬਾਪੂ ਤੇ ਮੱਝ ਰਹਿਣਗੇ ਤੇ ਜਾਂ ਫਿਰ ਨੂੰਹ ਤੇ ਪੁੱਤ ਰਹਿਣਗੇ... ਗੱਲ ਕੀ ਨੂੰਹ-ਪੁੱਤ ਘਰਾਂ ਵਿਚ ਐਡਜਸਟ ਨਾ ਹੋਣ ਕਰਕੇ ਸ਼ਹਿਰਾਂ ਨੂੰ ਨਿਕਲ ਆਏ ਤੇ ਬੇਬੇ ਬਾਪੂ ਘਰਾਂ ਵਿਚ ਕੰਧ ਬਣ ਗਏ।

ਹੁਣ ਸਥਿਤੀ ਕਿੱਥੇ ਖੜੀ ਹੈ? ਬਜ਼ੁਰਗ ਕਹਿੰਦੇ ਨੇ ਅਸੀਂ ਔਲਾਦ ਲਈ ਪੁੱਠੇ ਲਮਕੇ ਰਹੇ, ਹੁਣ ਉਹ 'ਅਹੁ' ਜਾ ਬੈਠੇ..ਤੇ ਨੂੰਹ ਪੁੱਤ ਕਹਿੰਦੇ : ਜਾਂ ਈਗੋ ਛੱਡ ਕੇ ਸ਼ਹਿਰ 'ਚ ਆ ਜੋ...ਜਾਂ ਫਿਰ ਕੱਟੋ ਫਾਕੇ। ਨਵੀਂ ਪੀੜ੍ਹੀ ਸ਼ਹਿਰ ਤੋਂ ਹੁੰਦੀ ਹੋਈ ਵਿਦੇਸ਼ ਪਹੁੰਚ ਗਈ ਤੇ ਬਾਪੂ ਬੇਬੇ ਅਧ ਵਿਚਕਾਰ ਲਟਕ ਗਏ। ਰਿਸ਼ਤਿਆਂ ਵਿਚਲੀ ਇਸ ਕਸ਼ੀਦਗੀ ਨੇ ਸਮਾਜਿਕ ਤਣਾਓ ਪੈਦਾ ਕੀਤੇ ਹਨ। ਪਤੀ ਪਤਨੀ ਦੇ ਤਲਾਕ ਵਧ ਗਏ.. ਬਜ਼ੁਰਗ ਰੁਲਣ ਲੱਗੇ..ਤੇ ਨਿੱਕਿਆਂ ਨੂੰ ਮਾਵਾਂ ਦਾ ਦੁੱਧ ਨਸੀਬ ਹੋਣ ਦੀ ਬਜਾਏ ਕਰੈਚਾਂ ਦੀਆਂ ਮੈਡਮਾਂ ਜਾਂ ਬਾਈਆਂ ਨਸੀਬ ਹੋਣ ਲੱਗ ਪਈਆਂ। ਬਹੁਤ ਕਸੂਤੇ ਮੋੜ 'ਤੇ ਹੈ ਸਮਾਜ ਸਾਡਾ।

ਯੂਰਪ ਨੇ ਇਸ ਨੂੰ ਬਹੁਤ ਪਹਿਲਾਂ ਸਮਝ ਲਿਆ। ਉਸ ਨੇ ਅਹਿਸਾਸ ਕਰ ਲਿਆ ਕਿ ਸਮਾਜ ਦੀ ਬਣਤਰ ਬਦਲਣ ਦੇ ਨਾਲ ਰਿਸ਼ਤਿਆਂ ਨੇ ਬਦਲਣਾ ਹੈ, ਇਸ ਲਈ ਹੌਲੀ ਹੌਲੀ ਢਾਲ ਲਿਆ। ਉਥੋਂ ਦੇ ਮਾਂ-ਬਾਪ ਸਾਡੇ ਬਜ਼ੁਰਗਾਂ ਵਾਂਗ ਬੱਚਿਆਂ ਤੋਂ ਉਮੀਦਾਂ ਹੀ ਨਹੀਂ ਰਖਦੇ। ਬੱਚੇ ਬਾਲਗ ਹੋਏ, ਆਜ਼ਾਦ ਕਰ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਦੀ ਮਰਜ਼ੀ..ਇਕੱਠੇ ਰਹਿਣ ਜਾਂ ਅੱਲਗ, ਕੰਪਲਸ਼ਨ ਕੋਈ ਨਹੀਂ। ਨਿੱਕੇ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਵੀ ਸਰਕਾਰਾਂ ਨੇ ਲੈ ਲਈ ਤੇ ਬਜ਼ੁਰਗਾਂ ਦੀ ਵੀ। ਬਜ਼ੁਰਗਾਂ ਲਈ ਓਲਡ ਏਜ਼ ਹੋਮ ਬਣਾ ਦਿੱਤੇ..ਪੈਨਸ਼ਨਾਂ ਲਗਾ ਦਿੱਤੀਆਂ..ਸਿਹਤ ਸਹੂਲਤਾਂ ਫਰੀ ਕਰ ਦਿੱਤੀਆਂ..ਕਿ ਲਉ ਨਜ਼ਾਰੇ। ਭਾਵ ਸਿਸਟਮ ਬਣ ਗਿਆ। ਪਰ ਸਾਡੇ ਸੰਸਕਾਰ ਰਹੇ ਨਹੀਂ ਤੇ ਸਿਸਟਮ ਬਣਿਆ ਨਹੀਂ.. ਮਤਲਬ ਮਾਇਆ ਮਿਲੀ ਨਾ ਰਾਮ।

ਉਨ੍ਹਾਂ ਮੁਲਕਾਂ ਵਿਚ ਪਤੀ ਨੇ ਸਵੀਕਾਰ ਕਰ ਲਿਆ ਕਿ ਉਹ ਮਾਲਕ ਨਹੀਂ, ਦੋਸਤ ਹੈ। ਜੇ ਦੋ ਦੋਸਤਾਂ ਨੇ ਫੈਸਲਾ ਕਰ ਲਿਆ ਕਿ ਵਿਆਹ ਕਰਵਾਉਣਾ ਹੈ ਤਾਂ ਇਕ ਦੂਜੇ ਦੀ ਬਾਂਹ ਵਿਚ ਬਾਂਹ ਪਾ ਕੇ ਕੋਰਟ ਵਿਚ ਚਲੇ ਗਏ.. ਹੋ ਗਿਆ ਵਿਆਹ। ਕੁਝ ਦੇਰ ਬਾਅਦ ਲੱਗਿਆ ਕਿ ਗੱਲ ਬਣਦੀ ਨਹੀ ਦਿਸਦੀ ਤਾਂ ਉਸੇ ਕੋਰਟ ਫਿਰ ਚਲੇ ਗਏ... ਡਿਵੋਰਸ ਹੋਇਆ ਤੇ ਉਸੇ ਤਰ੍ਹਾਂ ਹਸਬੈਂਡ-ਵਾਈਫ ਦੀ ਥਾਂ 'ਤੇ ਫੇਰ ਦੋਸਤ ਬਣ ਕੇ ਬਾਹਰ ਆ ਗਏ।

ਆਪਣੇ ਰਿੱਝੀ ਜਾਣਗੇ, ਸਾਗ ਵਾਲੀ ਤੌੜੀ ਵਾਂਗੂ.. ਪਰ ਨਾ ਅੱਡ ਹੁੰਦੇ ਨੇ, ਨਾ ਜੁੜਦੇ ਨੇ.. ਸਾਰੀ ਉਮਰ ਸਪਾਰਕ ਮਾਰ ਮਾਰ ਚੰਗਿਆੜੇ ਕੱਢੀ ਜਾਂਦੇ ਨੇ.. ਜੇ ਕਿਤੇ ਤਲਾਕ ਹੁੰਦਾ ਵੀ ਹੈ ਤਾਂ ਵੀਹ-ਵੀਹ ਸਾਲ ਅਦਾਲਤਾਂ ਵਿਚ ਖਹਿਬੜ ਕੇ। ਵਕੀਲਾਂ ਨੂੰ ਨੋਟਾਂ ਦੀਆਂ ਪੰਡਾਂ ਦੇ ਕੇ ਜਦੋਂ ਨੂੰ ਕੰਮ ਨਿਬੜਦਾ ਹੈ, ਉਸ ਵੇਲੇ ਨੂੰ ਖੜਸੁਕ ਰੁੱਖ ਵਰਗੇ ਹੋ ਜਾਂਦੇ ਨੇ.. ਫਿਰ ਕੀ ਨੰਗੀ ਨਹਾਏਗੀ ਤੇ ਕੀ ਨੰਗੀ ਨਿਚੋੜੇਗੀ।

ਦੋਸਤੋ ਥੋੜਾ ਸਹਿਜ ਹੋਈਏ.. ਇਕ ਦੂਜੇ ਪ੍ਰਤੀ ਇਮਾਨਦਾਰ ਹੋਈਏ.. ਜਿਵੇਂ ਪਤਨੀ ਪਤੀ ਦੇ ਦੋਸਤਾਂ ਨੂੰ ਸਵੀਕਾਰ ਕਰ ਲੈਂਦੀ ਹੈ ਉਵੇਂ ਜਿਵੇਂ ਪਤੀ ਪਤਨੀ ਦੇ ਦੋਸਤਾਂ ਨੂੰ ਵੀ ਸਵੀਕਾਰ ਕਰੇ। ਰਿਸ਼ਤਿਆਂ ਵਿਚ ਪਵਿਤਰਤਾ ਬਣੀ ਰਹੇਗੀ। ਨਹੀਂ ਤਾਂ ਫਿਰ ਇਨਬਾਕਸਾਂ ਵਿਚ ਚੋਰੀ ਦੇ ਪੁੱਤ ਗੱਭਰੂ ਹੋਈ ਜਾਂਦੇ ਨੇ ਇਕ ਦਿਨ ਪਟਾਕਾ ਪੈ ਜਾਂਦਾ ਹੈ। ਇਸੇ ਤਰ੍ਹਾਂ ਬਜ਼ੁਰਗ ਆਪਣੇ ਬੱਚਿਆਂ ਦੀ ਮਜ਼ਬੂਰੀਆਂ ਨੂੰ ਸਮਝਣ ਤੇ ਬੱਚੇ ਆਪਣੀਆਂ ਸੀਮਵਾਂ ਵਿਚ ਰਹਿ ਕੇ ਰਿਸ਼ਤਿਆਂ ਨੂੰ ਵਿਉਂਤਣ ਅਤੇ ਉਨ੍ਹਾਂ ਲਈ ਸਪੇਸ ਨਿਰਧਾਰਿਤ ਕਰਨ।

ਇਕ ਮਸਲਾ ਜਨਰੇਸ਼ਨ ਗੈਪ ਦਾ ਵੀ ਹੈ। ਪੁਰਾਣੀ ਪੀੜ੍ਹੀ ਜਿਵੇਂ ਸੋਚਦੀ ਹੈ, ਨਵੀਂ ਪੀੜ੍ਹੀ ਉਵੇਂ ਬਿਲਕੁਲ ਨਹੀਂ ਸੋਚਦੀ। ਸਾਡੇ ਇਥੇ ਸਾਡੀ ਈਗੋ ਏਨੀ ਵੱਡੀ ਹੈ ਕਿ ਜਿੰਨੀ ਦੇਰ ਤੱਕ ਪੁਰਾਣੀ ਪੀੜ੍ਹੀ ਉਮਰ ਦੇ ਆਖਰੀ ਟੰਬੇ 'ਤੇ ਪਹੁੰਚ ਕੇ ਬਾਬਾ ਫਰੀਦ ਦੇ ਕਹਿਣ ਜਿਉਂ 'ਆਜ ਫਰੀਦਾ ਕੂਜੜਾ ਸੈ ਕੋਹਾਂ ਥੀਓਮ' ਦੀ ਸਥਿਤੀ ਨਹੀ ਹੁੰਦੀ ਉੱਨੀ ਦੇਰ ਤੱਕ ਆਪਣੇ ਆਪ ਨੂੰ ਔਲਾਦ ਤੋਂ ਸਿਆਣਾ ਸਮਝਣੋਂ ਨਹੀਂ ਹਟਦੀ.. ਉਨ੍ਹਾਂ ਨੂੰ ਇਹੀ ਲਗਦਾ ਹੈ ਕਿ ਇਹ ਕੱਲ੍ਹ ਦੇ ਜੁਆਕ ਨੇ, ਇਨ੍ਹਾਂ ਨੂੰ ਕੀ ਅਕਲ ਐ ਅਜੇ... ਜਦ ਬੇਬੇ ਬਾਪੂ ਜਾਂ ਤਾਂ ਅੱਡ ਹੋ ਜਾਣ ਜਾਂ 'ਨੈਣ ਪ੍ਰਾਣ' ਕੰਮ ਕਰਨੋ ਹਟ ਜਾਣ, ਤਾਂ ਔਲਾਦ ਦੀ ਵਾਰੀ ਆਉਂਦੀ ਹੈ ਤੇ ਫਿਰ ਉਹ ਰਾਤੋ-ਰਾਤ 'ਮਹਾਂ ਸਿਆਣੀ' ਬਣ ਜਾਂਦੀ ਹੈ ਤੇ ਫੇਰ ਉਨ੍ਹਾਂ ਦੀ ਵੀ ਮਰਨ ਤੱਕ ਸਲਤਨਤ ਕਾਇਮ ਰਹਿੰਦੀ ਹੈ। ਇਸੇ ਲਈ ਸਾਡੇ ਸਮਾਜ ਵਿਚ ਕਦੇ ਵੀ ਦੋ ਪੀੜ੍ਹੀਆਂ ਵਿਚ ਦੋਸਤੀ ਦਾ ਰਿਸ਼ਤਾ ਨਹੀਂ ਬਣਦਾ। ਜਿਸ ਸਮਾਜ ਵਿਚ ਮਾਪੇ ਤੇ ਅਧਿਆਪਕ ਨਿਆਣਿਆਂ ਦੇ ਦੋਸਤ ਨਾ ਬਣਨ ਤੇ ਉਨ੍ਹਾਂ ਵਿਚ ਏਨਾ ਕੁ ਵਿਸ਼ਵਾਸ ਦਾ ਰਿਸ਼ਤਾ ਨਾ ਬਣੇ ਕਿ ਉਹ ਆਪਣੇ ਮਨ ਦੀ ਹਰ ਗੱਲ ਉਨ੍ਹਾਂ ਨਾਲ ਸਾਂਝੀ ਕਰ ਸਕਣ ਤਾਂ ਨਵੀਂ ਪੀੜ੍ਹੀ ਦਾ ਰਿਸਪਾਂਸ ਤੇ ਵਿਕਾਸ ਐਬਨਾਰਮਲ ਹੋਵੇਗਾ ਹੀ.. ਉਨ੍ਹਾਂ ਲਈ ਉਸ ਵਕਤ ਅਧਿਆਪਕਾਂ ਤੇ ਮਾਪਿਆਂ ਨਾਲੋ ਹੋਰ ਏਜੰਸੀਆਂ ਵੱਧ ਨੇੜੇ ਹੋ ਜਾਂਦੀਆਂ ਹਨ। ਇਸੇ ਗੈਪ ਦਾ ਫਾਇਦਾ ਹੀ ਨਸ਼ੇੜੀ, ਵਪਾਰੀ, ਗੈਂਗਸਟਰ, ਬੰਬਾਂ-ਪਿਸਤੌਲਾਂ ਵਾਲੇ ਗੀਤ, ਪੋਰਨ ਸਾਈਟਾਂ ਤੇ ਵਿਹਲੜ ਸਿਆਸੀ ਜਮਾਤ ਉਠਾਉਂਦੀ ਹੈ...ਜਦ ਤੁਸੀਂ ਉਨ੍ਹਾਂ ਨੂੰ ਆਪਣੇ ਨਹੀਂ ਬਣਾ ਸਕਦੇ ..ਤਾਂ ਉਹ ਕਿਸੇ ਹੋਰ ਦੇ ਬਣ ਜਾਂਦੇ ਨੇ।

ਪੇਂਡੂ ਸਮਾਜ ਵਧੇਰੇ ਬੰਦ ਸਮਾਜ ਹਨ.. ਉਥੇ ਇਨ੍ਹਾਂ ਪੁਰਾਣੇ ਵਿਸ਼ਵਾਸਾਂ ਦੀਆਂ ਕੰਧਾਂ ਬਹੁਤ ਮਜ਼ਬੂਤ ਹਨ। ਖੁੱਲ੍ਹ ਦੀ ਹਵਾ ਝੀਥਾਂ ਵਿਚੋਂ ਦੀ ਵੀ ਨਹੀਂ ਨਿਕਲਦੀ..ਜਾਤਾਂ ਗੋਤਾਂ ਦੇ ਸੰਗਲ ਨੇ। ਕੇਬਲ ਟੀਵੀਆਂ, ਮੋਬਾਈਲਾਂ ਤੇ ਪੱਛਮੀ ਜੀਵਨ ਜਾਚ ਵਿਚ ਜੰਮੀ-ਪਲੀ ਨਵੀਂ ਪੀੜ੍ਹੀ ਦਾ ਇਸ ਮਾਨਸਿਕ ਹੁੰਮਸ ਵਿਚ ਦਮ ਘੁਟਦਾ ਹੈ। ਸਿੱਟਾ ਕੀ ਨਿਕਲਦਾ ਹੈ? ਪਰਿਵਾਰ ਵਿਚ ਸਾਂਝ ਦਾ ਕੋਈ ਪਲੇਟਫਾਰਮ ਹੀ ਨਹੀਂ ਵਿਕਸਤ ਹੁੰਦਾ। ਖਾਸ ਤੌਰ 'ਤੇ ਚੜ੍ਹਦੀ ਜੁਆਨੀ ਦੇ ਭਾਵਨਾਤਮਕ ਤੇ ਸਰੀਰਕ ਮਾਮਲਿਆਂ ਵਿਚ ਤਾਂ ਬਿਲਕੁਲ ਵੀ ਨਹੀਂ.. ਬਸ, ਉਪਰੋਂ ਸ਼ਾਂਤੀ ਬਣੀ ਰਹਿੰਦੀ ਹੈ ਤੇ ਅੰਦਰ ਤੂਫ਼ਾਨ ਪਲਦੇ ਰਹਿੰਦੇ ਹਨ। ਉਦੋਂ ਹੀ ਪਤਾ ਲਗਦਾ ਹੈ ਕਿ ਕਿਸੇ ਦੀ ਕੁੜੀ ਘਰੋਂ ਭੱਜ ਜਾਂਦੀ ਹੈ ਤੇ ਕਿਸੇ ਦਾ ਮੁੰਡਾ। ਫੇਰ ਅਣਖ ਦੇ ਨਾਂ 'ਤੇ ਫਤਵੇ ਲਗਾਏ ਜਾਂਦੇ ਨੇ, ਸਾਡੇ ਅੰਦਰਲੀ ਖਾਪ ਮਾਨਸਿਕਤਾ ਜਾਗ ਪੈਂਦੀ ਹੈ ਤੇ ਇਕ ਵਾਰ ਤਾਂ ਵਰਿਆ-ਭਲੋ ਕੇ ਘਰ ਲੈ ਆਉਂਦੇ ਹਾਂ ਤੇ ਬਾਅਦ ਵਿਚ ਗਾਟਾ ਲਾਹ ਕੇ ਅਹੁ ਮਾਰਦੇ ਹਾਂ।

ਸਾਡੇ ਸਮਾਜ ਵਿਚ ਪ੍ਰੇਮ ਵਿਆਹ ਜਾਂ ਅੰਤਰਜਾਤੀ ਵਿਆਹ ਇਸੇ ਕਰਕੇ ਕਾਮਯਾਬ ਨਹੀ, ਕਿ ਇਸ ਨਾਲ ਇਕ ਤਾਂ ਸਾਡੀ ਈਗੋ ਹਰਟ ਹੁੰਦੀ ਹੈ ਤੇ ਦੂਜਾ ਤੁਹਾਡੀ ਇਸ ਆਪੇ ਬਣਾਈ ਧਾਰਨਾ ਦਾ ਮਹਿਲ ਧਰਾਸ਼ਾਈ ਹੋ ਜਾਂਦਾ ਹੈ ਕਿ ਇਹਨੂੰ ਕੀ ਪਤਾ ਰਿਸ਼ਤਿਆਂ ਦਾ ਜਾਂ ਇਹ ਕੌਣ ਹੁੰਦਾ/ਹੁੰਦੀ ਹੈ, ਸਾਡੇ ਹੁੰਦੇ ਰਿਸ਼ਤਾ ਤੈਅ ਕਰਨ ਵਾਲਾ/ਵਾਲੀ। ਭਾਵ ਜਿਹੜੇ ਖਿਡਾਰੀਆਂ ਨੇ ਫਰੰਟ 'ਤੇ ਆ ਕੇ ਮੈਚ ਖੇਡਣਾ ਹੁੰਦਾ ਹੈ, ਉਨ੍ਹਾਂ ਨੂੰ ਵੈਟਰਨ ਖਿਡਾਰੀ ਖੇਡਣ ਹੀ ਨਹੀਂ ਦਿੰਦੇ.. ਆਪ ਹੀ ਬਾਹਰ ਖੜੇ ਪੱਟਾਂ 'ਤੇ ਥਾਪੀਆਂ ਮਾਰੀਂ ਜਾਣਗੇ.. ਫਿਰ ਦੱਸੋ ਮੈਚ ਹੋਏਗਾ ਕਿ ਮਿਸ-ਮੈਚ?

ਸੋ ਦੋਸਤੋ.. ਬਦਲੀਏ ਆਪਣੇ ਆਪ ਨੂੰ ..ਸਮਾਂ ਬਦਲਣ ਨਾਲ ਪਹਾੜਾਂ ਦੇ ਪੱਥਰ ਵੀ ਦਰਿਆਵਾਂ ਵਿਚ ਰੁੜ ਰੁੜ ਕੇ ਗੋਲ ਹੋ ਜਾਂਦੇ ਹਨ ਤੇ ਸੋਹਣੇ ਬਣ ਜਾਂਦੇ ਹਨ ਤੇ ਅਸੀਂ ਚੁੱਕ ਕੇ ਘਰਾਂ ਵਿਚ ਸਜਾ ਲੈਂਦੇ ਹਾਂ ਤੇ ਜਿਹੜੇ ਪੱਥਰ ਦੇ ਅੱਸੀਆਂ ਹੋਣ.. ਉਹ ਜੇ ਭੁਲੇਖੇ ਨਾਲ ਵੀ ਸਾਡੇ ਘਰ ਆ ਜਾਵੇ ਤਾਂ ਅਸੀਂ ਚੁੱਕ ਕੇ ਬਾਹਰ ਸੁੱਟ ਦਿੰਦੇ ਹਾਂ, ਕਿਉਂਕਿ ਜਦ ਵੀ ਠੋਕਰ ਲੱਗੀ.. ਇਸ ਨੇ ਜਾਂ ਨਹੁੰ ਪਾੜਨਾ ਹੁੰਦਾ ਜਾਂ ਸਿਰ ਪਾੜਨਾ ਹੁੰਦਾ ਹੈ.. ਫਿਰ ਸਾਡੀਆਂ ਅੱਸੀਆਂ ਕਦੋਂ ਘਸਣਗੀਆਂ?

ਸੋ ਦੋਸਤੋ ਜਿਹੜੇ ਪਹਿਲਾਂ ਹੀ ਠੀਕ ਨੇ, ਉਨ੍ਹਾਂ ਨੂੰ ਬਹੁਤ ਬਹੁਤ ਮੁਬਾਰਕਾਂ। ਬਾਕੀਆਂ ਨੂੰ ਚਾਹੀਦਾ ਹੈ ਕਿ ਰਿਸ਼ਤਿਆਂ ਦੀ ਇਸ ਵਰਣਮਾਲਾ ਨੂੰ ਸਮਝਦੇ ਹੋਏ ਆਪਣੀ ਈਗੋ ਦੀਆਂ ਗੰਢਾਂ ਨੂੰ ਖੋਲੋ । ਤੁਹਾਡੇ ਘਰ ਵਿਚ ਸਿਰਫ਼ ਵਕਤ ਪਕਵਾਨਾਂ ਦੀ ਖੁਸ਼ਬੂ ਹੀ ਨਹੀਂ ਹੋਣੀ ਚਾਹੀਦੀ, ਰਿਸ਼ਤਿਆਂ ਦੀ ਖੁਸ਼ਬੂ ਵੀ ਹੋਣੀ ਚਾਹੀਦੀ ਹੈ। ਮਿਲ ਕੇ ਬੈਠਣਾ, ਹੱਸਣਾ, ਖੇਡਣਾ, ਖਾਣਾ ਪਕਾਉਣਾ, ਰਿਸ਼ਤਿਆਂ ਨੂੰ ਗੰਢਣਾ ਤੇ ਨਗੰਦਣਾ ਸਭ ਤੁਹਾਡੇ ਹੱਥ ਹੈ। ਇਹੀ ਵੇਲਾ ਹੈ ਜਦ ਤੁਸੀਂ ਆਪਣੇ ਘਰ ਨੂੰ ਸਵਰਗ ਬਣਾ ਸਕਦੇ ਹੋ। ਪਰ ਬਦਕਿਸਮਤੀ ਨਾਲ ਜੇ ਤੁਹਾਡੇ ਵਿਚੋਂ ਕਿਸੇ ਦੀ ਈਗੋ ਵੀ ਤੁਹਾਡੇ ਰਿਸ਼ਤੇ ਤੋਂ ਵੱਡੀ ਹੋ ਗਈ ਤੇ ਇਹ ਘਰ ਮੁੜ ਨਰਕ ਵਿਚ ਬਦਲ ਜਾਣਾ ਹੈ ਤੇ ਨਰਕ ਵਿਚ ਤਾਂ ਇਕ ਮਿੰਟ ਰਹਿਣਾ ਔਖਾ ਹੋ ਜਾਂਦਾ ਹੈ, ਫਿਰ ਚੌਵੀ ਘੰਟੇ ਕਿਵੇਂ ਰਹੋਗੇ? ਜੇਕਰ ਅਸੀਂ ਆਪਣੇ ਰਿਸ਼ਤਿਆਂ ਨੂੰ ਖ਼ੂਬਸੂਰਤੀ ਨਾਲ ਨਿਭਾਉਂਦੇ ਹੋਏ ਤੇ ਆਪੋ ਆਪਣੇ ਦਾਇਰਿਆਂ ਵਿਚ ਰਹਿੰਦੇ ਹੋਏ, ਆਪਣੇ ਘਰ ਨੂੰ ਆਪਣੀਆਂ ਰੀਝਾਂ ਦਾ ਸਵਰਗ ਬਣਾ ਲਵਾਂਗੇ ਤਾਂ ਮਾੜੇ ਤੋਂ ਮਾੜਾ ਵਕਤ ਵੀ ਤੁਹਾਡੇ ਲਈ ਨਿਆਮਤ ਵੀ ਬਣ ਸਕਦਾ ਹੈ।

Woman Rights
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ

ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ...

By ਗੁਰਪ੍ਰੀਤ ਸਿੰਘ
April 13, 2021
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ

ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜ...

By Vijay Bombeli
April 13, 2021
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ