ਮਿਆਂਮਾਰ ਵਿੱਚ ਫ਼ੌਜ ਦੀ ਤਾਨਾਸ਼ਾਹੀ ਖ਼ਿਲਾਫ਼ ਅਵਾਮ!


ਜਿਹੜੇ ਹਾਲਾਤ ਇਸ ਵੇਲੇ ਮਿਆਂਮਾਰ ਦੇ ਬਣ ਚੁੱਕੇ ਹਨ, ਲੱਗਦਾ ਨਹੀਂ ਕਿ ਉਹ ਬਹੁਤ ਜਲਦ ਸਥਿਰ ਹੋਣ ਵਾਲੇ ਹਨ। ਮਿਆਂਮਾਰ ਵਿੱਚ ਫ਼ੌਜੀ ਰਾਜ ਆ ਚੁੱਕਿਆ ਹੈ ਅਤੇ ਸੱਤਾ 'ਤੇ ਬਿਠਾਈ ਲੋਕਤੰਤਰ ਪੱਖੀ ਆਗੂ ਆਂਗ ਸਾਨ ਸੂਕੀ ਨੂੰ ਹਟਾ ਦਿੱਤਾ ਗਿਆ। ਫ਼ੌਜ ਦੀ ਤਾਨਾਸ਼ਾਹੀ ਇਸ ਕਦਰ ਮਿਆਂਮਾਰ ਵਿੱਚ ਵੱਧ ਗਈ ਹੈ, ਜਿਵੇਂ ਮਿਆਂਮਾਰ ਦੇ ਲੋਕਾਂ ਨੇ ਮਿਆਂਮਾਰ ਵਿੱਚ ਜਨਮ ਲੈ ਕੇ ਹੀ ਕੋਈ ਗੁਨਾਹ ਕਰ ਲਿਆ ਹੋਵੇ। ਵੈਸੇ, ਅਜਿਹੇ ਹਾਲਾਤ ਕਰੀਬ 80/85 ਵਰ੍ਹੇ ਪਹਿਲੋਂ ਅਡੋਲਫ ਹਿਟਲਰ ਦੇ ਤਾਨਾਸ਼ਾਹੀ ਰਾਜ ਵੇਲੇ ਬਣੇ ਸਨ। ਅਡੋਲਫ ਹਿਟਲਰ, ਜਰਮਨ ਸਿਆਸਤਦਾਨ ਅਤੇ ਨਾਜ਼ੀ ਪਾਰਟੀ, ਰਾਸ਼ਟਰੀ ਸਮਾਜਵਾਦੀ ਜਰਮਨ ਮਜ਼ਦੂਰ ਪਾਰਟੀ ਦਾ ਆਗੂ ਸੀ। ਹਿਟਲਰ, 1933 ਤੋਂ 1945 ਤੱਕ ਜਰਮਨੀ ਦਾ ਚਾਂਸਲਰ (ਕੁਲਪਤੀ) ਅਤੇ 1934 ਤੋਂ 1945 ਤੱਕ ਨਾਜ਼ੀ ਜਰਮਨੀ ਦਾ ਤਾਨਾਸ਼ਾਹ ਸੀ। ਉਸਦਾ ਨਾਜ਼ੀ ਜਰਮਨੀ, ਯੂਰਪ ਵਿਚਲੇ ਦੂਜੇ ਵਿਸ਼ਵ ਯੁੱਧ ਵਿੱਚ ਕੇਂਦਰੀ ਰੋਲ ਸੀ। ਆਪਣੇ ਸਮੇਂ ਵਿੱਚ ਹਿਟਲਰ ਨੇ ਕਈ ਬੇਕਸੂਰਿਆਂ ਨੂੰ ਮੌਤ ਦੀ ਘਾਟ ਉਤਾਰਿਆ ਸੀ। ਹਿਟਲਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਉਸ ਵੇਲੇ ਵੀ ਜੰਮ ਕੇ ਪ੍ਰਦਰਸ਼ਨ ਹੋਇਆ ਸੀ, ਪਰ ਹਿਟਲਰ ਆਪਣੇ ਵਿਰੁੱਧ ਬੋਲਣ ਵਾਲੇ ਨੂੰ ਮੌਤ ਦੇ ਮੂੰਹ ਵਿੱਚ ਘੱਲ ਦਿੰਦਾ ਸੀ।

ਹਿਟਲਰ ਦੇ ਸਮੇਂ ਵਿੱਚ ਜੋ ਕੁੱਝ ਹੋਇਆ ਸੀ, ਬਿਲਕੁਲ ਅਜਿਹਾ ਹੀ ਹੁਣ ਮਿਆਂਮਾਰ ਵਿੱਚ ਹੋ ਰਿਹਾ ਹੈ। ਮਿਆਂਮਾਰ ਵਿੱਚ ਆਏ ਫ਼ੌਜੀ ਸ਼ਾਸਨ ਨੇ ਜਿੱਥੇ ਦੁਨੀਆ ਭਰ ਦੀਆਂ ਨੀਂਦਾਂ ਉਡਾ ਕੇ ਰੱਖ ਦਿੱਤੀਆਂ ਹਨ, ਉੱਥੇ ਹੀ ਲੋਕਾਂ ਦੀ ਆਵਾਜ਼ ਨੂੰ ਕਿਵੇਂ ਦਬਾਇਆ ਜਾਂਦਾ ਹੈ, ਇਹ ਵੀ ਮਿਆਂਮਾਰ ਨੇ ਸਭ ਨੂੰ ਸਿਖਾ ਦਿੱਤਾ ਹੈ। ਮਿਆਂਮਾਰ ਦੇ ਜੇਕਰ ਇਤਿਹਾਸ ਵੱਲ ਜਾਈਏ ਤਾਂ, ਲੋਕਤੰਤਰ ਪੱਖੀ ਆਗੂ ਆਂਗ ਸਾਨ ਸੂਕੀ ਤੋਂ ਪਹਿਲੋਂ ਮਿਆਂਮਾਰ ਵਿੱਚ ਸਾਲ 1962 ਤੋਂ ਲੈ ਕੇ 2011 ਤੱਕ ਸੈਨਾ ਦਾ ਸਖ਼ਤ ਸ਼ਾਸਨ ਲਾਗੂ ਸੀ। ਸੈਨਾ ਨੇ ਡੰਡੇ ਦੇ ਜ਼ੋਰ 'ਤੇ ਹਮੇਸ਼ਾ ਹੀ ਮਿਆਂਮਾਰ ਦੇ ਲੋਕਾਂ ਨੂੰ ਕੁਚਲਿਆ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸੰਯੁਕਤ ਰਾਸ਼ਟਰ, ਜਿਹੜਾ ਕਿ ਹਰ ਮੁੱਦੇ 'ਤੇ ਬੋਲਦਾ ਰਹਿੰਦਾ ਹੈ, ਉਹ ਵੀ ਮਿਆਂਮਾਰ ਵਿਚਲੇ ਲੋਕਾਂ 'ਤੇ ਹੋ ਰਹੇ ਤਸ਼ੱਦਦ 'ਤੇ ਜ਼ੁਬਾਨ ਨਹੀਂ ਖ਼ੋਲ ਸਕਿਆ। ਵੈਸੇ ਤਾਂ, ਬਹੁਤ ਸਾਰੇ ਮੁਲਕ ਇਸ ਵੇਲੇ ਮਿਆਂਮਾਰ ਵਿਚਲੇ ਤਖ਼ਤਾ ਪਲਟ ਫ਼ੌਜੀ ਸ਼ਾਸਨ ਦੇ ਵਿਰੁੱਧ ਬੋਲ ਰਹੇ ਹਨ, ਪਰ ਸਵਾਲ ਇਹ ਹੈ ਕਿ ਮਿਆਂਮਾਰ ਵਿੱਚ ਫ਼ੌਜ ਦੀ ਤਾਨਾਸ਼ਾਹੀ ਨੂੰ ਆਖ਼ਰ ਰੋਕ ਕੌਣ ਸਕਦਾ ਹੈ? ਕੀ ਅਜਿਹਾ ਕੋਈ ਮੁਲਕ ਜਾਂ ਫਿਰ ਕਾਨੂੰਨ ਨਹੀਂ ਹੈ, ਜਿਹੜਾ ਮਿਆਂਮਾਰ ਵਿਚਲੇ ਲੋਕਾਂ 'ਤੇ ਹੋ ਰਹੇ ਤਸ਼ੱਦਦ ਨੂੰ ਰੋਕ ਸਕੇ ਅਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੋਵੇ।

ਇਸ ਵੇਲੇ ਆ ਰਹੀਆਂ ਖ਼ਬਰਾਂ ਦੀ ਮੰਨੀਏ ਤਾਂ, ਮਿਆਂਮਾਰ ਵਿੱਚ ਫ਼ੌਜੀ ਸ਼ਾਸਨ ਖ਼ਿਲਾਫ਼ ਚੱਲ ਰਹੇ ਲੋਕ ਅੰਦੋਲਨ ਨੂੰ ਦਬਾਉਣ ਲਈ ਮਾਰਸ਼ਲ ਲਾਅ ਦਾ ਦਾਇਰਾ ਹੋਰ ਜ਼ਿਲ੍ਹਿਆਂ ਵਿੱਚ ਵਧਾ ਦਿੱਤਾ ਗਿਆ ਹੈ। ਦਰਅਸਲ, ਮਿਆਂਮਾਰ ਵਿੱਚ ਇਸੇ ਸਾਲ ਹੀ ਫਰਵਰੀ ਤੋਂ ਫ਼ੌਜੀ ਸ਼ਾਸਨ ਲਾਗੂ ਕੀਤਾ ਗਿਆ ਹੈ। ਮਿਆਂਮਾਰ ਵਿੱਚ ਨਵੰਬਰ ਵਿੱਚ ਹੋਈਆਂ ਆਮ ਚੋਣਾਂ ਵਿੱਚ ਆਂਗ ਸਾਨ ਸੂਕੀ ਦੀ ਨੈਸ਼ਨਲ ਲੀਗ ਫ਼ਾਰ ਡੈਮੋਕਰੇਸੀ ਪਾਰਟੀ ਨੇ ਇੱਕਤਰਫ਼ਾ ਜਿੱਤ ਹਾਸਿਲ ਕੀਤੀ ਸੀ। ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੀ ਹੋਣਾ ਹੀ ਸੀ ਕਿ ਸੈਨਾ ਨੇ ਤਖ਼ਤਾ ਪਲਟ ਦਿੱਤਾ। ਸੈਨਾ ਦੀ ਇਸ ਤਾਨਾਸ਼ਾਹੀ ਨੂੰ ਅਵਾਮ ਨੇ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਉੱਪਰ ਆਮ ਵੇਖਿਆ। ਫ਼ੌਜ ਦੀ ਇਸ ਤਾਨਾਸ਼ਾਹੀ ਦੇ ਖ਼ਿਲਾਫ਼ ਜਿਹੜਾ ਕੋਈ ਵੀ ਬੋਲ ਰਿਹਾ ਹੈ, ਉਹਦੇ 'ਤੇ ਚਿੱਟੇ ਦਿਨ ਹਮਲੇ ਤਾਂ ਹੋ ਹੀ ਰਹੇ ਹਨ, ਨਾਲ ਹੀ ਫ਼ੌਜ ਉਹਨੂੰ ਸਖ਼ਤ ਸਜ਼ਾ ਵੀ ਦੇ ਰਹੀ ਹੈ। ਹੁਣ ਤੱਕ ਸੈਂਕੜੇ ਲੋਕ ਮਿਆਂਮਾਰ ਵਿੱਚ ਫ਼ੌਜ ਦੀ ਗੋਲੀ ਨਾਲ ਮਾਰੇ ਜਾ ਚੁੱਕੇ ਹਨ। ਅੱਤਵਾਦ ਨਾਲੋਂ ਵੀ ਭੈੜੀ ਮਿਆਂਮਾਰ ਦੀ ਫ਼ੌਜ ਨੇ ਲੋਕਾਂ 'ਤੇ ਐਨਾ ਅੱਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਵੇਂ ਮਿਆਂਮਾਰ ਵਿੱਚ ਰਹਿਣ ਵਾਲੇ ਲੋਕ ਅਸਮਾਨੋਂ ਡਿੱਗੇ ਹੋਣ।

ਮਿਆਂਮਾਰ ਵਿੱਚ ਫ਼ੌਜ ਦੀ ਤਾਨਾਸ਼ਾਹੀ ਨੂੰ ਬੇਸ਼ੱਕ ਫੇਸਬੁੱਕ ਨੇ ਵਿਖਾਇਆ ਅਤੇ ਲੋਕਾਂ ਨੇ ਫੇਸਬੁੱਕ ਉੱਪਰ ਆਪਣੇ ਵਿਚਾਰ ਰੱਖਦਿਆਂ ਹੋਇਆ ਗੁਆਂਢੀ ਮੁਲਕਾਂ ਤੋਂ ਮਦਦ ਦੀ ਮੰਗ ਵੀ ਕੀਤੀ। ਪਰ ਫ਼ੌਜ ਨੇ ਫੇਸਬੁੱਕ ਨੂੰ ਸਿੱਧੇ ਅਤੇ ਸਾਫ਼ ਸ਼ਬਦਾਂ ਵਿੱਚ ਲਿਖ ਦਿੱਤਾ ਕਿ, ਅਸੀਂ ਮਿਆਂਮਾਰ ਵਿੱਚ ਫੇਸਬੁੱਕ ਨੂੰ 'ਬਲੌਕ' ਕਰ ਰਹੇ ਹਾਂ। ਵੈਸੇ, ਮਿਆਂਮਾਰ ਵਿੱਚ ਫੇਸਬੁੱਕ ਹੀ ਲੋਕਾਂ ਦੀ ਜਾਣਕਾਰੀ ਅਤੇ ਸਮਾਚਾਰ ਲੈਣ ਦਾ ਮੁੱਖ ਸਰੋਤ ਹੈ। ਪਰ ਤਖ਼ਤਾ ਪਲਟ ਦੇ ਤਿੰਨ ਦਿਨਾਂ ਮਗਰੋਂ ਹੀ ਇੰਟਰਨੈੱਟ 'ਤੇ ਸੇਵਾ ਦੇਣ ਵਾਲੀਆਂ ਕੰਪਨੀਆਂ ਨੂੰ ਮੁਕੰਮਲ ਤੌਰ 'ਤੇ ਫੇਸਬੁੱਕ ਬੰਦ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਸੋਸ਼ਲ ਮੀਡੀਆ ਜੋ ਕਿ ਇੱਕ ਆਜ਼ਾਦ ਪਲੇਟਫ਼ਾਰਮ ਹੈ ਅਤੇ ਉਹਦੇ ਉੱਪਰ ਸਭਨਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਪਰ ਮਿਆਂਮਾਰ ਫ਼ੌਜ ਦੀ ਤਾਨਾਸ਼ਾਹੀ ਨੇ ਲੋਕਾਂ ਕੋਲੋਂ ਇਹ ਅਧਿਕਾਰ ਵੀ ਚਿੱਟੇ ਦਿਨੇ ਖੋਹ ਲਿਆ ਹੈ। ਫ਼ੌਜ ਰਾਜ ਦੇ ਕੁੱਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਮਿਸ਼ਨ ਭੜਕ ਰਿਹਾ ਹੈ, ਇਸ ਲਈ ਅਸੀਂ ਸੋਸ਼ਲ ਮੀਡੀਆ ਨੂੰ ਬਲੌਕ ਕਰ ਰਹੇ ਹਾਂ। ਫ਼ੌਜ ਦੀ ਤਾਨਾਸ਼ਾਹੀ ਇੱਥੋਂ ਤੱਕ ਵੱਧ ਚੁੱਕੀ ਹੈ ਕਿ ਫੇਸਬੁੱਕ 'ਤੇ ਪਾਬੰਦੀਆਂ ਤੋਂ ਬਾਅਦ, ਜਦੋਂ ਲੋਕ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਆਪਣਾ ਵਿਰੋਧ ਦਰਜ ਕਰਵਾ ਰਹੇ ਸਨ ਤਾਂ ਫ਼ੌਜੀ ਸ਼ਾਸਨ ਨੇ ਇੰਸਟਾਗ੍ਰਾਮ ਅਤੇ ਟਵਿੱਟਰ ਨੂੰ ਵੀ ਬੰਦ ਕਰਵਾ ਦਿੱਤਾ ਗਿਆ।

ਮਿਆਂਮਾਰ ਦੇ ਮੁੱਖ ਸ਼ਹਿਰ ਯਾਗੂੰਨ ਸਮੇਤ ਇਸ ਵੇਲੇ ਸਾਰੇ ਹੀ ਮੁਲਕ ਵਿੱਚ ਫ਼ੌਜੀ ਤਖ਼ਤਾ ਪਲਟ ਦੇ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਮੰਗ ਰੱਖੀ ਜਾ ਰਹੀ ਹੈ ਕਿ ਮੁੜ ਤੋਂ ਲੋਕਪੱਖੀ ਰਾਜ ਲਿਆਂਦਾ ਜਾਵੇ। ਦਰਜਨਾਂ ਹੀ ਲੋਕ ਮਿਆਂਮਾਰ ਵਿੱਚ ਰੋਜ਼ਾਨਾ ਮਰ ਰਹੇ ਹਨ, ਪਰ ਬੇਕਸੂਰੇ ਲੋਕਾਂ ਨੂੰ ਕੀੜਿਆਂ ਵਾਂਗ ਫ਼ੌਜ ਕੁਚਲ ਰਹੇ ਹਨ। ਦੱਸਦੇ ਚੱਲੀਏ ਕਿ, ਸੱਤਾ ਤੋਂ ਹਟਾਈ ਗਈ ਲੋਕਤੰਤਰ ਪੱਖੀ ਆਗੂ ਆਂਗ ਸਾਨ ਸੂਕੀ ਦੀ ਅਦਾਲਤ ਵਿੱਚ ਪੇਸ਼ੀ ਤੋਂ ਠੀਕ ਇੱਕ ਦਿਨ ਪਹਿਲੋਂ ਹਿੰਸਾ ਭੜਕ ਉੱਠੀ। ਫ਼ੌਜ ਦੀ ਤਾਨਾਸ਼ਾਹੀ ਦੇ ਵਿਰੁੱਧ ਮਿਆਂਮਾਰ ਵਿੱਚ ਔਰਤਾਂ ਫ਼ੌਜੀ ਸ਼ਾਸਨ ਦੇ ਖ਼ਿਲਾਫ਼ ਆਪਣੇ ਕੱਪੜਿਆਂ ਨਾਲ ਸਬੰਧਿਤ ਇੱਕ ਸਥਾਨਿਕ 'ਅੰਧਵਿਸ਼ਵਾਸ' ਦੀ ਵਰਤੋਂ ਕਰ ਰਹੀਆਂ ਹਨ, ਜਿਸ ਨੂੰ ਮਿਆਂਮਾਰ ਵਿੱਚ 'ਸਾਰੋਂਗ ਕ੍ਰਾਂਤੀ' ਵੀ ਕਿਹਾ ਜਾਂਦਾ ਰਿਹਾ ਹੈ। ਮਿਆਂਮਾਰ ਵਿੱਚ ਵਿਆਪਕ ਰੂਪ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਮਰਦ ਕਿਸੇ ਔਰਤ ਦੇ ਸਾਰੋਂਗ ਦੇ ਹੇਠੋਂ ਨਿਕਲ ਜਾਂਦਾ ਹੈ ਤਾਂ, ਉਹ ਆਪਣੀ ਮਰਦਾਨਾ ਤਾਕਤ ਗਵਾ ਦਿੰਦਾ ਹੈ। ਮਿਆਂਮਾਰ ਵਿੱਚ ਮਰਦਾਨਾ ਤਾਕਤ ਨੂੰ 'ਹਪੋਨ' ਕਿਹਾ ਜਾਂਦਾ ਹੈ, ਉੱਥੇ ਹੀ ਸਾਰੋਂਗ ਦੱਖਣ ਪੂਰਵ ਏਸ਼ੀਆ ਵਿੱਚ ਔਰਤਾਂ ਦੁਆਰਾ ਕਮਰ 'ਤੇ ਪਹਿਨੀ ਜਾਣ ਵਾਲੀ ਇੱਕ ਪੋਸ਼ਾਕ ਨੂੰ ਕਿਹਾ ਜਾਂਦਾ ਹੈ।

ਦੱਸਣਾ ਇਹ ਵੀ ਬਣਦਾ ਹੈ ਕਿ ਕੁੱਝ ਦਿਨ ਪਹਿਲੋਂ ਪੁਲਿਸ ਮੁਲਾਜ਼ਮਾਂ ਅਤੇ ਫ਼ੌਜੀ ਜਵਾਨਾਂ ਨੂੰ ਰਿਹਾਇਸ਼ੀ ਇਲਾਕਿਆਂ ਵਿੱਚ ਵੜਨ ਅਤੇ ਗ੍ਰਿਫ਼ਤਾਰੀਆਂ ਕਰਨ ਤੋਂ ਰੋਕਣ ਲਈ, ਮਿਆਂਮਾਰ ਦੇ ਕਈ ਸ਼ਹਿਰਾਂ ਵਿੱਚ ਔਰਤਾਂ ਨੇ ਆਪਣੇ ਸਾਰੋਂਗ ਸੜਕਾਂ ਉੱਤੇ ਟੰਗ ਦਿੱਤੇ ਸਨ। ਇਸੇ ਵਿਚਾਲੇ ਸੈਨਿਕ ਸ਼ਾਸਕਾਂ ਨੇ ਦੇਸ਼ ਦਾ ਇੰਟਰਨੈੱਟ ਮੁਕੰਮਲ ਤੌਰ 'ਤੇ ਹੁਣ ਬੰਦ ਕਰ ਦਿੱਤਾ ਹੈ। ਖ਼ੈਰ, ਮਿਆਂਮਾਰ ਦੇ ਮੁੱਖ ਸ਼ਹਿਰ ਯੰਗੂਨ ਵਿੱਚ ਪ੍ਰਦਰਸ਼ਨਕਾਰੀਆਂ ਨੇ 'ਸੈਨਿਕ ਤਾਨਾਸ਼ਾਹ ਨਾਕਾਮ ਹੋਵੇ, ਲੋਕਤੰਤਰ ਦੀ ਜਿੱਤ ਹੋਵੇ' ਦੇ ਨਾਅਰੇ ਲਗਾਏ ਜਾ ਰਹੇ ਹਨ। ਇਸ ਵਕਤ ਹਾਲਾਤ ਇਹ ਬਣ ਚੁੱਕੇ ਹਨ ਕਿ ਦੰਗਾਰੋਧੀ ਪੁਲਿਸ ਨੇ ਸ਼ਹਿਰ ਦੇ ਕੇਂਦਰੀ ਇਲਾਕਿਆਂ ਵੱਲ ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ।
ਮਿਆਂਮਾਰ ਦੀ ਸੈਨਾ ਨੇ ਲੋਕਤੰਤਰਿਕ ਵਜੋਂ ਚੁਣੇ ਗਏ ਨੇਤਾਵਾਂ ਨੂੰ ਨਜ਼ਰਬੰਦ ਕਰਕੇ ਇੱਕ ਫਰਵਰੀ ਨੂੰ ਤਖ਼ਤਾ ਪਲਟ ਕਰ ਦਿੱਤਾ ਸੀ। ਕੁੱਝ ਦਿਨ ਪਹਿਲੋਂ ਜਦੋਂ ਇੱਕ ਫ਼ੈਕਟਰੀ ਦੇ ਕਰਮਚਾਰੀਆਂ ਤੋਂ ਇਲਾਵਾ ਵਿਦਿਆਰਥੀ ਵਰਗ ਨੇ ਲੋਕਤੰਤਰ ਪੱਖੀ ਆਗੂ ਆਂਗ ਸਾਨ ਸੂਕੀ ਦੀ ਸਮੇਤ ਗ੍ਰਿਫ਼ਤਾਰ ਕੀਤੇ ਗਏ ਕਈ ਲੀਡਰਾਂ ਦੀ ਰਿਹਾਈ ਦੀ ਮੰਗ ਕਰਦਿਆਂ ਹੋਇਆ ਮਾਰਚ ਕੱਢਿਆ ਸੀ ਤਾਂ, ਉਸ ਵੇਲੇ ਫ਼ੌਜ ਨੇ ਕਰਮਚਾਰੀਆਂ ਅਤੇ ਵਿਦਿਆਰਥੀਆਂ 'ਤੇ ਅੰਨ੍ਹਾ ਤਸ਼ੱਦਦ ਢਾਇਆ ਸੀ। ਇਸ ਵੇਲੇ ਮਿਆਂਮਾਰ ਦੇ ਸ਼ਹਿਰ ਯੰਗੂਨ ਦੀਆਂ ਸੜਕਾਂ 'ਤੇ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਅਤੇ ਲੋਕ ਫ਼ੌਜੀ ਰਾਜ ਖ਼ਿਲਾਫ਼ ਰੈਲੀਆਂ ਕੱਢ ਰਹੇ ਹਨ। ਚੰਗੀ ਗੱਲ ਇਹ ਹੈ ਕਿ, ਯੰਗੂਨ ਸ਼ਹਿਰ ਦੀਆਂ ਸਿਟੀ ਬੱਸਾਂ ਪ੍ਰਦਰਸ਼ਨਕਾਰੀਆਂ ਦੇ ਸਮਰਥਨ ਵਿੱਚ ਹਾਰਨ ਵਜਾ ਰਹੀਆਂ ਹਨ।

ਇਸ ਤੋਂ ਇਲਾਵਾ ਮਿਆਂਮਾਰ ਵਿੱਚ ਸੜਕ ਉੱਪਰ ਖੜ੍ਹੇ ਲੋਕਾਂ ਨੇ 3 ਉਂਗਲੀਆਂ ਦਿਖਾ ਸਲੂਟ ਕਰ ਰਹੇ ਹਨ। ਇਹ ਸਲੂਟ ਖੇਤਰ ਵਿੱਚ ਸੈਨਿਕ ਸ਼ਾਸਨ ਖ਼ਿਲਾਫ਼ ਵਿਰੋਧ ਦਾ ਪ੍ਰਤੀਕ ਬਣ ਗਿਆ ਹੈ। ਤਾਜ਼ਾ ਰਿਪੋਰਟਾਂ ਇਹ ਹਨ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਨੂੰ ਗੁਲਾਬ ਅਤੇ ਪੀਣ ਵਾਲਾ ਪਾਣੀ ਦਿੰਦਿਆਂ ਹੋਇਆ ਉਨ੍ਹਾਂ ਨਾਲ ਜਨਤਾ ਸਮਰਥਨ ਅਤੇ ਨਵਾਂ ਸੱਤਾ ਦੇ ਵਿਰੋਧ ਦੀ ਅਪੀਲ ਵੀ ਕੀਤੀ ਹੈ। ਯੰਗੂਨ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਯੇਨ ਚਾਨ ਮੁਤਾਬਿਕ ਮਿਆਂਮਾਰ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਫ਼ੌਜ ਕਿਸ ਤਰ੍ਹਾਂ ਦਮਨ ਕਰ ਸਕਦੀ ਹੈ। ਮਿਆਂਮਾਰ ਵਿੱਚ ਸਾਲ 2011 ਤੋਂ ਲੈ ਕੇ 1962 ਤੱਕ ਸੈਨਾ ਦਾ ਸਖ਼ਤ ਸ਼ਾਸਨ ਲਾਗੂ ਸੀ, ਪਰ ਹੁਣ ਲੋਕ ਨਵੇਂ ਹਾਲਾਤ ਨੂੰ ਸਮਝਣ ਅਤੇ ਆਪਣੇ ਤਰੀਕੇ ਨਾਲ ਆਪਣੀ ਆਵਾਜ਼ ਚੁੱਕਣ ਦੇ ਰਸਤੇ ਕੱਢ ਰਹੇ ਹਨ। ਕਈ ਪੁਲਿਸ ਅਧਿਕਾਰੀ ਮਿਆਂਮਾਰ ਨੂੰ ਛੱਡ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਹ ਪਿਛਲੇ ਮਹੀਨੇ ਤਖ਼ਤਾ ਪਲਟ ਦੌਰਾਨ ਸੱਤਾ ਉੱਤੇ ਕਾਬਜ਼ ਹੋਣ ਵਾਲੇ ਫ਼ੌਜ ਦੇ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕਰਨ ਤੋਂ ਬਾਅਦ ਸਰਹੱਦ ਪਾਰ ਕਰਕੇ ਭਾਰਤ ਵੱਲ ਭੱਜ ਗਏ ਸਨ।

ਕੁੱਝ ਅਜਿਹੀਆਂ ਸ਼ੁਰੂਆਤੀ ਇੰਟਰਵਿਊਜ਼ ਵਿੱਚ, ਇੱਕ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਉਹ ਇਸ ਡਰ ਤੋਂ ਇੱਥੋਂ ਫ਼ਰਾਰ ਹੋ ਗਏ ਸਨ ਕਿ ਉਨ੍ਹਾਂ ਨੂੰ ਨਾਗਰਿਕਾਂ ਨੂੰ ਮਾਰਨ ਜਾਂ ਨੁਕਸਾਨ ਪਹੁੰਚਾਉਣ ਲਈ ਮਜਬੂਰ ਕੀਤਾ ਜਾਵੇਗਾ। ਇੱਕ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ, ਉਹਨੂੰ ਪ੍ਰਦਰਸ਼ਨਕਾਰੀਆਂ ਉੱਪਰ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਗਏ ਸਨ, ਪਰ ਉਹ ਅਜਿਹਾ ਨਹੀਂ ਕਰ ਸਕਿਆ ਅਤੇ ਦੇਸ਼ ਛੱਡ ਕੇ ਭਾਰਤ ਆ ਗਿਆ ਹੈ। ਖ਼ੈਰ, ਇਸ ਵਕਤ ਜੋ, ਮਿਆਂਮਾਰ ਵਿੱਚ ਫ਼ੌਜ ਦੀ ਤਾਨਾਸ਼ਾਹੀ ਵਿਰੁੱਧ ਅਵਾਮ ਸੜਕਾਂ 'ਤੇ ਹੈ, ਉਹਦਾ ਸਮਰਥਨ ਦੁਨੀਆ ਭਰ ਦੇ ਲੋਕਾਂ ਨੂੰ ਕਰਨਾ ਚਾਹੀਦਾ ਹੈ, ਕਿਉਂਕਿ ਮਿਆਂਮਾਰ ਦੇ ਲੋਕਾਂ ਕੋਲੋਂ ਉਨ੍ਹਾਂ ਦੇ ਅਧਿਕਾਰ ਤਾਨਾਸ਼ਾਹੀ ਫ਼ੌਜੀ ਸ਼ਾਸਨ ਖੋਹ ਰਿਹਾ ਹੈ। ਮਿਆਂਮਾਰ ਵਿੱਚ ਫ਼ੌਜ ਕਦੋਂ ਤੱਕ ਤਾਨਾਸ਼ਾਹੀ ਕਰਕੇ, ਲੋਕਾਂ ਦਾ ਕਤਲ ਕਰਦੀ ਰਹੇਗੀ, ਇਹ ਤਾਂ ਵੇਲਾ ਹੀ ਦੱਸੇਗਾ, ਪਰ ਲੋਕ ਆਪਣਾ ਹੱਕ ਲੈ ਕੇ ਵਾਪਸ ਮੁੜਨਗੇ, ਇਹ ਮਿਆਂਮਾਰ ਦੇ ਲੋਕਾਂ ਦੇ ਪ੍ਰਦਰਸ਼ਨ ਤੋਂ ਸਾਬਤ ਹੋ ਰਿਹਾ ਹੈ।

Current Affairs Fascism
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ

ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ...

By ਗੁਰਪ੍ਰੀਤ ਸਿੰਘ
April 13, 2021
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ

ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜ...

By Vijay Bombeli
April 13, 2021
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ