ਕੀ ਪੁਲਿਸ ਜੰਮੂ ਕਸ਼ਮੀਰ 'ਚ ਫ਼ਰਜ਼ੀ ਮੁਕਾਬਲੇ ਕਰਦੀ ਐ?


ਜਿਹੜੀ ਮਾਂ ਦਾ ਪੁੱਤ, ਭੈਣ ਦਾ ਭਰਾ ਜਾਂ ਫਿਰ ਸੁਹਾਗਣ ਦਾ ਪਤੀ ਨਜਾਇਜ਼ ਹੀ ਕਿਸੇ ਦੇ ਵੱਲੋਂ ਮਾਰ ਮੁਕਾ ਦਿੱਤਾ ਜਾਵੇ, ਉਹਨੂੰ ਤਾਂ ਸਾਰੀ ਉਮਰ ਦਾ ਦੁੱਖ ਲੱਗ ਜਾਂਦਾ ਹੈ, ਨਾਲ ਹੀ ਉਕਤ ਮਰਨ ਵਾਲੇ ਵਿਅਕਤੀ ਦੀ ਅਗਲੀ ਪੀੜ੍ਹੀ ਆਪਣਿਆਂ ਦਾ ਬਦਲ ਲੈਣ ਲਈ, ਸੂਲ਼ਾਂ ਤਿੱਖੀਆਂ ਕਰਨ ਲੱਗ ਜਾਂਦੀ ਹੈ। ਪੰਜਾਬ ਸਮੇਤ ਭਾਰਤ ਭਰ ਵਿੱਚ ਜਦੋਂ ਵੀ ਔਖਾ ਵੇਲਾ ਆਇਆ ਹੈ ਤਾਂ, ਸਭ ਤੋਂ ਪਹਿਲੋਂ ਸਰਕਾਰਾਂ ਨੇ ਅੱਤਵਾਦ ਨੂੰ ਖ਼ਤਮ ਕਰਨ ਦਾ ਦਾਅਵਾ ਠੋਕਿਆ ਹੈ, ਪਰ ਅੱਤਵਾਦ ਹਾਲੇ ਵੀ ਸਾਡੇ ਦੇਸ਼ ਦੇ ਅੰਦਰੋਂ ਖ਼ਤਮ ਨਹੀਂ ਹੋਇਆ। ਹੁਕਮਰਾਨਾਂ ਦੁਆਰਾ ਹੀ ਤਿਆਰ ਕੀਤੀਆਂ ਗਈਆਂ ਜਥੇਬੰਦੀਆਂ ਅਜਿਹੇ ਅਜਿਹੇ ਘਿਨੌਣੇ ਕੰਮ ਕਰ ਰਹੀਆਂ ਹਨ, ਜਿਸ ਨੂੰ ਵੇਖ ਕੇ, ਇਸ ਤਰ੍ਹਾਂ ਲੱਗਦਾ ਹੈ ਕਿ ਅੱਤਵਾਦੀ ਕੋਈ ਬਾਹਰੋਂ ਨਹੀਂ, ਬਲਕਿ ਇੱਥੋਂ ਹੀ ਪੈਦਾ ਹੁੰਦੇ ਹਨ, ਜੋ ਹਰ ਵਕਤ ਦੰਗੇ ਤਾਂ ਕਰਦੇ ਹੀ ਹਨ, ਨਾਲ ਹੀ ਕਈ ਬੇਕਸੂਰੇ ਲੋਕਾਂ ਦੀ ਜਾਨ ਵੀ ਲੈਂਦੇ ਹਨ। ਫ਼ਰਜ਼ੀ ਪੁਲਿਸ ਮੁਕਾਬਲੇ ਅਕਸਰ ਹੀ ਅਸੀਂ ਸੁਣਦੇ ਹਾਂ, ਕਿ ਸਾਡੇ ਦੇਸ਼ ਦੇ ਅੰਦਰ ਸਾਲ ਦੇ ਅੰਦਰ ਦੋ ਤਿੰਨ ਤਾਂ ਵੱਡੇ ਫ਼ਰਜ਼ੀ ਪੁਲਿਸ ਮੁਕਾਬਲੇ ਹੁੰਦੇ ਹੀ ਹਨ, ਜਿਸ ਦੇ ਵਿੱਚ ਕਈ ਵਿਅਕਤੀ ਮਾਰੇ ਵੀ ਜਾਂਦੇ ਹਨ। ਭਾਵੇਂ ਹੀ ਕਿਸੇ ਦਾ ਕਸੂਰ ਮਾਮੂਲੀ ਜਿੰਨ੍ਹਾਂ ਵੀ ਨਾ ਹੋਵੇ, ਉਹਨੂੰ ਵੀ ਮੌਤ ਦੀ ਗੱਡੀ ਚਾੜ ਹੀ ਦਿੱਤਾ ਜਾਂਦਾ ਹੈ।

ਖ਼ੈਰ, ਜੰਮੂ ਕਸ਼ਮੀਰ ਦੇ ਅੰਦਰ ਧਾਰਾ 370 ਅਤੇ 35-ਏ ਖ਼ਤਮ ਹੋਣ ਤੋਂ ਪਹਿਲੋਂ ਤਾਂ ਸੁਣਿਆ ਕਰਦੇ ਸੀ, ਕਿ ਉੱਥੇ ਕਸ਼ਮੀਰੀ ਮੁੰਡਿਆਂ ਨੂੰ ਅੱਤਵਾਦੀ ਕਹਿ ਕੇ ਮੌਤ ਦੀ ਘਾਟ ਉਤਾਰਦੀ ਹੈ, ਪਰ ਧਾਰਾ 370 ਅਤੇ 35-ਏ ਖ਼ਤਮ ਕਰਨ ਤੋਂ ਬਾਅਦ ਵੀ ਉਥੋਂ ਦੇ ਪ੍ਰਸਾਸ਼ਨ ‘ਤੇ ਹਮੇਸ਼ਾ ਦੋਸ਼ ਲੱਗ ਰਹੇ ਹਨ, ਕਿ ਇਹ ਫ਼ਰਜ਼ੀ ਮੁਕਾਬਲੇ ਕਰਕੇ, ਨੌਜਵਾਨਾਂ ਨੂੰ ਮਾਰੀ ਜਾ ਰਹੇ ਹਨ। ਵੈਸੇ, ਜਿਹੜੀ ਸਰਕਾਰ ਜੰਮੂ ਕਸ਼ਮੀਰ ਦੇ ਅੰਦਰੋਂ ਧਾਰਾ 370 ਅਤੇ 35-ਏ ਖ਼ਤਮ ਕਰਕੇ ਖ਼ੁਸ਼ ਸੀ ਅਤੇ ਕਹਿ ਰਹੀ ਸੀ ਕਿ ਹੁਣ ਅੱਤਵਾਦ ਨੂੰ ਪੂਰੀ ਤਰ੍ਹਾਂ ਨਾਲ ਠੱਲ੍ਹ ਪਵੇਗੀ, ਹੁਣ ਉਹੀ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਘਿਰਦੀ ਨਜ਼ਰੀ ਆ ਰਹੀ ਹੈ। ਦਰਅਸਲ, ਕਸ਼ਮੀਰ ਦੇ ਅੰਦਰੋਂ ਧਾਰਾ 370 ਅਤੇ 35-ਏ ਖ਼ਤਮ ਕਰਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦੁਨੀਆ ਭਰ ਦੇ ਵਿੱਚ ਆਪਣੀ ਠੁੱਕ ਤਾਂ ਬਣਾ ਲਈ, ਪਰ ਅਸਲ ਦੇ ਵਿੱਚ ਕਸ਼ਮੀਰੀਆਂ ਦਾ ਕੀ ਹਾਲ ਹੈ, ਉਹਦੇ ਬਾਰੇ ਕਿਸੇ ਨੂੰ ਦੱਸਿਆ ਤੱਕ ਨਹੀਂ। ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਅਤੇ 35-ਏ ਹਟਾਏ ਨੂੰ ਕਰੀਬ ਡੇਢ ਸਾਲ ਹੋ ਚੁੱਕਿਆ ਹੈ, ਪਰ ਹਾਲੇ ਵੀ ਕਸ਼ਮੀਰ ਦੇ ਅੰਦਰੋਂ ਦੁਖਦਾਈ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ।

ਕਈ ਸਾਡੇ ਫ਼ੌਜੀ ਜਵਾਨ ਕਸ਼ਮੀਰ ਦੇ ਅੰਦਰ ਸ਼ਹੀਦ ਹੋ ਰਹੇ ਹਨ ਅਤੇ ਕਈ ਕਸ਼ਮੀਰੀ ਵੀ ਮਾਰੇ ਜਾ ਰਹੇ ਹਨ। ਪਰ ਇਸ ਦਾ ਅਸਲ ਦੋਸ਼ੀ ਕੌਣ ਹੈ, ਇਹਦੇ ਬਾਰੇ ਪਤਾ ਆਉਣ ਵਾਲੇ ਸਮਿਆਂ ਦੇ ਵਿੱਚ ਲੱਗ ਹੀ ਜਾਵੇਗਾ। ਸਮੇਂ-ਸਮੇਂ ‘ਤੇ ਭਾਵੇਂ ਹੀ ਸਰਕਾਰ ਦਾਅਵੇ ਕਰਦੀ ਰਹੀ ਹੈ, ਕਿ ‘ਕਸ਼ਮੀਰ ਮੇਂ ਸਭ ਅੱਛਾ ਹੋ ਰਹਾਂ ਹੈ’ ਪਰ ਅਸਲ ਦੇ ਵਿੱਚ ਕਸ਼ਮੀਰ ਦੇ ਅੰਦਰ ਅੱਛਾ ਨਹੀਂ ਬਲਕਿ ਸਭ ਤੋਂ ਬੁਰਾ ਹੋ ਰਿਹਾ ਹੈ। ਕਸ਼ਮੀਰੀਆਂ ਕੋਲੋਂ ਉਨ੍ਹਾਂ ਦੇ ਅਧਿਕਾਰ ਖੋਹ ਕੇ ਹੁਕਮਰਾਨਾਂ ਨੇ ਪਹਿਲੋਂ ਧਾਰਾ 370 ਅਤੇ 35-ਏ ਖ਼ਤਮ ਕਰ ਦਿੱਤੀ ਅਤੇ ਹੁਣ ਉੱਥੇ ਕਾਰਪੋਰੇਟ ਘਰਾਣਿਆਂ ਦਾ ਰਾਜ ਸਥਾਪਤ ਹੁੰਦਾ ਵਿਖਾਈ ਦੇ ਰਿਹਾ ਹੈ। ਹਾਲੇ ਵੀ ਕਸ਼ਮੀਰੀ ਲੋਕ ਭਾਜਪਾ ਜਾਂ ਫਿਰ ਕਾਂਗਰਸ ਨੂੰ ਆਪਣੇ ਇਲਾਕੇ ਦੇ ਵਿੱਚ ਵੜਨ ਨਹੀਂ ਦੇ ਰਹੇ, ਕਿਉਂਕਿ ਇਹ ਉਹੀ ਪਾਰਟੀਆਂ ਹਨ, ਜਿਨ੍ਹਾਂ ਨੇ ਕਸ਼ਮੀਰ ‘ਤੇ ਚੋਖਾ ਜ਼ੁਲਮ ਢਾਹਿਆ ਹੈ ਅਤੇ ਸੁੰਦਰ ਪਹਾੜੀਆਂ ਵਿਚਲੇ ਲੋਕਾਂ ਨੂੰ ਅੱਤਵਾਦੀ ਕਹਿ ਕੇ ਮਾਰਿਆ ਹੈ। ਸਾਰਾ ਕਸ਼ਮੀਰ ਅੱਤਵਾਦ ਦੇ ਨਾਲ ਭਰਿਆ ਹੈ, ਅਜਿਹਾ ਕਦੇ ਵੀ ਨਹੀਂ ਹੋ ਸਕਦਾ। ਹਾਂ, ਇੱਕਾ ਦੁੱਕਾ ਲੋਕ ਹੋ ਸਕਦੇ ਹਨ, ਜਿਨ੍ਹਾਂ ਦੇ ਸਬੰਧ ਬਾਹਰਲੀਆਂ ਏਜੰਸੀਆਂ ਦੇ ਨਾਲ ਹੁੰਦੇ ਹੋਣਗੇ, ਪਰ ਹਰ ਕਸ਼ਮੀਰੀ ਅੱਤਵਾਦੀ ਨਹੀਂ।

ਸਮੇਂ ਦੀ ਹਕੂਮਤ ਅਤੇ ਇਨ੍ਹਾਂ ਦੇ ਫ਼ੀਲੇ ਲਗਾਤਾਰ ਕਸ਼ਮੀਰੀਆਂ ਨੂੰ ਭੈੜੀ ਨਿਗਾਹ ਦੇ ਨਾਲ ਵੇਖਦੇ ਰਹੇ ਹਨ ਅਤੇ ਹੁਣ ਵੀ ਇਨ੍ਹਾਂ ਨੂੰ ਹਰ ਕਸ਼ਮੀਰੀ ਅੱਤਵਾਦੀ ਹੀ ਜਾਪਦਾ ਹੈ। ਜਿਹੜਾ ਕਸ਼ਮੀਰੀ ਵੀ ਪੰਜਾਬ ਜਾਂ ਫਿਰ ਹੋਰ ਸੂਬੇ ਵਿੱਚ ਜਾ ਕੇ ਆਪਣਾ ਕੰਮ ਧੰਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ, ਉਹਨੂੰ ਸੱਤਾਧਿਰ ਅੱਤਵਾਦੀ ਕਹਿ ਕੇ ਉੱਥੋਂ ਜਾਂ ਤਾਂ ਤੋਰ ਦਿੰਦੀ ਹੈ ਜਾਂ ਫਿਰ ਮੌਤ ਦੀ ਘਾਟ ਉਤਰਵਾ ਦਿੰਦੀ ਹੈ। ਅੱਤਵਾਦੀ ਹਰ ਜਗ੍ਹਾ ਹਨ, ਜਿੱਥੇ ਮਰਜ਼ੀ ਵੇਖੇ ਜਾ ਸਕਦੇ ਹਨ। ਇਹ ਤਾਂ ਸਾਡੀ ਨਜ਼ਰ ਹੈ, ਕਿ ਅਸੀਂ ਕਿਸ ਨਾਲ ਕਿਹੋ ਜਿਹਾ ਵਰਤਾਓ ਕਰਨਾ ਹੈ। ਇਸ ਵੇਲੇ ਜੇਕਰ ਕਸ਼ਮੀਰ ਦੇ ਤਾਜ਼ਾ ਹਾਲਾਤਾਂ ‘ਤੇ ਨਿਗਾਹ ਮਾਰੀਏ ਤਾਂ, ਕਸ਼ਮੀਰੀਆਂ ਨੂੰ ਹਾਲੇ ਤੱਕ ਰੁਜ਼ਗਾਰ ਤਾਂ ਮਿਲਿਆ ਨਹੀਂ ਹੈ, ਪਰ ਗੋਲੀ ਜ਼ਰੂਰ ਮਿਲ ਰਹੀ ਹੈ। ਪਿਛਲੇ ਕਰੀਬ ਡੇਢ ਸਾਲ ਤੋਂ ਕਸ਼ਮੀਰੀ ਤਾਲਾਬੰਦੀ ਅਤੇ ਬਿਨ੍ਹਾਂ ਇੰਟਰਨੈੱਟ ਤੋਂ ਜ਼ਿੰਦਗੀ ਜਿਊਣ ਦੇ ਲਈ ਮਜਬੂਰ ਹੋ ਚੁੱਕੇ ਹਨ। ਕਈ ਕਸ਼ਮੀਰੀ ਭੁੱਖ ਦੇ ਨਾਲ ਮਰ ਚੁੱਕੇ ਹਨ ਅਤੇ ਕਈ ਕਸ਼ਮੀਰੀਆਂ ਨੂੰ ਗੋਲੀ ਖਾਣੀ ਪੈ ਰਹੀ ਹੈ। ਕਸ਼ਮੀਰ ਸਾਡੇ ਭਾਰਤ ਦਾ ਹੀ ਹਿੱਸਾ ਹੈ, ਇਸੇ ਲਈ ਕਸ਼ਮੀਰੀਆਂ ਦੀ ਗੱਲ ਕਰਨਾ, ਹਰ ਇੱਕ ਦਾ ਅਧਿਕਾਰ ਹੈ। ਕਿਉਂਕਿ ਅਸੀਂ ਮਨੁੱਖ ਤਾਂ ਹੀ ਅਖਵਾ ਸਕਦੇ ਹਾਂ, ਜੇਕਰ ਅਸੀਂ ਕਿਸੇ ਦੂਜੇ ਮਨੁੱਖ ਦੀ ਸੁਣ ਕੇ, ਉਹਦੀ ਮਦਦ ਕਰਾਂਗੇ।

ਕਸ਼ਮੀਰ ਦੇ ਅੰਦਰੋਂ ਧਾਰਾ 370 ਅਤੇ 35-ਏ ਖ਼ਤਮ ਕਰਕੇ, ਕਸ਼ਮੀਰੀਆਂ ਦੇ ਕੋਲੋਂ ਉਨ੍ਹਾਂ ਦੇ ਅਧਿਕਾਰ ਖੋਹ ਕੇ, ਸਰਕਾਰ ਨੇ ਉਹ ਕੁੱਝ ਕਰ ਦਿੱਤਾ ਹੈ, ਜੋ ਕੁੱਝ ਅੰਗਰੇਜ਼ ਸਾਡੇ ਨਾਲ ਕਰਦੇ ਹੁੰਦੇ ਸੀ। ਵੈਸੇ, ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਕਿਸੇ ਹੋਰ ਨੇ ਨਹੀਂ, ਬਲਕਿ 1947 ਦੀ ਭਾਰਤ-ਪਾਕਿਸਤਾਨ ਵੰਡ ਵੇਲੇ ਮਿਲੇ ਸਨ, ਜਿਨ੍ਹਾਂ ਦੀ ਪਾਲਨਾ ਕਸ਼ਮੀਰੀ ਕਰਦੇ ਆ ਰਹੇ ਸਨ। ਪਰ ਹਕੂਮਤ ਨੇ ਕਸ਼ਮੀਰੀਆਂ ਕੋਲੋਂ ਉਨ੍ਹਾਂ ਦੇ ਅਧਿਕਾਰ ਤਾਂ ਖੋਹ ਹੀ ਲਏ ਹਨ, ਨਾਲ ਉਨ੍ਹਾਂ ‘ਤੇ ਅੱਤਿਆਚਾਰ ਵੀ ਜਾਰੀ ਰੱਖਿਆ ਹੋਇਆ ਹੈ। ਕਸ਼ਮੀਰ ਦੇ ਅੰਦਰ ਹਾਲੇ ਵੀ ਉੱਥੋਂ ਦੇ ਸਿਆਸੀ ਨੇਤਾਵਾਂ ਨੂੰ ਭਾਜਪਾ ਸਰਕਾਰ ਦੀ ਸ਼ਹਿ ‘ਤੇ ਪ੍ਰਸਾਸ਼ਨ ਨੇ ਘਰਾਂ ਦੇ ਅੰਦਰ ਹੀ ਨਜ਼ਰਬੰਦ ਕੀਤਾ ਹੋਇਆ ਹੈ। ਕਸ਼ਮੀਰੀ ਨੇਤਾ ਨਾ ਤਾਂ ਘਰੋਂ ਬਾਹਰ ਜਾ ਕੇ ਕਿਸੇ ਨਾਲ ਦੁੱਖ ਸੁੱਖ ਸਾਂਝਾ ਕਰ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਮਿਲ ਸਕਦਾ ਹੈ। ਵੈਸੇ, ਏਨੀ ਗ਼ੁਲਾਮੀ ਤਾਂ ਅੰਗਰੇਜ਼ਾਂ ਦੇ ਸਮੇਂ ਵੀ ਸਾਡੇ ਲੋਕਾਂ ਨੂੰ ਨਹੀਂ ਸੀ ਹੁੰਦੀ, ਜਿੰਨੀ ਹੁਣ ਹੈ।

ਪਿਛਲੇ ਦਿਨੀਂ, ਇਹ ਖ਼ਬਰ ਸਾਹਮਣੇ ਆਈ ਸੀ ਕਿ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਪ੍ਰਸ਼ਾਸਨ ਦੇ ਵੱਲੋਂ ਫਿਰ ਤੋਂ ਨਜ਼ਰਬੰਦ ਕਰ ਲਿਆ ਗਿਆ। ਗੋਦੀ ਮੀਡੀਆ ਨੇ ਮਹਿਬੂਬਾ ਮੁਫ਼ਤੀ ਨੂੰ ਘਰ ਵਿੱਚ ਨਜ਼ਰਬੰਦ ਕੀਤੇ ਜਾਣ ਦੀ ਖ਼ਬਰ ਨੂੰ ਇਸ ਤਰ੍ਹਾਂ ਚਲਾਇਆ, ਕਿ ਮਹਿਬੂਬਾ ਦਾ ਪਿਆਰ ਅੱਤਵਾਦੀਆਂ ਪ੍ਰਤੀ ਘਟਣ ਦਾ ਨਾਂਅ ਨਹੀਂ ਲੈ ਰਿਹਾ, ਜਦੋਂਕਿ ਮਹਿਬੂਬਾ ਆਪਣੇ ਕਸ਼ਮੀਰ ਦੇ ਅੰਦਰ ਮਾਰੇ ਗਏ ਨੌਜਵਾਨ ਦੀ ਮੌਤ ‘ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਜਾਣਾ ਚਾਹੁੰਦੀ ਸੀ, ਪਰ ਪ੍ਰਸ਼ਾਸਨ ਨੇ ਉਸ ਨੂੰ ਘਰੋਂ ਬਾਹਰ ਹੀ ਨਹੀਂ ਨਿਕਲਣ ਦਿੱਤਾ ਗਿਆ। ਵੇਖਿਆ ਜਾਵੇ ਤਾਂ, ਕਿਸੇ ਦੀ ਮੌਤ ‘ਤੇ ਦੁੱਖ ਸਾਂਝਾ ਕਰਨ ਦਾ ਵੀ ਜੇਕਰ ਕਿਸੇ ਨੂੰ ਅਧਿਕਾਰ ਨਹੀਂ ਤਾਂ, ਫਿਰ ਐਹੋ ਜਿਹੀ ਆਜ਼ਾਦੀ ਨੂੰ ਕਰਨਾ ਵੀ ਕੀ ਹੈ?

ਆਲੋਚਕਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰ ਦੇ ਅੰਦਰ ਧਾਰਾ 370 ਅਤੇ 35-ਏ ਖ਼ਤਮ ਕੀਤੇ ਜਾਣ ਤੋਂ ਬਾਅਦ ਵੀ ਬੁਰੇ ਹਾਲ ਹਨ ਅਤੇ ਇਸ ਦੇ ਪਿੱਛੇ ਸਰਕਾਰ ਦਾ ਹੀ ਹੱਥ ਹੈ। ਕਸ਼ਮੀਰੀ ਕੁੜੀਆਂ ‘ਤੇ ਵੰਨ ਸੁਵੰਨੇ ਕੁਮੈਂਟ ਕਰਨ ਵਾਲੇ ਲੀਡਰਾਂ ਨੂੰ ਇਸ ਵੇਲੇ ਕਸ਼ਮੀਰ ਦੀਆਂ ਕੁੜੀਆਂ ਤਾਂ ਸੋਹਣੀਆਂ ਸੁਨੱਖੀਆਂ ਜਾਪਦੀਆਂ ਹਨ, ਪਰ ਕਸ਼ਮੀਰ ਦੇ ਮਰਦ ਸਾਰੇ ਅੱਤਵਾਦੀ ਜਾਪਦੇ ਹਨ। ਮਹਿਬੂਬਾ ਮੁਫ਼ਤੀ ਜੋ ਕਿ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਹੈ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਵੀ ਹੈ, ਜੇਕਰ ਉਹਨੂੰ ਹੀ ਕਿਸੇ ਨੌਜਵਾਨ ਦੀ ਮੌਤ ‘ਤੇ ਦੁੱਖ ਸਾਂਝਾ ਕਰਨ ਦੀ ਆਗਿਆ ਪ੍ਰਸ਼ਾਸਨ ਨਹੀਂ ਦੇ ਰਿਹਾ ਤਾਂ, ਫੇਰ ਹੋਰ ਕਿਸ ਨੂੰ ਪ੍ਰਸ਼ਾਸਨ ਕਿੰਨੀ ਕੁ ਖੁੱਲ੍ਹ ਦਿੰਦਾ ਹੋਵੇਗਾ, ਅਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹਾਂ। ਮਹਿਬੂਬਾ ਮੁਫ਼ਤੀ ਦੇ ਵੱਲੋਂ ਜਾਰੀ ਕੀਤੇ ਗਏ ਬਿਆਨਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਦੋਸ਼ ਹੈ ਕਿ ਉਹਨੂੰ ਮੁੜ ਪ੍ਰਸ਼ਾਸਨ ਨੇ ਨਜ਼ਰਬੰਦ ਕਰ ਲਿਆ ਹੈ, ਉਹ ਪੁਲਵਾਮਾ ਜਾਣਾ ਚਾਹੁੰਦੇ ਸੀ, ਪਰ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ।

ਮਹਿਬੂਬਾ ਮੁਫ਼ਤੀ ਦਾ ਦੋਸ਼ ਹੈ ਕਿ ਲਗਾਤਾਰ ਕਸ਼ਮੀਰ ਦੇ ਅੰਦਰ ਫ਼ਰਜ਼ੀ ਮੁਕਾਬਲੇ ਹੋ ਰਹੇ ਹਨ ਅਤੇ ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਉਨ੍ਹਾਂ ਨੂੰ ਮੌਤ ਦੀ ਘਾਟ ਉਤਾਰਿਆ ਜਾ ਰਿਹਾ ਹੈ। ਕਸ਼ਮੀਰ ਦੇ ਅੰਦਰ ਫ਼ਰਜ਼ੀ ਪੁਲਿਸ ਮੁਕਾਬਲੇ ਹੋਣ ਦੀਆਂ ਖ਼ਬਰਾਂ ਪਹਿਲੋਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ, ਪਰ ਗੋਦੀ ਮੀਡੀਆ ਇਹਦੇ ਵੱਲ ਧਿਆਨ ਨਹੀਂ ਦਿੰਦਾ, ਜਦੋਂਕਿ ਜੇਕਰ ਹੋਰ ਕੋਈ ਮੀਡੀਆ ਅਦਾਰਾ ਕਸ਼ਮੀਰ ਦੇ ਹਲਾਤਾਂ ਦੀ ਖ਼ਬਰ ਪ੍ਰਕਾਸ਼ਿਤ ਕਰਦਾ ਹੈ ਤਾਂ, ਉਹਨੂੰ ਅਨੇਕਾਂ ਸਵਾਲ ਕਰ ਦਿੱਤੇ ਜਾਂਦੇ ਹਨ। ਮਹਿਬੂਬਾ ਮੁਫ਼ਤੀ ਨੇ ਦੋਸ਼ ਲਗਾਇਆ ਕਿ ਸ਼੍ਰੀਨਗਰ ਦੇ ਬਾਹਰੀ ਇਲਾਕੇ ਹੋਕਰਸਰ ਵਿੱਚ ਕਥਿਤ ਇੱਕ ਫ਼ਰਜ਼ੀ ਮੁਕਾਬਲੇ ਵਿੱਚ ਮਾਰੇ ਗਏ ਅਤਹਰ ਮੁਸ਼ਤਾਕ ਦੇ ਘਰ ਉਸ ਦੇ ਪਰਿਵਾਰਕ ਮੈਂਬਰ ਨੂੰ ਮਿਲਣ ਜਾ ਰਹੇ ਸਨ। ਮਹਿਬੂਬਾ ਦੇ ਦੋਸ਼ ਮੁਤਾਬਿਕ, ਅਤਹਰ ਮੁਸ਼ਤਾਕ ਦੇ ਪਿਤਾ ਖ਼ਿਲਾਫ਼ ਵੀ ਪੁਲਿਸ ਨੇ ਗ਼ੈਰ-ਕਾਨੂੰਨੀ ਸਰਗਰਮੀਆਂ ਦੀ ਰੋਕਥਾਮ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ। ਮੈਂ ਘਰੋਂ ਬਾਹਰ ਨਿਕਲਣ ਲੱਗੀ ਤਾਂ ਸੁਰੱਖਿਆ ਮੁਲਾਜ਼ਮਾਂ ਨੇ ਮੈਨੂੰ ਰੋਕ ਲਿਆ। ਮੇਰੇ ਨਿਵਾਸ ਦੇ ਮੁੱਖ ਗੇਟ ਨੂੰ ਬਾਹਰ ਤੋਂ ਬੰਦ ਕੀਤਾ ਤੇ ਕਿਹਾ ਕਿ ਮੈਂ (ਮਹਿਬੂਬਾ ਮੁਫ਼ਤੀ) ਬਾਹਰ ਨਹੀਂ ਨਿਕਲ ਸਕਦੀ।

ਮਹਿਬੂਬਾ ਮੁਫ਼ਤੀ ਨੇ ਦੋਸ਼ ਲਗਾਇਆ ਕਿ ਲਗਾਤਾਰ ਕਸ਼ਮੀਰੀ ਨੇਤਾਵਾਂ ‘ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਕਸ਼ਮੀਰ ਦੇ ਲੋਕਾਂ ਨੂੰ ਸਰਕਾਰ ਗ਼ੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ, ਜੋ ਕਿ ਕਸ਼ਮੀਰੀਆਂ ਨੂੰ ਨਾ-ਮਨਜ਼ੂਰ ਹੈ। ਮਹਿਬੂਬਾ ਨੇ ਕਿਹਾ ਕਿ ਉਹ ਆਜ਼ਾਦ ਭਾਰਤ ਦੇ ਵਸਨੀਕ ਹਨ ਅਤੇ ਆਜ਼ਾਦ ਭਾਰਤ ਇਕੱਲੇ ਭਾਜਪਾਈਆਂ ਜਾਂ ਫਿਰ ਕਾਂਗਰਸੀਆਂ ਦਾ ਨਹੀਂ, ਬਲਕਿ ਸਾਡੇ ਭਾਰਤੀਆਂ ਦਾ ਹੈ ਅਤੇ ਇਸੇ ਲਈ ਭਾਰਤੀਆਂ ਦੇ ਵਿੱਚ ਕਸ਼ਮੀਰੀ ਵੀ ਆਉਂਦੇ ਹਨ ਅਤੇ ਉਨ੍ਹਾਂ ਨੂੰ ਵੀ ਪੂਰਨ ਅਧਿਕਾਰ ਮਿਲਣੇ ਚਾਹੀਦੇ ਹਨ। ਮਹਿਬੂਬਾ ਨੇ ਕਿਹਾ ਕਿ, ਸਰਕਾਰ ਨੂੰ ਫ਼ਰਜ਼ੀ ਮੁਕਾਬਲੇ ਕਰਵਾ ਕੇ, ਕਸ਼ਮੀਰੀ ਮੁੰਡੇ ਨਹੀਂ ਮਾਰਨੇ ਚਾਹੀਦੇ, ਕਿਉਂਕਿ ਇਹ ਉਹੀ ਕਸ਼ਮੀਰੀ ਮੁੰਡੇ ਹਨ, ਜਿਹੜੇ ਹਮੇਸ਼ਾ ਭਾਰਤ ਦੀ ਰੱਖਿਆ ਲਈ ਮੂਹਰੇ ਆਉਂਦੇ ਰਹੇ ਹਨ ਅਤੇ ਸਮੇਂ ਦੀ ਹਕੂਮਤ ਉਨ੍ਹਾਂ ਨੂੰ ਅੱਤਵਾਦੀ ਕਹਿ ਕੇ ਮਾਰ ਮੁਕਾ ਦਿੰਦੀ ਰਹੀ ਹੈ। ਮਹਿਬੂਬਾ ਮੁਫ਼ਤੀ ਤੋਂ ਬਾਅਦ ਕਸ਼ਮੀਰ ਵਿਚਲੀ ਸਿਆਸੀ ਪਾਰਟੀ ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਬੇਹੱਦ ਨਾਰਾਜ਼ ਨਜ਼ਰ ਆਏ।

ਲੰਘੇ ਦਿਨ ਉਮਰ ਅਬਦੁੱਲਾ ਨੇ ਟਵੀਟ ਕੀਤਾ ਅਤੇ ਕਿਹਾ ਕਿ ਸਾਨੂੰ ਬਿਨ੍ਹਾਂ ਕਿਸੇ ਕਾਰਨ ਦੇ ਆਪਣੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ, ਇਸ ਤੋਂ ਉਹ ਕਾਫ਼ੀ ਹੈਰਾਨ ਹੋਏ ਹਨ। ਉਨ੍ਹਾਂ ਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿ ਉਨ੍ਹਾਂ ਦੇ ਪਿਤਾ ਤੇ ਸੰਸਦ ਮੈਂਬਰ ਡਾ. ਫ਼ਾਰੂਕ ਅਬਦੁੱਲਾ, ਮੇਰੀ ਭੈਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬਿਨ੍ਹਾਂ ਕਿਸੇ ਕਾਰਨ ਆਪਣੀ ਹੀ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਉਮਰ ਨੇ ਟਵੀਟ ਕਰਦੇ ਹੋਏ ਨਿਸ਼ਾਨਾ ਵਿੰਨ੍ਹਿਆ ਕਿ ਇਹ ਅਗਸਤ-2019 ਤੋਂ ਬਾਅਦ ਦਾ ਨਵਾਂ ਜੰਮੂ-ਕਸ਼ਮੀਰ ਹੈ। ਉਮਰ ਨੇ ਟਵੀਟ ਕਰਦੇ ਹੋਏ ਇਹ ਵੀ ਕਿਹਾ ਕਿ, ‘ਚੱਲੋ, ਤੁਹਾਨੂੰ ਲੋਕਤੰਤਰ ਦੇ ਨਵੇਂ ਮਾਡਲ ਦਾ ਅਰਥ ਦੱਸਦੇ ਹਾਂ ਕੀ ਹੈ? ਉਹ ਇਹ ਕਿ ਤੁਸੀਂ ਆਪਣੇ ਘਰਾਂ ਵਿੱਚ ਹੀ ਬਿਨ੍ਹਾਂ ਕਿਸੇ ਕਾਰਨ ਨਜ਼ਰਬੰਦ ਰਹੋ। ਪਰ ਘਰ ਵਿੱਚ ਜੋ ਕਰਮਚਾਰੀ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਤਾਂ ਘੱਟ ਤੋਂ ਘੱਟ ਬਾਹਰ ਜਾਣ ਦੀ ਆਗਿਆ ਹੋਣੀ ਚਾਹੀਦੀ ਹੈ।’ ਪ੍ਰਸ਼ਾਸਨ ਵੱਲੋਂ ਉਮਰ ਅਬਦੁੱਲਾ, ਫ਼ਾਰੂਕ ਅਬਦੁੱਲਾ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਘਰ ਵਿੱਚ ਨਜ਼ਰਬੰਦ ਹਨ ਅਤੇ ਘਰ ਦੇ ਬਾਹਰ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

ਲੰਘੇ ਦਿਨ ਉਮਰ ਅਬਦੁੱਲਾ ਨੇ ਆਪਣੇ ਘਰ ਦੇ ਬਾਹਰ ਤਾਇਨਾਤ ਸੁਰੱਖਿਆ ਏਜੰਸੀਆਂ ਦੇ ਵਾਹਨਾਂ ਦੀ ਤਾਇਨਾਤੀ ਦੀਆਂ ਤਸਵੀਰਾਂ ਵੀ ਟਵਿੱਟਰ ‘ਤੇ ਸਾਂਝੀਆਂ ਕੀਤੀ ਹਨ। ਕਸ਼ਮੀਰ ਦੇ ਅੰਦਰ ਜੇਕਰ ਧਾਰਾ 370 ਅਤੇ 35-ਏ ਖ਼ਤਮ ਕੀਤੇ ਜਾਣ ਤੋਂ ਬਾਅਦ ਵੀ ਉੱਥੋਂ ਦੇ ਨੇਤਾਵਾਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਕੀਤਾ ਜਾ ਰਿਹਾ ਹੈ ਤਾਂ, ਇਹਦੇ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ? ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਸ਼ਮੀਰ ਦੇ ਅੰਦਰ ਧਾਰਾ 370 ਅਤੇ 35-ਏ ਖ਼ਤਮ ਕਰਨ ਤੋਂ ਮਗਰੋਂ ਦਾਅਵਾ ਕੀਤਾ ਸੀ ਕਿ ਹੁਣ ਕਸ਼ਮੀਰ ਦੇ ਅੰਦਰ ਹਰ ਕਿਸੇ ਨੂੰ ਜ਼ਮੀਨ ਖ਼ਰੀਦਣ ਦੀ ਆਗਿਆ ਤਾਂ ਹੋਵੇਗੀ ਹੀ, ਨਾਲ ਹੀ ਕਸ਼ਮੀਰ ਦੇ ਅੰਦਰ ਹਰ ਕੋਈ ਵਪਾਰ ਵੀ ਕਰ ਸਕਦਾ ਹੈ। ਕਸ਼ਮੀਰ ਦੇ ਅੰਦਰ ਲਗਾਤਾਰ 6 ਮਹੀਨੇ ਤਾਲਾਬੰਦੀ ਰਹੀ ਅਤੇ ਕਿਸੇ ਨੂੰ ਵੀ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ, ਜਿਸ ਦੇ ਕਾਰਨ ਕੋਈ ਵੀ ਮੌਤ ਦੀ ਖ਼ਬਰ ਸਾਹਮਣੇ ਨਹੀਂ ਸੀ ਆਈ, ਜਿਸ ਤੋਂ ਬਾਅਦ ਅਮਿਤ ਸ਼ਾਹ ਦਾ ਬਿਆਨ ਆਇਆ ਸੀ ਕਿ ਵੇਖੋ ਅਸੀਂ ਕਿੰਨਾ ਚੰਗਾ ਕੰਮ ਕੀਤਾ ਧਾਰਾ 370 ਅਤੇ 35-ਏ ਖ਼ਤਮ ਕਰਕੇ, ਕੋਈ ਵੀ ਕਸ਼ਮੀਰ ਦੇ ਅੰਦਰ ਅਜਾਈਂ ਮੌਤ ਨਹੀਂ ਮਰਿਆ, ਪਰ ਅਮਿਤ ਸ਼ਾਹ ਇਹ ਦੱਸਣਾ ਭੁੱਲ ਗਏ ਕਿ ਕਸ਼ਮੀਰ ਦੇ ਅੰਦਰ ਜਿਹੜੀ ਤਾਲਾਬੰਦੀ ਲਗਾਈ ਸੀ, ਉਹਦੇ ਨਾਲ ਕਿੰਨੇ ਲੋਕਾਂ ਦਾ ਰੁਜ਼ਗਾਰ ਖੁੱਸਿਆ, ਕਿੰਨੇ ਕਸ਼ਮੀਰੀ ਐਨਕਾਊਟਰ ਵਿੱਚ ਮਾਰੇ ਅਤੇ ਕਿੰਨੀਆਂ ਔਰਤਾਂ ਦੇ ਨਾਲ ਬਲਾਤਕਾਰ ਹੋਇਆ? ਖ਼ੈਰ, ਨਵਾਂ ਕਸ਼ਮੀਰ, ਕੇਂਦਰ ਸਰਕਾਰ ਨੂੰ ਮੁਬਾਰਕ, ਪਰ ਕਸ਼ਮੀਰੀਆਂ ਲਈ ਹਾਲੇ ਵੀ ਉਹ ਗ਼ੁਲਾਮੀ ਵਿੱਚ ਹੀ ਜ਼ਿੰਦਗੀ ਜਿਉਂ ਰਹੇ ਹਨ।

Human Rights Current Affairs
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ

ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ...

By ਗੁਰਪ੍ਰੀਤ ਸਿੰਘ
April 13, 2021
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ

ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜ...

By Vijay Bombeli
April 13, 2021
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ