ਪੰਜ-ਆਬ ਦੇ ਰੂ-ਬ-ਰੂ: ਪੰਜਾਬ ਦਾ ਆਰਥਿਕ ਅਤੇ ਬੌਧਿਕ ਵਿਕਾਸ


ਭੂਗੋਲਿਕ ਅਤੇ ਰਾਜਸੀ ਰੂਪ ਵਿੱਚ ਪੰਜਾਬ ਕਦੇ ਵੀ ਇਕ ਇਕਾਈ ਜਾਂ ਨਿਸ਼ਚਿਤ ਖਿੱਤਾ ਨਹੀਂ ਰਿਹਾ। ਇਸ ਦੀਆਂ ਹੱਦਾਂ-ਸਰਹੱਦਾਂ ਅਤੇ ਨਾਮ ਵੀ ਲਗਾਤਾਰ ਬਦਲਦੇ ਰਹੇ ਹਨ। ਰਾਜਸੀ ਤਬਦੀਲੀਆਂ ਦੇ ਵੱਸ ਪਏ ਪੰਜਾਬ ਨੂੰ ਵੈਦਿਕ ਕਾਲ ਵਿਚ ਸਪਤ ਸਿੰਧੂ, ਯੂਨਾਨੀਆਂ ਦੇ ਕਬਜ਼ਾਏ ਪੰਜਾਬ ਨੂੰ ਪੈਂਟਾਪੋਟੈਮੀਆ, ਟੱਕ ਦੇਸ਼, ਪੰਚਨਦ, ਸੂਬਾ ਲਾਹੌਰ ਆਦਿ ਦੇ ਨਾਮ ਦਿੱਤੇ ਜਾਂਦੇ ਰਹੇ ਹਨ। ਕਿਸੇ ਸਮੇਂ ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਨੂੰ ਪੰਜ ਦੁਆਬਿਆਂ ਦੀ ਧਰਤੀ ਕਿਹਾ ਗਿਆ। ਦੁਆਬਾ ਸਿੰਧ ਸਾਗਰ (ਜਿਹਲਮ ਤੇ ਸਿੰਧ ਦਰਿਆ ਦਾ ਵਿਚਕਾਰਲਾ ਭਾਗ) ਦੁਆਬਾ ਚੋ ਬਹਿਤ (ਜਿਹਲਮ ਅਤੇ ਝਨਾਂ ਦਰਿਆ ਦੇ ਵਿਚਕਾਰਲਾ ਭਾਗ) ਅੰਗਰੇਜ਼ਾਂ ਨੇ ਇਸ ਨੂੰ ਚੱਜ ਦੁਆਬਾ ਅਤੇ ਭਾਰਤੀਆਂ ਨੇ ਛੱਜ ਦੁਆਬ ਵੀ ਕਿਹਾ ਹੈ। ਦੁਆਬਾ ਰਚਨਾਬ (ਰਾਵੀ ਅਤੇ ਝਨਾਂ ਵਿਚਕਾਰਲਾ ਭਾਗ) ਦੁਆਬਾ ਬਾਰੀ (ਬਿਆਸ ਅਤੇ ਰਾਵੀ ਵਿਚਕਾਰਲਾ ਭਾਗ) ਦੁਆਬਾ ਬਿਸਤ ਜਲੰਧਰ (ਬਿਆਸ ਅਤੇ ਸਤਲੁਜ ਵਿਚਕਾਰਲਾ ਭਾਗ)।1 ਇਹ ਪੰਜ ਦਰਿਆ ਸਿੰਧ ਸਾਗਰ ਵਿਚ ਜਾ ਮਿਲਦੇ ਸਨ। ਪੰਜਾਬ ਨਾਮ ਇਨ੍ਹਾਂ ਪੰਜ ਦੁਆਬਿਆਂ ਦੀ ਧਰਤੀ ਨਾਲ ਸੰਬੰਧਿਤ ਕੀਤਾ ਗਿਆ ਹੈ। ਪਰੰਤੂ ਭੂਗੋਲਿਕ ਤੌਰ 'ਤੇ ਸਤਲੁਜ ਤੋਂ ਉੱਪਰ ਜਮਨਾ ਤੱਕ ਦੀ ਪੱਟੀ ਅਤੇ ਘੱਗਰ ਦਰਿਆ ਦਾ ਵਿਸ਼ਾਲ ਇਲਾਕਾ ਵੀ ਪੰਜਾਬ ਦਾ ਇਲਾਕਾ ਹੈ ਜਿਸ ਨੂੰ ਨਾ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਜੋਂ ਪਰਿਭਾਸ਼ਤ ਕੀਤਾ ਜਾ ਸਕਦਾ ਹੈ ਅਤੇ ਨਾ ਸਿੱਖ ਰਿਆਸਤਾਂ ਵਜੋਂ। ਕੁਝ ਵਿਦਵਾਨ ਤਾਂ ਪੰਜਾਬੀ ਸਭਿਆਚਾਰ ਦੇ ਮਹਾਂ ਵਹਿਣ ਨੂੰ ਜਾਣਨ ਲਈ ਪੰਜਾਬ ਨਾਲ ਲੱਗਦੇ ਕਸ਼ਮੀਰ, ਕਾਂਗੜਾ, ਰਾਜਸਥਾਨ, ਸਿੰਧ, ਬਲੋਚਿਸਤਾਨ ਦੇ ਸਭਿਆਚਾਰਕ ਧਰਾਤਲਾਂ ਨੂੰ ਵੀ ਸ਼ਾਮਲ ਕਰਨ ਦੀ ਤਜਵੀਜ਼ ਦਿੰਦੇ ਹਨ।2 ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਸ਼ੇਰ ਸਿੰਘ ਵੇਲੇ ਕਬਜ਼ਾਏ ਹੋਏ ਸਾਮੰਤੀ ਰਾਜ ਵਿਚ ਅਸਕਰਦੂ, ਰੋਹਤਕੂ, ਮਾਨਸਰੋਵਰ ਝੀਲ, ਗਾਰੂ, ਲਾਸਾ ਆਦਿ ਰਾਹੀਂ ਚੀਨ ਦੇ ਸੂਬੇ ਯਾਰਕੰਦ ਤੋਂ ਲੈ ਕੇ ਨੇਪਾਲ ਤੱਕ ਅਤੇ ਲੇਹ-ਲੱਦਾਖ ਤੋਂ ਜਮਰੌਦ ਦੇ ਕਿਲੇ ਤੱਕ ਦੇ ਹਿੱਸੇ ਸ਼ਾਮਲ ਸਨ। ਕਈ ਵਿਦਵਾਨ ਇਸ ਨੂੰ ਸਿੱਖ ਰਾਜ ਕਹਿਣ ਦਾ ਭੁਲੇਖਾ ਪੈਦਾ ਕਰਦੇ ਹਨ। ਇਹ ਸਿੱਖ ਰਾਜ ਨਹੀਂ ਸਗੋਂ ਮਹਾਰਾਜਾ ਰਣਜੀਤ ਸਿੰਘ ਦਾ ਸਾਮੰਤੀ ਰਾਜ ਸੀ। 

ਮੁਗ਼ਲ ਰਾਜ ਵੇਲੇ ਰਾਜ ਦੀ ਰਾਜਸੀ-ਆਰਥਿਕ ਵੰਡ ਸੂਬਿਆਂ ਵਿਚ ਸੀ। ਪੰਜ ਦੁਆਬਿਆਂ ਦੇ ਵਿਸਤ੍ਰਿਤ ਭਾਗ ਨੂੰ ਸੂਬਾ ਲਾਹੌਰ ਕਿਹਾ ਜਾਂਦਾ ਸੀ ਜਦੋਂ ਕਿ ਸੂਬਾ ਸਰਹੰਦ ਵੀ ਸੁਤੰਤਰ ਸੂਬਾ ਸੀ। ਇਨ੍ਹਾਂ ਵਿਚ ਭਾਸ਼ਾ, ਸਭਿਆਚਾਰਕ ਜਾਂ ਇਸ ਤਰ੍ਹਾਂ ਦੇ ਬੁਨਿਆਦੀ ਆਧਾਰ ਦਾ ਕੋਈ ਵੀ ਆਧਾਰ ਨਹੀਂ ਸੀ। ਤੁਜ਼ਕ-ਏ-ਬਾਬਰੀ ਵਿਚ ਪੰਜਾਬ ਦਾ ਨਾਮ ਕਿਧਰੇ ਵੀ ਨਹੀਂ ਆਉਂਦਾ। ਅਕਬਰਨਾਮਾ ਵਿਚ ਪੰਜਾਬ ਦਾ ਨਾਮ ਕਈ ਵਾਰ ਆਉਂਦਾ ਹੈ, ਪਰੰਤੂ ਸੰਤ ਸਿੰਘ ਸੇਖੋਂ ਅਲਾਉਦੀਨ ਖਿਲਜੀ ਵੇਲੇ ਜੋ ਪੰਜਾਬ ਦੀ ਗੱਲ ਕਰਦਾ ਹੈ, ਉਹ ਨਿਰਆਧਾਰ ਅਤੇ ਤਰਕਹੀਣ ਹੈ। ਡਾ. ਜੇ.ਐਸ. ਗਰੇਵਾਲ ਪੰਜਾਬ ਦਾ ਨਾਅ ਪੰਜਾਬ ਪੈਣ ਦੀ ਚਰਚਾ ਕਰਦਿਆਂ ਲਿਖਦਾ ਹੈ ਕਿ ਪੰਜਾਬ ਸੋਲਵੀਂ ਸਦੀ ਦੇ ਅਖੀਰ ਵਿਚ ਸਾਹਮਣੇ ਆਉਂਦਾ ਹੈ ਜਦੋਂ ਅਕਬਰ ਲਾਹੌਰ ਸੂਬੇ ਨੂੰ ਪੰਜ ਦੁਆਬਿਆਂ ਤੱਕ ਵਿਸਤਾਰਦਾ ਹੈ ਅਤੇ ਇਸ ਦਾ ਬਦਲਵਾਂ ਨਾਅ ਪੰਜਾਬ ਦਿੰਦਾ ਹੈ।3 ਇਉਂ ਇਸ ਧਰਤੀ ਦਾ ਨਾਮ ਪੰਜਾਬ ਪੈਂਦਾ ਹੈ ਜਿਹੜਾ ਸਤਲੁਜ ਤੋਂ ਲੈ ਕੇ ਸਿੰਧ ਸਾਗਰ ਤੱਕ ਦਾ ਹਿੱਸਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਜਮਰੌਦ, ਲੇਹ-ਲੱਦਾਖ ਤੱਕ ਫੈਲ ਜਾਂਦਾ ਹੈ। 1809 ਦੀ ਬਸਤੀਕਾਰਾਂ ਅਤੇ ਮਹਾਰਾਜਾ ਰਣਜੀਤ ਵਿਚਕਾਰ ਹੋਈ ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਨ੍ਹਾਂ ਪੰਜ ਦੁਆਬਿਆਂ ਵੱਲ ਹੋ ਜਾਂਦਾ ਹੈ ਅਤੇ ਸਤਲੁਜ ਤੋਂ ਐਧਰਲਾ ਪੰਜਾਬ ਸਿੱਖ ਅਤੇ ਹੋਰ ਰਿਆਸਤਾਂ ਦਾ ਪੰਜਾਬ ਬਣ ਜਾਂਦਾ ਹੈ। ਇਉਂ ਪੰਜਾਬ ਰਾਜਸੀ ਦ੍ਰਿਸ਼ਟੀ ਤੋਂ ਵੱਖਰੀਆਂ ਵੱਖਰੀਆਂ ਰਿਆਸਤਾਂ ਵਾਲਾ ਭੂਗੋਲਿਕ ਪੰਜਾਬ ਬਣ ਜਾਂਦਾ ਹੈ। 1849 ਵਿਚ ਈਸਟ ਇੰਡੀਆ ਕੰਪਨੀ ਦੁਆਰਾ ਪੰਜਾਬ ਦੇ ਰਲੇਵੇਂ ਉਪਰੰਤ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਅੰਗਰੇਜ਼ਾਂ ਦੇ ਕਬਜ਼ੇ ਹੇਠ ਆ ਜਾਂਦਾ ਹੈ। ਅੰਗਰੇਜ਼ ਜੰਮੂ ਕਸ਼ਮੀਰ ਦੀ ਰਿਆਸਤ ਨੂੰ ਇਕ ਕਰੋੜ ਦੇ ਇਵਜ਼ਾਨੇ ਉਪਰੰਤ ਗੁਲਾਬ ਸਿੰਘ ਡੋਗਰੇ ਨੂੰ ਦੇ ਦਿੰਦੇ ਹਨ। ਸਤਲੁਜ ਤੋਂ ਐਧਰਲੀਆਂ ਰਿਆਸਤਾਂ ਭਾਵੇਂ ਬਸਤੀਕਾਰਾਂ ਦੇ ਰਹਿਮ 'ਤੇ ਹਨ ਪਰੰਤੂ ਫਿਰ ਵੀ ਉਨ੍ਹਾਂ ਦਾ ਸੁਤੰਤਰ ਪ੍ਰਬੰਧ ਹੈ। 1857 ਦੇ ਵਿਦਰੋਹ ਉਪਰੰਤ ਦਿੱਲੀ ਅਤੇ ਉਸ ਦੇ ਲਾਗਲੇ ਇਲਾਕੇ ਵੀ ਪੰਜਾਬ ਵਿਚ ਸ਼ਾਮਲ ਕਰ ਲਏ ਗਏ। 1901 ਵਿਚ ਬਸਤੀਕਾਰਾਂ ਨੇ ਪਿਸ਼ਾਵਰ ਅਤੇ ਉਸ ਨਾਲ ਲਗਦੇ ਇਲਾਕਿਆਂ ਦਾ ਇਕ ਵੱਖਰਾ ਉੱਤਰ-ਪੱਛਮੀ ਫਰੰਟੀਅਰ ਪਰੋਵਿਨਸ ਬਣਾ ਕੇ ਪਿਸ਼ਾਵਰ ਨੂੰ ਇਸ ਦੀ ਰਾਜਧਾਨੀ ਬਣਾ ਦਿੱਤਾ।

ਸਰਬ ਹਿੰਦ ਮੁਸਲਿਮ ਲੀਗ ਨੇ 1940 ਵਿਚ ਆਪਣੇ ਲਾਹੌਰ ਸੈਸ਼ਨ ਵਿਚ ਆਪਣੇ ਲਈ ਵੱਖਰੇ ਮੁਲਕ ਪਾਕਿਸਤਾਨ ਦੀ ਮੰਗ ਰੱਖ ਦਿੱਤੀ। ਇਸ ਮੰਗ ਨਾਲ ਪੰਜਾਬ ਵਿੱਚ ਵਿਸ਼ੇਸ਼ ਤੌਰ 'ਤੇ ਖਲਬਲੀ ਮੱਚ ਗਈ ਕਿਉਂਕਿ ਪੰਜਾਬ ਵਿਚ ਹਿੰਦੂ ਅਤੇ ਮੁਸਲਮਾਨਾਂ ਤੋਂ ਬਿਨਾਂ ਤੀਜੀ ਸੰਪਰਦਾਇ ਸਿੱਖ ਵੀ ਵਸਦੀ ਸੀ। ਕੌਮਾਂ ਨੂੰ ਅਵਿਗਿਆਨਕ ਅਤੇ ਗ਼ੈਰ ਤਰਕ ਰੂਪ ਵਿਚ ਧਰਮ ਨੂੰ ਕੇਂਦਰ ਬਿੰਦੂ ਬਣਾ ਕੇ ਪਰਿਭਾਸ਼ਤ ਕੀਤਾ ਗਿਆ। ਧਰਮ ਆਧਾਰਿਤ ਕੌਮ ਦੇ ਵਰਤਾਰੇ ਨੇ ਵੱਖਰਾ ਮੁਲਕ ਪਾਕਿਸਤਾਨ ਸਾਹਮਣੇ ਲੈ ਆਂਦਾ। ਸਿੱਖਾਂ ਵਿਚ ਵੀ ਸਿੱਖ ਸਟੇਟ ਦਾ ਮੁੱਦਾ ਉੱਠਿਆ ਸੀ, ਪਰ ਘੱਟ ਗਿਣਤੀ ਕਰਕੇ ਇਨ੍ਹਾਂ ਨੇ ਭਾਰਤ ਨਾਲ ਰਹਿਣ ਦਾ ਫ਼ੈਸਲਾ ਕੀਤਾ। ਇਉਂ 1947 ਵਿਚ ਪੰਜਾਬ ਦੀ ਰਾਜਸੀ ਤੇ ਭੂਗੋਲਿਕ ਵੰਡ ਕਰ ਦਿੱਤੀ ਗਈ ਅਤੇ ਪੰਜ ਦੁਆਬਿਆਂ ਦਾ ਵੱਡਾ ਹਿੱਸਾ ਪਾਕਿਸਤਾਨ ਵਿਚ ਚਲਿਆ ਗਿਆ। ''ਸਾਂਝੇ ਪੰਜਾਬ ਦੇ 29 ਜ਼ਿਲ੍ਹਿਆਂ ਵਿਚੋਂ 17 ਪਾਕਿਸਤਾਨ ਵਿਚ ਅਤੇ 12 ਭਾਰਤੀ ਪੰਜਾਬ ਵਿਚ ਸ਼ਾਮਲ ਕੀਤੇ ਗਏ। ਪੰਜ ਦਰਿਆਵਾਂ ਵਿਚੋਂ ਰਾਵੀ, ਚਨਾਬ, ਜਿਹਲਮ ਪੰਜਾਬ ਤੋਂ ਖੋਹ ਕੇ ਪਾਕਿਸਤਾਨ ਨੂੰ ਅਤੇ ਬਿਆਸ ਤੇ ਸਤਲੁਜ ਪੰਜਾਬ ਨੂੰ ਦਿੱਤੇ ਗਏ।''4 ਇਸ ਵੰਡ ਨਾਲ ਪੰਜਾਬ ਦਾ 65% ਰਕਬਾ ਪਾਕਿਸਤਾਨੀ ਪੰਜਾਬ ਵਿਚ ਜਾਣ ਨਾਲ ਪੰਜਾਬ ਦਾ ਭੂਗੋਲ ਹੋਰ ਸੁੰਗੜ ਗਿਆ।

ਦੇਸ਼ ਦੀ ਆਜ਼ਾਦੀ ਉਪਰੰਤ ਭਾਰਤ ਦੇ ਸੂਬਿਆਂ ਦੀ ਪੁਨਰ ਬਣਤਰ ਭਾਸ਼ਾਈ ਆਧਾਰ 'ਤੇ ਕੀਤੇ ਜਾਣ ਦਾ ਬੁਨਿਆਦੀ ਕਾਰਨ ਭਾਰਤ ਦੇ ਬਹੁ-ਸਭਿਆਚਾਰੀ ਹੋਣ ਦਾ ਸੀ। ਰਾਸ਼ਟਰੀ ਮੁਕਤੀ ਲਹਿਰ ਨੇ ਆਧੁਨਿਕ ਬੁਰਜੂਆ ਰਾਜਨੀਤਕ ਦ੍ਰਿਸ਼ਟੀ ਤੋਂ ਭਾਸ਼ਾ ਕੇਂਦਰਿਤ ਸੂਬੇ ਬਣਾ ਕੇ ਭਾਰਤ ਦੀ ਵੰਨ-ਸੁਵੰਨਤਾ ਨੂੰ ਜਿੱਥੇ ਬਣਾਈ ਰੱਖਣਾ ਸੀ ਉਥੇ ਬੁਨਿਆਦੀ ਤੌਰ 'ਤੇ ਜਾਤ ਅਤੇ ਧਰਮ ਵਰਗੇ ਸੰਪਰਦਾਇਕ ਤੱਤਾਂ ਨੂੰ ਖ਼ਤਮ ਵੀ ਕਰਨਾ ਸੀ। 15 ਅਪ੍ਰੈਲ 1948 ਨੂੰ 31 ਪਹਾੜੀ ਰਿਆਸਤਾਂ ਨੂੰ ਇਕੱਠਿਆਂ ਕਰਨ ਉਪਰੰਤ ਹਿਮਾਚਲ ਪ੍ਰਦੇਸ਼ ਹੋਂਦ ਵਿਚ ਆਇਆ। ਉਸ ਵੇਲੇ ਇਸ ਦਾ ਖੇਤਰਫਲ 10600 ਵਰਗ ਮੀਲ ਅਤੇ ਜਨ ਸੰਖਿਆ 9,35,000 ਸੀ। ਅੰਗਰੇਜ਼ੀ ਕਾਲ ਵਿਚ ਇਹ ਰਿਆਸਤਾਂ ਪੰਜਾਬ ਹਿੱਲ ਸਟੇਟਸ ਅਤੇ ਸ਼ਿਮਲਾ ਹਿੱਲ ਸਟੇਟਸ ਵਿਚ ਵੰਡੀਆਂ ਹੋਈਆਂ ਸਨ। 1 ਨਵੰਬਰ 1966 ਨੂੰ ਬੋਲੀ ਦੇ ਆਧਾਰ 'ਤੇ ਰਾਜਾਂ ਨੂੰ ਮੁੜ ਕੇ ਵਿਉਂਤਿਆ ਗਿਆ ਅਤੇ ਪੰਜਾਬ ਦਾ ਪਹਾੜੀ ਖੇਤਰ ਕਾਂਗੜਾ, ਕੁੱਲੂ, ਲਾਹੌਲ ਸਪੀਤੀ, ਨਾਲਾਗੜ੍ਹ ਅਤੇ ਊਨਾ ਇਸ ਵਿਚ ਮਿਲ ਗਏ ਜਿਸ ਕਰਕੇ ਇਸ ਦੀ ਜਨ ਸੰਖਿਆ ਅਤੇ ਖੇਤਰਫਲ ਦੁੱਗਣੇ ਹੋ ਗਏ।5 ਬਸਤੀਵਾਦੀ ਰਾਜ ਵੇਲੇ ਪੰਜਾਬ ਦਾ ਰਕਬਾ 12 ਲੱਖ ਕਿਲੋਮੀਟਰ ਵਰਗ ਸੀ। 1 ਨਵੰਬਰ 1966 ਨੂੰ ਬਣਨ ਵਾਲੇ ਪੰਜਾਬ ਦਾ ਰਕਬਾ 50362 ਵਰਗ ਕਿਲੋਮੀਟਰ ਰਹਿ ਗਿਆ। ਅਜੋਕੇ 1966 ਨੂੰ ਹੋਂਦ ਵਿਚ ਆਉਣ ਵਾਲਾ ਪੰਜਾਬ ਬਸਤੀਵਾਦੀ ਪੰਜਾਬ ਅਤੇ ਰਿਆਸਤੀ ਪੰਜਾਬ ਦਾ ਰਲੇਵਾਂ ਹੈ। ਬਸਤੀਵਾਦੀ ਪੰਜਾਬ ਦੇ ਮੁਕਾਬਲੇ ਉੱਤੇ ਰਿਆਸਤੀ ਪੰਜਾਬ ਦਾ ਰਾਜਸੀ ਅਤੇ ਆਰਥਿਕ ਪ੍ਰਬੰਧ ਵੱਖਰਾ ਸੀ। ਦੋਨਾਂ ਦੇ ਵੱਖਰੇ ਵੱਖਰੇ ਪ੍ਰਬੰਧਾਂ ਕਰਕੇ ਆਪਸੀ ਵਿਭਿੰਨਤਾ ਬਹੁਤ ਸੀ। ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ 'ਮੇਰਾ ਪਿੰਡ' ਰਿਆਸਤੀ ਪੰਜਾਬ ਦੇ ਸਭਿਆਚਾਰ ਦੀ ਪ੍ਰਮਾਣਿਕ ਦਸਤਾਵੇਜ਼ ਹੈ। ਇਹ ਪੁਸਤਕ ਪਿੰਡ ਦੀ ਬਣਤਰ ਦੇ ਮਸਲੇ ਸੰਬੰਧੀ ਰਿਆਸਤੀ ਪੰਜਾਬ ਦੇ ਆਰਥਿਕ ਅਤੇ ਰਾਜਸੀ ਪ੍ਰਬੰਧ ਦਾ ਬਸਤੀਵਾਦੀ ਆਧੁਨਿਕ ਕਹੇ ਜਾਣ ਵਾਲੇ ਪੰਜਾਬ ਨਾਲੋਂ ਵੱਖਰੀ ਤਰ੍ਹਾਂ ਦਾ ਪ੍ਰਬੰਧ ਦਿਖਾਉਂਦੀ ਹੈ। ''ਆਮ ਤੌਰ 'ਤੇ ਪਿੰਡ ਵਸਾਉਣ ਵਾਲੇ ਚੌਧਰੀ ਜਾਂ ਬਿਸਵੇਦਾਰ, ਪਿੰਡ ਦਾ ਮਾਲਕ ਮੁਖੀਏ, ਛੋਟੇ ਰਾਜੇ ਹੁੰਦੇ ਸਨ। ਮੇਰੇ ਪਿੰਡ ਦੇ ਚੌਧਰੀਆਂ ਨੇ ਤਾਂ ਆਪਣੀ ਚੰਗੀ ਜ਼ਮੀਨ ਦਾ ਇਕ ਵੱਡਾ ਟੱਕ ਤੇ ਇਕ ਇਨਾਮ ਵਾਲਾ ਖੂਹ ਆਪਣੇ ਲਈ ਰੱਖੇ ਹੋਏ ਸਨ। ਬਾਕੀ ਹਿੱਸੇ ਬਹਿੰਦੀ ਮਾਲਕੀ ਹੋਰਾਂ ਲਾਣਿਆਂ ਵਿਚ ਵੰਡੀ ਹੋਈ ਸੀ। ਜਿਣਸ ਦੀ ਥਾਂ ਨਗਦ ਮਾਲੀਆ ਲੱਗਣ ਵੇਲੇ ਇਕੱਲੇ ਚੌਧਰੀਆਂ ਦੀ ਭੋਇੰ ਮੁਆਫ਼ੀ ਸਮਝੀ ਜਾਂਦੀ ਸੀ ਜਦੋਂ ਕਿ ਮੇਰੇ ਪਿੰਡ ਦੇ ਲਾਗਵੇਂ ਪਿੰਡਾਂ, ਮਨਾਲ ਤੇ ਦਸੌਂਧਾ ਸਿੰਘ ਵਾਲੇ ਦੇ ਸਰਦਾਰ ਸਾਰੀ ਜ਼ਮੀਨ ਦੇ ਵਾਹਦ ਮਾਲਕ ਬਣ ਗਏ ਸਨ ਤੇ ਖੇਤਾਂ ਵਿਚ ਕੰਮ ਕਰਨ ਵਾਲੇ ਮੁਜ਼ਾਰੇ ਉਨ੍ਹਾਂ ਦੇ ਕਰਿੰਦੇ। ਮੁਜ਼ਾਰੇ ਸਾਰੀਆਂ ਜਾਤਾਂ ਦੇ ਲੋਕ ਹੁੰਦੇ ਸਨ ਜਿਨ੍ਹਾਂ ਵਿਚੋਂ ਬਹੁਤੇ ਜੱਟ-ਜ਼ਿੰਮੀਂਦਾਰ ਸਨ।''6
ਸਾਡਾ ਸੰਕਟ ਇਹ ਹੈ ਕਿ ਉਪਰੋਕਤ ਹਕੀਕੀ ਸਥਿਤੀ ਨੂੰ ਨਜ਼ਰ-ਅੰਦਾਜ਼ ਕਰਦਿਆਂ ਅਸੀਂ ਪੰਜਾਬ ਨੂੰ ਇਕੋ ਨਿਸ਼ਚਿਤ ਇਕਾਈ ਮੰਨ ਕੇ ਉਸ ਦੇ ਰਾਜਸੀ-ਆਰਥਿਕ ਪ੍ਰਬੰਧ ਨੂੰ ਇਕੋ ਸਵੀਕਾਰ ਕਰ ਲੈਂਦੇ ਹਾਂ। ਇਸ ਨਾਲ 1849 ਵਿਚ ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ ਦੇ ਰਲੇਵੇਂ ਨੂੰ ਸਮੁੱਚੇ ਪੰਜਾਬ ਉੱਪਰ ਲਾਗੂ ਕਰਕੇ ਪੰਜਾਬ ਦਾ ਇਕੋ ਜਿਹਾ ਅਧਿਐਨ ਪੇਸ਼ ਕਰ ਦਿੰਦੇ ਹਾਂ। ਸਾਡੇ ਕੋਲ ਤਥਾਕਥਿਤ ਕਾਲ-ਕੇਂਦਰਿਤ ਇਤਿਹਾਸ ਦੇ ਬਸਤੀਵਾਦੀ ਮਾਡਲ ਦੇ ਕਾਰਨ ਸਮੁੱਚੇ ਪੰਜਾਬੀ ਸਾਹਿਤ ਵਿਚ ਲਿਖੇ ਇਤਿਹਾਸਾਂ ਨੂੰ 1850 ਤੋਂ ਬਾਅਦ ਆਧੁਨਿਕ ਕਹਿਣ ਦੀ ਪਿਰਤ ਮਿੱਥ ਦੀ ਪੱਧਰ ਉੱਪਰ ਰੂੜ੍ਹ ਕਰ ਦਿੱਤੀ ਗਈ। ਵਿਡੰਬਨਾ ਇਹ ਹੈ ਕਿ ਹੋਰ ਬਹੁਤ ਸਾਰੀਆਂ ਰਿਆਸਤਾਂ ਵਾਂਗ ਪੰਜਾਬ ਦੀਆਂ ਪਟਿਆਲਾ, ਨਾਭਾ, ਜੀਂਦ, ਕਲਸੀਆ, ਕਪੂਰਥਲਾ, ਫਰੀਦਕੋਟ, ਨਾਲਾਗੜ੍ਹ, ਪਟੌਦੀ, ਬਿਲਾਸਪੁਰ, ਨਾਹਨ ਸਿੱਧੇ ਤੌਰ 'ਤੇ ਤਾਂ ਬਸਤੀਕਾਰਾਂ ਦੇ ਅਧੀਨ ਨਹੀਂ ਸਨ, ਭਾਵੇਂ ਇਹ ਬਸਤੀਕਾਰਾਂ ਦੇ ਰਹਿਮ 'ਤੇ ਸਨ ਪਰੰਤੂ ਇਨ੍ਹਾਂ ਦਾ ਆਪਣਾ ਸੁਤੰਤਰ ਪ੍ਰਬੰਧ ਸੀ।

ਪੰਜਾਬੀ ਚਿੰਤਨ ਵਿਚ ਆਧੁਨਿਕਤਾ, ਪੂਰਵ -ਆਧੁਨਿਕਤਾ (Pre-Modernity) ਅਤੇ ਬਸਤੀਵਾਦੀ ਆਧੁਨਿਕਤਾ (Colonial Modernity) ਦਾ ਨਿਖੇੜਾ ਕੀਤੇ ਬਿਨਾਂ ਹੀ ਬਸਤੀਵਾਦੀ ਪ੍ਰਬੰਧ ਨੂੰ ਆਧੁਨਿਕਤਾ ਦੀ ਸੰਗਿਆ ਦੇ ਦਿੱਤੀ ਗਈ। ਇਹ ਸੰਗਿਆ ਸਾਡੇ ਸਮੁੱਚੇ ਸਾਹਿਤ ਅਧਿਐਨ ਵਿਚ ਧੁਨੀ ਬਣ ਕੇ ਸਮਾਈ ਹੋਈ ਹੈ। ਬਸਤੀਵਾਦ ਪੰਜਾਬ ਵਿਚ ਕਿਸ ਤਰ੍ਹਾਂ ਦੇ ਮੂਲ ਆਰਥਿਕ ਅਤੇ ਰਾਜਸੀ ਸੰਬੰਧਾਂ ਨੂੰ ਬਣਾਉਂਦਾ ਹੈ, ਇਨ੍ਹਾਂ ਸੰਬੰਧਾਂ ਲਈ ਉਹ ਆਧੁਨਿਕ ਉਪਰਕਰਨਾਂ ਨੂੰ ਕਿਵੇਂ ਇਸਤੇਮਾਲ ਕਰਦਾ ਹੈ ਅਤੇ ਫਿਰ ਪੰਜਾਬ ਦੇ ਲੋਕਾਂ ਦੀ ਬੌਧਿਕਤਾ ਅਤੇ ਮਾਨਸਿਕਤਾ ਨੂੰ ਕਿਵੇਂ ਡੌਲਦਾ ਹੈ, ਇਹ ਪ੍ਰਸ਼ਨ ਸਾਡੇ ਚਿੰਤਨ ਦਾ ਗੰਭੀਰ ਅਤੇ ਕੇਂਦਰੀ ਮਸਲਾ ਨਹੀਂ ਬਣਦੇ। ਬਸਤੀਵਾਦੀ ਰਾਜ ਅਤੇ ਉਸ ਦੇ ਸਮੁੱਚੇ ਆਰਥਿਕ ਸੰਬੰਧਾਂ ਨੂੰ ਬਸਤੀਵਾਦੀ ਰੂਪ ਵਿਚ ਹੀ ਸਵੀਕਾਰ ਕਰਨ ਦੀ ਰੁਚੀ ਸਾਡੀ ਗੁਲਾਮ ਮਾਨਸਿਕਤਾ ਅਤੇ ਅਵਚੇਤਨ ਦਾ ਹੀ ਦੂਸਰਾ ਰੂਪ ਹੈ।

-2-

''ਦਿੱਲੀ ਦੀ ਕਮਿਸ਼ਨਰੀ ਸ਼ਾਮਲ ਹੋਣ ਨਾਲ ਪੰਜਾਬ ਰਾਜ ਵਿਚ ਕਾਫ਼ੀ ਵਾਧਾ ਹੋਇਆ। ਇਸ ਤਰ੍ਹਾਂ ਸੰਨ 1859 ਨੂੰ ਪੰਜਾਬ ਦੀ ਵੱਧ ਤੋਂ ਵੱਧ ਲੰਮਾਈ 800 ਮੀਲ ਅਤੇ ਵੱਧ ਤੋਂ ਵੱਧ ਚੌੜਾਈ 650 ਮੀਲ ਸੀ। ਇਹ ਰਾਜ ਦਸ ਕਮਿਸ਼ਨਰੀਆਂ ਵਿਚ ਵੰਡਿਆ ਹੋਇਆ ਹੈ ਅਤੇ ਇਨ੍ਹਾਂ ਕਮਿਸ਼ਨਰੀਆਂ ਵਿਚ 32 ਜ਼ਿਲੇ ਹਨ। ਹਰੇਕ ਕਮਿਸ਼ਨਰੀ ਦਾ ਔਸਤ ਰਕਬਾ 10200 ਵਰਗ ਮੀਲ ਅਤੇ ਹਰੇਕ ਜ਼ਿਲੇ ਦਾ ਔਸਤ ਰਕਬਾ 3188 ਵਰਗ ਮੀਲ ਹੈ। ਸਾਰੇ ਰਾਜ ਵਿਚ 132 ਤਸੀਲਾਂ ਹਨ ਅਤੇ ਹਰੇਕ ਤਸੀਲ ਦਾ ਔਸਤ ਰਕਬਾ 702 ਵਰਗ ਮੀਲ ਹੈ। ਹਰ ਦਰਜੇ ਦੇ ਕੁੱਲ 451 ਮਜਿਸਟੇ੍ਰਟ ਹਨ ਅਤੇ ਇਨ੍ਹਾਂ ਵਿਚੋਂ ਬਹੁਤਿਆਂ ਨੂੰ ਦੀਵਾਨੀ ਤੇ ਮਾਲ ਦੇ ਅਖਤਿਆਰ ਪ੍ਰਾਪਤ ਹਨ।''7 1857 ਦੇ ਵਿਦਰੋਹ ਤੋਂ ਬਾਅਦ ਸਮੁੱਚਾ ਭਾਰਤ ਈਸਟ ਇੰਡੀਆ ਕੰਪਨੀ ਦੇ ਰਾਜ ਤੋਂ ਬਾਅਦ ਸਿੱਧਾ ਵਿਕਟੋਰੀਅਨ ਤਾਜ ਦੇ ਅਧੀਨ ਹੋ ਜਾਂਦਾ ਹੈ। ਹੁਣ ਪੰਜਾਬ ਕੰਪਨੀ ਰਾਜ ਦੀ ਥਾਵੇਂ ਬਰਤਾਨਵੀ ਬਸਤੀਵਾਦੀ ਰਾਜ ਅਧੀਨ ਆ ਜਾਂਦਾ ਹੈ। ਬਸਤੀਵਾਦ ਆਪਣੇ ਰਾਜ ਨੂੰ ਨਿਸ਼ਚਿਤ ਰੂਪ ਵਿਚ ਪ੍ਰਸ਼ਾਸਨਿਕ ਅਤੇ ਕਾਨੂੰਨ ਅਧੀਨ ਲਿਆਉਣ ਲਈ ਪ੍ਰੈਜੀਡੈਂਸੀ ਬਣਾ ਕੇ ਉਸ ਦੀ ਪਿੰਡ ਪੱਧਰ ਤੱਕ ਵਿਉਂਤਬੰਦੀ ਕਰਦਾ ਹੈ। ਉਸੇ ਕਰਕੇ ਬਸਤੀਵਾਦੀ ਰਾਜ ਮੂਲ ਰੂਪ ਵਿਚ ਹੀ ਪੂਰਵਲੇ ਰਾਜ ਪ੍ਰਬੰਧਾਂ ਨਾਲੋਂ ਵੱਖਰਾ ਹੈ। ਪੂਰਵਲੇ ਰਾਜਾਂ ਵਿਚ ਰਾਜ ਬਦਲਦਾ ਸੀ ਪਰ ਪ੍ਰਬੰਧ ਵਿਚ ਬਹੁਤੀਆਂ ਤਬਦੀਲੀਆਂ ਨਹੀਂ ਵਾਪਰਦੀਆਂ ਸਨ। ਬਸਤੀਵਾਦੀ ਰਾਜ ਭਾਰਤ ਦੀਆਂ ਰਾਜਸੀ, ਆਰਥਿਕ ਸੰਸਥਾਵਾਂ ਅਤੇ ਸੰਬੰਧਾਂ ਵਿਚ ਗੁਣਾਤਮਕ ਅਤੇ ਸੰਰਚਨਾਤਮਕ (Structural) ਤਬਦੀਲੀਆਂ ਕਰਦਾ ਹੈ। ਇਸ ਦੇ ਕਈ ਕਾਰਨ ਸਨ। ਪਹਿਲਾ ਇਹ ਕਿ ਬਸਤੀਵਾਦ ਭਾਰਤ ਦੀ ਦੌਲਤ ਨੂੰ ਲੁੱਟਣ ਲਈ ਆਇਆ ਸੀ, ਪੂਰਵਲੇ ਰਾਜਾਂ ਵਾਂਗ ਰਾਜ ਕਰਨ ਅਤੇ ਪੱਕੇ ਤੌਰ 'ਤੇ ਭਾਰਤ ਵਿਚ ਟਿਕਣ ਲਈ ਨਹੀਂ ਆਇਆ ਸੀ। ਦੂਸਰਾ, ਪੂਰਵਲੇ ਰਾਜ ਰਾਜਾਸ਼ਾਹੀ ਸਨ ਜਦਕਿ ਬਸਤੀਵਾਦ ਦੀ ਨੀਤੀ ਵਪਾਰਕ ਸੀ। ਈਸਟ ਇੰਡੀਆ ਕੰਪਨੀ ਦਾ ਬੁਨਿਆਦੀ ਆਧਾਰ ਵਪਾਰਕ ਸੀ ਅਤੇ ਬਸਤੀਵਾਦੀ ਰਾਜ ਪੂੰਜੀਵਾਦੀ ਦ੍ਰਿਸ਼ਟੀ ਦਾ ਸੀ। ਪੂੰਜੀਵਾਦ ਦਾ ਖ਼ਾਸਾ ਸੋਸ਼ਣ ਅਤੇ ਵੱਧ ਤੋਂ ਵੱਧ ਮੁਨਾਫ਼ੇ ਉੱਪਰ ਟਿਕਿਆ ਹੁੰਦਾ ਹੈ। ਇਸ ਕਰਕੇ ਵੱਧ ਤੋਂ ਵੱਧ ਲੁੱਟ-ਖਸੁੱਟ ਬਿਨਾਂ ਗੁਣਾਤਮਕ ਅਤੇ ਸੰਰਚਨਾਤਮਕ ਤਬਦੀਲੀਆਂ ਦੇ ਸੰਭਵ ਹੀ ਨਹੀਂ ਸੀ। ਪਰੰਪਰਾਗਤ ਢਾਂਚੇ, ਤਕਨੀਕ, ਅਤੇ ਤਰੀਕੇ ਨਾਲ ਬਸਤੀਵਾਦ ਦੇ ਰਾਜਸੀ ਅਤੇ ਆਰਥਿਕ ਹਿੱਤ ਪੂਰੇ ਹੀ ਨਹੀਂ ਹੋ ਸਕਦੇ ਸਨ। ਇਸ ਲਈ ਬਰਤਾਨਵੀ ਬਸਤੀਵਾਦ ਪੰਜਾਬ ਹੀ ਨਹੀਂ ਸਮੁੱਚੇ ਭਾਰਤ ਵਿਚ ਹੀ ਅਜਿਹੀ ਨਵ-ਯੋਜਨਾਬੰਦੀ ਕਰਦਾ ਹੈ। ਇੱਥੇ ਇਹੀ ਸੁਆਲ ਪੈਦਾ ਹੁੰਦਾ ਹੈ ਕਿ ਕੀ ਬਸਤੀਕਾਰਾਂ ਤੋਂ ਪਹਿਲਾਂ ਸਮੁੱਚਾ ਭਾਰਤ ਪਛੜਿਆ ਹੋਇਆ ਸੀ? ਕੀ ਭਾਰਤੀ ਵਿਵਸਥਾ ਸਵੈ ਨਿਰਭਰ ਪਿੰਡ (ਮਾਰਕਸ ਦੇ ਸ਼ਬਦਾਂ ਵਿਚ ਏਸ਼ਿਆਈ ਉਤਪਾਦਨ ਪ੍ਰਣਾਲੀ) ਤੱਕ ਹੀ ਸੀਮਤ ਸੀ? ਭਾਰਤ ਦਾ ਉਸ ਸਮੇਂ ਦਾ ਆਰਥਿਕ ਅਧਿਐਨ ਇਹ ਦਰਸਾਉਂਦਾ ਹੈ ਕਿ ਭਾਰਤ ਆਪਣੀ ਲੋੜ ਤੋਂ ਬਾਅਦ ਬਾਜ਼ਾਰ ਲਈ ਵੀ ਉਤਪਾਦਨ ਕਰ ਰਿਹਾ ਸੀ। ਇਹ ਉਤਪਾਦਨ ਭਾਰਤ ਵਿਚ ਪੈਦਾ ਹੋਣ ਵਾਲੀਆਂ ਨਵੀਆਂ ਆਰਥਿਕ ਸ਼ਕਤੀਆਂ ਦਾ ਸੰਕੇਤ ਦੇ ਰਿਹਾ ਸੀ ਜਿਨ੍ਹਾਂ ਵਿਚੋਂ ਪੂੰਜੀਵਾਦ ਨੇ ਵਿਕਸਤ ਹੋਣਾ ਸੀ। ਪਰੰਤੂ ਬਸਤੀਵਾਦ ਨੇ ਇਹ ਸਭ ਸੰਭਾਵਨਾਵਾਂ ਕੁਚਲ ਦਿੱਤੀਆਂ। ਭਾਰਤ ਦਾ ਨਿਰਯਾਤ ਵਪਾਰ ਹੀ ਇਸ ਤੱਥ ਦੀ ਗਵਾਹੀ ਦੇ ਦਿੰਦਾ ਹੈ ਕਿ ਭਾਰਤ ਵਿਦੇਸ਼ੀ ਵਪਾਰ ਵਿਚ ਆਪਣੇ ਪੈਰ ਪਸਾਰ ਚੁੱਕਿਆ ਸੀ। ''ਭਾਰਤ ਤੋਂ ਵਿਭਿੰਨ ਪ੍ਰਕਾਰ ਦੇ ਕੱਪੜੇ ਦਾ ਨਿਰਯਾਤ ਜਾਵਾ, ਸੁਮਾਟਰਾ, ਬੋਡਾ, ਮਲਾਇਆ, ਬੋਰਨੀਓ, ਪੇਂਗੂ, ਸਿਆਮ, ਬੇਟਮ ਆਦਿ ਪੂਰਬੀ ਦੇਸ਼ਾਂ ਤੋਂ ਇਲਾਵਾ ਇੰਗਲੈਂਡ ਨੂੰ ਵੀ ਕਾਫ਼ੀ ਵੱਡੀ ਮਾਤਰਾ ਵਿਚ ਸੂਤੀ ਕੱਪੜੇ ਦਾ ਨਿਰਯਾਤ ਹੁੰਦਾ ਸੀ। ਉੱਚ ਕੋਟੀ ਦੀ ਬਰੀਕ ਮਲਮਲ ਫਾਰਸ ਅਤੇ ਅਰਬ ਦੇਸ਼ਾਂ-ਵਿਸ਼ੇਸ਼ ਕਰਕੇ ਮਿਸਰ ਨੂੰ ਨਿਰਯਾਤ ਹੁੰਦੀ ਸੀ। ਰੂਸ ਨੂੰ ਵੀ ਕੱਪੜੇ ਭੇਜਣ ਦਾ ਵਰਨਣ ਮਿਲਦਾ ਹੈ। ਸੂਰਤ, ਬਨਾਰਸ, ਬੰਗਾਲ ਅਤੇ ਅਹਿਮਦਾਬਾਦ ਵਿਚ ਬਣੀ ਸਿਲਕ ਬਰਮਾ ਅਤੇ ਮਲਾਇਆ ਨੂੰ ਨਿਰਯਾਤ ਹੁੰਦੀ ਸੀ। ਲਾਖ ਦਾ ਨਿਰਯਾਤ ਫਾਰਸ ਨੂੰ ਹੁੰਦਾ ਸੀ। ਅਫ਼ੀਮ ਪੇਂਗੂ, ਜਾਵਾ, ਚੀਨ, ਮਲਾਇਆ ਅਤੇ ਅਰਬ ਨੂੰ ਸਮੁੰਦਰੀ ਮਾਰਗ ਰਾਹੀਂ ਅਤੇ ਫਾਰਸ ਨੂੰ ਧਰਤੀ ਮਾਰਗ ਰਾਹੀਂ ਭੇਜੀ ਜਾਂਦੀ ਸੀ। ਤੰਬਾਕੂ ਅਰਾਕਾਨ ਅਤੇ ਮੋਚਾ ਨੂੰ ਭੇਜਿਆ ਜਾਂਦਾ ਸੀ। ਚੀਨੀ ਫਾਰਸ, ਕਾਬਲ ਅਤੇ ਫਰਾਂਸ ਨੂੰ ਜਾਂਦੀ ਸੀ। ਯੂਰਪ ਬੰਦੂਕ ਦੀ ਗੋਲੀ ਬਣਾਉਣ ਲਈ ਸ਼ੋਰਾ ਭਾਰਤ ਤੋਂ ਹੀ ਮੰਗਵਾਉਂਦਾ ਸੀ।''8 ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦਾ ਵਪਾਰ ਇੰਗਲੈਂਡ, ਕੰਧਾਰ, ਤੁਰਕਸਤਾਨ, ਰੂਸ, ਚੀਨ, ਫਰਾਂਸ ਅਤੇ ਇੰਗਲੈਂਡ9 ਨਾਲ ਆਮ ਹੋਣ ਦੇ ਵਿਸਤ੍ਰਿਤ ਤੱਥ ਮਿਲਦੇ ਹਨ। ਇਹ ਤੱਥ ਇਹੋ ਦਰਸਾਉਂਦੇ ਹਨ ਕਿ ਪੰਜਾਬ ਅਤੇ ਭਾਰਤ ਬਾਜ਼ਾਰ ਲਈ ਵੀ ਉਤਪਾਦਨ ਕਰ ਰਹੇ ਸਨ। ਇਹ ਉਤਪਾਦਨ ਭਾਰਤ ਅੰਦਰ ਉਤਪੰਨ ਹੋ ਰਹੀ ਪੂੰਜੀਵਾਦੀ ਜਮਾਤ ਦੇ ਲੱਛਣਾਂ ਦੀ ਦੱਸ ਪਾਉਂਦਾ ਹੈ।

ਉਪਰੋਕਤ ਆਰਥਿਕ ਦ੍ਰਿਸ਼ ਦੇ ਸਮਾਨਾਂਤਰ ਕਾਰਲ ਮਾਰਕਸ ਭਾਰਤ ਦਾ ਅਧਿਐਨ ਕਰਦਾ ਹੋਇਆ ਇਥੋਂ ਦੀ ਉਤਪਾਦਨ ਪ੍ਰਣਾਲੀ ਨੂੰ 'ਏਸ਼ਿਆਈ ਉਤਪਾਦਨ ਪ੍ਰਣਾਲੀ' ਦਾ ਨਾਅ ਦੇ ਕੇ ਬਿਲਕੁਲ ਸਥਿਰ ਅਤੇ ਗਤੀਹੀਣ ਰੂਪ ਵਿਚ ਦੇਖਦਾ ਹੈ। 'ਏਸ਼ਿਆਈ ਉਤਪਾਦਨ ਪ੍ਰਣਾਲੀ' ਦੀ ਧਾਰਨਾ ਗੰਭੀਰ ਸੰਵਾਦ ਦੀ ਮੰਗ ਕਰਦੀ ਹੈ। ਭਾਰਤ ਦੇ ਏਸ਼ਿਆਈ ਉਤਪਾਦਨ ਪ੍ਰਣਾਲੀ 'ਤੇ ਉਸਰੇ ਸਮਾਜ ਦੀ ਬਣਤਰ ਲੈਫਟੀਨੈਂਟ ਕਰਨਲ Mark Wilks ਦੀ (Historical Sketches of South of Asia 1810) ਅਤੇ ਜਾਰਜ ਕੈਂਪਬੈਲ ਦੀ ਪੁਸਤਕ Modern India (1852) ਦੇ ਹਵਾਲੇ ਨਾਲ ਕਿਰਤ ਦੀ ਵੰਡ ਦਾ ਅਧਿਐਨ ਕਰਦਿਆਂ ਹੋਇਆ ਕਾਰਲ ਮਾਰਕਸ ਆਪਣੀ ਜਗਤ ਪ੍ਰਸਿੱਧ ਪੁਸਤਕ 'ਸਰਮਾਇਆ' ਵਿਚ ਭਾਰਤੀ ਪਿੰਡ ਦੀ ਬਣਤਰ ਦੀ ਵਿਸਤ੍ਰਿਤ ਚਰਚਾ ਕਰਦਾ ਹੈ। ਇਹ ਬਣਤਰ ਸਵੈ-ਨਿਰਭਰ ਪਿੰਡ ਦੀ ਹੈ ਜਿਸ ਦਾ ਸਮੁੱਚਾ ਜੀਵਨ ਅੰਦਰਵਰਤੀ ਹੈ। ''ਉਹ ਛੋਟੇ ਤੇ ਬੇਹੱਦ ਪ੍ਰਾਚੀਨ ਹਿੰਦੁਸਤਾਨੀ ਪਿੰਡ ਭਾਈਚਾਰੇ, ਜਿਨ੍ਹਾਂ ਵਿਚੋਂ ਕੁਝ ਅੱਜ ਦਿਨ ਤੱਕ ਕਾਇਮ ਹਨ, ਜ਼ਮੀਨ ਦੀ ਸਾਂਝੀ ਮਾਲਕੀ ਉੱਤੇ, ਖੇਤੀ ਅਤੇ ਦਸਤਕਾਰੀ ਦੇ ਮਿਲਾਪ ਅਤੇ ਕਿਰਤ ਦੀ ਅਬਦਲ ਵੰਡ ਉਤੇ ਆਧਾਰਿਤ ਹਨ ਜਿਹੜੀ, ਜਦੋਂ ਕੋਈ ਨਵਾਂ ਪਿੰਡ ਭਾਈਚਾਰਾ ਹੁੰਦਾ ਹੈ, ਇਕ ਬਣੀ ਬਣਾਈ ਯੋਜਨਾ ਤੇ ਸਕੀਮ ਦਾ ਕੰਮ ਦੇਂਦੀ ਹੈ। 100 ਏਕੜ ਤੋਂ ਲੈ ਕੇ ਕਈ ਹਜ਼ਾਰ ਏਕੜ ਤੱਕ ਮੱਲੇ ਹੋਏ ਇਲਾਕੇ ਇਕ ਗੱਠਵੀਂ ਇਕਾਈ ਦਾ ਰੂਪ ਹਨ ਜਿਹੜੀ ਆਪਣੀ ਲੋੜ ਦੀ ਹਰ ਚੀਜ਼ ਪੈਦਾ ਕਰਦੀ ਹੈ। ਉਪਜਾਂ ਦਾ ਵੱਡਾ ਹਿੱਸਾ ਖ਼ੁਦ ਭਾਈਚਾਰੇ ਲਈ ਸਿੱਧੀ ਵਰਤੋਂ ਵਾਸਤੇ ਹੁੰਦਾ ਹੈ, ਅਤੇ ਉਹ ਜਿਣਸ ਦਾ ਰੂਪ ਨਹੀਂ ਲੈਂਦਾ। ਇਸ ਲਈ, ਇਥੇ ਉਪਜ ਕਿਰਤ ਦੀ ਉਸ ਵੰਡ ਤੋਂ ਸੁਤੰਤਰ ਹੈ ਜਿਹੜੀ ਜਿਣਸਾਂ ਦੇ ਵਟਾਂਦਰੇ ਦੇ ਸਾਧਨਾਂ ਦੁਆਰਾ, ਸਮੁੱਚੇ ਤੌਰ 'ਤੇ ਹਿੰਦੁਸਤਾਨੀ ਸਮਾਜ ਵਿਚ ਚਾਲੂ ਹੋ ਗਈ ਹੈ। ਇਹ ਸਿਰਫ਼ ਵਾਧੂ ਉਪਜ ਹੈ। ਜਿਹੜੀ ਜਿਣਸ ਬਣਦੀ ਹੈ, ਅਤੇ ਉਸ ਦਾ ਕੇਵਲ ਇਕ ਹਿੱਸਾ ਉਦੋਂ ਤੱਕ ਜਿਣਸ ਨਹੀਂ ਬਣਦਾ ਜਦੋਂ ਤੱਕ ਇਹ ਰਾਜ ਦੇ ਹੱਥਾਂ ਵਿਚ ਨਹੀਂ ਪੁੱਜਦਾ, ਜਿਸ ਦੇ ਹੱਥਾਂ ਵਿਚ ਅਨੰਤ ਕਾਲ ਤੋਂ ਇਨ੍ਹਾਂ ਉਪਜਾਂ ਦੀ ਇਕ ਨਿਸ਼ਚਿਤ ਮਾਤਰਾ ਜਿਣਸ ਰੂਪੀ ਲਗਾਨ ਦੇ ਤੌਰ 'ਤੇ ਪਹੁੰਚ ਗਈ ਹੈ। ਇਨ੍ਹਾਂ ਪਿੰਡ ਭਾਈਚਾਰਿਆਂ ਦੀ ਬਣਤਰ ਹਿੰਦੁਸਤਾਨ ਦੇ ਵੱਖ ਵੱਖ ਭਾਗਾਂ ਵਿਚ ਵੱਖ-ਵੱਖ ਹੈ। ਸਰਲਤਮ ਰੂਪ ਦੀ ਬਣਤਰ ਅਨੁਸਾਰ ਜ਼ਮੀਨ ਰਲਕੇ ਵਾਹੀ ਜਾਂਦੀ ਹੈ ਅਤੇ ਉਪਜ ਮੈਂਬਰਾਂ ਵਿਚ ਵੰਡ ਲਈ ਜਾਂਦੀ ਹੈ। ਇਸ ਦੇ ਨਾਲ ਹੀ ਕਤਾਈ ਤੇ ਬੁਣਾਈ ਦਾ ਕੰਮ ਹਰ ਪਰਿਵਾਰ ਵਿਚ ਇਕ ਸਹਾਈ ਸਨਅਤ ਵਜੋਂ ਹੁੰਦਾ ਹੈ। ਜਨਤਾ ਦੇ ਨਾਲ ਨਾਲ ਜਿਹੜੀ ਇਸ ਪ੍ਰਕਾਰ ਇਕੋ ਕੰਮ ਵਿਚ ਲੱਗੀ ਰਹਿੰਦੀ ਹੈ, ਇਕ ''ਮੁਖੀਆ'' ਹੁੰਦਾ ਹੈ ਜਿਹੜਾ ਜੱਜ ਵੀ ਹੈ, ਪੁਲਸ ਵੀ ਅਤੇ ਕਰ ਉਗਰਾਹੁਣ ਵਾਲਾ ਵੀ; ਇਕ ਪਟਵਾਰੀ ਹੁੰਦਾ ਹੈ ਜਿਹੜਾ ਵਾਹੀ ਜ਼ਮੀਨ ਦਾ ਹਿਸਾਬ ਰੱਖਦਾ ਹੈ ਤੇ ਉਸ ਨਾਲ ਸੰਬੰਧਿਤ ਹਰ ਚੀਜ਼ ਦਰਜ ਕਰਦਾ ਹੈ; ਇਕ ਹੋਰ ਅਫ਼ਸਰ ਹੁੰਦਾ ਹੈ ਜਿਹੜਾ ਮੁਜਰਮਾਂ ਨੂੰ ਸਜ਼ਾ ਦਿੰਦਾ ਹੈ, ਸਫ਼ਰ ਕਰਦੇ ਅਜਨਬੀਆਂ ਦੀ ਰੱਖਿਆ ਕਰਦਾ ਹੈ ਅਤੇ ਉਨ੍ਹਾਂ ਨੂੰ ਸਹੀ ਸਲਾਮਤ ਅਗਲੇ ਪਿੰਡ ਪਹੁੰਚਾ ਆਉਂਦਾ ਹੈ; ਚੌਕੀਦਾਰ ਹੁੰਦਾ ਹੈ ਜਿਹੜਾ ਗੁਆਂਢੀ ਪਿੰਡ ਦੇ ਭਾਈਚਾਰਿਆਂ ਤੋਂ ਸਰਹੱਦਾਂ ਦੀ ਰਾਖੀ ਕਰਦਾ ਹੈ। ਆਬਪਾਸ਼ੀ ਦਾ ਹਾਕਮ ਹੁੰਦਾ ਹੈ ਜਿਹੜਾ ਸਿੰਜਾਈ ਲਈ ਸਾਂਝੇ ਤਲਾਵਾਂ ਵਿਚ ਪਾਣੀ ਦੀ ਵੰਡ ਕਰਦਾ ਹੈ, ਬ੍ਰਾਹਮਣ ਹੁੰਦਾ ਹੈ ਜਿਹੜਾ ਧਾਰਮਿਕ ਕਾਰ ਵਿਹਾਰ ਕਰਦਾ ਹੈ, ਅਧਿਆਪਕ ਹੁੰਦਾ ਹੈ ਜਿਹੜਾ ਰੇਤਾਂ ਉਤੇ ਬੱਚਿਆਂ ਨੂੰ ਲਿਖਣਾ ਪੜ੍ਹਨਾ ਸਿਖਾਉਂਦਾ ਹੈ, ਪੱਤਰੀ ਵਾਚਕ ਜਾਂ ਜੋਤਸ਼ੀ ਹੁੰਦਾ ਹੈ ਜਿਹੜਾ ਬਿਜਾਈ ਤੇ ਵਾਢੀ ਲਈ ਅਤੇ ਖੇਤੀ ਦੇ ਹਰ ਪ੍ਰਕਾਰ ਦੇ ਕੰਮ ਲਈ ਮਹੂਰਤ ਕੱਢਦਾ ਹੈ; ਲੁਹਾਰ ਅਤੇ ਤਰਖਾਣ ਹੁੰਦਾ ਹੈ ਜੋ ਖੇਤੀ ਦੇ ਸੰਦ ਬਣਾਉਂਦਾ ਤੇ ਮੁਰੰਮਤ ਕਰਦਾ ਹੈ; ਘੁਮਿਆਰ ਹੁੰਦਾ ਹੈ ਜਿਹੜਾ ਸਾਰੇ ਪਿੰਡ ਲਈ ਭਾਂਡੇ ਬਣਾਉਂਦਾ ਹੈ, ਨਾਈ ਵਾਲ ਕੱਟਦਾ ਹੈ, ਧੋਬੀ ਹੁੰਦਾ ਹੈ ਜਿਹੜਾ ਕੱਪੜੇ ਧੋਂਦਾ ਹੈ, ਸੁਨਿਆਰਾ ਹੁੰਦਾ ਹੈ ਅਤੇ ਕਿਤੇ ਕਿਤੇ ਕਵੀ ਹੁੰਦਾ ਹੈ ਜਿਹੜਾ ਭਾਈਚਾਰਿਆਂ ਵਿਚ ਸ਼ਬਦੀ ਪੁਲ ਉਸਾਰਦਾ ਹੈ ਤੇ ਕੁਝ ਸਕੂਲ ਮਾਸਟਰੀ ਦਾ ਕੰਮ ਕਰਦਾ ਹੈ। ਇਹ ਦਰਜਨ ਇਕ ਵਿਅਕਤੀ ਸਮੁੱਚੇ ਭਾਈਚਾਰੇ ਦੇ ਖਰਚ ਉੱਤੇ ਪਲਦੇ ਹਨ। ਜੇ ਵਸੋਂ ਵਧ ਜਾਂਦੀ ਹੈ ਤਾਂ ਇਕ ਨਵਾਂ ਭਾਈਚਾਰਾ, ਪੁਰਾਣੇ ਹੀ ਨਮੂਨੇ ਉੱਤੇ, ਵਿਹਲੀ ਜ਼ਮੀਨ ਉੱਤੇ ਕਾਇਮ ਹੋ ਜਾਂਦਾ ਹੈ। ਇਸ ਪੂਰੀ ਬਣਤਰ ਵਿਚੋਂ ਕਿਰਤ ਦੀ ਇਕ ਬਾਕਾਇਦਾ ਵੰਡ ਲੱਭਦੀ ਹੈ, ਪਰ ਕਾਰਖਾਨੇਦਾਰੀ ਵਰਗੀ ਵੰਡ ਤਾਂ ਅਸੰਭਵ ਹੈ ਕਿਉਂਕਿ ਲੁਹਾਰ ਤੇ ਤਰਖਾਣ ਆਦਿ ਕੋਲ ਇਕ ਅਬਦਲ ਮੰਡੀ ਹੈ ਅਤੇ ਉਥੇ ਵੀ ਪਿੰਡਾਂ ਦੇ ਆਕਾਰ ਅਨੁਸਾਰ, ਹਰ ਕੋਈ ਇਕ ਦੀ ਥਾਂ ਦੋ ਜਾਂ ਤਿੰਨ ਹੁੰਦੇ ਹਨ।.... ਇਨ੍ਹਾਂ ਆਤਮ ਨਿਰਭਰ ਭਾਈਚਾਰਿਆਂ ਵਿਚ, ਜਿਹੜੇ ਆਪਣੇ ਆਪ ਨੂੰ ਉਸੇ ਹੀ ਰੂਪ ਵਿਚ ਲਗਾਤਾਰ ਮੁੜ ਪ੍ਰਗਟ ਕਰਦੇ ਰਹਿੰਦੇ ਹਨ, ਅਤੇ ਜਦੋਂ ਸਬੱਬੀ ਤਬਾਹ ਹੋ ਜਾਣ ਤਾਂ ਉਸ ਥਾਂ 'ਤੇ ਉਸੇ ਨਾਂ ਮੁੜ ਉੱਠ ਪੈਂਦੇ ਹਨ, ਪੈਦਾਵਾਰੀ ਦੀ ਜੱਥੇਬੰਦੀ ਦੀ ਸਰਲਤਾ- ਇਹ ਸਰਲਤਾ ਹੀ ਏਸ਼ਿਆਈ ਸਮਾਜਾਂ ਦੀ ਅਪ੍ਰਵਰਤਨਸ਼ੀਲਤਾ ਦੇ ਰਾਜ ਦੀ ਕੁੰਜੀ ਹੈ। ਇਹ ਅਪ੍ਰਵਰਤਨਸ਼ੀਲਤਾ ਏਸ਼ਿਆਈ ਰਾਜਾਂ ਦੇ ਲਗਾਤਾਰ ਵਿਗੜਦੇ ਬਣਦੇ ਰਹਿਣ, ਰਾਜਵੰਸ਼ਾਂ ਦੇ ਲਗਾਤਾਰ ਬਦਲਦੇ ਰਹਿਣ ਦੇ ਟਾਕਰੇ ਤੇ ਬੜੀ ਉਘੜਦੀ ਹੈ। ਰਾਜਨੀਤਕ ਆਕਾਸ਼ ਤੇ ਤੂਫ਼ਾਨੀ ਬੱਦਲ ਸਮਾਜ ਦੇ ਆਰਥਕ ਤੱਤਾਂ ਦੇ ਢਾਂਚੇ ਨੂੰ ਛੂੰਹਦੇ ਤੱਕ ਨਹੀਂ।''10

ਕਾਰਲ ਮਾਰਕਸ ਦਾ ਉਪਰੋਕਤ ਵਿਸ਼ਲੇਸ਼ਣ ਬਹੁਤ ਧਿਆਨ ਅਤੇ ਸੰਵਾਦ ਦੀ ਮੰਗ ਕਰਦਾ ਹੈ। ਇਹ ਵਿਸ਼ਲੇਸ਼ਣ ਭਾਰਤ ਨੂੰ ਇਕ ਬੰਦ ਸਮਾਜ ਵਜੋਂ ਪੇਸ਼ ਕਰਦਾ ਹੈ ਜਿਸ ਵਿਚ ਤਬਦੀਲੀਆਂ ਦੀ ਸੰਭਾਵਨਾ ਹੀ ਨਹੀਂ ਹੈ। ਮਾਰਕਸ ਦੇ ਜਿਹੜੇ ਅਧਿਐਨ ਸ੍ਰੋਤ ਹਨ ਉਹ ਯੂਰਪੀ ਚਿੰਤਕਾਂ ਦੇ ਹਨ ਜਿਨ੍ਹਾਂ ਨੂੰ ਭਾਰਤੀ ਸਮਾਜ ਦੀ ਅੰਦਰੂਨੀ ਸੰਰਚਨਾ ਦੀ ਸਮਝ ਨਹੀਂ ਹੈ। ਇਸੇ ਕਰਕੇ ਮਾਰਕਸ ਨੇ ਸ਼ਿਲਪਕਾਰੀ ਦੀ ਦ੍ਰਿਸ਼ਟੀ ਤੋਂ ਕੰਮ ਵੰਡ ਨੂੰ ਕਿਰਤ ਵੰਡ ਦੇ ਆਰਥਿਕ ਵਿਸ਼ਲੇਸ਼ਣ ਵਿਚ ਢਾਲ ਲਿਆ। ਜਦੋਂ ਕਿ ਭਾਰਤੀ ਸਮਾਜ ਵਿਚ ਉਸ ਸਮੇਂ ਤੱਕ ਕੰਮ ਵੰਡ ਜਾਤੀ ਪ੍ਰਥਾ ਅਨੁਸਾਰ ਰੂੜ੍ਹ ਹੋ ਚੁੱਕੀ ਸੀ। ਦੂਸਰਾ, ਅੱਤ ਧਿਆਨ ਦੇਣ ਯੋਗ ਮਸਲਾ ਇਹ ਹੈ ਕਿ ਮਾਰਕਸ ਭਾਰਤੀ ਸਾਮਜ ਦੇ ਸਵੈ-ਨਿਰਭਰ ਪਿੰਡ ਦੇ ਆਧਾਰ 'ਤੇ ਏਸ਼ਿਆਈ ਉਤਪਾਦਨ ਪ੍ਰਣਾਲੀ ਰਾਹੀਂ ਭਾਰਤੀ ਸਮਾਜ ਨੂੰ ਇਤਿਹਾਸ ਦੀ ਭੌਤਿਕਵਾਦੀ ਵਿਆਖਿਆ ਤੋਂ ਬਾਹਰ ਕਰ ਦਿੰਦਾ ਹੈ। ਮਾਰਕਸ ਦੇ ਅਨੁਸਾਰ ਹੀ ਹੁਣ ਤੱਕ ਦਾ ਮਨੁੱਖੀ ਇਤਿਹਾਸ ਜਮਾਤੀ ਘੋਲਾਂ ਦਾ ਇਤਿਹਾਸ ਹੈ। ਜੇਕਰ ਜਮਾਤੀ ਘੋਲ ਹੈ, ਤਾਂ ਭਾਰਤ ਨੂੰ ਉਸ ਵਿਚੋਂ ਬਾਹਰ ਕਿਵੇਂ ਰੱਖਿਆ ਜਾ ਸਕਦਾ ਹੈ। ਦੂਸਰਾ, ਮਾਰਕਸ ਨੇ 1857 ਦੇ ਵਿਦਰੋਹ ਸੰਬੰਧੀ ਲਿਖੇ ਆਪਣੇ ਨਿਬੰਧਾਂ ਵਿਚ ਇਹ ਜ਼ੋਰ ਦੇ ਕੇ ਕਿਹਾ ਸੀ ਕਿ ਭਾਰਤੀ ਸਮਾਜ ਕੋਲ ਆਪਣਾ ਕੋਈ ਇਤਿਹਾਸ ਨਹੀਂ, ਘੱਟੋ ਘੱਟ ਜਾਣਿਆ ਪਛਾਣਿਆ ਇਤਿਹਾਸ, ਪਰੰਤੂ ਜੇ ਇਤਿਹਾਸ ਹੈ ਤਾਂ ਇਹ ਧਾੜਵੀਆਂ ਦੇ ਆਉਣ ਦਾ ਇਤਿਹਾਸ ਹੈ। ਇਨ੍ਹਾਂ ਧਾੜਵੀਆਂ ਨੇ ਚੁੱਪ-ਚੁਪੀਤੇ ਇਕ ਅਬਦਲ ਅਤੇ ਅਪ੍ਰਤੀਰੋਧੀ ਸਮਾਜ ਉਪਰ ਆਪਣੇ ਸਾਮਰਾਜ ਉਸਾਰੇ। ਇਉਂ ਭਾਰਤ ਦਾ ਵਿਸ਼ਲੇਸ਼ਣ ਜੋ ਮਾਰਕਸ ਵੱਲੋਂ ਕੀਤਾ ਗਿਆ ਹੈ, ਉਹ ਦੁਬਾਰਾ ਗੰਭੀਰ ਸੰਵਾਦ ਦੀ ਮੰਗ ਕਰਦਾ ਹੈ। ਇਰਫ਼ਾਨ ਹਬੀਬ ਨੇ ਮਾਰਕਸ ਦੀ ਏਸ਼ਿਆਈ ਉਤਪਾਦਨ ਵਿਧੀ ਉੱਪਰ ਗੰਭੀਰ ਚਰਚਾ ਕਰਦਿਆਂ ਕਿਹਾ ਕਿ ਜੇਕਰ ਅਸੀਂ ਮਾਰਕਸ ਦੀ ਇਸ ਧਾਰਨਾ ਨੂੰ ਸਵੀਕਾਰ ਕਰ ਲਈਏ ਤਾਂ ਮਾਨਵ ਜਾਤੀ ਦਾ ਇਕ ਵਿਸ਼ਾਲ ਭਾਗ ਇਤਿਹਾਸ ਦੀ ਭੌਤਿਕਵਾਦੀ ਧਾਰਨਾ ਤੋਂ ਬਾਹਰ ਹੋ ਜਾਵੇਗਾ।11 

ਭਾਰਤੀ ਪਿੰਡਾਂ ਨੂੰ ਸਵੈ-ਨਿਰਭਰ ਪਿੰਡ ਵਜੋਂ ਸਥਾਪਤ ਕਰਕੇ ਉਸ ਨੂੰ ਇਕ ਆਦਰਸ਼ਕ ਅਤੇ ਵਿਰੋਧਾਂ ਰਹਿਤ ਪਿੰਡ ਵਜੋਂ ਸਵੀਕਾਰ ਕਰ ਲੈਣ ਦਾ ਭਾਵ ਭਾਰਤੀ ਸਮਾਜ ਅੰਦਰ ਜਮਾਤੀ ਜਾਂ ਵਰਣਿਕ ਅੰਤਰ-ਵਿਰੋਧਾਂ ਨੂੰ ਦਰਕਿਨਾਰ ਕਰ ਦੇਣਾ ਹੈ ਜਦੋਂ ਕਿ ਭਾਰਤ ਅੰਦਰ ਸਿੱਧੀ ਤਰ੍ਹਾਂ ਦੀ ਜਮਾਤੀ ਵੰਡ ਜਾਂ ਬਣਤਰ ਨਹੀਂ ਸਗੋਂ ਵਰਣ ਦੀ ਵੰਡ ਨਾਲ ਇਹ ਜਮਾਤੀ ਵੰਡ ਹੋਰ ਸੰਘਣੀ, ਚੀੜ੍ਹੀ ਅਤੇ ਜਟਿਲ ਬਣਦੀ ਹੈ। ਵਰਣ ਵੰਡ ਜਮਾਤੀ ਵੰਡ ਨੂੰ ਪੱਕੀ-ਪੀਡੀ ਕਰਦੀ ਹੈ ਜਦੋਂ ਕਿ ਭਾਰਤ ਦੀ ਜਮਾਤੀ ਬਣਤਰ ਵਰਣ ਵੰਡ ਨੂੰ ਬਣਾਈ ਰੱਖਣ ਵਿਚ ਇਤਿਹਾਸਕ ਭੂਮਿਕਾ ਨਿਭਾਉਂਦੀ ਹੈ। ਡਾ. ਰਾਮ ਸ਼ਰਣ ਸ਼ਰਮਾ ਦਾਸ ਪ੍ਰਥਾ, ਸ਼ੂਦਰਾਂ, ਮੱਠਾਂ, ਧਾਰਮਿਕ ਇਕਾਈਆਂ, ਬ੍ਰਾਹਮਣਾਂ ਨੂੰ ਦਿੱਤੇ ਜਾਣ ਵਾਲੇ ਪਿੰਡਾਂ ਦਾ ਗਹਿਨ ਅਧਿਐਨ ਕਰਦਾ ਹੈ। ਇਹ ਅਧਿਐਨ ਕਰਦਿਆਂ ਉਹ ਇਸ ਨਿਸ਼ਕਰਸ਼ ਉੱਪਰ ਪਹੁੰਚਦਾ ਹੈ। ''ਇਹ ਸਵਾਲ (ਭਾਰਤੀ ਸਮਾਜ ਦੇ ਪ੍ਰਸੰਗ ਵਿਚ) ਉਠਾਇਆ ਗਿਆ ਹੈ ਕਿ ਸਾਮੰਤਵਾਦ ਸਮਾਜ ਵਿਚ ਇਕ ਬਾਰ ਹੀ ਪ੍ਰਗਟ ਹੋਇਆ ਜਾਂ ਬਦਲੇ ਹੋਏ ਕਲੇਵਰਾਂ ਵਿਚ ਕਈ ਬਾਰ ਸਾਹਮਣੇ ਆਇਆ ਹੈ। ਭਾਰਤ ਵਿਚ ਇਸ ਦਾ ਉੱਤਰ ਇਸ ਗੱਲ ਉੱਪਰ ਨਿਰਭਰ ਹੈ ਕਿ ਸਾਮੰਤਵਾਦ ਤੋਂ ਸਾਡਾ ਅਰਥ ਕੀ ਹੈ? ਜੇ ਅਸੀਂ ਰਾਜਨੀਤਕ ਸੱਤਾ ਦੇ ਵਿਘਟਨ ਅਤੇ ਪ੍ਰਸ਼ਾਸਨ ਦੇ ਵਿਕੇਂਦਰੀਕਰਨ ਨੂੰ ਹੀ ਸਾਮੰਤਵਾਦ ਮੰਨ ਲਈਏ ਤਾਂ ਇਹ ਸਵੀਕਾਰ ਕਰਨਾ ਪਵੇਗਾ ਕਿ ਭਾਰਤ ਵਿਚ ਅੰਗਰੇਜ਼ੀ ਰਾਜ ਦੀ ਸਥਾਪਨਾ ਤੋਂ ਪਹਿਲਾਂ ਸਾਮੰਤਵਾਦ ਕਈ ਬਾਰ ਆਇਆ।''12
ਉਪਰੋਕਤ ਵਿਸ਼ਲੇਸ਼ਣ ਦੀ ਰੌਸ਼ਨੀ ਵਿਚ ਜਦੋਂ ਅਸੀਂ ਬਸਤੀਕਾਰਾਂ ਤੋਂ ਪੂਰਵਲੇ ਪੰਜਾਬ ਉੱਪਰ ਸਰਸਰੀ ਨਜ਼ਰ ਮਾਰਦੇ ਹਾਂ ਤਾਂ ਬਹੁਤ ਦਿਲਚਸਪ ਤਸਵੀਰ ਸਾਹਮਣੇ ਆਉਂਦੀ ਹੈ। ਪੰਜਾਬ ਜਿਸਦਾ ਇਤਿਹਾਸਕ ਵਿਕਾਸ ਅਤੇ ਸਭਿਆਚਾਰਕ ਪਰੰਪਰਾ ਭਾਰਤ ਦੇ ਨਾਲੋਂ ਵਿਭਿੰਨ ਨਜ਼ਰ ਆਉਂਦੀ ਹੈ। ਪੂਰਵ ਮੁਗਲ ਅਤੇ ਮੁਗਲ ਦੌਰ ਦੇ ਸਾਮੰਤੀ ਰਾਜ ਵੇਲੇ ਭਾਰਤ ਵਿਚ ਭਗਤੀ ਲਹਿਰ ਚੱਲਦੀ ਹੈ, ਉਥੇ ਪੰਜਾਬ ਵਿਚ ਇਸ ਲਹਿਰ ਦੇ ਨਾਲ ਗੁਰਮਤਿ ਲਹਿਰ ਵਿਸ਼ੇਸ਼ ਤੌਰ 'ਤੇ ਸਿਧਾਂਤ ਦੇ ਨਾਲ ਨਾਲ ਵਿਹਾਰਕ ਪੱਧਰ ਉੱਪਰ ਸਿੱਖ ਲਹਿਰ ਵਜੋਂ ਜੱਥੇਬੰਦ ਵੀ ਹੁੰਦੀ ਹੈ। ਸਿੱਖ ਲਹਿਰ ਸਿਧਾਂਤ ਦੀ ਪੱਧਰ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਰਦੀ ਹੈ, ਉਥੇ ਵਿਹਾਰ ਦੀ ਪੱਧਰ ਉੱਪਰ ਸਾਮੰਤੀ ਦਮਨ, ਅਨਿਆਂ ਅਤੇ ਜਬਰ ਦੇ ਵਿਰੁੱਧ ਲੜਦੀ ਹੋਈ ਇਕ ਆਜ਼ਾਦ ਅਤੇ ਆਦਰਸ਼ਕ ਸਮਾਜ ਦੇ ਸੁਪਨੇ ਲਈ ਸੰਘਰਸ਼ ਵੀ ਕਰਦੀ ਹੈ। ਭਗਤੀ ਕਾਲ ਦਾਰਸ਼ਨਿਕ ਅਤੇ ਵਿਚਾਰਧਾਰਕ ਤੌਰ 'ਤੇ ਤਾਂ ਹਿੰਦੂ ਧਰਮ ਦੀ ਧੌਂਸ (Hegemony) ਅਤੇ ਉਸ ਦੀ ਮਨੁੱਖੀ ਅਸਮਾਨਤਾ ਦੀ ਦ੍ਰਿਸ਼ਟੀ ਅਤੇ ਨੀਤੀ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ ਪਰੰਤੂ ਸਿੱਖ ਲਹਿਰ ਇਸ ਦੇ ਖ਼ਾਤਮੇ ਵਿਰੁੱਧ ਸੰਘਰਸ਼ ਵੀ ਕਰਦੀ ਹੈ। ਗੁਰੂ ਪਰੰਪਰਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਖ਼ਾਲਸਾ ਪੰਥ ਦੀ ਸਾਜਨਾ ਪੰਜਾਬ ਹੀ ਨਹੀਂ ਭਾਰਤ ਦੇ ਇਤਿਹਾਸ ਵਿਚ ਘਟਨ ਵਾਲੇ ਇਤਿਹਾਸਕ ਅਤੇ ਵਿਚਾਰਧਾਰਕ ਵਰਤਾਰੇ ਹਨ। ਜਗਜੀਤ ਸਿੰਘ ਇਨ੍ਹਾਂ ਦੀ ਧੁਰ-ਡੂੰਘ ਵਿਚ ਕਾਰਜਸ਼ੀਲ ਵਿਚਾਰਧਾਰਾ ਦਾ ਵਿਸ਼ਲੇਸ਼ਣ ਕਰਦਿਆਂ ਲਿਖਦਾ ਹੈ, ''ਸਿੱਖ ਪੰਥ ਨੂੰ ਐਸੇ ਫਿਰਕੇ ਦੇ ਤੌਰ 'ਤੇ ਜਥੇਬੰਦ ਨਹੀਂ ਕੀਤਾ ਗਿਆ, ਜੋ ਸਿਰਫ਼ ਧਰਮ ਦੇ ਪਰੰਪਰਾਈ ਭਾਰਤੀ ਤੌਰ ਤਰੀਕੇ ਅਨੁਸਾਰ ਚੱਲਦਾ ਰਹੇ ਬਲਕਿ ਸਿੱਖ ਪੰਥ ਨੂੰ ਜਾਤਪਾਤੀ ਸਮਾਜ ਨੂੰ ਬਦਲਣ, ਧਾਰਮਕ ਤੇ ਸਿਆਸੀ ਜਬਰ ਦਾ ਮੁਕਾਬਲਾ ਕਰਨ ਅਤੇ ਆਮ ਜਨਤਾ ਦੇ ਹੱਥ ਸਿਆਸੀ ਤਾਕਤ ਹਾਸਲ ਕਰਨ ਦਾ ਵਸੀਲਾ ਬਣਾਇਆ। ਪੰਥ ਦੀ ਜਥੇਬੰਦੀ ਤੇ ਇਸਦੇ ਸਮਾਜੀ ਤੇ ਸਿਆਸੀ ਨਿਸ਼ਾਨੇ ਇਕੋ ਸਿਧਾਂਤ ਦੇ ਅੰਗ ਹਨ।''13

ਪੰਜਾਬੀ ਸਮਾਜ ਵਿਚ ਸਿੱਖ ਧਰਮ, ਦ੍ਰਿਸ਼ਟੀ ਅਤੇ ਚੇਤਨਾ ਨੇ ਇਤਿਹਾਸਕ ਭੂਮਿਕਾ ਇਹ ਨਿਭਾਈ ਕਿ ਇਕ ਅਜਿਹਾ ਸਮਾਜ ਬਣੇ ਜਿਸ ਵਿਚ ਜਾਤੀ ਅਤੇ ਧਾਰਮਿਕ ਵਿਤਕਰਿਆਂ ਨੂੰ ਖ਼ਤਮ ਕਰਕੇ ਸਿਆਸੀ, ਸਮਾਜੀ ਅਤੇ ਆਰਥਿਕ ਨਿਆਂ ਪ੍ਰਾਥਮਿਕ ਹੋਵੇ। ਇਸ ਸੁਪਨੇ ਲਈ ਸਿੱਖ ਲਹਿਰ ਦਾ ਸਾਮੰਤੀ ਰਾਜ ਨਾਲ ਲਗਾਤਾਰ ਸੰਘਰਸ਼ ਰਿਹਾ। ਇਹ ਸੰਘਰਸ਼ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਆਪਣੇ ਸੰਘਰਸ਼ ਦੇ ਸੈਨਿਕੀ ਰੂਪ ਵਿਚ ਚਰਮ ਸੀਮਾ 'ਤੇ ਪਹੁੰਚ ਜਾਂਦਾ ਹੈ। ਕੁਝ ਸਿੱਖ ਵਿਦਵਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਘਰਸ਼ ਨੂੰ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਬਦਲੇ ਨਾਲ ਸੰਬੰਧਿਤ ਕਰਕੇ ਵਿਅਕਤੀਗਤ ਰੰਗਤ ਦੇ ਦਿੰਦੇ ਹਨ ਜਦੋਂ ਕਿ ਵਿਹਾਰਕ ਰੂਪ ਵਿਚ ਇਹ ਸੰਘਰਸ਼ ਉਸੇ ਸਿੱਖ ਲਹਿਰ ਦਾ ਵਿਕਸਤ ਰੂਪ ਹੈ ਜਿਸ ਦੀ ਪਿੱਠ ਭੂਮੀ ਵਿਚ ਗੁਰੂ ਪਰੰਪਰਾ ਅਤੇ ਸਮੁੱਚੀ ਸਿੱਖ ਲਹਿਰ ਦਾ ਵਿਰਸਾ ਕਾਰਜਸ਼ੀਲ ਹੈ। ਕੁਝ ਵਿਦਵਾਨਾਂ ਦਾ ਬੰਦਾ ਸਿੰਘ ਬਹਾਦਰ ਦੇ ਇਸ ਸੰਘਰਸ਼ ਅਤੇ ਰਾਜ ਨਾਲ ਮੱਤਭੇਦ ਹੈ ਪਰੰਤੂ ਇਤਿਹਾਸਕ ਵਰਤਾਰੇ ਦੇ ਰੂਪ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਇਸ ਕ੍ਰਾਂਤੀ ਪਿੱਛੇ ਸਿੱਖ ਫ਼ਲਸਫ਼ਾ ਅਤੇ ਸਿੱਖ ਲਹਿਰ ਦਾ ਰਾਜਸੀ ਮੰਤਵ ਹੀ ਮਹੱਤਵਪੂਰਨ ਰੋਲ ਨਿਭਾਉਂਦਾ ਹੈ। ਮੁਗ਼ਲ ਦੌਰ ਦਾ ਸਾਮੰਤੀ ਰਾਜ ਔਰੰਗਜ਼ੇਬ ਦੀ ਮੌਤ ਬਾਅਦ ਉਸ ਤਰ੍ਹਾਂ ਸੰਗਠਿਤ ਨਾ ਰਿਹਾ ਹੈ। ਇਸੇ ਕਰਕੇ ਅਠਾਰਵੀਂ ਸਦੀ ਦਾ ਪੰਜਾਬ ਇਕ ਵੱਖਰੇ ਦੌਰ ਦਾ ਧਾਰਨੀ ਹੈ। ਅਠਾਰਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਕ੍ਰਾਂਤੀ ਨੇ ਪੰਜਾਬ ਵਿਚੋਂ ਮੁਗਲ ਸਾਮੰਤਸ਼ਾਹੀ ਦੀਆਂ ਜੜ੍ਹਾਂ ਉਖੇੜ ਦਿੱਤੀਆਂ। ਉਸਨੇ ਪੰਜਾਬ ਦੀ ਧਰਤੀ ਉੱਪਰ ਜਿਸ ਕਿਸਮ ਦਾ ਪ੍ਰਬੰਧ ਸਿਰਜਣ ਦਾ ਯਤਨ ਕੀਤਾ, ਉਹ ਸਾਮੰਤੀ ਪ੍ਰਬੰਧ ਤੋਂ ਵੱਖਰਾ ਸੀ। ਇਸ ਪ੍ਰਬੰਧ ਦਾ ਤਾਰਕਿਕ ਅਧਿਐਨ ਕਰਦਿਆਂ ਹੋਇਆ ਸਤਨਾਮ ਚਾਨਾ ਲਿਖਦਾ ਹੈ, ''ਬੰਦਾ ਸਿੰਘ ਬਹਾਦਰ ਦੀ ਕ੍ਰਾਂਤੀ ਧਰਤੀ ਉੱਤੇ, ਵਰਗ ਵੰਡ ਦੇ ਇਤਿਹਾਸ ਵਿਚ ਵਾਪਰਿਆ ਪਹਿਲਾ 'ਕਮਿਊਨ' ਸੀ, ਦੁਨੀਆਂ ਦੀ ਪਹਿਲੀ ਅਜਿਹੀ ਘਟਨਾ, ਜਦੋਂ ਮਿਹਨਤਕਸ਼ ਵਰਗ ਨੇ ਦੂਜੇ ਸ਼ੋਸ਼ਕ ਵਰਗ ਤੋਂ ਸੱਤਾ ਖੋਹ ਲਈ ਅਤੇ ਜ਼ਮੀਨਾਂ ਵੰਡ ਲਈਆਂ। ਇਹ ਕਮਿਊਨ ਦਿਨਾਂ ਤੱਕ ਨਹੀਂ ਸਾਲਾਂ ਤੱਕ ਕਾਇਮ ਰਿਹਾ ਸੀ। ਪ੍ਰੰਤੂ ਇਸ ਕਮਿਊਨ ਦਾ ਅੰਤ, ਸੁਚੇਤ ਰੂਪ ਵਿਚ ਉਨਾਂ ਤਾਕਤਾਂ ਵਲੋਂ ਪਿੱਠ ਦੇਣ ਕਾਰਨ ਹੀ ਹੋਇਆ ਜੋ ਕਮਿਊਨ ਦੀ ਵਿਚਾਰਧਾਰਾ ਨੂੰ ਪ੍ਰਨਾਏ ਹੋਣ ਦਾ ਦਮ ਭਰਦੇ ਸਨ ਕਿਉਂਕਿ ਉਨ੍ਹਾਂ ਦਾ ਵਰਗ ਚ੍ਰਿਤਰ ਸਾਮੰਤਸ਼ਾਹੀ ਵਾਲਾ ਸੀ।''14 ਆਪਣੇ ਜਮਾਤੀ ਕਿਰਦਾਰ ਪੱਖੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਅੰਦੋਲਨ ਸ਼ਿਲਪਕਾਰਾਂ ਅਤੇ ਵਿਸ਼ੇਸ਼ ਤੌਰ 'ਤੇ ਕਿਸਾਨੀ ਵਿਦਰੋਹ ਸੀ। ਕਿਸਾਨੀ ਵਿਚ ਸਾਮੰਤਸ਼ਾਹੀ ਦੇ ਤੱਤ ਮੌਜੂਦ ਰਹਿੰਦੇ ਹਨ। ਇਨ੍ਹਾਂ ਤੱਤਾਂ ਕਰਕੇ ਹੀ ਸਿੱਖ ਲਹਿਰ ਭਵਿੱਖ ਵਿਚ ਸਾਮੰਤੀ ਲਹਿਰ ਬਣ ਜਾਂਦੀ ਹੈ। ਬੰਦਾ ਸਿੰਘ ਬਹਾਦਰ ਤੋਂ ਬਾਅਦ ਪੰਜਾਬ ਵਿਚਲੀ ਸਿੱਖ ਲਹਿਰ ਆਪਣੇ ਜਮਾਤੀ ਅਤੇ ਵਿਚਾਰਧਾਰਕ ਖ਼ਾਸੇ ਨੂੰ ਖੋ ਕੇ ਸਾਮੰਤੀ ਤਰਜ਼ ਦੀ ਬਣ ਜਾਂਦੀ ਹੈ। ਪ੍ਰੋ. ਕਿਸ਼ਨ ਸਿੰਘ ਸਿੱਖ ਲਹਿਰ ਦਾ ਵਿਸ਼ਲੇਸ਼ਣ ਕਰਦਿਆਂ ਮਿਸਲਾਂ ਦੇ ਸਮੇਂ ਸੰਬੰਧੀ ਠੀਕ ਕਹਿੰਦਾ ਹੈ ਕਿ ਜਦੋਂ ਸਟੇਟ ਦੀ ਤਾਕਤ ਹੱਥ ਆਉਣ ਦਾ ਸਮਾਂ ਆਇਆ, ਲਹਿਰ ਦਾ ਜੁੱਸਾ ਜਮਾਤੀ ਤੌਰ 'ਤੇ ਅੰਦਰੋਂ ਵਿਗੜਿਆ। ਗੁਰੀਲਾ ਲੀਡਰ ਸਰਦਾਰ ਬਣ ਬੈਠਾ। ਮਨੁੱਖ ਦੀ ਬਣਤਰ ਬਦਲੀ। ਗੁਰਮੁਖ ਤੋਂ ਮੁੜ ਉਹ ਮਨਮੁਖ ਹੋ ਗਿਆ।15 ਇਹ ਮਨਮੁਖ ਹੀ ਸਾਮੰਤੀ ਕਿਰਦਾਰ ਦੇ ਸਿੱਖ ਸਨ ਜੋ ਸਿੱਖ ਦੀ ਥਾਂ ਉੱਪਰ ਮਿਸਲਾਂ ਦੇ 'ਸਰਦਾਰ' ਬਣੇ ਅਤੇ ਫਿਰ ਰਣਜੀਤ ਸਿੰਘ ਦੇ ਰੂਪ ਵਿਚ 'ਮਹਾਰਾਜਾ' ਬਣਿਆ। ਇਸ ਭਾਸ਼ਾ ਵਿਚ ਸਿੱਖ ਲਹਿਰ ਅਤੇ ਗੁਰਮਤਿ ਫ਼ਲਸਫ਼ਾ ਸਾਮੰਤੀ ਹਿੱਤਾਂ ਦੀ ਪੂਰਤੀ ਦਾ ਧਾਰਨੀ ਬਣ ਗਿਆ ਜਿਹੜਾ ਬਸਤੀਵਾਦ ਵੇਲੇ ਸਿੱਖ ਬੁਰਜੁਆਜੀ ਦੇ ਰੂਪ ਵਿਚ ਉਦੈ ਹੋਇਆ।

ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਬਹੁਤੇ ਵਿਦਵਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਿੱਖ ਰਾਜ, ਖ਼ਾਲਸਾ ਰਾਜ ਕਹਿ ਕੇ ਜਦੋਂ ਸਥਾਪਤ ਕਰਦੇ ਹਨ ਤਾਂ ਉਹ ਇਸ ਨੂੰ ਗੁਰੂ ਪਰੰਪਰਾ, ਸਿੱਖ ਲਹਿਰ ਅਤੇ ਸਿੱਖ ਫ਼ਲਸਫ਼ੇ ਦਾ ਅਨੁਯਾਈ ਹੀ ਮੰਨਦੇ ਹਨ। ਇਸ ਰਾਜ ਦਾ ਤਰਕਸੰਗਤ ਨਿਖੇੜਾ ਨਹੀਂ ਕਰਦੇ ਸਗੋਂ ਕੁਝ ਅਜਿਹੀਆਂ ਉਕਤੀਆਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਹਿੰਦੂ ਮੁਸਲਮਾਨਾਂ ਨੂੰ ਬਰਾਬਰ ਅਧਿਕਾਰ ਸਨ, ਕਹਿਕੇ ਇਸ ਰਾਜ ਨੂੰ ਧਰਮ-ਨਿਰਪੱਖ ਰਾਜ ਸਿੱਧ ਕਰਦੇ ਹਨ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਾਜਸੀ, ਆਰਥਿਕ ਅਤੇ ਸਮਾਜਕ ਪੱਖੋਂ ਪੁਰਾਣੀ ਸਾਮੰਤਸ਼ਾਹੀ ਨਾਲੋਂ ਗੁਣਾਤਮਕ ਤੌਰ 'ਤੇ ਵੱਖਰਾ ਨਹੀਂ ਸੀ। ਇਸ ਰਾਜ ਵਿਚ ਕੁਝ ਉਦਾਰ ਨੀਤੀਆਂ ਜ਼ਰੂਰ ਸਨ ਪਰੰਤੂ ਇਕ ਸਾਮੰਤੀ ਰਾਜ ਦੀ ਦੂਜੇ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਸਾਮੰਤੀ ਰਾਜ ਵਿਚ ਬਦਲੀ ਹੀ ਸੀ। ਜਿਸ ਸਿੱਖ ਸਿਧਾਂਤ ਅਤੇ ਦ੍ਰਿਸ਼ਟੀ ਵੱਲ ਉੱਪਰ ਜਗਜੀਤ ਸਿੰਘ ਨੇ ਵਿਚਾਰਧਾਰਕ ਸੰਕੇਤ ਕੀਤੇ ਹਨ, ਉਨ੍ਹਾਂ ਸੰਕੇਤਾਂ ਦਾ ਨਾਮੋਂ ਨਿਸ਼ਾਨ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਨਹੀਂ ਸੀ। ਇਸ ਰਾਜ ਵਿਚ ਨਾ ਜਾਤ ਪਾਤ ਦਾ ਖਾਤਮਾ ਹੋਇਆ ਅਤੇ ਨਾ ਹੀ ਇਹ ਰਾਜ ਸਮਾਜਕ, ਆਰਥਿਕ ਅਤੇ ਰਾਜਸੀ ਨਿਆਂ ਵਾਲਾ ਪ੍ਰਬੰਧ ਬਣ ਸਕਿਆ। ਇਸ ਲਈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਿੱਖ ਰਾਜ ਜਾਂ ਖ਼ਾਲਸਾ ਰਾਜ ਨਹੀਂ ਸਗੋਂ ਸਾਮੰਤਸ਼ਾਹੀ ਦਾ ਰਾਜ ਸੀ ਜਿਨ੍ਹਾਂ ਦਾ ਧਾਰਮਿਕ ਵਿਸ਼ਵਾਸ਼ ਜਾਂ ਬਾਹਰੀ ਪਛਾਣ ਸਿੱਖ ਦੀ ਸੀ। ''ਰਣਜੀਤ ਸਿੰਘ ਦਾ ਰਾਜ ਪ੍ਰਬੰਧ ਆਪਣੇ ਤੋਂ ਪਹਿਲਾਂ ਦੇ ਰਾਜ ਪ੍ਰਬੰਧ ਤੋਂ ਵੱਖਰਾ ਰਾਜ ਨਹੀਂ ਸੀ। 18ਵੀਂ ਸਦੀ ਦੇ ਪਿਛਲੇ ਵਰ੍ਹਿਆਂ ਵਿਚ ਸਿਪਾਹਸਲਾਰ, ਦੀਵਾਨ, ਸੂਬੇਦਾਰ, ਨਾਜ਼ਿਮ, ਫੌਜਦਾਰ, ਥਾਣੇਦਾਰ ਅਤੇ ਆਮਿਲ ਦੇ ਅਹੁਦੇ ਅਨਜਾਣੇ ਨਹੀਂ ਸਨ। ਇਸੇ ਤਰ੍ਹਾਂ ਕਾਨੂੰਗੋ, ਕਾਰਦਾਰ, ਚੌਧਰੀ, ਮੁਕੱਦਮ, ਤੁਅਲਕੇਦਾਰ, ਪਟਵਾਰੀ ਅਤੇ ਕਾਜ਼ੀ ਸਿੱਖ ਹਾਕਮਾਂ ਦੀ ਰਿਆਇਆ ਲਈ ਜਾਣੇ ਪਛਾਣੇ ਸਨ। ... ਰਣਜੀਤ ਸਿੰਘ ਜਿਸ ਸਰਦਾਰ ਦੇ ਇਲਾਕੇ 'ਤੇ ਕਾਬਜ਼ ਹੁੰਦਾ, ਉਸਨੂੰ ਉਸ ਇਲਾਕੇ ਦਾ ਕੁੱਝ ਹਿੱਸਾ ਗੁਜ਼ਾਰੇ ਲਈ ਦੇ ਦਿੰਦਾ ਅਤੇ ਜੇਕਰ ਉਹ ਜਾਗੀਰਦਾਰ ਦੇ ਤੌਰ 'ਤੇ ਮਹਾਰਾਜੇ ਦੀ ਨੌਕਰੀ ਸਵੀਕਾਰ ਲੈਂਦਾ ਤਾਂ ਉਸਨੂੰ ਜ਼ਿਆਦਾ ਇਲਾਕਾ ਦਿੱਤਾ ਜਾਂਦਾ।''16 ਇਉਂ ਰਣਜੀਤ ਸਿੰਘ ਦਾ ਰਾਜ ਸਾਮੰਤੀ ਰਾਜ ਸੀ ਜੋ ਸਾਮੰਤੀ ਲੀਹਾਂ ਉੱਪਰ ਹੀ ਵਿਕਾਸ ਕਰਦਾ ਹੋਇਆ ਚੀਨ, ਨੇਪਾਲ, ਅਫ਼ਗਾਨਿਸਤਾਨ ਦੇ ਖਿੱਤਿਆਂ ਤੱਕ ਫ਼ੈਲ ਗਿਆ। ਇਸ ਰਾਜ ਦਾ ਏਹੋ ਫਰਕ ਸੀ ਕਿ ਪੂਰਵਲਾ ਸਾਮੰਤੀ ਰਾਜ ਬਾਹਰੋਂ ਆਏ ਮੁਗਲਾਂ ਦੁਆਰਾ ਉਸਾਰਿਆ ਗਿਆ ਸੀ ਅਤੇ ਇਹ ਪੰਜਾਬੀ ਸਾਮੰਤਸ਼ਾਹੀ ਦਾ ਸੀ। ਇਸ ਕਰਕੇ ਇਸ ਨੂੰ ਸਿੱਖ ਰਾਜ ਜਾਂ ਖ਼ਾਲਸਾ ਰਾਜ ਕਹਿਣਾ ਬਿਲਕੁਲ ਜਾਇਜ਼ ਨਹੀਂ ਹੈ ਕਿਉਂਕਿ ਇਹ ਸਿੱਖੀ ਉਦੇਸ਼ ਅਤੇ ਸਿੱਖੀ ਦ੍ਰਿਸ਼ਟੀਕੋਣ ਦੇ ਬਿਲਕੁਲ ਵਿਪਰੀਤ ਸੀ।

-3-

ਪੰਜਾਬ ਬਸਤੀਕਾਰਾਂ ਰਾਹੀਂ ਹਥਿਆਇਆ ਜਾਣ ਵਾਲਾ ਆਖ਼ਰੀ ਪਰ ਸਭ ਤੋਂ ਮਹੱਤਵਪੂਰਨ ਖਿੱਤਾ ਸੀ। ਇਸ ਦਾ ਇਕ ਕਾਰਨ ਤਾਂ ਇਹ ਸੀ ਕਿ ਪੰਜਾਬ ਸਰਹੱਦੀ ਖੇਤਰ ਸੀ ਅਤੇ ਅੰਤਰ-ਰਾਸ਼ਟਰੀ ਤੌਰ 'ਤੇ ਬਸਤੀਕਾਰਾਂ ਲਈ ਰਾਜਸੀ ਰਣਨੀਤੀ ਲਈ ਬਹੁਤ ਮਹੱਤਵਪੂਰਨ ਸੀ ਕਿਉਂਕਿ ਬਸਤੀਕਾਰਾਂ ਤੋਂ ਪਹਿਲਾਂ ਬਹੁਤੇ ਧਾੜਵੀ ਪੰਜਾਬ ਦੇ ਰਸਤਿਓਂ ਹੀ ਭਾਰਤ 'ਤੇ ਕਾਬਜ਼ ਹੁੰਦੇ ਰਹੇ ਸਨ। ਦੂਸਰਾ ਪੰਜਾਬ ਦਾ ਪੌਣ-ਪਾਣੀ ਅਤੇ ਉਪਜਾਊ ਧਰਤੀ ਬਸਤੀਕਾਰਾਂ ਲਈ ਵਪਾਰ ਦੀ ਦ੍ਰਿਸ਼ਟੀ ਤੋਂ ਕੱਚਾ ਮਾਲ ਪੈਦਾ ਕਰਨ ਲਈ ਵਧੇਰੇ ਜਰਖੇਜ਼ ਸੀ। ਤੀਸਰਾ, ਪੰਜਾਬ ਦੇ ਲੋਕ ਵਧੇਰੇ ਤਾਕਤਵਰ ਹੋਣ ਕਰਕੇ ਸੈਨਿਕ ਦ੍ਰਿਸ਼ਟੀ ਤੋਂ ਬਸਤੀਕਾਰਾਂ ਲਈ ਅਤਿਅੰਤ ਲਾਹੇਵੰਦ ਸਨ। ਇਹ ਪੰਜਾਬ ਦਾ ਬਸਤੀਕਾਰਾਂ ਲਈ ਸਭ ਨਾਲੋਂ ਵਧੇਰੇ ਮਹੱਤਤਾ ਰੱਖਣ ਵਾਲਾ ਖਿੱਤਾ ਸੀ। ਬਸਤੀਕਾਰ ਸਾਮੰਤੀ ਪੰਜਾਬ ਉੱਪਰ ਕਬਜ਼ਾ ਕਰਦੇ ਹਨ। ਉਸ ਸਮੇਂ ਪੰਜਾਬ ਦੀ ਵੱਡੀ ਗਿਣਤੀ ਵਿੱਚ ਵਸੋਂ ਪਿੰਡਾਂ ਵਿਚ ਵਸਦੀ ਸੀ। ਸਨਅਤੀਕਰਨ ਨਾ ਹੋਣ ਕਰਕੇ ਸ਼ਹਿਰੀ ਆਬਾਦੀ ਦੇ ਵਧਣ ਦਾ ਕੋਈ ਅਹਿਮ ਵਰਤਾਰਾ ਨਹੀਂ ਸੀ ਇਕੋ ਇਕ ਨੌਕਰੀ ਸਿਰਫ਼ ਸਿਪਾਹੀ ਦੀ ਹੁੰਦੀ ਸੀ। ਪੇਂਡੂ ਸਮਾਜ ਸ਼ਿਲਪਕਾਰੀ ਦੇ ਧੰਦਿਆਂ ਨਾਲ ਆਪਣੀਆਂ ਲੋੜਾਂ ਦੀ ਪੂਰਤੀ ਕਰਦਾ ਸੀ। ਇਹ ਸਾਰਾ ਕੁਝ ਬੁਨਿਆਦੀ ਤੌਰ 'ਤੇ ਖੇਤੀ ਕੇਂਦਰਿਤ ਅਰਥਚਾਰੇ ਨਾਲ ਸੰਬੰਧਿਤ ਸੀ। ਬਹੁਤ ਘੱਟ ਚੀਜ਼ਾਂ ਲਈ ਪਿੰਡ ਨੂੰ ਬਾਹਰ ਜਾਣਾ ਪੈਂਦਾ ਸੀ। ਪਿੰਡਾਂ ਦੀ ਤਸਵੀਰ ਕਾਰਲ ਮਾਰਕਸ ਦੁਆਰਾ ਦਿਖਾਏ ਗਏ ਪਿੰਡਾਂ ਵਰਗੀ ਸੀ ਪਰੰਤੂ ਸਮਾਜਕ ਜੀਵਨ ਪੰਜਾਬ ਦਾ ਲਗਭਗ ਬਾਕੀ ਭਾਰਤ ਵਰਗਾ ਹੀ ਸੀ। ਸਿੱਖ ਲਹਿਰ ਨਾਲ ਪਰੰਪਰਾਗਤ ਵਰਣ-ਵਿਵਸਥਾ ਨੂੰ ਸੱਟ ਜ਼ਰੂਰ ਵੱਜੀ ਸੀ ਪਰੰਤੂ ਰਣਜੀਤ ਸਿੰਘ ਦੇ ਸਾਮੰਤੀ ਰਾਜ ਵਿਚ ਇਹ ਵਿਵਸਥਾ ਮੁੜ ਪ੍ਰਪੱਕ ਹੋ ਗਈ ਸੀ। ਇਸ ਲਈ ਪੰਜਾਬ ਦਾ ਸਮਾਜਕ ਜੀਵਨ ਗੁਣਾਤਮਕ ਤੌਰ 'ਤੇ ਭਾਰਤੀ ਸਾਮੰਤਵਾਦ ਤੋਂ ਕੋਈ ਬਹੁਤਾ ਵੱਖਰਾ ਨਹੀਂ ਸੀ। ਉਸ ਸਮੇਂ ਦੇ ਪਰੰਪਰਕ ਪਿੰਡ ਅਤੇ ਪੰਚਾਇਤ ਦੀ ਨਿਆਂ ਪ੍ਰਣਾਲੀ ਇਸ ਨੂੰ ਤੱਥ-ਰੂਪ ਵਿਚ ਸਹੀ ਸਿੱਧ ਕਰ ਦਿੰਦੀ ਹੈ। ''ਇਕ ਹੋਰ ਕਿਸਮ ਦੀਆਂ ਪੰਚਾਇਤਾਂ ਜਿਹੜੀਆਂ ਪਿੰਡਾਂ ਤੇ ਸ਼ਹਿਰਾਂ ਦੋਹਾਂ ਥਾਵਾਂ 'ਤੇ ਮਿਲਦੀਆਂ ਸਨ, ਜਾਤ ਪਾਤ ਦੇ ਆਧਾਰ 'ਤੇ ਬਣਾਈਆਂ ਗਈਆਂ ਸਨ। ਹਿੰਦੂ ਸਮਾਜ ਵਿਚ ਅਣਗਿਣਤ ਜਾਤ ਬਰਾਦਰੀਆਂ ਮੌਜੂਦ ਸਨ ਅਤੇ ਲਗਭਗ ਹਰ ਜਾਤ ਬਰਾਦਰੀ ਦੀ ਪੰਚਾਇਤ ਹੁੰਦੀ ਸੀ ਜੋ ਉਸ ਬਰਾਦਰੀ ਨਾਲ ਸੰਬੰਧਿਤ ਮਾਮਲਿਆਂ ਦੀ ਦੇਖਭਾਲ ਕਰਦੀ ਸੀ। ਉਸ ਨੇ ਵੇਖਣਾ ਹੁੰਦਾ ਸੀ ਕਿ ਬਰਾਦਰੀ ਵਿਚ ਜਨਮ, ਵਿਆਹ, ਮੌਤ ਆਦਿ ਸੰਬੰਧੀ ਜੋ ਰੀਤਾਂ ਰਸਮਾਂ ਕੀਤੀਆਂ ਜਾਂਦੀਆਂ ਸਨ; ਕੀ ਉਹ ਉਨ੍ਹਾਂ ਦੇ ਪ੍ਰਵਾਨਿਤ ਨਿਯਮਾਂ ਦੇ ਅਨੁਸਾਰ ਹਨ ਜਾਂ ਨਹੀਂ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਂਦਾ ਸੀ ਅਤੇ ਜੇ ਲੋੜ ਪਏ ਤਾਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਵੀ ਦਿੱਤੀ ਜਾਂਦੀ ਸੀ।''17 ਉਪਰੋਕਤ ਹਵਾਲਾ ਸਪੱਸ਼ਟ ਕਰ ਦਿੰਦਾ ਹੈ ਕਿ ਰਣਜੀਤ ਸਿੰਘ ਦੇ ਰਾਜ ਵਿਚ ਪਰੰਪਰਕ ਅਤੇ ਜਾਤ-ਪਾਤੀ ਪ੍ਰਬੰਧ ਨੂੰ ਬਣਾਈ ਰੱਖਣ ਵਾਲਾ ਭਾਰਤੀ ਤਰਜ਼ ਦਾ ਸਾਮੰਤੀ ਸਮਾਜ ਸੀ। 

ਪੰਜਾਬ ਨੂੰ ਬਸਤੀਕਾਰਾਂ ਵਲੋਂ ਹਥਿਆਏ ਜਾਣ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਦੇ ਈਸਾਈ ਮਿਸ਼ਨਰੀ ਪੰਜਾਬ ਦੀ ਧਰਤੀ ਉੱਪਰ ਆਉਣ ਲੱਗ ਪਏ ਸਨ। ਮਿਸਟਰ ਲੌਰੀ ਪੰਜਾਬ ਵਿਚ 3 ਦਸੰਬਰ 1835 ਨੂੰ ਲੁਧਿਆਣੇ ਆਉਣ ਵਾਲਾ ਪਹਿਲਾਂ ਮਿਸ਼ਨਰੀ ਸੀ। ਕਲਕੱਤੇ ਵਿਚ ਬੈਠਿਆਂ ਵਿਲੀਅਮ ਕੇਰੀ ਨੇ ਪੰਜਾਬੀ ਦਾ ਪਹਿਲਾਂ ਵਿਆਕਰਨ ਲਿਖਿਆ ਜਿਹੜਾ ਕਦੇ ਵੀ ਪੰਜਾਬ ਨਹੀਂ ਆਇਆ ਸੀ। ਈਸਾਈ ਮਿਸ਼ਨਰੀਆਂ ਦੇ ਪੰਜਾਬ ਵਿਚ ਆਉਣ ਦਾ ਕਾਰਨ ਸਿਰਫ਼ ਈਸਾਈ ਧਰਮ ਦਾ ਪ੍ਰਚਾਰ ਨਹੀਂ ਸੀ ਸਗੋਂ ਇਸ ਪਿੱਛੇ ਬਸਤੀਕਾਰਾਂ ਦੇ ਰਾਜ ਨੂੰ ਲੋਕ ਮਨਾਂ ਤੱਕ ਪਹੁੰਚਾਉਣ, ਵਿਸਤਾਰਨ ਅਤੇ ਹਰਮਨ ਪਿਆਰਾ ਬਣਾਉਣ ਦੀ ਸਾਜ਼ਿਸ਼ ਸੀ।

1849 ਵਿੱਚ ਬਸਤੀਵਾਦ ਵਲੋਂ ਪੰਜਾਬ ਦੇ ਰਲੇਵੇਂ ਉਪਰੰਤ ਬਸਤੀਕਾਰਾਂ ਨੇ ਪੰਜਾਬ ਦੇ ਪਰੰਪਰਕ ਪ੍ਰਸ਼ਾਸਨਿਕ ਅਤੇ ਆਰਥਿਕ ਸੰਬੰਧਾਂ ਅੰਦਰ ਤਬਦੀਲੀ ਲਿਆਂਦੀ। ਪੰਜਾਬ ਨੂੰ ਕਮਿਸ਼ਨਰੀਆਂ, ਜ਼ਿਲ੍ਹਿਆਂ, ਤਹਿਸੀਲਾਂ ਵਿਚ ਵੰਡ ਕੇ ਪੁਰਾਣੇ ਸਾਮੰਤੀ ਪ੍ਰਬੰਧ ਨੂੰ ਮਿਟਾ ਦਿੱਤਾ ਗਿਆ। ਪੰਜਾਬ ਵਿਚ ਤਿੰਨ ਮੈਂਬਰੀ ਬੋਰਡ ਦੀ ਸਥਾਪਨਾ ਕਰਕੇ ਪੰਜਾਬ ਦੀ ਪੁਨਰ-ਯੋਜਨਾਬੰਦੀ ਬਸਤੀਵਾਦੀ ਹਿੱਤਾਂ ਨੂੰ ਸਾਹਮਣੇ ਰੱਖ ਕੇ ਕੀਤੀ ਗਈ। ਗਵਰਨਰ ਜਨਰਲ ਲਾਰਡ ਡਲਹੌਜ਼ੀ ਦੇ ਗਵਰਨਰ ਬਣਨ ਨਾਲ ਪੰਜਾਬ ਸੁਤੰਤਰ ਖਿੱਤਾ ਹੋਣ ਦੀ ਬਜਾਏ ਭਾਰਤ ਦਾ ਰਾਜਨੀਤਕ ਅਤੇ ਪ੍ਰਸ਼ਾਸਨਿਕ ਰੂਪ ਵਿਚ ਅੰਗ ਬਣ ਗਿਆ। ਮਹਾਰਾਜਾ ਰਣਜੀਤ ਦੀ ਖ਼ਾਲਸਾ ਫੌਜ ਤੋੜ ਦਿੱਤੀ ਗਈ ਅਤੇ 50,000 ਸੈਨਿਕਾਂ ਨੂੰ ਤਨਖਾਹਾਂ ਤੇ ਬਾਕਾਇਆ ਦੇ ਕੇ ਛੁੱਟੀ ਕਰ ਦਿੱਤੀ ਗਈ। ਪੰਜਾਬ ਆਰਮਜ਼ ਐਕਟ ਤਹਿਤ ਪੰਜਾਬ ਵਿਚੋਂ ਤਲਵਾਰਾਂ, ਟਕੂਏ, ਸਫ਼ਾਜੰਗ ਤੱਕ ਹਥਿਆਰ ਜ਼ਬਤ ਕਰਕੇ ਪੰਜਾਬ ਨੂੰ ਨਿਹੱਥਾ ਕਰ ਦਿੱਤਾ ਗਿਆ। ਬਸਤੀਕਾਰਾਂ ਨੇ ਆਪਣੀ ਫੌਜ ਦੇ ਨਾਲ ਨਾਲ ਪੁਲਿਸ ਦਾ ਵਿਸ਼ੇਸ਼ ਪ੍ਰਬੰਧ ਕੀਤਾ। ਇਸ ਪੁਲਿਸ ਨੇ ਜਿੱਥੇ ਜਰਾਇਮ ਪੇਸ਼ਾ ਲੋਕਾਂ ਉੱਪਰ ਖ਼ਾਸ ਨਕੇਲ ਕਸੀ ਉਥੇ ਮਾਲੀਆ ਉਗਰਾਹੁਣ ਵਿਚ ਕਾਨੂੰਨੀ ਸਹਿਯੋਗ ਦਿੱਤਾ। ਇਉਂ ਪਹਿਲਾਂ ਵਾਂਗ ਜਾਗਰੀਦਾਰਾਂ ਦੇ ਸਰਦਾਰਾਂ ਵਲੋਂ ਉਗਰਾਹੁਣ ਵਾਲੀ ਮਾਲੀਆ ਪ੍ਰਣਾਲੀ ਦਾ ਅੰਤ ਕਰ ਦਿੱਤਾ। ਇਸ ਪ੍ਰਣਾਲੀ ਨਾਲ ਮਾਲੀਏ ਉੱਪਰ ਸਰਕਾਰ ਦੀ ਸਿੱਧੀ ਨਜ਼ਰ ਬਣੀ ਰਹਿੰਦੀ ਸੀ। ਦੂਸਰਾ, ਮਾਲੀਏ ਵਿਚ ਵਿਸ਼ੇਸ਼ ਪਰਿਵਰਤਨ ਇਹ ਕੀਤਾ ਕਿ ਜਿਣਸ ਦੀ ਥਾਂ ਨਕਦੀ ਨੇ ਲੈ ਲਈ। ਇਹ ਨਕਦੀ ਸਾਮੰਤਸ਼ਾਹੀ ਤੋਂ ਬਦਲਕੇ ਬਸਤੀਵਾਦੀ ਮੁਦਰਾ ਵਿਚ ਤਬਦੀਲ ਕੀਤੀ ਗਈ ਜਿਸ ਨਾਲ ਵਟਾਂਦਰੇ ਦੇ ਵਜੋਂ ਪੰਜਾਬ ਭਾਰਤ ਦੀ ਇਕ ਇਕਾਈ ਬਣ ਗਿਆ। 1852 ਵਿਚ ਪੁਰਾਣੇ ਜਾਗੀਰਦਾਰਾਂ ਜਿੰਨਾਂ ਦੀਆਂ ਜਾਗੀਰਾਂ ਤੁਰੀਆਂ ਆ ਰਹੀਆਂ ਸਨ, ਨੂੰ ਖ਼ਤਮ ਕਰਨ ਦੀ ਵਿਸ਼ੇਸ਼ ਨੀਤੀ ਬਣਾਈ ਤਾਂ ਜੋ ਵਿਹਲੜ ਜਾਗੀਰਦਾਰਾਂ ਦਾ ਕਿਸਾਨੀ ਅਤੇ ਸਰਕਾਰ ਤੋਂ ਆਰਥਿਕ ਬੋਝ ਘਟਾਇਆ ਜਾ ਸਕੇ। ਭਾਵੇਂ ਕੁਝ ਵਿਰੋਧਾਂ ਕਾਰਨ ਇਹ ਕਾਨੂੰਨ ਭੰਗ ਕਰ ਦਿੱਤਾ ਗਿਆ ਪਰ ਬਸਤੀਕਾਰ ਬਹੁਤ ਤੇਜ਼ੀ ਨਾਲ ਪੰਜਾਬ ਦਾ ਪ੍ਰਸ਼ਾਸਨਿਕ ਅਤੇ ਆਰਥਿਕ ਪ੍ਰਬੰਧ ਬਸਤੀਵਾਦੀ ਤਰਜ਼ ਦਾ ਬਣਾ ਰਹੇ ਸਨ। 1856 ਵਿਚ ਪੰਜਾਬ ਵਿਚ ਪਹਿਲੀ ਵਾਰ ਤਾਰ ਦਾ ਪ੍ਰਚਲਨ ਹੋਇਆ। 1856 ਵਿਚ ਪੰਜਾਬ ਅੰਦਰ ਸਿੱਖਿਆ ਵਿਭਾਗ ਸਥਾਪਤ ਕਰਕੇ ਪਰੰਪਰਕ ਸਿੱਖਿਆ ਪ੍ਰਣਾਲੀ ਦਾ ਅੰਤ ਕਰ ਦਿੱਤਾ ਗਿਆ ਅਤੇ ਵਿਗਿਆਨ ਅਤੇ ਯੂਰਪੀ ਸਾਹਿਤ ਪੜ੍ਹਾਉਣ ਦਾ ਪ੍ਰਬੰਧ ਕੀਤਾ ਗਿਆ। ਤਹਿਸੀਲਾਂ ਅਤੇ ਜ਼ਿਲੇ ਪੱਧਰ ਉੱਪਰ ਸਕੂਲਾਂ ਦੀ ਸਥਾਪਨਾ ਕਰਕੇ ਬਸਤੀਵਾਦ ਨੇ ਕੇਂਦਰੀਕਰਨ ਦੀਆਂ ਨੀਤੀਆਂ ਦਾ ਆਰੰਭ ਕਰ ਦਿੱਤਾ। ਪਰੰਪਰਕ ਨਿਆਂ ਪ੍ਰਬੰਧ ਦੀ ਥਾਂ ਕਚਹਿਰੀਆਂ ਸਥਾਪਤ ਕਰਕੇ ਬਸਤੀਵਾਦੀ ਕਾਨੂੰਨ ਦੀ ਪਾਲਣਾ ਦਾ ਪ੍ਰਬੰਧ ਕਰ ਦਿੱਤਾ ਗਿਆ। ਕਚਹਿਰੀਆਂ ਦੀ ਸਥਾਪਨਾ ਇਹੋ ਜਿਹੀ ਸੀ ਕਿ ਚੌਦਾਂ ਮੀਲ ਦੇ ਘੇਰੇ ਵਿਚ ਲੋਕ ਮੁਕੱਦਮੇ ਭੁਗਤ ਕੇ ਸ਼ਾਮ ਨੂੰ ਘਰ ਵਾਪਸ ਪਹੁੰਚ ਸਕਣ। ਕੁਝ ਮੁੱਢਲੇ ਸੁਧਾਰਾਂ ਵਜੋਂ ਅਤੇ 1857 ਦੇ ਵਿਦਰੋਹ ਉਪਰੰਤ ਸਥਾਈ ਬੰਦੋਬਸਤ ਨਾਲ ਪੰਜਾਬ ਦੇ ਆਰਥਿਕ ਪ੍ਰਬੰਧ ਅਤੇ ਆਰਥਿਕ ਰਿਸ਼ਤਿਆਂ ਵਿਚ ਗੁਣਾਤਮਕ ਤਬਦੀਲੀ ਵਾਪਰਨੀ ਸ਼ੁਰੂ ਹੁੰਦੀ ਹੈ। ਖੇਤੀ ਸੁਧਾਰਾਂ, ਵਿਸ਼ੇਸ਼ ਤੌਰ 'ਤੇ ਸਿੰਜਾਈ ਦੇ ਪ੍ਰਬੰਧਾਂ ਵੱਲ ਧਿਆਨ ਦੇਣ ਸਦਕਾ ਪੰਜਾਬ ਦੀ ਧਰਤੀ ਵੀ ਬਾਕੀ ਭਾਰਤ ਦੀ ਧਰਤੀ ਵਾਂਗ ਬਸਤੀਕਾਰਾਂ ਲਈ ਕੱਚੇ ਮਾਲ ਦਾ ਸਰੋਤ ਬਣਨੀ ਸ਼ੁਰੂ ਹੋ ਗਈ। ਜਿਉਂ-ਜਿਉਂ ਆਰਥਿਕਤਾ ਵਿਚ ਬਸਤੀਵਾਦੀ ਸੰਬੰਧ ਗਹਿਰੇ ਹੁੰਦੇ ਜਾਂਦੇ ਹਨ ਤਿਉਂ-ਤਿਉਂ ਪੰਜਾਬ ਅੰਦਰ ਗੁਣਾਤਮਕ ਤਬਦੀਲੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਉਪਜਾਂ ਅਤੇ ਜ਼ਮੀਨ ਦੀਆਂ ਕੀਮਤਾਂ ਵਿਚ ਭਾਰੀ ਪਰਿਵਰਤਨ ਵਾਪਰਨੇ ਸ਼ੁਰੂ ਹੋ ਜਾਂਦੇ ਹਨ। ਅਜਿਹੇ ਪਰਿਵਰਤਨ ਸਾਮੰਤੀ ਪੰਜਾਬ ਵਿਚ ਨਹੀਂ ਵਾਪਰੇ ਸਨ। ''ਜਲੰਧਰ ਵਿਚ 1846-1851 ਤੱਕ ਕਣਕ ਦਾ ਭਾਅ ਇਕ ਰੁਪਏ ਦੀ ਚਾਲੀ ਸੇਰ ਸੀ। 1856 ਈਸਵੀ ਵਿਚ ਕੀਮਤਾਂ ਹੋਰ ਡਿੱਗ ਪਈਆਂ ਤੇ ਕਣਕ ਇਕ ਰੁਪਏ ਦੀ 58 ਸੇਰ ਹੋ ਗਈ। ਪਰ ਇਸ ਤੋਂ ਬਾਅਦ ਕੀਮਤਾਂ ਵਿਚ ਵਾਧਾ ਹੁੰਦਾ ਗਿਆ। 1876 ਤੋਂ ਲੈ ਕੇ 1882 ਤੱਕ ਕਣਕ ਦਾ ਭਾਅ ਇਕ ਰੁਪਏ ਦੀ 26 ਸੇਰ ਰਹਿ ਗਈ।.... 1857 ਦੇ ਵਿਦਰੋਹ ਤੋਂ ਪਹਿਲਾਂ ਬਹੁਤ ਹੀ ਘੱਟ ਜ਼ਮੀਨਾਂ ਦੀ ਵਿੱਕਰੀ ਹੁੰਦੀ ਸੀ ਪਰ ਹੁਣ ਇਨ੍ਹਾਂ ਦੀਆਂ ਕੀਮਤਾਂ ਵਿਚ ਕਾਫ਼ੀ ਵਾਧਾ ਹੋਇਆ ਅਤੇ ਜ਼ਮੀਨਾਂ ਦੀ ਵਿੱਕਰੀ ਆਮ ਹੋ ਗਈ। 1869 ਈਸਵੀ ਵਿਚ ਜ਼ਮੀਨ ਦੀ ਕੀਮਤ 1/- ਰੁਪਏ ਪ੍ਰਤੀ ਏਕੜ ਹੋ ਗਈ ਅਤੇ 1890 ਤੱਕ 61/- ਰੁਪਏ ਅਤੇ 1890 ਤੋਂ 1901 ਤੱਕ ਜ਼ਮੀਨ ਦਾ ਮੁੱਲ 77/- ਰੁਪਏ ਪ੍ਰਤੀ ਏਕੜ ਹੋ ਗਿਆ। ਲਾਇਲਪੁਰ ਵਿਚ ਚੰਗੀ ਵਾਹੀ ਵਾਲੀ ਜ਼ਮੀਨ ਸਰਕਾਰ ਵੱਲੋਂ 134/- ਰੁਪਏ ਪ੍ਰਤੀ ਏਕੜ ਵੇਚੀ ਗਈ।''18
ਉਪਜਾਂ ਵਿਚ ਵਾਧਾ, ਜ਼ਮੀਨਾਂ ਦੀ ਵਿੱਕਰੀ ਅਤੇ ਜ਼ਮੀਨਾਂ ਦੇ ਭਾਅ ਵਿਚ ਲਗਾਤਾਰ ਅਤੇ ਤਿੱਖੀ ਤੇਜ਼ੀ ਦਾ ਪ੍ਰਮੁੱਖ ਕਾਰਨ ਉਤਪਾਦਨ ਪ੍ਰਣਾਲੀ ਦੇ ਸੁਭਾਅ ਵਿਚ ਵਾਪਰੀ ਤਬਦੀਲੀ ਸੀ। ਹੁਣ ਉਤਪਾਦਨ ਸਵੈ ਨਿਰਭਰ ਪਿੰਡ ਦੀਆਂ ਲੋੜਾਂ ਦੀ ਪੂਰਤੀ ਜਾਂ ਮਾਲੀਆ ਉਤਾਰਨ ਤੱਕ ਸੀਮਤ ਨਹੀਂ ਰਹਿ ਗਿਆ ਸੀ ਸਗੋਂ ਹੁਣ ਮੰਡੀ ਦੀ ਮੰਗ ਅਨੁਸਾਰ ਉਤਪਾਦਨ ਮੰਡੀ ਦੀਆਂ ਲੋੜਾਂ ਦੀ ਪੂਰਤੀ ਲਈ ਹੋਣਾ ਸ਼ੁਰੂ ਹੋ ਗਿਆ ਸੀ। ਬਸਤੀਕਾਰਾਂ ਨੇ ਪੰਜਾਬ ਨੂੰ ਵਿਸ਼ਵ ਮੰਡੀ ਨਾਲ ਜੋੜ ਦਿੱਤਾ। ਹੁਣ ਪੰਜਾਬ ਸਾਮੰਤਸ਼ਾਹੀ ਦੀ ਐਸ਼-ਪ੍ਰਸਤੀ ਲਈ ਉਤਪਾਦਨ ਨਹੀਂ ਕਰ ਰਿਹਾ ਸੀ ਸਗੋਂ ਵਿਸ਼ਵ ਵਪਾਰ ਦਾ ਹਿੱਸਾ ਬਣਕੇ ਬਸਤੀਵਾਦੀ ਦੌਲਤ ਦਾ ਕੇਂਦਰ ਬਿੰਦੂ ਬਣ ਗਿਆ ਸੀ। ਬਸਤੀਕਾਰ ਆਪਣੇ ਹਿੱਤਾਂ ਦੀ ਖਾਤਰ ਸਾਮੰਤਸ਼ਾਹੀ ਦੀ ਅੰਦਰੂਨੀ ਆਰਥਿਕ ਸੰਬੰਧਾਂ ਦੀ ਲੜੀ ਨੂੰ ਨਿਰੰਤਰ ਖ਼ਤਮ ਕਰ ਰਹੇ ਸਨ। ਬਸਤੀਕਾਰਾਂ ਨੇ ਜਾਗੀਰਦਾਰੀ ਪ੍ਰਥਾ ਦੀ ਥਾਂ ਕਿਸਾਨੀ ਦੀ ਸਿੱਧੀ ਮਾਲਕੀ ਪੈਦਾ ਕਰ ਦਿੱਤੀ। ਇਥੇ ਸਿੱਧਾ ਮਕਸਦ ਕਿਸਾਨਾਂ ਤੋਂ ਮਾਲੀਆ ਉਗਰਾਹ ਕੇ ਵਿਚਕਾਰਲੇ ਵਿਚੋਲੀਏ ਦਾ ਅੰਤ ਕਰ ਦਿੱਤਾ ਗਿਆ। ਇਹ ਪ੍ਰਬੰਧ ਜਾਗੀਰਦਾਰੀ ਦੀ ਥਾਂ ਜ਼ਿੰਮੀਂਦਾਰੀ ਵਿਚ ਬਦਲ ਗਿਆ। ਇਸ ਨਾਲ ਪੁਰਾਣੇ ਸਾਮੰਤਸ਼ਾਹੀ ਪਰੰਪਰਕ ਸਵੈ-ਨਿਰਭਰ ਪਿੰਡ ਦਾ ਢਾਂਚਾ ਤਹਿਸ ਨਹਿਸ ਹੋ ਗਿਆ। ਖੇਤੀ ਵਪਾਰਕ ਧੰਦੇ ਨਾਲ ਜੁੜਕੇ ਵਰਤੋਂ ਮੁੱਲ ਦੀ ਥਾਂ ਕਦਰ ਮੁੱਲ ਨਾਲ ਸੰਬੰਧਿਤ ਹੋ ਗਈ। ਬਸਤੀਵਾਦੀ ਰਾਜ-ਕਾਲ ਵਿਚ ਖੇਤੀ ਦੇ ਇਸ ਵਪਾਰੀਕਰਨ ਕਾਰਨ ਪੰਜਾਬ ਦੇ ਕਿਸਾਨ ਨੇ ਅਨਾਜ ਦੀ ਥਾਂ ਵਪਾਰਕ ਫ਼ਸਲਾਂ ਵੱਲ ਵਧੇਰੇ ਧਿਆਨ ਦਿੱਤਾ। ਇਹੋ ਕਾਰਨ ਹੈ ਕਿ ਭਾਰਤ ਸਭ ਕੁਝ ਪੈਦਾ ਕਰਨ ਦੇ ਬਾਵਜੂਦ ਬਸਤੀਵਾਦੀ ਦੌਰ ਵਿਚ ਸਭ ਤੋਂ ਵੱਧ ਅਕਾਲ ਝੱਲਦਾ ਹੈ। ''1850 ਤੋਂ 1947 ਦੇ ਦੌਰਾਨ ਤਜਾਰਤੀ ਖੇਤੀ ਦੇ ਫੈਲਾਓ ਨੇ ਇਸ ਆਤਮ ਨਿਰਭਰਤਾ ਨੂੰ ਤਹਿਸ ਨਹਿਸ ਕਰ ਦਿੱਤਾ। ਉਨੀਵੀਂ ਸਦੀ ਦੇ ਅੱਧ ਤੱਕ ਬਰਤਾਨੀਆ ਸਨਅਤੀ ਇਨਕਲਾਬ ਵਿੱਚੋਂ ਗੁਜ਼ਰ ਚੁੱਕਾ ਸੀ, ਬਰਤਾਨਵੀ ਸਨਅਤ ਵਧ ਰਹੀ ਸੀ ਅਤੇ ਇਸ ਵਧਦੀ ਸਨਅਤ ਨੂੰ ਕੱਚੇ ਮਾਲ ਦੀ ਜ਼ਰੂਰਤ ਸੀ। ਇਸ ਲਈ 1840 ਵਿਚ ਭਾਰਤ ਦੇ ਸਮੁੰਦਰੀ ਕੰਢੇ 'ਤੇ ਵਸੇ ਸ਼ਹਿਰਾਂ ਨੂੰ ਭਾਫ਼ ਦੇ ਜਹਾਜ਼ਾਂ ਦੁਆਰਾ ਇੰਗਲੈਂਡ ਨਾਲ ਜੋੜ ਦਿੱਤਾ ਗਿਆ ਅਤੇ 1850 ਤੋਂ ਬਾਅਦ ਭਾਰਤ ਦੇ ਅੰਦਰੂਨੀ ਖੇਤਰਾਂ ਨੂੰ ਰੇਲ ਗੱਡੀ ਦੁਆਰਾ ਜੋੜ ਦਿੱਤਾ ਗਿਆ। ਏਸ਼ੀਆ ਵਿਚ ਸਭ ਤੋਂ ਵੱਡਾ ਰੇਲਾਂ ਦਾ ਆਲ-ਜੰਜਾਲ ਸੀ। ਰੇਲ ਦੇ ਫੈਲਾਅ ਨੇ ਭਾਰਤੀ ਖੇਤੀ ਨੂੰ ਸੰਸਾਰ ਮੰਡੀ ਦੇ ਹੋਰ ਨੇੜੇ ਲੈ ਆਂਦਾ ਅਤੇ ਤਜਾਰਤੀ ਖੇਤੀ ਵਧਣ ਲੱਗੀ। ਪੰਜਾਬ ਵਿੱਚੋਂ ਕਣਕ, ਬੰਬਈ ਵਿੱਚੋਂ ਕਪਾਹ ਅਤੇ ਬੰਗਾਲ ਵਿੱਚੋਂ ਪਟਸਨ ਆਉਣ ਲੱਗਾ। ਤਜਾਰਤੀ ਖੇਤੀ ਵਧਣ ਨਾਲ ਸਨਅਤੀ ਫ਼ਸਲਾਂ ਜਿਵੇਂ ਕਪਾਹ, ਮੂੰਗਫ਼ਲੀ, ਗੰਨਾ ਤੇ ਤੰਮਾਕੂ ਉਗਾਉਣ ਨਾਲ ਕਿਸਾਨਾਂ ਨੂੰ ਜ਼ਿਆਦਾ ਆਮਦਨ ਹੁੰਦੀ ਸੀ। ਇਸ ਲਈ ਕਿਸਾਨ ਅਨਾਜ ਦੀਆਂ ਫ਼ਸਲਾਂ ਦੀ ਥਾਂ ਇਹ ਤਜਾਰਤੀ ਫ਼ਸਲ ਬੀਜਣ ਲਗ ਪਏ।''19

ਬਸਤੀਕਾਰਾਂ ਨੇ ਪੰਜਾਬ ਨੂੰ ਫ਼ਸਲਾਂ ਦੇ ਤਜਾਰਤੀਕਰਨ ਦੇ ਤੰਦੂਏ ਜਾਲ ਵਿਚ ਉਲਝਾ ਕੇ ਇਸ ਨੂੰ ਕੱਚਾ ਮਾਲ ਪੈਦਾ ਕਰਨ ਦਾ ਮੁੱਖ ਸਰੋਤ ਬਣਾ ਲਿਆ। ਪੰਜਾਬ ਭੂਗੋਲਿਕ ਤੌਰ 'ਤੇ ਮੈਦਾਨੀ ਇਲਾਕਾ ਸੀ ਅਤੇ ਪੰਜ ਦਰਿਆਵਾਂ ਦੇ ਕਾਰਨ ਪਾਣੀ ਦਾ ਪ੍ਰਕਿਰਤਕ ਸਰੋਤ ਹੋਣ ਕਾਰਨ ਬਸਤੀਵਾਦੀ ਹਿੱਤਾਂ ਲਈ ਵੱਧ ਜ਼ਰਖੇਜ਼ ਸੀ। ਪੰਜਾਬ ਵਿੱਚ ਨਹਿਰਾਂ ਕੱਢ ਕੇ ਵੱਧ ਤੋਂ ਵੱਧ ਭੂਮੀ ਨੂੰ ਖੇਤੀ ਹੇਠ ਲਿਆਉਣਾ ਬਸਤੀਵਾਦ ਦਾ ਮੁੱਖ ਮਕਸਦ ਸੀ। ਪੰਜਾਬ ਵਿਚ ਵਸਾਈਆਂ ਜਾਣ ਵਾਲੀਆਂ ਬਾਰਾਂ ਬਸਤੀਵਾਦ ਦੇ ਇਸੇ ਵਿਸ਼ਾਲ ਪ੍ਰਾਜੈਕਟ ਦਾ ਹਿੱਸਾ ਸਨ। ਦੂਸਰਾ ਪੰਜਾਬ ਭਾਰਤ ਦੀ 'ਖੜਗ-ਭੁਜਾ' ਹੋਣ ਕਰਕੇ ਇਥੋਂ ਦੇ ਲੋਕ 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਚੋਂ ਲੰਘੇ ਹੋਣ ਸਦਕਾ ਦ੍ਰਿੜ, ਸਰੀਰਕ ਪੱਖੋਂ ਬਲਸ਼ਾਲੀ ਅਤੇ ਰਿਸ਼ਟ-ਪੁਸ਼ਟ ਸਨ। ਬਸਤੀਕਾਰਾਂ ਨੇ ਇਥੋਂ ਦੇ ਜੁਆਨਾਂ ਨੂੰ ਬਸਤੀਵਾਦੀ ਸੈਨਿਕ ਵਜੋਂ ਅਪਣਾਇਆ। ਪੰਜਾਬ ਬਸਤੀਕਾਰਾਂ ਲਈ ਤਜਾਰਤੀ ਖੇਤੀ ਅਤੇ ਸੈਨਿਕ ਕਾਰਜਾਂ ਤੋਂ ਬਿਨਾਂ ਬਹੁਤਾ ਮਹੱਤਵ ਨਹੀਂ ਰੱਖਦਾ ਸੀ। ਇਸ ਕਰਕੇ ਬਸਤੀਵਾਦ ਨੇ ਜਿੱਥੇ ਪੰਜਾਬ ਦੇ ਪਰੰਪਰਕ ਕੰਮ-ਧੰਦਿਆਂ ਅਤੇ ਸ਼ਿਲਪਕਾਰੀ ਦਾ ਨਾਸ਼ ਕੀਤਾ, ਉਥੇ ਇਨ੍ਹਾਂ ਦੇ ਬਦਲ ਨੂੰ ਸਨਅਤੀਕਰਨ ਦੀ ਪ੍ਰਕਿਰਿਆ ਵਜੋਂ ਸਿਰਜਣਾ ਸੀ ਜਿਹੜਾ ਕਿ ਬਿਲਕੁਲ ਹੀ ਨਹੀਂ ਹੋਇਆ। ਸ਼ਿਲਪਕਾਰੀ ਨਿਘਾਰ ਵੱਲ ਜਾਣ ਲੱਗੀ, ਖੇਤੀ ਤਜਾਰਤੀਕਰਨ ਵਿਚ ਬਦਲ ਗਈ। ਕਿਸਾਨੀ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਬਾਜ਼ਾਰ ਉੱਪਰ ਨਿਰਭਰ ਹੋਣਾ ਪਿਆ। ਬਾਜ਼ਾਰ ਜਿਣਸ ਵਟਾਂਦਰੇ 'ਤੇ ਨਹੀਂ ਚੱਲਦਾ ਸੀ ਇਸ ਲਈ ਮੁਦਰਾ ਦੀ ਜ਼ਰੂਰਤ ਸੀ। ਇਸ ਨਾਲ ਕਿਸਾਨੀ ਆਪਣੀਆਂ ਲੋੜਾਂ ਦੀ ਪੂਰਤੀ, ਨਕਦ ਲਗਾਨ ਦਾ ਭੁਗਤਾਨ ਅਤੇ ਤਜਾਰਤੀ ਖੇਤੀ ਦੇ ਉਤਪਾਦਨ ਦੇ ਖਰਚਿਆਂ ਨਾਲ ਕਰਜ਼ਦਾਰ ਹੋਣਾ ਸ਼ੁਰੂ ਹੋ ਜਾਂਦੀ ਹੈ। 19ਵੀਂ ਸਦੀ ਦੇ ਅੰਤ ਉੱਪਰ ਸ਼ਾਹੂਕਾਰੇ ਕਰਜ਼ੇ ਦੀ ਜਕੜ ਐਨੀ ਸਖ਼ਤ ਹੋ ਜਾਂਦੀ ਹੈ ਕਿ ਪੰਜਾਬ ਦੀ ਜ਼ਮੀਨ ਦਾ ਵੱਡਾ ਹਿੱਸਾ ਗ਼ੈਰ ਕਾਸ਼ਤਕਾਰ ਸ਼ਾਹੂਕਾਰ ਦੀ ਮਲਕੀਅਤ ਵਿਚ ਬਦਲ ਜਾਂਦਾ ਹੈ। ਪੰਜਾਬ ਦੀ ਕਿਸਾਨੀ ਦੀ ਹਾਲਤ ਐਨੀ ਬਦਤਰ ਹੋ ਜਾਂਦੀ ਹੈ ਕਿ ਬਰਤਾਨਵੀ ਸਰਕਾਰ ਨੂੰ 1900 ਵਿਚ ਜ਼ਮੀਨ ਬੈਅ ਕਰਨ ਦਾ ਕਾਨੂੰਨ (Land Alienation Act) ਪਾਸ ਕਰਨਾ ਪਿਆ ਜਿਸ ਵਿਚ ਗ਼ੈਰ ਕਾਸ਼ਤਕਰ, ਕਾਸ਼ਤਕਾਰ ਲੋਕਾਂ ਦੀਆਂ ਜ਼ਮੀਨਾਂ ਨਹੀਂ ਖਰੀਦ ਸਕਦਾ ਸੀ। ਇਸ ਕਾਨੂੰਨ ਦਾ ਲਾਭ ਇਹ ਹੋਇਆ ਕਿ ਸ਼ਾਹੂਕਾਰ ਕਿਸਾਨਾਂ ਦੀਆਂ ਹੁਣ ਜ਼ਮੀਨਾਂ ਨਹੀਂ ਖਰੀਦ ਸਕਦਾ ਸੀ ਪਰੰਤੂ ਦੂਜੇ ਪਾਸੇ ਵੱਡੇ ਜ਼ਿੰਮੀਦਾਰ ਸ਼ਾਹੂਕਾਰ ਦੇ ਕਿੱਤੇ ਵਿਚ ਪੈ ਗਏ। ਛੋਟੀ ਕਿਸਾਨੀ ਵੱਡੇ ਜ਼ਿੰਮੀਦਾਰਾਂ ਦੇ ਚੁੰਗਲ ਵਿਚ ਫ਼ਸ ਕੇ ਹੋਰ ਸੁੰਗੜ ਗਈ। ਉਸ ਸਮੇਂ ਦੇ ਅੰਕੜੇ ਇਹੋ ਦੱਸਦੇ ਹਨ ਕਿ ਜ਼ਿੰਮੀਦਾਰਾਂ ਵਲੋਂ ਜ਼ਮੀਨ ਦਾ ਵੱਡਾ ਹਿੱਸਾ ਕਬਜ਼ਾਇਆ ਜਾ ਚੁੱਕਿਆ ਸੀ। ਐਮ. ਐਲ. ਡਾਰਲਿੰਗ ਪੰਜਾਬ ਸੰਬੰਧੀ ਆਪਣੀ ਲਿਖਤਾਂ ਵਿਚ ਇਸ ਤ੍ਰਾਸਦੀ ਨੂੰ ਸਵੀਕਾਰਦਾ ਲਿਖਦਾ ਹੈ ਕਿ ਸਿੱਖਾਂ ਦੇ ਰਾਜ ਦੇ ਦਿਨੀਂ ਜ਼ਮੀਨ ਗਹਿਣੇ ਰੱਖਣ ਦੀ ਘਟਨਾ ਵਿਰਲੀ ਹੁੰਦੀ ਸੀ ਪਰ ਹੁਣ ਆਮ ਹੋ ਗਈ। 1878 ਵਿਚ ਸੂਬੇ ਦੀ 7 ਫ਼ੀਸਦੀ ਜ਼ਮੀਨ ਗਹਿਣੇ ਧਰੀ ਪਈ ਸੀ। ਇਉਂ ਤਜਾਰਤੀ ਖੇਤੀ ਦੇ ਬਸਤੀਵਾਦੀ ਰੂਪ ਨੇ ਪੰਜਾਬ ਦੀ ਕਿਸਾਨੀ ਦਾ ਕਚੂਮਰ ਕੱਢ ਦਿੱਤਾ। ਗੁਰਬਤ ਵਿਚ ਫਸੇ ਪੰਜਾਬੀ ਲਈ ਪੰਜਾਬ ਸੁਪਨਹੀਣ ਹੋ ਗਿਆ। ਇਸੇ ਸਮੇਂ ਪੰਜਾਬੀ ਪੰਜਾਬ ਛੱਡ ਕੇ ਬਾਹਰਲੀਆਂ ਧਰਤੀਆਂ ਵੱਲ ਰੁਜ਼ਗਾਰ ਲਈ ਅਹੁਲਦਾ ਹੈ। ਇਸ ਸਮੇਂ ਵਿਚ ਕਰਜ਼ੇ, ਮਾਲੀਏ ਤੇ ਲਗਾਨ ਦਾ ਭਾਰ ਦੂਣਾ ਚੌਣਾ ਹੋ ਰਿਹਾ ਸੀ, ਉਨੀਵੀਂ ਸਦੀ ਦੇ ਅਖੀਰੀ 25 ਸਾਲਾਂ ਵਿਚ ਪਏ ਅਕਾਲਾਂ ਨੇ ਹਿੰਦੁਸਤਾਨੀ ਕਿਸਾਨ ਦਾ ਲੱਕ ਉੱਕਾ ਹੀ ਤੋੜ ਦਿੱਤਾ। ਖੇਤੀਬਾੜੀ ਕੇਵਲ ਇਕ ਜੂਆ ਬਣ ਕੇ ਰਹਿ ਗਈ।

ਓੜਕ ਦੀ ਬੇਬਸੀ ਤੋਂ ਮਜਬੂਰ ਹੋ ਕੇ ਤੇ ਦੋ ਵੇਲੇ ਢਿੱਡ ਦੀ ਭੁੱਖ ਮਿਟਾਉਣ ਦੀ ਆਸ ਵਿਚ ਕੇਂਦਰੀ ਪੰਜਾਬ ਦੇ ਕਿਸਾਨ, ਜੁੱਸਿਆਂ ਦੇ ਨਰੋਏ ਤੇ ਦਿਲਾਂ ਦੇ ਤਕੜੇ, ਪ੍ਰਦੇਸ਼ਾਂ ਨੂੰ ਟੁਰ ਪਏ। ਹਜ਼ਾਰਾਂ ਨੇ ਆਪਣੀ ਜ਼ਮੀਨਾਂ ਗਹਿਣੇ ਪਾ ਦਿੱਤੀਆਂ। ਮਾਲ ਡੰਗਰ ਤੇ ਹਲ ਪੰਜਾਲੀਆਂ ਵੇਚ ਸੁੱਟੀਆਂ ਤੇ ਏਦਾਂ ਕਰਕੇ ਤੇ ਕੁਝ ਰੁਪਇਆ ਦਾ ਪ੍ਰਬੰਧ ਕਰਕੇ ਉਹ ਆਪਣੀ ਮਾਤ-ਭੂਮੀ ਨੂੰ ਨਮਸਕਾਰ ਆਖ ਗਏ।
ਵੀਹਵੀਂ ਸਦੀ ਸਾਲ ਕੱਟਦੀ ਗਈ ਤੇ ਪ੍ਰਦੇਸਾਂ ਵਿਚ ਜਾਣ ਵਾਲਿਆਂ ਦੀ ਗਿਣਤੀ ਹੋਰ ਤੇਜ਼ੀ ਨਾਲ ਵਧਦੀ ਗਈ। ਉਹ ਬਰਮਾ, ਮਲਾਇਆ ਤੇ ਸਿੰਘਾਪੁਰ ਗਏ, ਉਥੋਂ ਹਾਂਗਕਾਂਗ, ਸ਼ੰਗਈ ਤੇ ਚੀਨ ਦੇ ਹੋਰ ਹਿੱਸਿਆਂ ਵਿਚ ਪਹੁੰਚੇ, ਕਈ ਆਸਟਰੇਲੀਆ ਵੱਲ ਨਿਕਲ ਗਏ। ਉਹ ਜਿਸਮ ਦੇ ਮਜ਼ਬੂਤ ਸਨ ਤੇ ਪੁਲਿਸ ਵਿਚ ਭਰਤੀ ਹੋ ਗਏ ਜਾਂ ਚੌਕੀਦਾਰ ਬਣ ਗਏ।''20

ਬਸਤੀਵਾਦੀ ਆਰਥਿਕ ਸੰਬੰਧਾਂ ਦੇ ਨਾਲ ਜਿੱਥੇ ਖੇਤੀ ਦਾ ਬਸਤੀਵਾਦੀ ਵਪਾਰੀਕਰਨ ਹੁੰਦਾ ਹੈ, ਉਥੇ ਖੇਤੀ ਉੱਪਰ ਨਿਰਭਰ ਸ਼ਿਲਪਕਾਰੀ ਲੋਕਾਂ ਦਾ ਸਮੁੱਚਾ ਜੀਵਨ ਤਬਾਹ ਹੋ ਜਾਂਦਾ ਹੈ। ਅਨੇਕਾਂ ਕਾਰੀਗਰ ਅਤੇ ਸ਼ਿਲਪਕਾਰ ਜੋ ਸਿਰਫ਼ ਆਪਣੀ ਕਿਰਤ ਸ਼ਕਤੀ ਪਰੰਪਰਕ ਸਰੋਤਾਂ ਲਈ ਵੇਚਦੇ ਸਨ, ਹੁਣ ਉਹ ਬਸਤੀਵਾਦੀ ਉਤਪਾਦਨ ਪ੍ਰਕਿਰਿਆ ਨੇ ਬਾਹਰ ਕਰ ਦਿੱਤੇ। ਸ਼ਿਲਪਕਾਰੀ ਕਿੱਤੇ ਦੀ ਥਾਂ ਉੱਪਰ ਜੋ ਬਸਤੀਵਾਦ ਨੇ ਸਨਅਤੀ ਵਿਕਾਸ ਪੈਦਾ ਕਰਕੇ ਰੁਜ਼ਗਾਰ ਪੈਦਾ ਕਰਨਾ ਸੀ, ਉਹ ਬਿਲਕੁਲ ਨਾ ਦੇ ਬਰਾਬਰ ਸੀ। ਭਾਰਤ ਦੇ ਬਹੁਤ ਸਾਰੇ ਅਰਥ ਸ਼ਾਸਤਰੀ ਇਸ ਤੱਥ ਨਾਲ ਸਹਿਮਤ ਹਨ ਕਿ ਭਾਰਤ ਅੰਦਰ ਜੋ ਸ਼ਿਲਪਕਾਰੀ ਤੋਂ ਸਨਅਤੀਕਰਨ ਵੱਲ ਵਿਕਾਸ ਹੋਣਾ ਸੀ, ਉਹ ਬਸਤੀਵਾਦ ਨੇ ਉਲਟਾ ਦਿੱਤਾ। ਸ਼ਿਲਪਕਾਰੀ ਦੇ ਧੰਦੇ ਤਬਾਹ ਕਰ ਦਿੱਤੇ ਅਤੇ ਸਮੁੱਚੇ ਭਾਰਤ ਦਾ ਅਸਨਅਤੀਕਰਨ (Deindustrialisaton) ਕਰ ਦਿੱਤਾ। ਜਿਹੜੇ ਵਿਚਾਰਵਾਨ ਇਹ ਕਹਿੰਦੇ ਹਨ ਕਿ ਬਸਤੀਵਾਦ ਦੇ ਆਉਣ ਨਾਲ ਵਿਗਿਆਨਕ ਉਪਕਰਣ ਆਏ ਅਤੇ ਆਧੁਨਿਕਤਾ ਦਾ ਅਮਲ ਸ਼ੁਰੂ ਹੋਇਆ, ਉਨ੍ਹਾਂ ਨੂੰ ਇਨ੍ਹਾਂ ਤੱਥਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਬਸਤੀਵਾਦ ਦੇ ਆਧੁਨਿਕ ਉਪਕਰਨਾਂ ਨੇ ਜਿਸ ਆਧੁਨਿਕ ਉਤਪਾਦਨ ਪ੍ਰਣਾਲੀ ਨੂੰ ਉਤਪੰਨ ਕਰਨਾ ਸੀ, ਉਸ ਨੂੰ ਤਾਂ ਬਸਤੀਵਾਦ ਨੇ ਛੂਹਿਆ ਤੱਕ ਵੀ ਨਹੀਂ। ਇਸੇ ਕਰਕੇ ਬਸਤੀਵਾਦੀ ਉਪਕਰਨ ਪੰਜਾਬ/ਭਾਰਤ ਲਈ ਆਧੁਨਿਕਤਾ ਦੇ ਮਾਧਿਅਮ ਨਹੀਂ ਬਸਤੀਵਾਦੀ ਆਧੁਨਿਕਤਾ ਦੇ ਮਾਧਿਅਮ ਹਨ ਜਿਨ੍ਹਾਂ ਨੇ ਪੂਰਵ ਪੂੰਜੀਵਾਦੀ ਸੰਬੰਧਾਂ ਦਾ ਖ਼ਾਤਮਾ ਤਾਂ ਕੀਤਾ ਪਰੰਤੂ ਪੂੰਜੀਵਾਦੀ ਸੰਬੰਧ ਸਿਰਜਣ ਦੀ ਥਾਵੇਂ ਬਸਤੀਵਾਦੀ ਸੰਬੰਧਾਂ ਦੀ ਸਿਰਜਣਾ ਕੀਤੀ। ਇਹੋ ਕਾਰਨ ਹੈ ਕਿ ਪੰਜਾਬ/ਭਾਰਤ ਸਨਅਤੀਕਰਨ ਦੀ ਥਾਂ ਕੰਗਾਲੀਕਰਨ ਵੱਲ ਤੇਜ਼ ਰਫ਼ਤਾਰ ਨਾਲ ਵਧਦਾ ਹੈ।

ਸਮੁੱਚੇ ਭਾਰਤ ਵਿਚ ਬਸਤੀਵਾਦੀ ਰਾਜ-ਕਾਲ ਵਿਚ ਸਨਅਤੀਕਰਨ ਅਤੇ ਭਾਰਤੀ ਪੂੰਜੀ ਨਿਵੇਸ਼ ਨੂੰ ਨਿਰਉਤਸ਼ਾਹਿਤ ਕੀਤਾ ਗਿਆ। ਭਾਰਤ ਦੇ ਉਦਯੋਗਿਕ ਖੇਤਰ (ਉਸ ਸਮੇਂ ਜਿੰਨਾਂ ਕੁ ਵੀ ਸੀ) ਵਿਚ ਵਧੇਰੇ ਪੂੰਜੀ ਬਰਤਾਨਵੀ ਪੂੰਜੀ ਸੀ। ਇਸ ਪੂੰਜੀ ਨਿਵੇਸ਼ ਵਿੱਚੋਂ ਭਾਰਤ ਨੂੰ ਜਿੱਥੇ ਬਾਹਰ ਰੱਖਣ ਦਾ ਕਾਰਨ ਸੀ, ਉਸ ਪਿੱਛੇ ਸਨਅਤੀਕਰਨ ਨੂੰ ਤਬਾਹ ਕਰਨਾ ਹੀ ਸੀ। ''ਅੰਗਰੇਜ਼ੀ ਸ਼ਾਸਨ ਕਾਲ ਵਿਚ ਭਾਰਤ ਵਿਚ ਜੋ ਵੀ ਉਦਯੋਗ ਆਰੰਭ ਹੋਏ, ਉਨ੍ਹਾਂ ਵਿਚੋਂ ਵਧੇਰੇ ਉਦਯੋਗਾਂ ਵਿਚ ਬ੍ਰਿਟਿਸ਼ ਪੂੰਜੀ ਲੱਗੀ ਹੋਈ ਸੀ। ਇਨ੍ਹਾਂ ਵਿਦੇਸ਼ੀ ਪੂੰਜੀਪਤੀਆਂ ਦਾ ਮੁੱਖ ਉਦੇਸ਼ ਦੇਸ਼ ਦਾ ਉਦਯੋਗੀਕਰਨ ਨਹੀਂ ਬਲਕਿ ਇਹ ਤਾਂ ਇਸ ਮਾਧਿਅਮ ਨਾਲ ਅਧਿਕ ਤੋਂ ਅਧਿਕ ਮੁਨਾਫ਼ਾ ਕਮਾ ਕੇ ਦੇਸ਼ ਦਾ ਸ਼ੋਸ਼ਣ ਹੀ ਕਰ ਰਹੇ ਸਨ।''21 ਪੰਜਾਬ ਦੀ ਸਥਿਤੀ ਭਾਰਤ ਦੇ ਮੁਕਾਬਲੇ ਸਨਅਤੀਕਰਨ ਦੇ ਪੱਖ ਤੋਂ ਹੋਰ ਵੀ ਬਦਤਰ ਸੀ। ਪੰਜਾਬ ਮੈਦਾਨੀ ਇਲਾਕਾ ਹੋਣ ਕਰਕੇ ਹਰ ਤਰ੍ਹਾਂ ਦੇ ਸਮੁੰਦਰੀ ਵਪਾਰ ਦੇ ਸੰਬੰਧਾਂ ਤੋਂ ਦੂਰ ਰਿਹਾ। ਵਿਸ਼ਾਲ ਜ਼ਮੀਨੀ ਇਲਾਕਾ ਹੋਣ ਕਰਕੇ ਵਪਾਰਕ ਫ਼ਸਲਾਂ ਦਾ ਕੇਂਦਰ ਬਿੰਦੂ ਹੀ ਰਿਹਾ। ਕਲਕੱਤੇ, ਬੰਬਈ ਅਤੇ ਮਦਰਾਸ ਦੀ ਤਰ੍ਹਾਂ ਪੰਜਾਬ ਵਿਚ ਕੋਈ ਬੰਦਰਗਾਹੀ ਸ਼ਹਿਰ ਨਹੀਂ ਸੀ। ਇਸ ਲਈ ਸਨਅਤੀ ਵਿਕਾਸ ਦਾ ਕੇਂਦਰ ਨਾ ਬਣਿਆ। ਸਿੱਟੇ ਵਜੋਂ ਪੰਜਾਬ ਵਿਚ ਸਨਅਤੀਕਰਨ ਪਛੜ ਗਿਆ। 1930 ਵਿਚ ਪੰਜਾਬ ਵਿਚ ਫੈਕਟਰੀ ਕਾਮਿਆਂ ਦੀ ਗਿਣਤੀ ਕੇਵਲ 44724 ਸੀ ਜਦੋਂ ਕਿ ਬੰਬਈ ਵਿਚ ਇਹ ਗਿਣਤੀ 381349 ਅਤੇ ਬੰਗਾਲ ਵਿਚ 480349 ਸੀ।22 ਪੰਜਾਬ ਵਿਚ ਫੈਕਟਰੀ ਕਾਮਿਆਂ ਦੀ ਗਿਣਤੀ ਹੀ ਦੱਸ ਦਿੰਦੀ ਹੈ ਕਿ ਪੰਜਾਬ ਦੀ ਸਨਅਤ ਕਿੰਨੀ ਅਵਿਕਸਤ ਸੀ। ਇਹ ਅੰਕੜੇ 1930 ਦੇ ਹਨ, 1900 ਵੇਲੇ ਤੱਕ ਤਾਂ ਇਹ ਸਥਿਤੀ ਹੋਰ ਵੀ ਤਰਸਯੋਗ ਹੋਵੇਗੀ। 

ਬਸਤੀਵਾਦੀ ਪੰਜਾਬ ਦੇ ਸਮਾਨਾਂਤਰ ਪੰਜਾਬ ਦਾ ਇਕ ਵੱਡਾ ਹਿੱਸਾ ਰਿਆਸਤੀ ਪੰਜਾਬ ਸੀ। ਇਨ੍ਹਾਂ ਸੋਲਾਂ ਰਿਆਸਤਾਂ ਵਿਚੋਂ ਜੇ ਕੁਝ ਨੂੰ ਪੰਜਾਬ ਅਤੇ ਪੰਜਾਬੀਅਤ ਤੋਂ ਬਾਹਰ ਵੀ ਰੱਖ ਲਈਏ ਤਾਂ ਵੀ ਪੂਰਬੀ ਪੰਜਾਬ ਦੇ ਵੱਡੀ ਗਿਣਤੀ ਦੇ ਲੋਕ ਇਨ੍ਹਾਂ ਰਿਆਸਤਾਂ ਦੀ ਰਿਆਇਆ ਸੀ। ਬਸਤੀਵਾਦੀ ਪੰਜਾਬ ਵਿਚ ਜਿੱਥੇ ਸਾਮੰਤਸ਼ਾਹੀ ਆਰਥਿਕ ਸੰਬੰਧਾਂ ਦਾ ਖ਼ਾਤਮਾ ਹੋ ਗਿਆ ਸੀ, ਉਸ ਦੇ ਮੁਕਾਬਲੇ 'ਤੇ ਰਿਆਸਤੀ ਪੰਜਾਬ ਵਿਚ ਸਾਮੰਤਸ਼ਾਹੀ ਪੂਰਨ ਜਲੌਅ ਵਿਚ ਸੀ। ਮਲੇਰਕੋਟਲਾ ਰਿਆਸਤ ਵਿਚ 'ਆਲਾ ਮਲਕੀਅਤ' ਪ੍ਰਣਾਲੀ ਸੀ। ਇਸ ਦੇ ਮੁਤਾਬਕ ਸਾਰੀ ਭੋਇੰ ਦਾ ਮਾਲਕ ਰਾਜਾ ਸੀ। ਬੇਗਾਰ ਪਰੰਪਰਾ, ਨਜ਼ੂਲ ਪਰੰਪਰਾ ਅਤੇ ਸ਼ਾਮਲਾਟ ਜ਼ਮੀਨਾਂ 'ਤੇ ਇਕੋ ਜਿਹੇ ਹੱਕ ਨਾ ਮਿਲਣਾ ਇਨ੍ਹਾਂ ਰਿਆਸਤਾਂ ਦੇ ਬਹੁਤ ਦੁਖਦਾਈ ਪਹਿਲੂ ਸਨ। ਰਿਆਸਤੀ ਰਾਜ ਦਾ ਸਮੁੱਚਾ ਪ੍ਰਬੰਧ ਆਪੋ ਆਪਣਾ ਸੀ, ਪਰ ਇਨ੍ਹਾਂ ਰਿਆਸਤਾਂ ਵਿਚ ਅੰਤਰ ਬਹੁਤਾ ਨਹੀਂ ਸੀ। ਬਸਤੀਵਾਦੀ ਪੰਜਾਬ ਜੇ ਤਜਾਰਤੀ ਦੌਰ ਨਾਲ ਸੰਬੰਧਿਤ ਹੋ ਗਿਆ ਸੀ ਤਾਂ ਰਿਆਸਤੀ ਪੰਜਾਬ ਪਰੰਪਰਕ ਗੁਲਾਮੀ ਵਾਲੀ ਆਰਥਿਕਤਾ ਹੇਠ ਦਰੜਿਆ ਪਿਆ ਸੀ। ਸਾਮੰਤਸ਼ਾਹੀ ਕਾਨੂੰਨ ਅਤੇ ਪ੍ਰਬੰਧ ਸਦਕਾ ਹੀ ਆਮ ਲੋਕਾਈ ਦੀ ਸਮਾਜਕ ਸਥਿਤੀ ਬਹੁਤ ਦੁਖਦਾਈ ਅਤੇ ਤਰਸਯੋਗ ਬਣੀ ਹੋਈ ਸੀ। ''ਅੱਜ ਦੇ ਗੁਰਦੁਆਰੇ ਅਤੇ ਸਕੂਲ ਦਸ ਦਸ ਮੀਲ ਉਤੇ ਕਿਤੇ ਦੇਖਣ ਅਤੇ ਸੁਣਨ ਨੂੰ ਮਿਲਦੇ ਸਨ। ਸੜਕਾਂ ਦੀ ਥਾਂ ਕੱਚੇ ਰਾਹ ਹੁੰਦੇ ਸਨ। ਰੇਤਿਆਂ ਤੇ ਟਿੱਬਿਆਂ ਦੇ ਰਾਹ ਹੁੰਦੇ ਸਨ। ਬਿਜਲੀ ਦਾ ਨਾਮੋ-ਨਿਸ਼ਾਨ ਨਹੀਂ ਸੀ। ਤੇਲ ਸਰੋਂ ਦੇ ਦੀਵੇਂ ਹੁੰਦੇ ਸਨ। ਮਿੱਟੀ ਦਾ ਤੇਲ ਬਹੁਤ ਦੁਰਲੱਭ ਸੀ।.... ਪਾਣੀ ਦੀ ਘਾਟ ਦੇ ਕਾਰਨ ਵੱਡੀਆਂ ਵੱਡੀਆਂ ਢਾਬਾਂ (ਛੱਪੜ) ਬਣਾ ਕੇ ਉਨ੍ਹਾਂ ਵਿਚ ਵਰਖਾ ਦੇ ਪਾਣੀ ਜਮ੍ਹਾਂ ਕਰਕੇ ਉਥੋਂ ਹੀ ਪੀਣ ਵਾਸਤੇ ਅਤੇ ਪਸ਼ੂਆਂ ਨੂੰ ਪਿਲਾਉਣ ਵਾਸਤੇ ਵਰਤਦੇ ਸਨ।.... ਮਾਰੂ ਅਨਾਜ ਹੁੰਦਾ ਸੀ, ਉਹ ਵੀ ਮੀਂਹ ਉਤੇ ਨਿਰਭਰ ਹੁੰਦਾ ਸੀ।.... ਰਿਆਸਤ ਪਟਿਆਲਾ ਵਿਚ ਕੋਈ ਗੁਰਦੁਆਰਾ ਬਣਾਉਣ ਵਾਸਤੇ ਪਹਿਲਾਂ ਰਿਆਸਤ ਦੇ ਅਫ਼ਸਰਾਂ ਦੀ ਪ੍ਰਵਾਨਗੀ ਲੈਣੀ ਪੈਂਦੀ ਸੀ। ਗੁਰਦੁਆਰੇ ਨਿਸ਼ਾਨ ਸਾਹਿਬ ਲਾਉਣ ਵਾਸਤੇ ਅੱਡ ਮਨਜ਼ੂਰੀ ਲੈਣੀ ਪੈਂਦੀ ਸੀ। ਫੇਰ ਕਿਸੇ ਥਾਂ ਕਿਸੇ ਘਰ ਵਿਚ ''ਆਸਾ ਦੀ ਵਾਰ'' ਦਾ ਕੀਰਤਨ ਕਰਨ ਵਾਸਤੇ ਵੀ ਤਹਿਸੀਲਦਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ।''23

ਰਿਆਸਤੀ ਪੰਜਾਬ ਬਸਤੀਵਾਦੀ ਪੰਜਾਬ ਨਾਲੋਂ ਪਛੜਿਆ ਹੋਇਆ ਅਤੇ ਸਾਮੰਤਸ਼ਾਹੀ ਉਤਪਾਦਨੀ ਪ੍ਰਣਾਲੀ ਦਾ ਨਪੀੜਿਆ ਹੋਇਆ ਸੀ। ਸਾਮੰਤਸ਼ਾਹੀ ਵੀ ਪਰੰਪਰਕ ਖੇਤੀਬਾੜੀ 'ਤੇ ਨਿਰਭਰ ਸੀ। ਬਸਤੀਵਾਦੀ ਪੰਜਾਬ ਵਿੱਚ ਜਿਸ ਕਿਸਾਨੀ ਕੋਲ ਜ਼ਮੀਨ ਦੇ ਮਾਲਕਾਨਾ ਹੱਕ ਸਨ, ਉਥੇ ਰਿਆਸਤੀ ਕਿਸਾਨੀ ਮੁਜ਼ਾਰਾ ਸੀ। ਇਸੇ ਕਰਕੇ ਬਸਤੀਵਾਦੀ ਪੰਜਾਬ ਵਿਚ ਜਿੱਥੇ ਰਾਸ਼ਟਰੀ ਚੇਤਨਾ ਵਾਲੀ ਲਹਿਰ, ਬੱਬਰ ਅਕਾਲੀ ਲਹਿਰ ਵਰਗੀਆਂ ਰਾਸ਼ਟਰਵਾਦੀ ਅਤੇ ਖਾੜਕੂ ਲਹਿਰਾਂ ਪੈਦਾ ਹੁੰਦੀਆਂ ਹਨ ਉਥੇ ਰਿਆਸਤੀ ਪੰਜਾਬ ਵਿੱਚ 'ਪਰਜਾ ਮੰਡਲ ਲਹਿਰ' ਪੈਦਾ ਹੁੰਦੀ ਹੈ ਜਿਸ ਦਾ ਮੁੱਖ ਨਿਸ਼ਾਨਾ ਰਿਆਸਤੀ ਤਾਨਾਸ਼ਾਹੀ, ਨਿਰੰਕੁਸ਼ ਰਾਜ ਅਤੇ ਇਕ ਪੁਰਖੀ ਪੈਤਰਿਕ ਰਾਜ ਦਾ ਖ਼ਾਤਮਾ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਲਹਿਰ ਭਾਰਤੀ ਰਾਜਿਆਂ ਪ੍ਰਤੀ ਨਰਮਗੋਸ਼ਾ ਰੱਖਦੀ ਸੀ। ਰਿਆਸਤੀ ਰਾਜ ਦੀ ਸਥਿਤੀ ਇਹ ਸੀ, ''ਰਿਆਸਤ ਪਟਿਆਲਾ ਵਿਚ ਨਾ ਕੋਈ ਇੰਡਸਟਰੀ, ਨਾ ਇਸ ਦਾ ਮਹਿਕਮਾ, ਨਾ ਹੀ ਖੇਤੀਬਾੜੀ, ਨਾ ਪੰਚਾਇਤ, ਨਾ ਹੀ ਲੋਕ ਭਲਾਈ ਦਾ ਮਹਿਕਮਾ ਸੀ, ਅਸਲ ਵਿਚ ਮਹਾਰਾਜਾ ਰੂਸ ਦੇ ਜ਼ਾਰ ਅਤੇ ਸੰਸਾਰ ਦੇ ਦੂਜੇ ਹੈਂਕੜਸ਼ਾਹ ਬਾਦਸ਼ਾਹ ਵਾਂਗ ਆਪਣੇ ਆਪ ਨੂੰ ਸਮਝਦੇ ਸਨ।''24

ਰਿਆਸਤਾਂ ਦੇ ਸਤਾਏ ਲੋਕ ਬਸਤੀਵਾਦੀ ਪੰਜਾਬ ਵਿਚ ਆ ਕੇ ਰਿਆਸਤੀ ਜਬਰ ਅਤੇ ਦਮਨ ਤੋਂ ਸੁੱਖ ਦਾ ਸਾਹ ਲੈਂਦੇ ਸਨ। ਇਸ ਦਾ ਭਾਵ ਇਹ ਹਰਗਿਜ਼ ਨਹੀਂ ਕਿ ਬਸਤੀਵਾਦੀ ਪੰਜਾਬ ਬਹੁਤ ਖ਼ੁਸ਼ਹਾਲ ਸੀ। ਰਿਆਸਤੀ ਪੰਜਾਬ ਦੀ ਬਦਤਰ ਸਥਿਤੀ ਅਤੇ ਬਦਹਾਲੀ ਉਨ੍ਹਾਂ ਨੂੰ ਰਿਆਸਤ ਛੱਡਣ ਲਈ ਮਜਬੂਰ ਕਰ ਦਿੰਦੀ ਸੀ।

ਉਪਰੋਕਤ ਚਰਚਾ ਦਾ ਅਰਥ ਇਹੋ ਹੈ ਕਿ ਜਦੋਂ ਅਸੀਂ ਪੰਜਾਬੀ ਚਿੰਤਨ ਵਿਚ ਬਸਤੀਵਾਦ ਦੀ ਆਮਦ, ਰਿਆਸਤੀ ਪੰਜਾਬ, ਆਧੁਨਿਕਤਾ, ਬੌਧਿਕਤਾ ਅਤੇ ਪੰਜਾਬੀ ਮਾਨਸਿਕਤਾ ਦੀ ਸਥਿਤੀ ਸੰਬੰਧੀ ਚਰਚਾ ਕਰਦੇ ਹਾਂ ਤਾਂ ਬਸਤੀਵਾਦੀ ਜ਼ਿਹਨੀ ਗੁਲਾਮੀ ਸਦਕਾ ਬਸਤੀਵਾਦ ਨੂੰ ਆਧੁਨਿਕਤਾ ਦਾ ਮੁੱਢ ਸਵੀਕਾਰ ਲੈਂਦੇ ਹਾਂ। ਦਰਅਸਲ ਪੰਜਾਬ ਅਤੇ ਸਮੁੱਚਾ ਭਾਰਤ ਆਧੁਨਿਕਤਾ ਨਹੀਂ ਬਸਤੀਵਾਦੀ ਆਧੁਨਿਕਤਾ ਦੇ ਵਿਚ ਪ੍ਰਵੇਸ਼ ਕਰਦਾ ਹੈ। ਇਸ ਦਾ ਵਿਹਾਰਕ ਤੌਰ 'ਤੇ ਸਪਸ਼ਟ ਦ੍ਰਿਸ਼ 1850 ਤੋਂ 1900 ਦੇ ਦਰਮਿਆਨ ਦੇ ਲੋਕ ਸਾਹਿਤ, ਵਸ਼ਿਸ਼ਟ ਸਾਹਿਤ ਅਤੇ ਇਸ ਸਮੇਂ ਪੰਜਾਬ ਵਿਚ ਉੱਠਣ ਵਾਲੀਆਂ ਵਿਭਿੰਨ ਲਹਿਰਾਂ ਤੋਂ ਉਜਾਗਰ ਹੋ ਜਾਂਦਾ ਹੈ। 

-4-

ਸਮਾਜੀ ਬੋਧ ਸਮਾਜਕ ਪਰਿਸਥਿਤੀਆਂ ਵਿਚੋਂ ਹੀ ਨਿਰਮਤ ਹੁੰਦਾ ਹੈ। ਇਸ ਦਾ ਸਮਾਜ ਦੀ ਉਤਪਾਦਨੀ ਪ੍ਰਣਾਲੀ ਅਤੇ ਸਮਾਜਕ ਸੰਬੰਧਾਂ ਨਾਲ ਅਤਿ ਨੇੜਲਾ ਅਤੇ ਦਵੰਦਾਤਮਕ ਸੰਬੰਧ ਹੁੰਦਾ ਹੈ ਕਿਉਂਕਿ ਮਨੁੱਖੀ ਸਮਾਜ ਦਾ ਜਿਉੂਣ ਦਾ ਢੰਗ ਸਮਾਜ ਦੀ ਉਤਪਾਦਨੀ ਪ੍ਰਣਾਲੀ ਤੋਂ ਵਿਛੁੰਨ ਕੇ ਨਹੀਂ ਦੇਖਿਆ ਜਾ ਸਕਦਾ। ਇਸ ਕਰਕੇ ਸਮਾਜ ਦੀ ਉਤਪਾਦਨੀ ਪ੍ਰਣਾਲੀ ਅਤੇ ਸਮਾਜਕ ਉਸਾਰ ਦੀ ਦਵੰਦਾਤਮਕਤਾ ਦੇ ਨਿਰੰਤਰ ਭੇੜ ਵਿਚੋਂ ਹੀ ਮਨੁੱਖੀ ਬੌਧਿਕਤਾ, ਮਾਨਸਿਕਤਾ ਵਿਕਸਤ ਹੁੰਦੀ ਹੈ। ਕੁਝ ਸਮਾਜਾਂ ਵਿਚ ਇਹ ਪ੍ਰਕਿਰਿਆ ਜਟਿਲ ਹੁੰਦਿਆਂ ਵੀ ਸਰਲ ਦਿਖਾਈ ਦਿੰਦੀ ਹੈ ਜਿੱਥੇ ਮਨੁੱਖੀ ਸਮਾਜ ਦੀ ਵੰਡ ਕਿਰਤ ਦੀ ਵੰਡ ਉੱਪਰ ਨਿਰਭਰ ਹੁੰਦੀ ਹੈ। ਪਰੰਤੂ ਭਾਰਤ ਵਰਗੇ ਮੁਲਕ ਵਿਚ ਕਿਰਤ ਦੀ ਵੰਡ ਨੇ ਮਨੁੱਖੀ ਵੰਡ ਕਰਕੇ ਧਰਮ ਦੀ ਵਿਵਸਥਾ ਰਾਹੀਂ ਵਰਣ ਵਿਵਸਥਾ ਵਿਚ ਵਿਭਾਜਿਤ ਕਰਕੇ ਹੋਰ ਵੀ ਜਟਿਲ ਕਰ ਦਿੱਤਾ। ਇਸ ਜਟਿਲਤਾ ਨੂੰ ਸਮਝੇ ਬਗ਼ੈਰ ਭਾਰਤੀ ਸਮਾਜ ਅਤੇ ਸਾਹਿਤ ਦਾ ਕੀਤਾ ਗਿਆ ਅਧਿਐਨ ਇਕ ਪਾਸੜ, ਇਕਹਿਰਾ ਅਤੇ ਅੰਤਿਮ ਤੌਰ 'ਤੇ ਸੱਤਾਧਾਰੀ ਬਣ ਜਾਵੇਗਾ। ਭਾਰਤੀ ਸਮਾਜ ਨੂੰ ਵਰਗ ਵੰਡ ਅਤੇ ਵਰਣ ਵੰਡ ਜਟਿਲ ਅਤੇ ਸੰਘਣਾ ਬਣਾਕੇ ਸਮਾਜਕ ਸੰਰਚਨਾ ਨੂੰ ਉਲਝਣ ਭਰਪੂਰ ਬਣਾ ਦਿੰਦੀ ਹੈ। ਇਹ ਉਲਝਣ ਸਿਰਫ਼ ਸਮਾਜੀ ਵਿਗਾੜ ਹੀ ਨਹੀਂ ਸਗੋਂ ਭਾਰਤੀ ਸਮਾਜ ਦਾ ਸਮੱਸਿਆਕਾਰ ਹੈ। 

ਬਸਤੀਵਾਦੀ ਰਾਜ-ਕਾਲ ਅਤੇ ਰਿਆਸਤੀ ਪੰਜਾਬ ਦੇ ਰਾਜ-ਕਾਲ ਦੌਰਾਨ ਪੰਜਾਬ ਦੇ ਬੌਧਿਕ ਵਿਕਾਸ ਅਤੇ ਪੰਜਾਬ ਦੀ ਮਾਨਸਿਕਤਾ ਨੂੰ ਸਮਝਣ ਲਈ ਉਨ੍ਹਾਂ ਪਦਾਰਥਕ ਪਰਿਸਥਿਤੀਆਂ ਦੀ ਸਮਝ ਇਸੇ ਕਰਕੇ ਜ਼ਰੂਰੀ ਹੈ। ਬਸਤੀਵਾਦੀ ਦੌਰ ਪੰਜਾਬ ਦੇ ਸਮਾਜਕ, ਆਰਥਿਕ ਅਤੇ ਰਾਜਸੀ ਤੌਰ 'ਤੇ ਵੱਢ ਮਾਰਨ ਵਾਲਾ ਉਹ ਵਰਤਾਰਾ ਹੈ ਜਿਸਨੇ ਪੰਜਾਬ ਦੀ ਬੌਧਿਕ ਅਤੇ ਮਾਨਸਿਕਤਾ ਵਿਚ ਗੁਣਾਤਮਕ ਪਰਿਵਰਤਨ ਲਿਆਂਦਾ। ਪਰੰਤੂ ਇਸ ਬੌਧਿਕ ਵਿਕਾਸ ਨੂੰ ਬਾਹਰਮੁਖੀ ਅਤੇ ਵਿਵੇਕਪੂਰਨ ਢੰਗ ਨਾਲ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਬਸਤੀਕਾਰਾਂ ਨੇ ਵੀ ਪੰਜਾਬ ਅਤੇ ਸਮੁੱਚੇ ਭਾਰਤ ਨੂੰ ਪੜ੍ਹਨ-ਜਾਨਣ ਲਈ ਇਕ ਦ੍ਰਿਸ਼ਟੀ ਪ੍ਰਦਾਨ ਕੀਤੀ। ਜੇਕਰ ਬਸਤੀਵਾਦੀ ਦ੍ਰਿਸ਼ਟੀ ਤੋਂ ਇਹ ਪੜ੍ਹਤ ਤਿਆਰ ਕਰਾਂਗੇ ਤਾਂ ਨਿਸ਼ਚੇ ਹੀ ਬਸਤੀਵਾਦੀ ਅਧਿਐਨ ਕਰਾਂਗੇ। ਸਾਡੇ ਵੱਡੀ ਗਿਣਤੀ ਦੇ ਵਿਚਾਰਵਾਨ ਇਸ ਧਾਰਨਾ ਨੂੰ ਸੁਤੇ ਸਿਧ ਹੀ ਪ੍ਰਵਾਨ ਕਰ ਲੈਂਦੇ ਹਨ ਕਿ ਬਸਤੀਵਾਦ ਦੇ ਆਉਣ ਨਾਲ ਪੰਜਾਬ/ਭਾਰਤ ਵਿਚ ਆਧੁਨਿਕ ਚੇਤਨਾ ਦਾ ਆਗ਼ਾਜ਼ ਹੋ ਗਿਆ। ਇਹ ਵਿਚਾਰ ਬਸਤੀਵਾਦੀ ਹੈ ਕਿਉਂਕਿ ਬਸਤੀਵਾਦ ਨੇ ਭਾਰਤੀ ਇਤਿਹਾਸ ਨੂੰ ਜੋ ਕਾਲ ਕੇਂਦਰਿਤ ਮਾਡਲ ਦਿੱਤਾ, ਉਹ ਪ੍ਰਾਚੀਨ, ਮੱਧ ਕਾਲ ਅਤੇ ਆਧੁਨਿਕ ਕਾਲ ਦਾ ਹੈ। ਆਧੁਨਿਕ ਕਾਲ ਬਸਤੀਵਾਦੀ ਚਿੰਤਨ ਦੀ ਦੇਣ ਹੈ ਜਿਸ ਵਿਚ ਬਸਤੀਕਾਰਾਂ ਨੇ ਸਮੁੱਚੇ ਭਾਰਤ ਵਿਚ ਰਾਜ ਕਰਦਿਆਂ ਇਹ ਮਿੱਥ ਪ੍ਰਪੱਕ ਕਰ ਦਿੱਤੀ ਹੈ ਕਿ ਉਹ ਭਾਰਤੀਆਂ ਨੂੰ ਸੱਭਿਅਕ ਬਣਾਉਣ ਆਏ ਹਨ। ਭਾਰਤੀ ਮਨੁੱਖ ਜੋ ਪਛੜਿਆ ਅਤੇ ਜਾਂਗਲੀ ਜੀਵਨ ਬਤੀਤ ਕਰਦੇ ਹਨ, ਉਨ੍ਹਾਂ ਨੂੰ ਮਨੁੱਖ ਬਣਾਉਣ ਆਏ ਹਨ। ਬਸਤੀਕਾਰਾਂ ਦੁਆਰਾ ਭਾਰਤ ਦੀ ਕੀਤੀ ਗਈ ਕਾਲ ਵੰਡ ਨੂੰ ਰੋਮੀਲਾ ਥਾਪਰ ਵਿਸ਼ਲੇਸ਼ਤ ਕਰਦੀ ਹੋਈ ਗ਼ੈਰ ਪ੍ਰਸੰਗਿਕ ਕਹਿੰਦੀ ਹੈ। ''ਸ਼ਬਦ ਪ੍ਰਾਚੀਨ, ਮੱਧਕਾਲੀ ਅਤੇ ਆਧੁਨਿਕ ਯੂਰਪੀਨ ਇਤਿਹਾਸ ਤੋਂ ਲਏ ਗਏ ਸਨ ਅਤੇ ਇਨ੍ਹਾਂ ਨੂੰ ਭਾਰਤੀ ਇਤਿਹਾਸ ਦੀ ਤਿਵੱਲੀ ਵੰਡ ਉਤੇ ਲਾਗੂ ਕਰ ਦਿੱਤਾ ਗਿਆ। ਯੂਰਪੀਨ ਇਤਿਹਾਸ ਨੇ ਗ੍ਰੀਕੋ-ਰੋਮਨ ਸਭਿਅਤਾ ਅਤੇ ਮੱਧਕਾਲ ਵਿਚ ਵਖਰੇਵਾਂ ਰੱਖਣ ਲਈ ਪ੍ਰਾਚੀਨ ਯੁੱਗ/ਪੁਰਾਤਨ ਯੁੱਗ ਵਰਤਿਆ ਜਿਹੜਾ ਕਿ ਲਾਜ਼ਮੀ ਰੂਪ ਵਿਚ ਈਸਾਈ ਯੂਰਪ ਦਾ ਕਾਲ ਸੀ। ਯੂਰਪੀਨ ਇਤਿਹਾਸ ਵਿਚ ਪ੍ਰਾਚੀਨ ਅਤੇ ਮੱਧਕਾਲੀ ਸ਼ਬਦਾਂ ਦੇ ਨਿਸ਼ਚਿਤ ਅਰਥ ਹਨ ਜਿਹੜੇ ਭਾਰਤੀ ਇਤਿਹਾਸ ਨਾਲ ਪ੍ਰਸੰਗਿਕ ਨਹੀਂ ਹਨ।''25 ਦੂਸਰਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਕੀ ਕਾਲ ਇਤਿਹਾਸ ਦੇ ਨਿਰਧਾਰਨ ਦਾ ਫ਼ੈਸਲਾਕੁੰਨ ਇਕੋ ਇਕ ਤੱਤ ਹੈ? ਇਤਿਹਾਸ ਇਤਿਹਾਸਕ ਤਬਦੀਲੀ ਅਤੇ ਪਦਾਰਥਕ ਤਬਦੀਲੀਆਂ ਨਾਲ ਸੰਬੰਧ ਰੱਖਦਾ ਹੈ। ਭਾਵੇਂ ਇਸ ਨੂੰ ਨਿਰਧਾਰਤ ਕਰਨਾ ਸੌਖਾ ਨਹੀਂ ਹੁੰਦਾ ਪਰੰਤੂ ਜਦੋਂ ਪਦਾਰਥਕ ਤਬਦੀਲੀਆਂ ਵਾਪਰਦੀਆਂ ਹਨ ਮਨੁੱਖੀ ਉਤਪਾਦਨ ਪ੍ਰਣਾਲੀ ਵਿਚ ਵਾਪਰਨ ਵਾਲੇ ਬਦਲਾਓ ਮਨੁੱਖੀ ਜ਼ਿੰਦਗੀ ਦੇ ਵਤੀਰੇ ਨੂੰ ਬਦਲਣਾ ਸ਼ੁਰੂ ਕਰ ਦਿੰਦੇ ਹਨ। 

ਇਥੇ ਇਕ ਪਹਿਲੂ ਨੂੰ ਹੋਰ ਧਿਆਨ ਵਿਚ ਰੱਖਣ ਦੀ ਜ਼ਰੂਰਤ ਹੈ ਕਿ ਇਕ ਤਾਂ ਪਰਿਵਰਤਨ ਸਹਿਜ ਸੁਭਾਅ ਮਨੁੱਖੀ ਸਮਾਜ ਦੀ ਅੰਦਰਲੀ ਵਿਕਾਸ ਪ੍ਰਕਿਰਿਆ ਵਿਚੋਂ ਹੁੰਦਾ ਹੈ ਜਿਹੜਾ ਸਮਾਜ ਦੀਆਂ ਬੁਨਿਆਦੀ ਹਾਲਤਾਂ ਨਾਲ ਸੰਬੰਧਿਤ ਹੁੰਦਾ ਹੈ। ਦੂਸਰਾ ਪਰਿਵਰਤਨ ਬਾਹਰਲੀ ਕਿਸੇ ਤਾਕਤ ਵਲੋਂ ਠੋਸਿਆ ਜਾਂ ਜਬਰੀ ਤੌਰ 'ਤੇ ਲਾਗੂ ਕੀਤਾ ਜਾਂਦਾ ਹੈ। ਆਪਣੀ ਸਹਿਜ ਪ੍ਰਕਿਰਿਆ ਵਿਚੋਂ ਵਾਪਰਨ ਵਾਲਾ ਪਰਿਵਰਤਨ ਅਤੇ ਬਾਹਰੋਂ ਜਬਰੀ ਤੌਰ 'ਤੇ ਠੋਸੇ ਗਏ ਪਰਿਵਰਤਨ ਦੇ ਇਕੋ ਜਿਹੇ ਸਿੱਟੇ ਨਹੀਂ ਹੋ ਸਕਦੇ। ਅੰਦਰਲੀ ਵਿਕਾਸ ਪ੍ਰਕਿਰਿਆ ਵਿਚੋਂ ਵਾਪਰਿਆ ਪਰਿਵਰਤਨ ਸਮਾਜ ਲਈ ਵਿਭਿੰਨ ਅਰਥ ਰੱਖਦਾ ਹੋਇਆ ਵੀ ਪ੍ਰਸੰਗਕ ਹੁੰਦਾ ਹੈ ਪਰੰਤੂ ਬਾਹਰੋਂ ਠੋਸੇ ਜਾਣ ਵਾਲਾ ਪਰਿਵਰਤਨ ਵਿਸ਼ੇਸ਼ ਕਿਸਮ ਦੇ ਹਿੱਤਾਂ ਤੋਂ ਪ੍ਰੇਰਿਤ ਹੁੰਦਾ ਹੈ। ਇਸ ਲਈ ਅਧਿਐਨ ਕਰਦੇ ਸਮੇਂ ਇਸ ਨੂੰ ਸਾਵਧਾਨੀ ਦੇ ਰੂਪ ਵਿਚ ਲੈਣ ਦੀ ਜ਼ਰੂਰਤ ਹੈ। 

ਬਸਤੀਵਾਦ ਪੰਜਾਬ/ਭਾਰਤੀ ਸਮਾਜ ਦੀ ਸਹਿਜ ਪ੍ਰਕਿਰਿਆ ਵਿਚ ਵਾਪਰਿਆ ਵਰਤਾਰਾ ਨਹੀਂ। ਪੰਜਾਬ ਨੂੰ ਵਿਸ਼ੇਸ਼ ਤੌਰ 'ਤੇ ਧੋਖੇ ਨਾਲ ਬਸਤੀਕਾਰਾਂ ਨੇ ਹਥਿਆਇਆ ਹੈ। ਇਸ ਲਈ ਬਸਤੀਵਾਦ ਦੀ ਪੰਜਾਬ ਵਿਚ ਧੁੱਸ ਦੇ ਕੇ ਕਬਜ਼ਾਉਣ ਦੀ ਨੀਤੀ ਨੂੰ ਸਮਝਣਾ ਜ਼ਰੂਰੀ ਹੈ। ਬਸਤੀਵਾਦ ਕੋਲ ਪੰਜਾਬ/ਭਾਰਤ ਨੂੰ ਲੁੱਟਣ ਲਈ ਜੋ ਆਧੁਨਿਕ ਸੰਦ-ਸਾਧਨ ਸਨ, ਉਹ ਪੰਜਾਬ ਦੇ ਵਿਕਾਸ ਲਈ ਨਹੀਂ ਸਨ। ਇਸ ਲਈ ਇਨ੍ਹਾਂ ਨੂੰ ਸਿਰਫ਼ ਵਿਕਾਸ ਜਾਂ ਆਧੁਨਿਕ ਜੀਵਨ ਜਾਚ ਨਾਲ ਸੰਬੰਧਿਤ ਕਰ ਦੇਣਾ ਬਹੁਤ ਵੱਡੀ ਭੁੱਲ ਹੈ। ਡਾ. ਬੀ. ਐਲ. ਗੁਪਤਾ ਬਸਤੀਵਾਦ ਰਾਜ ਕਾਲ ਦੇ ਸਮੁੱਚੇ ਦੌਰ ਦਾ ਆਰਥਿਕ ਵਿਸ਼ਲੇਸ਼ਣ ਕਰਦਿਆਂ ਇਸ ਸਿੱਟੇ ਉੱਤੇ ਪਹੁੰਚਦਾ ਹੈ, ''ਸਭ ਤੋਂ ਵੱਡੀ ਗੱਲ ਇਹ ਹੈ ਕਿ ਅੰਗਰੇਜ਼ੀ ਸ਼ਾਸਨ ਦੀ ਕਿਸੇ ਵੀ ਨੀਤੀ ਦਾ ਇਰਾਦਾ ਭਾਰਤ ਦੇ ਹਿੱਤ ਵਿਚ ਨਹੀਂ ਰਹਿੰਦਾ ਸੀ। ਉਨ੍ਹਾਂ ਇਸ ਦੇਸ਼ ਵਿਚ ਜੋ ਵੀ ਨੀਤੀ ਲਾਗੂ ਕੀਤੀ ਜਾਂ ਕੋਈ ਵੀ ਕੰਮ ਆਰੰਭ ਕੀਤੇ, ਉਨ੍ਹਾਂ ਸਭ ਤੇ ਪਿੱਛੇ ਮੁੱਖ ਰੂਪ ਵਿਚ ਬ੍ਰਿਟੇਨ ਨੂੰ ਲਾਭ ਪਹੁੰਚਾਉਣ ਦਾ ਹੀ ਉਦੇਸ਼ ਰਹਿੰਦਾ ਸੀ। ਐਸੀ ਸਥਿਤੀ ਵਿਚ ਉਨ੍ਹਾਂ ਦੇ ਸ਼ਾਸਨ ਦੇ ਲਾਭਦਾਇਕ ਪ੍ਰਭਾਵਾਂ ਨੂੰ ਮੰਨਣਾ ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਹੈ।''26 ਜਿਸ ਤੱਥ ਨੂੰ ਬਹੁਤੇ ਭਾਰਤੀ ਸੋਚਵਾਨ ਪ੍ਰਵਾਨ ਕਰਦੇ ਹਨ ਕਿ ਬਸਤੀਵਾਦ ਦੇ ਵਿਦਿਅਕ ਪ੍ਰਬੰਧ ਵਿਚੋਂ ਹੀ ਨਵੀਂ ਚੇਤਨਾ ਜਾਗੀ ਜਿਸ ਨਾਲ ਭਾਰਤ ਅੰਦਰ ਕੌਮੀ ਮੁਕਤੀ ਲਹਿਰ ਚੱਲੀ, ਦਰਅਸਲ ਉਹ ਬਸਤੀਵਾਦੀ ਵਿਦਿਅਕ ਪ੍ਰਬੰਧ ਦਾ ਬਸਤੀਵਾਦ ਲਈ ਸਭ ਤੋਂ ਨਾਂਹ ਪੱਖੀ ਨਤੀਜਾ ਸੀ। ਇਹ ਬਸਤੀਵਾਦੀ ਪ੍ਰਬੰਧ ਦਾ ਨਿਸ਼ਾਨਾ ਜਾਂ ਮੰਤਵ ਨਹੀਂ ਸੀ। 

ਕਿਸੇ ਸਮਾਜ ਦੇ ਬੌਧਿਕ ਵਿਕਾਸ ਨੂੰ ਜਾਨਣ ਲਈ, ਉਸ ਸਮਾਜ ਦੇ ਵਿਦਿਅਕ ਪ੍ਰਬੰਧ ਦਾ ਇਕ ਵਿਸ਼ੇਸ਼ ਰੋਲ ਹੁੰਦਾ ਹੈ। ਬਸਤੀਵਾਦੀ ਪ੍ਰਬੰਧ ਨੇ ਭਾਰਤ ਦੇ ਪਰੰਪਰਕ ਵਿਦਿਅਕ ਪ੍ਰਬੰਧ ਨੂੰ ਖੇਰੂੰ ਖੇਰੂੰ ਕਰਕੇ ਬਸਤੀਵਾਦੀ ਸਿੱਖਿਆ ਦਾ ਪ੍ਰਬੰਧ ਪੈਦਾ ਕੀਤਾ। ਪੰਜਾਬ ਨੂੰ ਹਥਿਆਉਣ ਤੋਂ ਪਹਿਲਾਂ ਹੀ ਪੰਜਾਬੀ ਭਾਸ਼ਾ ਦੀ ਵਿਆਕਰਣ ਕਲਕੱਤੇ ਵਿਚ ਤਿਆਰ ਹੋ ਚੁੱਕੀ ਸੀ। ਵਿਲੀਅਮ ਕੇਰੀ ਨੇ 1812 ਵਿਚ 'ਗਰਾਮਰ ਆਫ਼ ਦਾ ਪੰਜਾਬੀ ਲੈਂਗੂਏਜ਼' ਅਤੇ ਜਾੱਨ ਨਿਊਟਨ ਨੇ 1851 ਵਿਚ ਦੂਜੀ ਗਰਾਮਰ 'ਏ ਗਰਾਮਰ ਆਫ਼ ਦਾ ਪੰਜਾਬੀ ਲੈਂਗੂਏਜ਼' ਤਿਆਰ ਕੀਤੀ। ਇਸ ਉਪਰੰਤ ਸ਼ਬਦ ਕੋਸ਼, ਉਪ-ਭਾਸ਼ਾਵਾਂ ਦੀ ਸ਼ਬਦਾਵਲੀ, ਮੁਹਾਵਰੇ, ਅਖਾਣ, ਲੋਕ ਗਾਥਾਵਾਂ ਆਦਿ ਦੇ ਖੇਤਰ ਵਿਚ ਵਿਸ਼ਾਲ ਕੰਮ ਕੀਤਾ। ਬਸਤੀਕਾਰਾਂ ਦੇ ਇਸ ਕੰਮ ਨੂੰ ਆਮ ਭਾਰਤੀਆਂ ਨੇ ਬਹੁਤ ਸਲਾਹਿਆ ਅਤੇ ਰੱਜ ਕੇ ਪ੍ਰਸ਼ੰਸਾ ਕੀਤੀ। ਪਰੰਤੂ ਇਸ ਸਮੁੱਚੇ ਕੰਮ ਦੇ ਪਿੱਛੇ ਉਨ੍ਹਾਂ ਦੀ ਬਸਤੀਵਾਦੀ ਨੀਤੀ ਕਾਰਜਸ਼ੀਲ ਸੀ ਜਿਸਨੂੰ ਸਮਝਣ ਤੋਂ ਅਕਸਰ ਭਾਰਤੀ ਸੋਚਵਾਨ ਖੁੰਝ ਜਾਂਦੇ ਹਨ। ਰੋਮੀਲਾ ਥਾਪਰ ਇਸ ਦਾ ਵਿਸ਼ਲੇਸ਼ਣ ਕਰਦੀ ਲਿਖਦੀ ਹੈ, ''ਉਦੋਂ ਈਸਟ ਇੰਡੀਆ ਕੰਪਨੀ ਦੇ ਪ੍ਰਸ਼ਾਸਕੀ ਕੰਮਾਂ ਲਈ ਇਸ ਦੀ ਲੋੜ ਸੀ ਕਿ ਇਸ ਦੇ ਅਧਿਕਾਰੀਆਂ ਨੂੰ ਭਾਰਤੀ ਰੀਤਾਂ ਅਤੇ ਪ੍ਰਤੀਮਾਨਾਂ ਦੀ ਜਾਣਕਾਰੀ ਹੋਵੇ। ਇਸੇ ਕਰਕੇ ਅਫ਼ਸਰ ਸੰਸਕ੍ਰਿਤ, ਫ਼ਾਰਸੀ, ਬੰਗਾਲੀ, ਤਾਮਿਲ ਅਤੇ ਹੋਰ ਭਾਰਤੀ ਭਾਸ਼ਾਵਾਂ ਦੇ ਅਧਿਐਨ ਦੇ ਰਾਹ ਪਏ, ਅਤੇ ਨਾਲ ਹੀ ਇਨ੍ਹਾਂ ਦੀਆਂ ਵਿਆਕਰਣਾਂ ਨੂੰ ਅੰਗਰੇਜ਼ੀ ਵਿਚ ਤਿਆਰ ਕਰਨ ਲੱਗੇ ਜੋ ਕਿ ਇਸ ਅਧਿਐਨ ਲਈ ਜ਼ਰੂਰੀ ਸਾਧਨ ਸਨ। ਪ੍ਰਸ਼ਾਸਕੀ ਲੋੜਾਂ ਨੇ ਧਰਮ ਸ਼ਾਸਤਰ ਵਰਗੀਆਂ ਕਿਤਾਬਾਂ ਦੇ ਅਨੁਵਾਦ ਲਈ ਵੀ ਉਤਸ਼ਾਹ ਦਿੱਤਾ, ਜਿੰਨ੍ਹਾਂ ਨੂੰ ਵਿਧਾਨਕ ਸੰਹਿਤਾਵਾਂ ਸਮਝਿਆ ਜਾਂਦਾ ਸੀ, ਜਿਹੜੀਆਂ ਕਿ ਦਰਅਸਲ ਕਾਨੂੰਨ ਦੀਆਂ ਸੰਹਿਤਾਵਾਂ ਨਹੀਂ ਬਲਕਿ ਸਮਾਜਿਕ ਜ਼ਿੰਮੇਵਾਰੀ ਅਤੇ ਕਰਮਕਾਂਡੀ ਲੋੜਾਂ ਦੇ ਪ੍ਰਤੀਮਾਨ ਸਨ।

ਇਸ ਸਰਗਰਮੀ ਨੂੰ ਇਸ ਵਿਸ਼ਵਾਸ ਨੇ ਬਹੁਤ ਵਧਾਇਆ ਕਿ ਕਲੋਨੀ ਬਾਰੇ ਜਾਨਣ ਨਾਲ ਇਸ ਨੂੰ ਵਧੇਰੇ ਨਿਯੰਤਰਣ ਵਿਚ ਰੱਖਿਆ ਜਾ ਸਕੇਗਾ ਅਤੇ ਬਸਤੀਵਾਦੀ ਅਧਿਕਾਰੀਆਂ ਵਲੋਂ ਵਰਤੀਆਂ ਜਾਂਦੀਆਂ ਸ਼ਕਤੀਆਂ ਨੂੰ ਠੋਸ ਆਧਾਰ ਮਿਲੇਗਾ।''27

ਬਸਤੀਕਾਰਾਂ ਨੇ ਪੰਜਾਬ ਦੀ ਮਾਨਸਿਕਤਾ ਨੂੰ ਸਮਝਣ ਲਈ ਵਿਸ਼ੇਸ਼ ਧਿਆਨ ਇਸ ਲਈ ਵੀ ਦਿੱਤਾ ਕਿ ਇਸ ਖਿੱਤੇ ਵਿਚ ਸਿੱਖ ਧਰਮ ਵਿਚ ਅਧਿਆਤਮਕ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੀ ਨੇੜ ਅਤੀਤ ਵਿਚ ਸਾਮੰਤੀ ਸੱਤਾ ਵੀ ਰਹੀ ਸੀ। ਇਸ ਕਰਕੇ ਉਨ੍ਹਾਂ ਨੇ ਸਿੱਖ ਧਰਮ ਬਾਰੇ ਵਿਸ਼ੇਸ਼ ਪੁਸਤਕਾਂ ਤਿਆਰ ਵੀ ਕਰਵਾਈਆਂ ਅਤੇ ਆਪ ਸਿੱਖ ਇਤਿਹਾਸ ਆਪਣੀ ਦ੍ਰਿਸ਼ਟੀ ਤੋਂ ਲਿਖਿਆ। ਸਿੱਖ ਇਤਿਹਾਸ ਲਿਖੇ ਜਾਣ ਪ੍ਰਤੀ ਇਸ ਗੱਲ ਤੋਂ ਹੀ ਅਹਿਸਾਸ ਹੋ ਜਾਂਦਾ ਹੈ ਜਦੋਂ ਮੈਕਸ ਆਰਥਰ ਮੈਕਾਲਿਫ਼ ਤਿੰਨ ਜਿਲਦਾਂ ਵਿਚ 'ਸਿੱਖ ਇਤਿਹਾਸ' ਲਿਖਦਾ ਹੈ ਤਾਂ ਇਸ ਗੱਲ ਉੱਪਰ ਵਿਸ਼ੇਸ਼ ਜ਼ੋਰ ਦਿੰਦਾ ਹੈ, ''ਜਿਹੜੇ ਉਦੇਸ਼ਾਂ ਨੂੰ ਸਾਹਮਣੇ ਰੱਖ ਕੇ ਇਹ ਪੁਸਤਕ ਲਿਖੀ ਗਈ ਹੈ, ਉਨ੍ਹਾਂ ਵਿਚੋਂ ਇਕ ਇਹ ਵੀ ਹੈ ਕਿ ਉਸ ਜਰਮਨ ਪਾਦਰੀ ਨੇ ਸਿੱਖ ਗੁਰੂਆਂ ਤੇ ਸਿੱਖ ਧਰਮ ਨੂੰ ਜੋ ਠੇਸ ਲਾਈ ਹੈ, ਉਸਦੀ ਨਵਿਰਤੀ ਕਰਕੇ ਸਿੱਖਾਂ ਨੂੰ ਸ਼ਾਂਤੀ ਦਿੱਤੀ ਜਾਵੇ। ਕਈ ਇਕ ਹੋਰ ਲਾਭਾਂ ਨੂੰ ਵੀ ਮੁੱਖ ਰੱਖਕੇ ਮੈਂ ਇਹ ਕੰਮ ਸਿਰੇ ਚਾੜ੍ਹਿਆ ਹੈ। ਉਹ ਲਾਭ ਕੀ ਹਨ, ਮੇਰਾ ਖਿਆਲ ਹੈ, ਪਾਠਕ ਆਪ ਹੀ ਸਮਝ ਜਾਣਗੇ।''28 ਇਥੇ ਸੁਆਲ ਉੱਠਦਾ ਹੈ, ਉਹ ਕਿਹੜੇ ਲਾਭ ਹਨ ਜਿਨ੍ਹਾਂ ਨੂੰ ਮੁੱਖ ਰੱਖ ਕੇ ਇਤਿਹਾਸ ਲਿਖਿਆ ਗਿਆ। ਅਗਲੇ ਪੰਨਿਆਂ ਉੱਪਰ ਮੈਕਾਲਿਫ਼ ਸਪੱਸ਼ਟ ਕਰਦਾ ਹੈ, ''ਮੇਰੀ ਇਹ ਪੁਸਤਕ ਘੱਟੋ ਘੱਟ ਸਿੱਖਾਂ ਲਈ ਤਾਂ ਰਾਜਨੀਤਕ ਤੌਰ 'ਤੇ ਫਾਇਦੇਮੰਦ ਹੋਵੇਗੀ।..... ਜਿਵੇਂ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਮੁੱਖੋਂ ਉਚਾਰਿਆ ਸੀ ਕਿ ਸਮੁੰਦਰ ਪਾਰ ਤੋਂ ਕੋਈ ਆਦਮੀ ਆ ਕੇ ਸਿੱਖਾਂ ਦੀ ਸਹਾਇਤਾ ਕਰਨਗੇ, ਸੋ ਤੁਸੀਂ ਠੀਕ ਹੀ ਸਮੁੰਦਰੋਂ ਪਾਰੋਂ ਆ ਕੇ ਸਾਡੀ ਮਾਨਸਿਕ ਤੇ ਸਰੀਰਕ ਮੱਦਦ ਕਰ ਰਹੇ ਹੋ।.... ਜਦੋਂ ਤੱਕ ਦੋਵੇਂ (ਸਿੱਖ ਅਤੇ ਅੰਗਰੇਜ਼) ਪਰਸਪਰ ਸਹਿਯੋਗ ਨਾਲ ਕੰਮ ਕਰਦੇ ਰਹਿਣਗੇ, ਅੰਗਰੇਜ਼ੀ ਰਾਜ ਬਹੁਤ ਦੂਰ ਤੱਕ ਫੈਲਦਾ ਜਾਵੇਗਾ ਅਤੇ ਇਹ ਹਰ ਤਰ੍ਹਾਂ ਨਾਲ ਪ੍ਰਫੁੱਲਿਤ ਹੁੰਦੇ ਜਾਣਗੇ।..... ਰਾਜਨੀਤਕ ਪੱਖ ਤੋਂ ਹਰ ਦਸ਼ਾ ਵਿਚ ਇਹ ਜ਼ਰੂਰੀ ਮਾਲੂਮ ਹੁੰਦਾ ਹੈ ਕਿ ਸਿੱਖ ਫੌਜੀਆਂ ਦੇ ਸਮੁੱਖ ਗੁਰੂ ਸਾਹਿਬਾਨ ਦੀਆਂ ਉਹ ਭਵਿੱਖਤ ਬਾਣੀਆਂ ਰੱਖੀਆਂ ਜਾਣ ਜੋ ਅੰਗਰੇਜ਼ਾਂ ਦੇ ਹੱਕ ਵਿਚ ਜਾਂਦੀਆਂ ਹਨ ਤੇ ਬਾਣੀ ਦੀਆਂ ਉਹ ਤੁਕਾਂ ਦਰਸਾਈਆਂ ਜਾਣ ਜਿਨ੍ਹਾਂ ਨਾਲ ਉਨ੍ਹਾਂ ਦੀ ਰਾਜ ਪ੍ਰਤੀ ਵਫ਼ਾਦਾਰੀ ਪਕੇਰੀ ਹੋਵੇ।''29 ਇਹ ਕਥਨ ਅਤੇ ਬਸਤੀਕਾਰਾਂ ਵਲੋਂ ਲਿਖਿਆ ਜਾਣ ਵਾਲਾ ਤੱਥ ਰਹਿਤ ਇਤਿਹਾਸ ਪੰਜਾਬ ਦੇ ਤੇ ਵਿਸ਼ੇਸ਼ ਕਰਕੇ ਸਿੱਖਾਂ ਦੀ ਬੌਧਿਕਤਾ ਅਤੇ ਮਾਨਸਿਕਤਾ ਨੂੰ ਕਿਵੇਂ ਡੌਲ ਰਿਹਾ ਸੀ? ਬਸਤੀਕਾਰਾਂ ਦੇ ਭਾਸ਼ਾ, ਸਾਹਿਤ, ਲੋਕ ਸਾਹਿਤ ਅਤੇ ਇਤਿਹਾਸ ਪ੍ਰਤੀ ਕੀਤੇ ਜਾਣ ਵਾਲੇ ਇਹ ਯਤਨ ਜਿੱਥੇ ਪੰਜਾਬੀ ਮਨੁੱਖ ਨੂੰ ਸਮਝਣ ਦਾ ਆਧਾਰ ਸਨ ਉਥੇ ਨਾਲੋਂ ਨਾਲ ਪੰਜਾਬੀ ਮਨੁੱਖ ਦੀ ਬੌਧਿਕਤਾ ਨੂੰ ਬਸਤੀਵਾਦੀ ਵਿਚਾਰਧਾਰਾ ਅਨੁਕੂਲ ਢਾਲਣ ਦਾ ਸੁਚੇਤ ਯਤਨ ਸਨ। ਆਰ. ਸੀ. ਟੈਂਪਲ ਜਿਸ ਨੇ 118 ਦੰਤ ਕਥਾਵਾਂ ਇਕੱਤਰ ਕੀਤੀਆਂ ਅਤੇ ਤਿੰਨ ਜਿਲਦਾਂ ਵਿਚ 58 ਦੰਤ ਕਥਾਵਾਂ ਹੀ ਪ੍ਰਕਾਸ਼ਤ ਹੋਈਆਂ। ਬਾਕੀ ਦੀਆਂ ਦੰਤ ਕਥਾਵਾਂ ਦੇ ਪ੍ਰਕਾਸ਼ਿਤ ਹੋਣ ਦੀ ਕੋਈ ਸੂਚਨਾ ਨਹੀਂ ਪਰੰਤੂ ਸੂਚੀ ਜ਼ਰੂਰ ਮਿਲਦੀ ਹੈ। ਉਹ ਵੀ ਦੰਤ ਕਥਾਵਾਂ ਦੀ ਪਹਿਲੀ ਜਿਲਦ ਦੀ ਭੂਮਿਕਾ ਵਿਚ ਸਪੱਸ਼ਟ ਲਿਖਦਾ ਹੈ ਕਿ ਭਾਰਤ ਵਿਚ ਅਸੀਂ ਹਾਕਮ ਨਸਲ ਹਾਂ, ਸਾਨੂੰ ਇਸ ਦੇ ਬਿਹਤਰੀਨ ਬੌਧਿਕ ਹੋਣ, ਉਚੇ ਪੜ੍ਹੇ ਲਿਖੇ ਹੋਣ 'ਤੇ ਮਾਣ ਕਰਨਾ ਚਾਹੀਦਾ ਹੈ ਤੇ ਸਾਨੂੰ ਸਰਕਾਰ ਦੇ ਉੱਚੇ ਆਦਰਸ਼ਾਂ ਦੀ ਪ੍ਰਾਪਤੀ ਲਈ ਪ੍ਰਤੀਨਿੱਧਤਾ ਕਰਨੀ ਚਾਹੀਦੀ ਹੈ। ਇਉਂ ਬਸਤੀਕਾਰਾਂ ਦੇ ਇਸ ਸਮੁੱਚੇ ਕੰਮ ਨੂੰ ਇਸ ਦ੍ਰਿਸ਼ਟੀ ਤੋਂ ਪੜ੍ਹਨ ਦੀ ਜ਼ਰੂਰਤ ਹੈ ਕਿ ਉਨ੍ਹਾਂ ਨੇ ਇਹ ਸਾਰਾ ਕੰਮ ਕਿਸ ਵਿਸ਼ੇਸ਼ ਮੰਤਵ ਅਧੀਨ ਕੀਤਾ। ਆਪਣੇ ਬਸਤੀਵਾਦੀ ਮੰਤਵ ਦੀ ਪੂਰਤੀ ਲਈ ਉਹ ਪੰਜਾਬੀ ਬੌਧਿਕਤਾ ਅਤੇ ਮਾਨਸਿਕਤਾ ਨੂੰ ਬਸਤੀਵਾਦੀ ਰਾਜ ਅਨੁਕੂਲ ਢਾਲਣ ਲਈ ਇਸ ਸਮੁੱਚੇ ਕੰਮ ਨੂੰ ਕਰ ਰਹੇ ਸਨ। 

ਬਸਤੀਵਾਦੀ ਪ੍ਰਬੰਧ ਨੇ ਬਸਤੀਵਾਦੀ ਸ਼ੋਸ਼ਣ ਦੇ ਲਈ ਆਧੁਨਿਕ ਉਪਕਰਣਾਂ ਦੀ ਵਰਤੋਂ ਆਪਣੀਆਂ ਬਸਤੀਆਂ ਵਿਚ ਕੀਤੀ। ਰੇਲਵੇ ਤੇ ਡਾਕ-ਤਾਰ ਪ੍ਰਬੰਧ ਰਾਹੀਂ ਬਸਤੀਕਾਰਾਂ ਨੇ ਸਮੁੱਚੇ ਭਾਰਤ ਨੂੰ ਅੰਤਰੀਵੀ ਸੰਪਰਕ ਰਾਹੀਂ ਇਕ ਇਕਾਈ ਵਿਚ ਬੰਨ ਦਿੱਤਾ। ਭਾਰਤ ਵਰਗੇ ਵਿਸ਼ਾਲ ਮੁਲਕ ਨੂੰ ਤਕਨੀਕੀ ਤੌਰ 'ਤੇ ਆਪਣੇ ਕਬਜ਼ੇ ਵਿਚ ਰੱਖਣ ਲਈ ਨਿਰਸੰਦੇਹ ਆਧੁਨਿਕ ਵਿੱਦਿਆ ਵਾਲੇ ਮਾਹਿਰਾਂ ਦੀ ਜ਼ਰੂਰਤ ਸੀ। ਦੂਸਰਾ, ਸਰਕਾਰ ਅਤੇ ਲੋਕਾਂ ਵਿਚ ਰਾਜ ਪ੍ਰਬੰਧ ਵਧੇਰੇ ਇਹਤਿਆਤ ਵਾਲਾ ਹੋਵੇ, ਇਸ ਲਈ ਆਮ ਵਿੱਦਿਆ ਦਾ ਹੋਣਾ ਜ਼ਰੂਰੀ ਸੀ। ਇਸ ਕਰਕੇ ਪਰੰਪਰਕ ਵਿੱਦਿਅਕ ਪ੍ਰਬੰਧ ਬਸਤੀਵਾਦੀ ਰਾਜ-ਪ੍ਰਬੰਧ ਨੂੰ ਚਲਾਉਣ ਲਈ ਸਹਾਈ ਨਹੀਂ ਹੋ ਸਕਦਾ ਸੀ। ਇਸ ਲਈ ਬਸਤੀਕਾਰਾਂ ਨੇ ਵਿੱਦਿਅਕ ਪ੍ਰਬੰਧ ਦਾ ਨਵੇਂ ਸਿਰਿਓਂ ਨਿਰਮਾਣ ਕੀਤਾ। ਪੰਜਾਬ ਵਿਚ 1856 ਵਿਚ ਸਿੱਖਿਆ ਵਿਭਾਗ ਸਥਾਪਤ ਕੀਤਾ ਗਿਆ। 1859 ਵਿਚ ਸੈਕੰਡਰੀ ਸਿੱਖਿਆ ਅਤੇ 1864 ਵਿਚ ਲਾਹੌਰ ਵਿਚ ਇਕ ਸੈਂਟਰਲ ਕਾਲਜ ਖੋਲਿਆ ਗਿਆ। ਉੱਚ ਵਿਦਿਆ ਲਈ ਕਲਕੱਤਾ ਯੂਨੀਵਰਸਿਟੀ ਵਿਚ ਜਾਣਾ ਪੈਂਦਾ ਸੀ। ਪੰਜਾਬ ਯੂਨੀਵਰਸਿਟੀ ਦੀ ਸਥਾਪਨਾ 1882 ਈ. ਵਿਚ ਕੀਤੀ ਜਾਂਦੀ ਹੈ। ਉਨੀਵੀਂ ਸਦੀ ਦੇ ਅੰਤ ਤੱਕ ਭਾਰਤ ਵਿਚ ਕੇਵਲ ਚਾਰ ਇੰਜਨੀਅਰਿੰਗ ਕਾਲਜ ਸਨ। ਕਲਕੱਤਾ, ਮਦਰਾਸ, ਬੰਬਈ ਅਤੇ ਲਾਹੌਰ ਦੇ ਕਲਾ ਵਿਦਿਆਲਿਆਂ ਵਿਚ ਉਦਯੋਗਿਕ ਵਿਭਾਗ ਜ਼ਰੂਰ ਸਨ ਪਰੰਤੂ ਉਥੇ ਆਧੁਨਿਕ ਤਕਨੀਕੀ ਸਿੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ, ਸਿਰਫ਼ ਸ਼ਿਲਪਕਾਰੀ ਦੀ ਵਿੱਦਿਆ ਹੀ ਦਿੱਤੀ ਜਾਂਦੀ ਸੀ। ਸਨਅਤ ਵਿਚ ਕੰਮ ਆਉਣ ਵਾਲੀ ਤਕਨੀਕ ਦੀ ਸਿੱਖਿਆ ਬਹੁਤ ਹੀ ਨਾਮਾਤਰ ਰੂਪ ਸੀ। ਦੂਸਰਾ ਇਕ ਵੱਡਾ ਕਾਰਨ ਇਹ ਵੀ ਸੀ ਕਿ ਬਸਤੀਕਾਰ ਪੰਜਾਬ ਵਿਚ ਉੱਚ ਸਿੱਖਿਆ ਜਾਂ ਤਕਨੀਕੀ ਸਿੱਖਿਆ ਤੋਂ ਇਸ ਲਈ ਵੀ ਡਰ ਰਹੇ ਸਨ ਕਿ ਬੰਗਾਲ ਵਿਚ ਪੈਦਾ ਹੋ ਰਹੀ ਚੇਤਨਤਾ ਕਿਤੇ ਪੰਜਾਬ ਵਿਚ ਨਾ ਫ਼ੈਲ ਜਾਵੇ। ਇਸ ਕਰਕੇ ਪੰਜਾਬ ਯੂਨੀਵਰਸਿਟੀ ਬਣਾਉਣ ਵੇਲੇ ਵੀ ਬਸਤੀਕਾਰਾਂ ਦਾ ਮਕਸਦ ਪੰਜਾਬ ਦੀ ਬੌਧਿਕਤਾ ਦਾ ਵਿਕਾਸ ਕਰਨਾ ਨਹੀਂ ਸੀ ਸਗੋਂ ਏਸ਼ੀਅਨ ਭਾਸ਼ਾਵਾਂ ਦਾ ਕੇਂਦਰ ਬਣਾ ਕੇ ਏਸ਼ੀਆ ਵਿਚ ਪੈਰ ਪਸਾਰਨ ਦਾ ਸੀ। ''ਬਰਤਾਨਵੀ ਸਿਵਲ ਅਫ਼ਸਰ ਚਾਹੁੰਦੇ ਸਨ ਕਿ ਪੰਜਾਬ ਨੂੰ ਬੰਗਾਲ ਦੇ ਮਾਰੂ ਅਸਰ ਤੋਂ ਦੂਰ ਰੱਖਿਆ ਜਾਵੇ।... ਲਾਹੌਰ ਨੂੰ ਅਰਬੀ, ਫ਼ਾਰਸੀ ਅਤੇ ਉਰਦੂ ਵਿਦਿਆ ਦਾ ਕੇਂਦਰ ਬਣਾਉਣਾ ਚਾਹੁੰਦੇ ਸਨ ਤਾਂ ਜੋ ਉਹ ਮੱਧ ਏਸ਼ੀਆ ਤੋਂ ਵੀ ਲੋਕਾਂ ਨੂੰ ਖਿੱਚ ਸਕੇ ਜਿੱਥੇ ਕਿ ਉਦੋਂ ਰੂਸ ਆਪਣੇ ਪੈਰ ਪਸਾਰ ਰਿਹਾ ਸੀ। ... ਡਾ. ਲਿਟਨਰ ਚਾਹੁੰਦਾ ਸੀ ... ਕਿ ਜਿੱਥੇ ਪੰਜਾਬੀ ਥੋੜੀ ਬਹੁਤੀ ਅੰਗਰੇਜ਼ੀ ਸਿੱਖ ਲੈਣ।''30 ਪੰਜਾਬ ਯੂਨੀਵਰਸਿਟੀ ਇਕ ਲੰਮੀ ਲੜਾਈ ਬਾਅਦ ਬਣੀ ਜਿਸ ਦਾ ਮਾਧਿਅਮ ਅੰਗਰੇਜ਼ੀ ਰੱਖਕੇ ਉੱਚ ਸਿੱਖਿਆ ਲਈ ਆਧਾਰ ਪੈਦਾ ਕੀਤਾ ਗਿਆ। ਅਨੇਕਾਂ ਬਸਤੀਵਾਦੀ ਤੱਥਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਬਸਤੀਕਾਰ ਆਧੁਨਿਕ ਵਿੱਦਿਆ ਦੇ ਕੇ ਉਹ ਆਪਣੇ ਪ੍ਰਬੰਧ ਨੂੰ ਖ਼ਤਰੇ ਵਿਚ ਨਹੀਂ ਪਾ ਸਕਦਾ ਸੀ। 

ਬਸਤੀਕਾਰਾਂ ਦਾ ਮੁੱਖ ਮਕਸਦ ਐਨੀ ਕੁ ਸਿੱਖਿਆ ਪ੍ਰਦਾਨ ਕਰਨਾ ਸੀ ਜਿਸ ਨਾਲ ਉਹ ਆਪਣੇ ਨਿਮਨ ਪੱਧਰ ਦੇ ਕਾਰਜ ਨੂੰ ਕੁਸ਼ਲ ਪੂਰਵਕ ਚਲਾ ਸਕਣ। ਇਸ ਲਈ ਸਿੱਖਿਆ ਨਿਮਨ ਪੱਧਰ ਉੱਪਰ ਬਾਬੂਗਿਰੀ ਤੱਕ ਹੀ ਸੀਮਤ ਸੀ। ਜੇਕਰ ਸਿੱਖਿਆ ਦੇ ਪੱਧਰ ਨੂੰ ਜਾਨਣ ਲਈ ਸਿਰਫ਼ ਮੈਟਰਿਕ ਨੂੰ ਹੀ ਸੂਚਕ ਅੰਕ ਮੰਨ ਲਿਆ ਜਾਵੇ ਤਾਂ 1880 ਦੇ ਦਹਾਕੇ ਵਿਚ ਸਮੁੱਚੇ ਭਾਰਤ ਵਿਚ 50000 ਦੇ ਕਰੀਬ ਲੋਕ ਸਨ ਅਤੇ ਪੰਜ ਹਜ਼ਾਰ ਦੇ ਕਰੀਬ ਗ੍ਰੈਜੂਏਟ ਸਨ। ''1886-87 ਦੀ ਪਬਲਿਕ ਸਰਵਿਸ ਕਮਿਸ਼ਨ ਦੀ ਰਿਪੋਰਟ ਵਿਚ ਸਿੱਖਿਅਤ ਨੇਟਿਵਾਂ (ਮੂਲ ਭਾਰਤੀ) ਦੀ ਸੰਖਿਆ ਇਸ ਪ੍ਰਕਾਰ ਸੀ। ਮਦਰਾਸ ਵਿਚ 18390, ਬੰਗਾਲ ਵਿਚ 16639, ਬੰਬਈ ਵਿਚ 7146, ਸਯੁੰਕਤ ਪ੍ਰਾਂਤ ਵਿਚ ਸਿਰਫ਼ 3200, ਪੰਜਾਬ ਵਿਚ 1944, ਮੱਧ ਪ੍ਰਦੇਸ਼ ਵਿਚ 608 ਅਤੇ ਅਸਾਮ ਵਿਚ 274 ਹੀ ਸੀ।''31 ਜਿਸ ਸਮੇਂ ਨੂੰ ਪੰਜਾਬ ਵਿਚ ਆਧੁਨਿਕ ਸਮੇਂ ਵਜੋਂ ਸਥਾਪਤ ਕੀਤਾ ਗਿਆ ਹੈ ਉਸ ਵਿਚ 1886-87 ਦੀ ਰਿਪੋਰਟ ਮੁਤਾਬਕ ਪੰਜਾਬ ਵਿਚ ਪੜ੍ਹੇ-ਲਿਖੇ ਲੋਕ 1944 ਸਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਮੈਟਰਿਕ ਪਾਸ ਲੋਕਾਂ ਦੀ ਸੀ। ਇੰਨੀ ਕੁ ਗਿਣਤੀ ਵਿੱਚ ਪੜੇ ਹੋਏ ਪੰਜਾਬ ਦੇ ਲੋਕਾਂ ਦਾ ਬੌਧਿਕ ਪੱਧਰ ਅਤੇ ਬੌਧਿਕ ਵਿਕਾਸ ਦਾ ਸਿਰਫ਼ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਇਸ ਤੱਥ ਤੋਂ ਇਹੋ ਗਿਆਤ ਹੁੰਦਾ ਹੈ ਕਿ ਆਧੁਨਿਕ ਵਿੱਦਿਆ ਜਿਸ ਨੇ ਪੰਜਾਬੀ ਮਨੁੱਖ ਨੂੰ ਪਰੰਪਰਕ ਅਤੇ ਅਧਿਆਤਮਕ ਸੋਚ ਵਿਧੀ ਵਿੱਚੋਂ ਬਾਹਰ ਕੱਢ ਕੇ ਆਧੁਨਿਕ ਚੇਤਨਾ ਅਤੇ ਵਿਗਿਆਨਕ ਸੋਚ ਵਿਧੀ ਨਾਲ ਜੋੜਨਾ ਸੀ, ਉਹ ਬਸਤੀਵਾਦੀ ਹਿੱਤਾਂ ਦੀ ਪੂਰਤੀ ਤੋਂ ਅਗਾਂਹ ਨਹੀਂ ਜਾਂਦੀ ਸੀ। 1934-35 ਵਿਚ ਭਾਰਤ ਵਿਚ ਸਿਰਫ਼ 960 ਵਿਦਿਆਰਥੀਆਂ ਨੇ ਇੰਜਨੀਅਰਿੰਗ, ਖੇਤੀਬਾੜੀ ਅਤੇ ਵਣ ਵਿਗਿਆਨ ਵਿਚ ਡਿਗਰੀਆਂ ਲਈਆਂ ਸਨ। ਤਕਨੀਕ ਜਿਹੜੀ ਸਿੱਧੇ ਤੌਰ 'ਤੇ ਵਿਗਿਆਨ ਨਾਲ ਜੁੜੀ ਹੁੰਦੀ ਹੈ, ਉਸ ਦੀ ਗਿਣਤੀ ਵੀ ਭਾਰਤ ਦੇ ਬੌਧਿਕ ਵਿਕਾਸ ਨੂੰ ਦਰਸਾ ਦਿੰਦੀ ਹੈ। ਇਉਂ ਸਾਰ ਤੱਤ ਰੂਪ ਵਿਚ ਵਿੱਦਿਅਕ ਪੱਖੋਂ ਪੰਜਾਬ ਦਾ ਬੌਧਿਕ ਵਿਕਾਸ ਇਹੋ ਦੱਸ ਪਾਉਂਦਾ ਹੈ ਕਿ ਪੰਜਾਬੀ ਮਨੁੱਖ ਪਰੰਪਰਕ ਜੀਵਨ ਸ਼ੈਲੀ ਦਾ ਹੀ ਧਾਰਨੀ ਸੀ ਜਿਸ ਵਿਚ ਜਿੰਨੀ ਕੁ ਵੀ ਚੇਤਨਾ ਸੀ, ਉਹ ਬਸਤੀਵਾਦੀ ਚੇਤਨਾ ਹੀ ਸੀ। 

-5-

ਲੋਕਾਈ ਦੇ ਬੌਧਿਕ ਪੱਧਰ, ਬੌਧਿਕ ਵਿਕਾਸ ਅਤੇ ਪ੍ਰਤਿਕਰਮ ਨੂੰ ਜਾਨਣ ਲਈ ਲੋਕਾਈ ਦੀ ਜ਼ੁਬਾਨ ਵਿਚ ਪੈਦਾ ਹੋਇਆ ਸਾਹਿਤ, ਲੋਕ ਧਾਰਾ ਅਤੇ ਲੋਕ ਪਰੰਪਰਾਵਾਂ ਵਧੇਰੇ ਕਾਰਗਰ ਇਸ ਲਈ ਹੁੰਦੀਆਂ ਹਨ ਕਿ ਜਿੰਨੀ ਵਧੇਰੇ ਪ੍ਰਮਾਣਿਕਤਾ ਨਾਲ ਇਹ ਆਪਣੀ ਵੇਦਨਾ, ਸਥਿਤੀ ਅਤੇ ਅਕਾਂਖਿਆ ਨੂੰ ਆਪ ਪ੍ਰਗਟ ਕਰ ਸਕਦੇ ਹਨ, ਸ਼ਾਇਦ ਹੋਰ ਰੂਪ ਨਹੀਂ। ਇਹ ਲੋਕ ਪਰੰਪਰਾ ਲੋਕ ਸਮੂਹ ਦੀ ਚੇਤਨਾ ਦਾ ਅੰਗ ਹੁੰਦੀ ਹੈ। ਇਸ ਲਈ ਲੋਕ ਪਰੰਪਰਾਵਾਂ ਰਾਹੀਂ ਲੋਕ ਜੀਵਨ ਦਾ ਪ੍ਰਗਟਾਵਾ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਇਤਿਹਾਸ ਜੇਕਰ ਕਿਸੇ ਵਿਸ਼ੇਸ਼ ਵਰਗ ਦੇ ਹਿੱਤਾਂ ਦੀ ਦ੍ਰਿਸ਼ਟੀ ਤੋਂ ਲਿਖਿਆ ਹੋਇਆ ਵਿਸ਼ੇਸ਼ ਯੁੱਗ ਦੇ ਵਿਸ਼ੇਸ਼ ਲੋਕਾਂ ਦੀ ਵਿਚਾਰਧਾਰਾ ਨੂੰ ਸਿਰਜਦਾ-ਸੰਚਾਰਦਾ ਹੈ ਤਾਂ ਲੋਕ ਪਰੰਪਰਾਵਾਂ ਲੋਕ ਇਤਿਹਾਸ ਦਾ ਸਭ ਤੋਂ ਪ੍ਰਮਾਣਿਕ ਰੂਪ ਹੁੰਦੀਆਂ ਹਨ ਜੋ ਸੱਤਾ ਦੇ ਵਿਸ਼ੇਸ਼ ਇਤਿਹਾਸ ਦੇ ਸਮਾਨਾਂਤਰ ਲੋਕਾਈ ਦੇ ਜੀਵਨ ਦਾ ਚਿੱਤਰ ਅਤੇ ਚਰਿੱਤਰ ਪੇਸ਼ ਕਰਦੀਆਂ ਹਨ।

1857 ਦੇ ਵਿਦਰੋਹ ਸੰਬੰਧੀ ਭਾਰਤੀਆਂ ਵਲੋਂ ਲਿਖੇ ਗਏ ਦਸਤਾਵੇਜ਼ ਬਹੁਤ ਘੱਟ ਪ੍ਰਾਪਤ ਹੁੰਦੇ ਹਨ ਕਿਉਂਕਿ ਬਸਤੀਕਾਰਾਂ ਨੇ ਐਨੇ ਸਖ਼ਤ ਕਾਨੂੰਨ ਬਣਾਏ ਕਿ ਸੱਤਾ ਦੇ ਵਿਰੋਧ ਵਿਚ ਲਿਖੇ ਗਏ ਸ਼ਬਦਾਂ ਦੇ ਆਧਾਰ 'ਤੇ ਸਖ਼ਤ ਸਜ਼ਾਵਾਂ ਭੁਗਤਣੀਆਂ ਪਈਆਂ। ਬਸਤੀਕਾਰਾਂ ਨੇ ਭਾਰਤੀ ਲੋਕਾਂ ਦੇ ਮਨਾਂ ਵਿਚ ਦਹਿਸ਼ਤ, ਦਾਬਾ ਅਤੇ ਦਮਨ ਐਨਾ ਬਿਠਾ ਦਿੱਤਾ ਕਿ ਆਮ ਮਨੁੱਖ ਕੁਝ ਵੀ ਕਹਿਣ ਦੀ ਹਿੰਮਤ ਨਹੀਂ ਕਰ ਸਕਦਾ ਸੀ। ਪਰੰਤੂ ਲਿਖਤੀ ਸ਼ਬਦ ਦੇ ਸਮਾਨਾਂਤਰ ਮੌਖਿਕ ਸ਼ਬਦ ਉੱਪਰ ਬਸਤੀਕਾਰਾਂ ਨੂੰ ਇਹ ਜਬਰ ਢਾਹੁਣਾ ਸੌਖਾ ਨਹੀਂ ਸੀ। ਲੋਕ ਗੀਤ ਜਬਰ ਅਤੇ ਜ਼ੁਲਮ ਦੇ ਦੌਰ ਵਿਚ ਵੀ ਲੋਕ ਮਨਾਂ ਵਿਚ ਨਿੰਮਦੇ ਰਹਿੰਦੇ ਹਨ। ਇਸ ਦੀ ਮਹੱਤਤਾ ਦੱਸਦਿਆਂ ਮੈਨੇਜਰ ਪਾਂਡੇ ਲਿਖਦਾ ਹੈ, ''ਸਾਰੇ ਲੋਕ ਗੀਤ ਮੌਖਿਕ ਅਤੇ ਗਾਏ ਜਾਣ ਵਾਲੇ ਸਨ, ਇਸ ਲਈ ਉਨ੍ਹਾਂ ਉੱਪਰ ਪ੍ਰਤੀਬੰਧ ਲਗਾਉਣਾ ਅਸੰਭਵ ਸੀ। ਸੰਸਾਰ ਦੀ ਕੋਈ ਵੀ ਸੱਤਾ ਜਨਤਾ ਦੀ ਸਿਮਰਤੀ ਅਤੇ ਕੰਠ ਉੱਪਰ ਪਾਬੰਦੀ ਨਹੀਂ ਲਗਾ ਸਕਦੀ। ਅੰਗਰੇਜ਼ੀ ਰਾਜ ਕੇਵਲ ਲਿਖਤ ਅਤੇ ਪ੍ਰਕਾਸ਼ਿਤ ਸਾਹਿਤ ਉੱਪਰ ਹੀ ਪਾਬੰਦੀ ਲਗਾ ਸਕਦਾ ਸੀ। ਇਹ ਲੋਕ ਗੀਤ ਅਨਾਮ ਸਨ, ਇਸ ਲਈ ਇਹ ਗੀਤ ਰਚਣ ਵਾਲਿਆਂ ਨੂੰ ਦੰਡਿਤ ਕਰਨਾ ਸੰਭਵ ਨਹੀਂ ਸੀ।''32

ਬਸਤੀਕਾਰਾਂ ਨੇ 1857 ਤੋਂ ਬਾਅਦ ਪ੍ਰੈੱਸ ਅਤੇ ਪ੍ਰਕਾਸ਼ਨਾਵਾਂ ਦੇ ਸਖ਼ਤ ਕਾਨੂੰਨ ਬਣਾ ਕੇ ਲੋਕਾਈ ਦੀ ਆਵਾਜ਼ ਨੂੰ ਦਬਾ ਦੇਣ ਦਾ ਹਰ ਯਤਨ ਕੀਤਾ। ਪਰੰਤੂ ਲੋਕ ਗੀਤਾਂ ਵਿਚੋਂ ਉਸ ਸਮੇਂ ਦੀ ਯਥਾਰਥਕ ਸਥਿਤੀ ਦਾ ਆਭਾਸ ਆਵੱਸ਼ ਹੋ ਜਾਂਦਾ ਹੈ। ਪੰਜਾਬੀ ਲੋਕ ਸਾਹਿਤ ਵਿਚੋਂ ਬਸਤੀਕਾਰਾਂ ਦੇ ਖਿਲਾਫ਼ ਬਹੁਤ ਸਾਰਾ ਸਾਹਿਤ ਮਿਲ ਜਾਂਦਾ ਹੈ ਪਰੰਤੂ ਪੰਜਾਬ ਦੀ ਇਤਿਹਾਸਕ ਸਥਿਤੀ ਨੂੰ ਪੇਸ਼ ਕਰਨ ਵਾਲੇ ਸਾਹਿਤ ਦੀ ਥੋੜੀ ਗਹੁ ਨਾਲ ਪਛਾਣ ਕਰਨੀ ਪੈਂਦੀ ਹੈ। ਇਹ ਲੋਕ ਗੀਤ ਪੰਜਾਬੀ ਸਮਾਜ ਦੇ ਅੰਦਰ ਵਾਪਰ ਰਹੀਆਂ ਤਬਦੀਲੀਆਂ, ਹਕੀਕਤਾਂ ਅਤੇ ਸਥਿਤੀਆਂ ਵਿਚ ਧਿਆਨ ਰੱਖਣ ਦੀ ਵਿਸ਼ੇਸ਼ ਮੰਗ ਕਰਦੇ ਹਨ। ਨਿਮਨਲਿਖਤ ਕੁਝ ਲੋਕ ਗੀਤਾਂ ਵਿਚੋਂ ਗੁਜ਼ਰਦੇ ਹਾਂ : -

1.    ਬਾਣੀਆਂ ਨੇ ਅੱਤ ਚੁੱਕ ਲਈ
    ਸਾਰੇ ਜੱਟ ਕਰਜ਼ਾਈ ਕੀਤੇ।
2.    ਕਣਕੇ, ਨੀ ਸੁਣ ਕਣਕੇ,
    ਇਕ ਵਾਰੀ ਫੇਰ ਦੱਸ ਖਾਂ ਮਹਿੰਗੀ ਬਣਕੇ।
3.    ਹਲ ਪੰਜਾਲੀ ਦੀ ਹੋ ਗਈ ਕੁਰਕੀ
    ਵੇਚ ਕੇ ਖਾ ਲਿਆ ਬੀ।
    ਮਾਮਲਾ ਨਹੀਂ ਤਰਿਆ
    ਵਾਹੀ ਦਾ ਲਾਹਾ ਕੀ।
4.    ਪਹਿਲਾਂ ਮਾਮਲੇ ਤੋਂ ਜਾਨ ਛੁਡਾਈਏ
    ਬੰਦ ਫੇਰ ਬਣ ਜਾਣਗੇ।
5.    ਸ਼ਹਿਰ ਚੱਲੀਏ ਮਜੂਰੀ ਲੱਭੀਏ
    ਪਿੰਡ ਵਿਚ ਭੰਗ ਭੁੱਜਦੀ।
6.    ਨਾ ਪਈ; ਰੱਬਾ! ਨਾ ਪਾਈਂ, ਰੱਬਾ!
    ਮੁੜ ਜੱਟ ਦੀ ਜੂਨ ਨਾ ਪਾਈਂ, ਰੱਬਾ!
7.    ਉੱਠ ਗਿਆ ਮਿਰਕਣ ਨੂੰ
    ਕਣਕ ਵੇਚ ਕੇ ਸਾਰੀ
8.    ਮਾਹੀ ਮੇਰਾ ਚੀਨ ਨੂੰ ਗਿਆ
    ਮੈਂ ਧਾਰ ਕੱਢਾਂ ਨਾਲੇ ਰੋਵਾਂ
9.    ਤੇਰੇ ਲੇਖ ਜਾਣਗੇ ਨਾਲੇ
    ਨਾ ਜਾ ਬਰਮਾ ਨੂੰ।33*


ਉਪਰੋਕਤ ਲੋਕ ਗੀਤ ਪੰਜਾਬੀ ਮਨੁੱਖ ਦੀ ਮਾਨਸਿਕਤਾ, ਸਥਿਤੀ ਅਤੇ ਉਸ ਦੀ ਪ੍ਰਤੀਕਿਰਿਆ ਨੂੰ ਸੂਖ਼ਮ ਰੂਪ ਵਿਚ ਪ੍ਰਗਟ ਕਰਦੇ ਹਨ। ਪਹਿਲੇ ਹੀ ਟੱਪੇ ਵਿਚ 'ਬਾਣੀਆਂ' ਬਾਰੇ ਇਕ ਵਿਸ਼ੇਸ਼ ਕਿਸਮ ਦੀ ਗੁਸੈਲ ਭਾਵਨਾ ਪ੍ਰਗਟ ਹੁੰਦੀ ਹੈ। ਬਸਤੀਕਾਰ ਜਦੋਂ ਪੰਜਾਬ ਦੀ ਖੇਤੀ ਦਾ ਤਜਾਰਤੀਕਰਨ ਕਰ ਦਿੰਦੇ ਹਨ ਤਾਂ ਖੇਤੀ ਦੇ ਖਰਚੇ, ਮਾਮਲਾ, ਲਗਾਨ ਆਦਿ ਭਾਰੀ ਬੋਝ ਉਸਨੂੰ ਨਕਦੀ ਰੂਪ ਵਿਚ ਉਤਾਰਨ ਲਈ ਬਾਣੀਏ (ਸ਼ਾਹੂਕਾਰ) ਕੋਲ ਹੀ ਜਾਣਾ ਪੈਂਦਾ ਸੀ ਕਿਉਂਕਿ ਪੇਂਡੂ ਭਾਈਚਾਰੇ ਵਿਚ ਕਰਜ਼ ਦਾ ਕੋਈ ਵੀ ਪ੍ਰਾਵਧਾਨ ਨਹੀਂ ਸੀ। ਇਸ ਕਰਜ਼ ਵਿਵਸਥਾ ਵਿਚੋਂ ਲੋਕ ਮਾਨਸਿਕਤਾ ਬਾਣੀਏ ਪ੍ਰਤੀ ਤਿੱਖੀ ਸੁਰ ਵਿਚ ਬੋਲਦੀ ਹੈ। ਬਾਣੀਆ ਵਿਆਜੂ ਪੈਸਾ ਦੇ ਕੇ ਆਪ ਵਿਹਲ ਦੀ ਜ਼ਿੰਦਗੀ ਬਤੀਤ ਕਰਦਾ ਹੈ। ਲੋਕ ਮਾਨਸਿਕਤਾ ਇਸ ਕਰਜ਼ਦਾਰ ਪ੍ਰਕਿਰਿਆ ਵਿਚੋਂ ਬਾਣੀਆਂ ਲਈ ਆਪਣੀ ਗੁਸੈਲ ਭਾਵਨਾ ਪ੍ਰਗਟ ਕਰਦੀ ਹੈ। ਇਸ ਕਰਜ਼ਾਈ ਸਥਿਤੀ ਵਿਚੋਂ ਜੱਟ ਇੱਛਾ ਕਰਦਾ ਹੈ ਕਿ ਕਣਕ ਮਹਿੰਗੀ ਹੋ ਜਾਵੇ। ਪੰਜਾਬ ਤਿਜਾਰਤੀ ਫ਼ਸਲ ਵਜੋਂ ਸਭ ਨਾਲੋਂ ਵਧੇਰੇ ਕਣਕ ਪੈਦਾ ਕਰਦਾ ਸੀ। ਪਰੰਪਰਕ ਪੰਜਾਬੀ ਕਿਸਾਨ ਆਪਣੀ ਫ਼ਸਲ ਵਿਚੋਂ ਚਿੜੀਆਂ-ਜਨੌਰਾਂ ਲਈ, ਰਾਹੀਆਂ-ਪਾਂਧੀਆਂ ਲਈ ਰਿਜ਼ਕ ਦੀ ਕਾਮਨਾ ਕਰਦਾ ਸੀ, ਹੁਣ ਆਪਣੀ ਹੀ ਕਣਕ ਦੇ ਮਹਿੰਗੀ ਹੋਣ ਦੀ ਲੋਚਾ ਕਰ ਰਿਹਾ ਹੈ। ਬਸਤੀਵਾਦ ਨੇ ਪੰਜਾਬੀ ਮਨੁੱਖ ਦੀ ਮਾਨਸਿਕਤਾ ਵਿਚ ਇਹ ਪਰਿਵਰਤਨ ਲਿਆਂਦਾ। ਉਸ ਨੂੰ ਲਗਦਾ ਹੈ ਕਿ ਜੇਕਰ ਕਣਕ ਮਹਿੰਗੀ ਹੋ ਜਾਵੇ ਤਾਂ ਉਸ ਦਾ ਕਰਜ਼ ਖ਼ਤਮ ਹੋ ਜਾਵੇ, ਉਸਦੀ ਸਥਿਤੀ ਬਿਹਤਰ ਹੋ ਜਾਵੇ। ਪਰ ਕਰਜ਼ ਦੀ ਪੰਡ ਲਗਾਤਾਰ ਵਧਦੀ ਜਾਂਦੀ ਹੈ ਅਤੇ ਬਸਤੀਵਾਦ ਪੰਜਾਬ ਨੂੰ ਕੱਚੇ ਮਾਲ ਪੈਦਾ ਕਰਨ ਦਾ ਸਰੋਤ ਬਣਾਈ ਰੱਖਦਾ ਹੈ ਤਾਂ ਹਲ-ਪੰਜਾਲੀ ਦੇ ਵਿਕਣ ਦੀ ਅਤੇ ਕੁਰਕੀ ਹੋਣ ਤੱਕ ਜੋ ਸਥਿਤੀ ਪਹੁੰਚਦੀ ਹੈ, ਉਸ ਸਥਿਤੀ ਵਿਚੋਂ ਹੀ 1900 ਵਿਚ ਬਣਨ ਵਾਲਾ ਗ਼ੈਰ ਕਾਸ਼ਤਰਕਾਰ ਜ਼ਮੀਨ ਨਾ ਖਰੀਦਣ ਦਾ ਕਾਨੂੰਨ ਬਣਦਾ ਹੈ। ਪੰਜਾਬ ਦਾ ਜੱਟ ਬਸਤੀਵਾਦੀ ਪ੍ਰਬੰਧ ਦੇ ਸੰਤਾਪ ਦਾ ਮਾਰਿਆ ਪਹਿਲਾਂ ਮਾਮਲਾ ਉਤਾਰਦਾ ਹੈ, ਉਸ ਦੀਆਂ ਆਪਣੀਆਂ ਇੱਛਾਵਾਂ ਕੋਈ ਮੁੱਲ ਨਹੀਂ ਰੱਖਦੀਆਂ। ਪਰ ਨਿਰੰਤਰ ਬਦਤਰ ਸਥਿਤੀ ਉਸ ਨੂੰ ਪਿੰਡ ਛੱਡਕੇ ਸ਼ਹਿਰ ਮਜ਼ਦੂਰੀ ਲਈ ਜਾਣ ਵਾਸਤੇ ਮਜਬੂਰ ਕਰਦੀ ਹੈ। ਸਵੈ-ਨਿਰਭਰ ਪਿੰਡ ਵਿਚ ਭੰਗ ਭੁੱਜਦੀ ਹੈ ਤੇ ਲਾਚਾਰ ਹੋਇਆ ਪੰਜਾਬੀ ਅਮਰੀਕਾ, ਚੀਨ, ਬਰਮਾਂ, ਵੱਲ ਬੇਵਤਨ ਹੋ ਕੇ ਪਰਵਾਸ ਧਾਰਨ ਕਰਨ ਲੱਗਦਾ ਹੈ। ਅਜੇ ਵੀ ਉਹ ਬਰਮਾਂ ਨੂੰ ਜਾਣ ਸਮੇਂ ਆਪਣੇ ਲੇਖ (ਕਿਸਮਤ) ਵਿਚ ਹੀ ਵਿਸ਼ਵਾਸ਼ ਕਰਦਾ ਹੈ ਜਿਵੇਂ ਜੱਟ ਦੀ ਜੂਨ (ਆਵਾਗਵਣ) ਵਿਚ ਨਾ ਪਾਏ ਜਾਣ ਲਈ ਰੱਬ ਅੱਗੇ ਤਰਲਾ ਕਰ ਰਿਹਾ ਹੈ। ਇਹ ਲੋਕ ਗੀਤ ਇਕ ਪਾਸੇ ਬਸਤੀਵਾਦ ਦੁਆਰਾ ਪੰਜਾਬੀ ਮਨੁੱਖ ਦੀ ਸੰਤਾਪ ਦਿੱਤੀ ਗਈ ਸਥਿਤੀ ਦੇ ਪ੍ਰਤੀਕ ਹਨ, ਦੂਸਰੇ ਪਾਸੇ ਉਸ ਦੀ ਮਾਨਸਿਕਤਾ ਅਤੇ ਬੌਧਿਕਤਾ ਦਾ ਗਿਆਨ ਵੀ ਕਰਵਾਉਂਦੇ ਹਨ। ਇਹ ਮਨੁੱਖ ਪਰੰਪਰਕ ਜ਼ਿੰਦਗੀ ਦੇ ਵਿਸ਼ਵਾਸ਼ਾਂ ਦੇ ਸ਼ਿਕੰਜੇ ਵਿਚ ਜਕੜਿਆ ਹੋਇਆ 'ਕਿਸਮਤ' ਵਿਚ ਵਿਸ਼ਵਾਸ਼ ਕਰਨ ਵਾਲਾ ਆਧੁਨਿਕ ਮਨੁੱਖ ਨਹੀਂ ਹੈ ਸਗੋਂ ਮੱਧਕਾਲ ਵਿੱਚ ਵਿਚਰਦਾ ਮਨੁੱਖ ਹੈ। ਹਕੀਕਤ ਤਾਂ ਇਹ ਹੈ ਕਿ ਬਸਤੀਵਾਦ ਨੇ ਇਸ ਮਨੁੱਖ ਨੂੰ ਮਨੁੱਖ ਹੋਣ-ਥੀਣ ਦੀ ਉਹ ਚੇਤਨਾ ਹੀ ਵਰੋਸਾਣ ਨਹੀਂ ਦਿੱਤੀ ਜਿਸ ਚੇਤਨਾ ਨੇ ਉਸ ਨੂੰ ਇਸ ਜ਼ਿੰਦਗੀ ਦੇ ਅੰਦਰਲੇ ਮਰਮ ਦੱਸਣੇ ਸਨ। ਪੰਜਾਬੀ ਮਨੁੱਖ ਸੋਸ਼ਿਤ ਹੋ ਰਿਹਾ ਪਰੰਤੂ ਉਸ ਨੂੰ ਆਪਣਾ ਸੋਸ਼ਣ 'ਬਾਣੀਏ' ਦੁਆਰਾ ਕੀਤੇ ਜਾਣ ਦੀ ਹੀ ਚੇਤਨਾ ਹੈ। ਉਸ ਪ੍ਰਬੰਧ ਬਾਰੇ ਕੋਈ ਕਨਸੋਅ ਨਹੀਂ ਜਿਸ ਪ੍ਰਬੰਧ ਨੇ ਪੰਜਾਬੀ ਮਨੁੱਖ ਨੂੰ ਆਪਣੀ ਮਾਤ ਭੂਮੀ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬੀ ਮਨੁੱਖ ਦਾ ਕਿਸਾਨੀ ਧੰਦਾ ਜਿਸਨੂੰ ਉਹ ਸਦੀਆਂ ਤੋਂ ਕਰਦਾ ਆ ਰਿਹਾ ਹੈ, ਉਸ ਨੂੰ ਸਭ ਤੋਂ ਬਦਤਰ ਜੂਨ ਮੰਨ ਰਿਹਾ ਹੈ। ਉਹ ਉਸ ਜ਼ਿੰਦਗੀ (ਜੂਨ) ਤੋਂ ਛੁਟਕਾਰਾ ਭਾਲ ਰਿਹਾ ਹੈ। ਛੁਟਕਾਰੇ ਲਈ ਉਹ ਸ਼ਹਿਰ ਜਾਂ ਵਿਦੇਸ਼ੀ ਧਰਤ ਵਲ ਵਧਦਾ ਹੈ। ਸਥਾਪਤ ਪ੍ਰਬੰਧ ਖਿਲਾਫ਼ ਲੜਨ ਦੀ ਨਾ ਉਸ ਕੋਲ ਚੇਤਨਾ ਹੈ ਅਤੇ ਨਾ ਹੀ ਵਿਚਾਰਧਾਰਕ ਹਥਿਆਰ। ਇਹ ਮਾਨਸਿਕ ਅਤੇ ਬੌਧਿਕ ਸਥਿਤੀ ਆਧੁਨਿਕ ਮਨੁੱਖ ਦੀ ਨਹੀਂ ਪੂਰਵ-ਆਧੁਨਿਕ (Pre-Modern) ਮਨੁੱਖ ਦੀ ਹੈ। ਆਧੁਨਿਕ ਮਨੁੱਖ ਕੋਲ ਜ਼ਿੰਦਗੀ ਅਤੇ ਸਮਾਜ ਦਾ ਇਕ ਬਦਲਵਾਂ ਸੰਸਾਰ ਹੁੰਦਾ ਹੈ ਪਰੰਤੂ ਇਸ ਪੰਜਾਬੀ ਮਨੁੱਖ ਕੋਲ ਆਪਣੀ ਹੋਣੀ ਨੂੰ ਸਵੀਕਾਰ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਉਹ ਲਾਚਾਰ, ਨਿਹੱਥਾ ਅਤੇ ਹੋਣੀ ਦੇ ਵੱਸ ਪਿਆ ਮਜਬੂਰ ਮਨੁੱਖ ਹੈ। ਇਸ ਲਈ ਪੰਜਾਬੀ ਲੋਕ-ਪਰੰਪਰਾ ਵਿਚੋਂ ਮਿਲਦੇ ਵੇਰਵੇ ਇਹੋ ਦਰਸਾਉਂਦੇ ਹਨ ਕਿ ਪੰਜਾਬੀ ਬੰਦਾ ਮਾਨਸਿਕ ਅਤੇ ਬੌਧਿਕ ਪੱਧਰ 'ਤੇ ਅਜੇ ਵੀ ਸਾਮੰਤੀ ਅਤੇ ਪਰੰਪਰਕ ਯੁੱਗ ਵਿਚ ਰਹਿ ਰਿਹਾ ਸੀ। ਇਥੇ ਇਸ ਮਹੱਤਵਪੂਰਨ ਪਹਿਲੂ ਉੱਪਰ ਧਿਆਨ ਕੇਂਦਰਿਤ ਰਹਿਣਾ ਚਾਹੀਦਾ ਹੈ ਕਿ ਜਦੋਂ ਸਾਡੇ ਬਹੁਤੇ ਸੋਚਵਾਨ ਇਸ ਧਾਰਨਾ ਨੂੰ ਵਾਰ ਵਾਰ ਦੁਹਰਾਉਂਦੇ ਹਨ ਕਿ ਬਸਤੀਵਾਦ ਦੇ ਆਰੰਭ ਨਾਲ ਹੀ ਆਧੁਨਿਕ ਚੇਤਨਾ ਦਾ ਆਗ਼ਾਜ਼ ਹੋ ਜਾਂਦਾ ਹੈ, ਤਾਂ ਉਹ ਬਸਤੀਵਾਦੀ ਆਧੁਨਿਕਤਾ ਅਤੇ ਵਿਗਿਆਨਕ ਚੇਤਨਾ ਵਿਚ ਇਕ ਭਰਮ ਖੜਾ ਕਰ ਦਿੰਦੇ ਹਨ। ਇਸ ਸਥਿਤੀ ਨੂੰ ਵਧੇਰੇ ਤਰਕਸੰਗਤ ਅਤੇ ਬਾਹਰਮੁਖੀ ਰੂਪ ਵਿਚ ਸਮਝਣ ਦੀ ਜ਼ਰੂਰਤ ਹੈ।

-6-

ਕਿਸੇ ਵੀ ਯੁੱਗ ਵਿਸ਼ੇਸ਼ ਦੀ ਬੌਧਿਕਤਾ ਨੂੰ ਜਾਣਨ ਦਾ ਇਕ ਸਾਧਨ ਉਸ ਯੁੱਗ ਦਾ ਸਾਹਿਤ ਹੁੰਦਾ ਹੈ। ਸਾਹਿਤ ਰਚਨਾ ਲਈ ਵਿੱਦਿਆ ਦਾ ਹੋਣਾ ਜ਼ਰੂਰੀ ਹੁੰਦਾ ਹੈ ਭਾਵੇਂ ਕਿ ਲੋਕ ਸਾਹਿਤ ਬਹੁਤਾ ਪਰੰਪਰਕ ਵਿੱਦਿਆਹੀਣ ਲੋਕਾਂ ਦੀ ਰਚਨਾ ਹੈ। ਲੋਕ ਸਾਹਿਤ ਵਿਚ ਇਸੇ ਕਰਕੇ ਇਕ ਤੋਂ ਵਧੇਰੇ ਪਾਠ ਬਣ ਜਾਂਦੇ ਹਨ। ਸਾਹਿਤ ਆਪਣੇ ਯੁੱਗ ਵਿਸ਼ੇਸ਼ ਦਾ ਗਿਆਨ ਕਰਵਾਉਣ ਦੀ ਸਮਰੱਥਾ ਰੱਖਦਾ ਹੈ ਕਿਉਂਕਿ ਸਾਹਿਤ ਸਿੱਧੇ ਤੌਰ 'ਤੇ ਲੋਕਾਈ ਨਾਲ ਜੁੜਿਆ ਹੁੰਦਾ ਹੈ। ਇਸ ਕਰਕੇ ਸਾਹਿਤ ਜੇ ਬਹੁਤ ਹੀ ਸਪੱਸ਼ਟ ਰੂਪ ਵਿਚ ਨਹੀਂ ਤਾਂ ਸੰਕੇਤਾਂ ਅਤੇ ਇਸ਼ਾਰਿਆਂ ਦੀ ਭਾਸ਼ਾ ਵਿਚ ਫਿਰ ਵੀ ਆਪਣੇ ਯੁੱਗ-ਵਿਸ਼ੇਸ਼ ਦੀ ਝਲਕ ਦੇ ਦਿੰਦਾ ਹੈ। ਸਾਹਿਤ ਦਾ ਮਸਲਾ ਵਿੱਦਿਆ ਜਾਂ ਅੱਖਰ-ਬੋਧ ਨਾਲ ਸੰਬੰਧਿਤ ਹੁੰਦਾ ਹੈ ਪਰੰਤੂ ਬਸਤੀਵਾਦੀ ਸਿੱਖਿਆ ਨੀਤੀ ਦਾ ਮਕਸਦ ਆਮ ਲੋਕਾਂ ਨੂੰ ਅੱਖਰ-ਬੋਧ ਜਾਂ ਗਿਆਨ ਦੇਣਾ ਨਹੀਂ ਸੀ। ਇਸੇ ਕਰਕੇ 1911 ਤੱਕ ਕੁੱਲ ਭਾਰਤੀ ਵਸੋਂ ਵਿਚ 94 ਪ੍ਰਤੀਸ਼ਤ ਲੋਕ ਅੱਖਰ ਬੋਧ ਤੋਂ ਮਹਿਰੂਮ ਸਨ।

ਪੰਜਾਬੀ ਸਾਹਿਤ ਪਰੰਪਰਾ ਉਪਰ ਜਦੋਂ ਨਜ਼ਰ ਮਾਰਦੇ ਹਾਂ ਤਾਂ ਇਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ 19ਵੀ ਸਦੀ ਦਾ ਸਾਹਿਤ ਵਧੇਰੇ ਕਰਕੇ ਪਰੰਪਰਾਗਤ ਰੂਪਾਂ ਵਿਚ ਹੀ ਮਿਲਦਾ ਹੈ। ਬਸਤੀਵਾਦੀ ਰਾਜ-ਕਾਲ ਦੌਰਾਨ ਵੀ ਪਰੰਪਰਕ ਰੂਪ ਕਿੱਸਾ, ਰਾਮ ਕਾਵਿ, ਕ੍ਰਿਸ਼ਨ ਕਾਵਿ ਆਦਿ ਮਿਲਦਾ ਹੈ। ਬਸਤੀਵਾਦ ਦੇ ਆਉਣ ਬਾਅਦ ਬਸਤੀਵਾਦ ਦੇ ਖਿਲਾਫ਼ ਤਲਖ ਅਤੇ ਆਲੋਚਨਾਤਮਕ ਪਹਿਲੀ ਰਚਨਾ ਸ਼ਾਹ ਮੁਹੰਮਦ ਦਾ 'ਜੰਗਨਾਮਾ ਸਿੰਘਾਂ ਤੇ ਫਰੰਗੀਆਂ' ਹੈ। ਇਸ ਜੰਗਨਾਮੇ ਵਿਚ ਸਭ ਨਾਲੋਂ ਵਧੇਰੇ ਤਿੱਖੇ ਰੂਪ ਵਿਚ ਸ਼ਾਹ ਮੁਹੰਮਦ ਦਾ ਪੰਜਾਬ ਵਿਚ ਘਟੀਆਂ ਨੇੜ-ਸਮਕਾਲ ਦੀਆਂ ਘਟਨਾਵਾਂ ਹਨ। ਇਸ ਉਪਰੰਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸੰਬੰਧੀ ਇਤਿਹਾਸਕ ਮਹੱਤਤਾ ਵਾਲੀ ਇਸ ਪੱਧਰ ਦੀ ਕੋਈ ਲਿਖਤ ਨਹੀਂ ਮਿਲਦੀ। ਸ਼ਾਹ ਮੁਹੰਮਦ ਬਸਤੀਵਾਦ ਵਿਰੋਧੀ ਪਹਿਲਾ ਕਾਵਿਕ ਪ੍ਰਤਿਉੱਤਰ ਸਿਰਜਣ ਵਾਲਾ ਰਚਨਾਕਾਰ ਹੈ। ਉਸਦੇ ਤਿੱਖੇ ਤੇਵਰਾਂ ਵਿਚ ਰਣਜੀਤ ਸਿੰਘ ਦੇ ਰਾਜ ਗੁਆਚ ਜਾਣ ਦੀ ਵੇਦਨਾ ਵੀ ਹੈ, ਬਸਤੀਕਾਰਾਂ ਦੁਆਰਾ ਕੀਤੀ ਜਾਣ ਵਾਲੀ ਅੰਨ੍ਹੀ ਲੁੱਟ ਦਾ ਸ਼ਿਕਵਾ ਵੀ ਹੈ ਅਤੇ ਪੰਜਾਬ ਵਿਚ ਹਿੰਦੂ-ਮੁਸਲਮਾਨਾਂ ਦੀ ਸਾਂਝ ਗੁਆਚ ਜਾਣ ਦਾ ਖਦਸ਼ਾ ਵੀ ਹੈ। ਜਿਹੜਾ ਛੇਤੀ ਹੀ ਬਾਅਦ ਪੁਨਰ ਜਾਗਰਨ ਦੀਆਂ ਲਹਿਰਾਂ ਵਿਚ ਉਦੈ ਹੋਣ ਲੱਗ ਪੈਂਦਾ ਹੈ।


ਰੱਬ ਚਾਹੇ ਤਾਂ ਕਰੇਗਾ ਮੇਹਰਬਾਨੀ
ਹੋਇਆ ਸਿੰਘਾਂ ਦਾ ਕੰਮ ਅਰਾਸਤਾ ਈ।
ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ
ਉਨ੍ਹਾਂ ਨਾਲ ਨਾ ਕਿਸੇ ਦਾ ਵਾਸਤਾ ਈ
ਸ਼ਾਹ ਮੁਹੰਮਦਾ ਦੌਲਤਾਂ ਜਮ੍ਹਾਂ ਕਰਦਾ
ਸ਼ਾਹੂਕਾਰਾਂ ਦਾ ਪੁੱਤ ਗੁਮਾਸ਼ਤਾ ਈ।
34

ਸ਼ਾਹ ਮੁਹੰਮਦ ਤੇ ਤਿੱਖੇ ਤੇਵਰਾਂ ਵਾਲੀ ਰਚਨਾ ਵਰਗੀ ਜੇ ਕੋਈ ਹੋਰ ਰਚਨਾ ਨਹੀਂ ਦਿਖਾਈ ਦਿੰਦੀ ਤਾਂ ਉਸ ਦੇ ਕਾਰਨ ਬਸਤੀਵਾਦੀ ਸਖ਼ਤ ਪ੍ਰਬੰਧ ਅੰਦਰ ਪਏ ਹਨ। 1849 ਤੋਂ ਬਾਅਦ ਬਸਤੀਕਾਰ ਪੰਜਾਬ ਵਿਚ ਭਾਈ ਮਹਾਰਾਜ ਸਿੰਘ, ਬਾਬਾ ਬਿਕਰਮਾ ਸਿੰਘ ਬੇਦੀ, ਨਾਮਧਾਰੀ ਲਹਿਰ ਅਤੇ ਫਿਰ 1857 ਵਿਚ ਪੂਰੇ ਭਾਰਤ ਦਾ ਵਿਦਰੋਹ ਉਨ੍ਹਾਂ ਨੂੰ ਇਹ ਸਿਖਾ ਦਿੰਦਾ ਹੈ ਕਿ ਜੇਕਰ ਉਨ੍ਹਾਂ ਨੇ ਭਾਰਤ ਨੂੰ ਕਬਜ਼ੇ ਹੇਠ ਰੱਖਣਾ ਹੈ ਤਾਂ ਬਹੁਤ ਸਖ਼ਤ ਕਾਨੂੰਨ ਦੀ ਜ਼ਰੂਰਤ ਹੈ। ਬਸਤੀਕਾਰ ਹਿੰਦੁਸਤਾਨ ਨੂੰ ਆਪਣੇ ਕਬਜ਼ੇ ਵਿਚ ਰੱਖਣ ਦੀ ਅੰਤਰਰਾਸ਼ਟਰੀ ਅਹਿਮੀਅਤ ਤੋਂ ਭਲੀਭਾਂਤ ਜਾਣੂ ਸਨ। ਭਾਰਤ ਆਪ ਜਿੱਥੇ ਬੇਸ਼ੁਮਾਰ ਦੌਲਤ ਲੁੱਟਣ ਦਾ ਬਸਤੀਕਾਰਾਂ ਲਈ ਸਰੋਤ ਸੀ, ਉਥੇ ਏਸ਼ੀਆ ਦੇ ਵੱਡੇ ਸਰੋਤਾਂ ਤੱਕ ਪਹੁੰਚ ਵੀ ਇਸੇ ਰਾਹੀਂ ਹੀ ਸੰਭਵ ਬਣਦੀ ਸੀ। ਇਸ ਗੱਲ ਦੀ ਮਹੱਤਤਾ 1898 ਵਿਚ ਲਾਰਡ ਕਰਜ਼ਨ ਦੇ ਕਹੇ ਸ਼ਬਦ ਦੱਸ ਦਿੰਦੇ ਹਨ, ''ਭਾਰਤ ਸਾਡੀ ਸਲਤਨਤ ਦੀ ਚੂਲ ਹੈ। ਜੇ ਸਲਤਨਤ ਕੋਲੋਂ ਆਪਣੇ ਰਾਜ ਦਾ ਕੋਈ ਹਿੱਸਾ ਖੁੱਸ ਜਾਵੇ ਤਾਂ ਅਸੀਂ ਜਿਊਦੇ ਰਹਿ ਸਕਦੇ ਹਾਂ, ਪਰ ਜੇ ਸਾਡੇ ਕੋਲੋਂ ਹਿੰਦੁਸਤਾਨ ਖੁੱਸ ਜਾਏ ਤਾਂ ਸਾਡੀ ਸਲਤਨਤ ਦਾ ਸੂਰਜ ਵੀ ਅਸਤ ਹੋ ਜਾਏਗਾ।''35 1857 ਦੇ ਵਿਦਰੋਹ ਉਪਰੰਤ ਬਸਤੀਕਾਰਾਂ ਅੰਦਰ ਜੋ ਦਹਿਸ਼ਤ ਅਤੇ ਡਰ ਪੈਦਾ ਹੋਇਆ ਸੀ, ਉਸ ਡਰ ਵਿਚੋਂ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਏ ਗਏ। ਬੋਲਣ ਅਤੇ ਲਿਖਣ ਉੱਪਰ ਵਿਸ਼ੇਸ਼ ਧਿਆਨ ਦਿੱਤਾ ਗਿਆ। ਪਛੜੇ ਅਤੇ ਪਰੰਪਰਕ ਸਮਾਜ ਵਿਚ ਅਜਿਹੇ ਕਾਨੂੰਨ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੰਦੇ ਹਨ। ਇਹੋ ਕਾਰਨ ਹੈ ਕਿ ਬਸਤੀਕਾਰਾਂ ਖਿਲਾਫ਼ ਉਸ ਦੌਰ ਦੀਆਂ ਬਹੁਤੀਆਂ ਲਿਖਤਾਂ ਨਹੀਂ ਮਿਲਦੀਆਂ। ''ਸੰਨ 1867 ਦੇ ਕਾਨੂੰਨ ਤਹਿਤ ਮੁਦਰਣ ਅਤੇ ਪ੍ਰਕਾਸ਼ਨ ਦੀ ਪੂਰੀ ਪ੍ਰਕਿਰਿਆ ਉੱਪਰ ਸਰਕਾਰੀ ਨਿਯੰਤਰਣ ਬਹੁਤ ਵਧ ਗਿਆ। 1857 ਦੇ ਵਿਦਰੋਹ ਦੇ ਪੱਖ ਵਿਚ ਕੁਝ ਵੀ ਲਿਖਕੇ ਛਪਵਾਉਣਾ ਅਸੰਭਵ ਹੋ ਗਿਆ ਸੀ। 1870 ਵਿਚ 1867 ਦੇ ਕਾਨੂੰਨ ਵਿਚ ਇਕ ਧਾਰਾ ਹੋਰ ਜੋੜੀ ਗਈ ਜਿਸ ਵਿਚ ਅਸੰਤੋਸ਼ ਫੈਲਾਉਣ ਵਾਲੇ ਨੂੰ ਰਾਜਧੋ੍ਰਹ ਐਲਾਨ ਕੀਤਾ ਗਿਆ। ਇਸ ਦਾ ਸਹਾਰਾ ਲੈ ਕੇ ਅਨੇਕ ਲੇਖਕਾਂ ਤੇ ਪ੍ਰਕਾਸ਼ਨਾਂ ਨੂੰ ਜਬਤ ਕੀਤਾ ਗਿਆ। ਫਿਰ 1898 ਵਿਚ ਇਕ ਹੋਰ ਸਖ਼ਤ ਕਾਨੂੰਨ ਬਣਾਇਆ ਗਿਆ। ਇਸ ਕਾਨੂੰਨ ਵਿਚ ਜਮਾਤੀ ਘਿਰਣਾ ਫੈਲਾਉਣ ਨੂੰ ਵੀ ਸਜ਼ਾਯੋਗ ਐਲਾਨ ਦਿੱਤਾ ਗਿਆ।''36

1857 ਵਿਚ ਵਾਪਰੇ ਵਿਦਰੋਹ ਬਾਰੇ ਜਿਸ ਵਿਚ ਰਿਆਸਤੀ ਪੰਜਾਬ ਦੇ ਰਾਜਿਆਂ ਨੇ ਬਸਤੀਕਾਰਾਂ ਦੀ ਰੱਜ ਕੇ ਮੱਦਦ ਕੀਤੀ ਸੀ, ਦੇ ਬਾਵਜੂਦ ਪੰਜਾਬ ਦੇ ਆਮ ਲੋਕਾਂ ਨੇ ਵਿਦਰੋਹੀਆਂ ਦਾ ਸਾਥ ਦਿੱਤਾ ਸੀ। ਉਸ ਸੰਬੰਧੀ ਸਾਡੇ ਕੋਲ ਕੁਝ ਬਾਰ ਦੇ ਢੋਲੇ ਹਨ ਅਤੇ ਸੰਖਿਪਤ ਰੂਪ ਵਿਚ ਇਕ ਅਗਿਆਤ ਕਵੀ ਦੀ 'ਗ਼ਦਰ ਦੀ ਵਾਰ' ਹੈ। ਖਜ਼ਾਨ ਸਿੰਘ ਦਾ 'ਜੰਗਨਾਮਾ ਦਿੱਲੀ' ਰਿਆਸਤੀ ਰਾਜ ਅਤੇ ਉਸ ਸਮੇਂ ਤੱਕ ਬਣ ਚੁੱਕੀ ਸਿੱਖ ਮਾਨਸਿਕਤਾ ਦੀ ਵਿਚਾਰਧਾਰਕ ਦ੍ਰਿਸ਼ਟੀ ਬਿਨਾਂ ਕਿਸੇ ਵੀ ਸਾਹਿਤ ਦੀ ਕੋਈ ਸੂਹ ਨਹੀਂ ਮਿਲਦੀ। ਇਸ ਦੇ ਕਿੰਨੇ ਹੋਰ ਵੀ ਇਤਿਹਾਸਕ ਕਾਰਨ ਹੋਣ, ਪਰੰਤੂ ਬਸਤੀਵਾਦ ਨੇ ਅਜਿਹੀ ਦਹਿਸ਼ਤ ਅਤੇ ਵਹਿਸ਼ਤ ਉਤਪੰਨ ਕਰ ਦਿੱਤੀ ਸੀ ਕਿ ਖੁੱਲ੍ਹ ਕੇ ਕੋਈ ਵੀ ਆਪਣੀ ਭਾਵਨਾ ਜਾਂ ਪ੍ਰਤੀਰੋਧ ਪੇਸ਼ ਨਹੀਂ ਕਰ ਰਿਹਾ ਸੀ। ਇਸ ਦਹਿਸ਼ਤ ਦੇ ਪ੍ਰਮਾਣ ਸਾਨੂੰ ਲੋਕ ਰੰਗ ਦੇ ਸਾਹਿਤਕਾਰਾਂ ਵਿਚੋਂ ਮਿਲ ਜਾਂਦੇ ਹਨ। ਕਰਤਾਰ ਸਿੰਘ ਸ਼ਮਸ਼ੇਰ ਨੇ ਇਕ ਸ਼ਾਇਰ 'ਨੂਰਾ ਨਹੰਗ' ਜੋ ਰਣਜੀਤ ਸਿੰਘ ਕਾਲ ਅਤੇ ਬਸਤੀਵਾਦ ਰਾਜ-ਕਾਲ ਦੇ ਦੌਰ ਦਾ ਹੀ, ਉਸ ਦੀ ਰਚਨਾ ਨੂੰ ਲੋਕ ਰੰਗ ਦੇ ਰੂਪ ਵਿਚ ਸੰਪਾਦਤ ਕੀਤਾ ਹੈ। ਉਸ ਦੀ ਸ਼ਾਇਰੀ ਵਿਚੋਂ ਬਸਤੀਵਾਦ ਦੀ ਇਸ ਦਹਿਸ਼ਤ ਦੇ ਕੁਝ ਨਕਸ਼ਾਂ ਦੀ ਪਛਾਣ ਹੁੰਦੀ ਹੈ : - 

-    ਜਦੋਂ ਲੱਥਾ ਫਰੰਗੀ ਟੋਪੀ ਆਲਾ, ਨੰਦਣ ਵਲੈਤਾਂ ਤੂੰ ਆਕੇ 
    ਫਰੰਗੀ ਕੱਢੀਆਂ ਨਾਹਿਰਾਂ 
-    ਬਾਰਾਂ ਵਸੈਂਦਾ ਏ ਪੋਤਰ ਮਸੀਹ ਦਾ ਪਾਣੀ ਵੀ ਪੱਤਣਾਂ ਤੂੰ ਲਾਕੇ। 
-    ਫਰੰਗੀ ਦੀਆਂ ਦੂਰ ਬਲਾਈਂ 
-    ਅਲਾ ਦੀਆਂ ਅਲਾ ਨੂੰ ਮਲੂਮ ਨਥਾਂ ਵੀ ਰੱਖਦਾ ਏ ਰਾਠਾਂ ਨੂੰ ਪਾ ਕੇ
-    ਖ਼ੂਨ ਦਾ ਬਦਲਾ ਖ਼ੂਨ ਚੁਕਾਇਆ ਸੂ 
- ਸਤੋਂ ਬੁਸਾਲ ਤੂੰ ਪਿਛੋਂ 
-    ਨਾਬੂ ਤੇ ਗਾਹਣੇ ਨੂੰ ਟੰਗਿਆ ਨੇ ਗਲ ਰੱਸਾ ਵੀ ਰੇਸ਼ਮ ਦਾ ਪਾ ਕੇ
-    ਅੰਗ੍ਰੇਜ਼ ਔਲਾਦ ਅਸੀਲ ਦੀ ਕਿਰਾਂਦ ਕਾਂਦੂ ਨੂੰ ਡਰ ਨ ਕਾਈ 
-    ਅੰਗੇ੍ਰਜ਼ਾਂ ਕੱਢੀਆਂ ਨੁ ਨਾਹਿਰਾਂ, ਢਾਲਾ ਲੈਂਦਾ ਢਾਲ ਛਮਾਹੀ 
    ਮੁਲਖਾਂ ਦਾ ਮੁਲਖ ਵਟਲਾ ਕੀਤਾ ਨੇ, ਨਾਲ ਸਫ਼ਾਈ
-    ਉੱਚਾ ਕੋਟ ਲਾਹੌਰ ਦਾ, ਜੈਂਦੀ ਸ਼ਾਨ ਨਿਆਰੀ
-    ਚੜਤਲਾਂ ਵਾਹ ਫਰੰਗੀ ਦੀਆਂ, ਲਾ ਕੇ ਰੱਖਦਾ ਏ ਰੋਜ਼ ਕਚਾਹਰੀ 
-    ਰਾਠਾਂ ਨੂੰ ਜੰਜ਼ੀਰ ਮਾਰਿਆ ਨੀ 
-    ਡਾਕੂਆਂ ਨੂੰ ਬੇੜੀਆਂ ਹੱਥਕੜੀਆਂ
-    ਖਲਾ ਏ ਪਾਣੀ ਤੋਂ ਵਖ ਦੁਧ ਨਤਾਰੀ
-    ਸ਼ੀਂਹ ਬਕਰੀ ਹਿਕੇ ਘਾਟ ਪਾਣੀ ਪਲਿਆ ਨੀ
-    ਨੱਕ ਨਕੇਲਾਂ ਉਤੂੰ ਰੱਖਦਾ ਏ ਡਾਂਗ ਉਲਾਰੀ।37


ਨੂਰਾ ਨਹੰਗ ਦੀ ਕਵਿਤਾ ਵਿਚੋਂ ਸਿੱਖਾਂ ਅਤੇ ਫਰੰਗੀਆਂ ਦੀ ਮੁਲਤਾਨ ਅਤੇ ਚੇਲਿਆਂਵਾਲੀ ਜੰਗ ਦੇ ਨਕਸ਼ ਵੀ ਮਿਲਦੇ ਹਨ ਪਰੰਤੂ ਫਰੰਗੀ ਦੀ ਜਿੱਤ ਉਪਰੰਤ ਪੰਜਾਬ ਅੰਦਰ ਭੈਅ ਅਤੇ ਡਰ ਦੇ ਨਕਸ਼ਾਂ ਵਾਲੀ ਉਪਰੋਕਤ ਕਵਿਤਾ ਵਿਚੋਂ ਬਸਤੀਕਾਰਾਂ ਦੁਆਰਾਂ ਰਾਠਾਂ ਨੂੰ ਨੱਥ ਪਾ ਕੇ ਰੱਖਣ ਦਾ ਅਤੇ ਖ਼ੂਨ ਦਾ ਬਦਲਾ ਖ਼ੂਨ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਬਸਤੀਕਾਰਾਂ ਨੇ ਫਾਂਸੀਆਂ ਤੱਕ ਦੇ ਕੇ ਲੋਕ ਮਨਾਂ ਵਿਚ ਕਿਵੇਂ ਦਹਿਸ਼ਤ ਭਰ ਦਿੱਤੀ ਸੀ। 'ਸ਼ੀਂਹ ਬਕਰੀ ਹਿਕੇ ਘਾਟ ਪਾਣੀ ਪਲਿਆ' ਦੀ ਕਾਵਿ ਉਕਤੀ ਜਬਰ, ਆਤੰਕ ਅਤੇ ਦਹਿਸ਼ਤ ਰਾਹੀਂ ਪੈਦਾ ਕੀਤੀ ਸ਼ਾਂਤੀ ਅਤੇ 'ਉਤੂੰ ਰੱਖਦਾ ਏ ਡਾਂਗ ਉਲਾਰੀ' ਸੱਤਾ ਦੀ ਸ਼ਕਤੀ ਅਤੇ ਜਬਰ ਦਾ ਸ਼ਕਤੀਸ਼ਾਲੀ ਚਿਹਨ ਹੈ। ਦੂਸਰਾ ਬਸਤੀਕਾਰ ਨਹਿਰਾਂ ਕੱਢ ਕੇ ਹਰ ਛਿਮਾਹੀ ਢਾਲਾ ਲੈ ਕੇ ਸਫ਼ਾਈ ਨਾਲ ਕੀਤੀ ਜਾਣ ਵਾਲੀ ਲੁੱਟ ਦਾ ਪ੍ਰਗਟਾਵਾ ਵੀ ਹੈ। 

'ਨੂਰਾ ਨਹੰਗ' ਦੀ ਕਵਿਤਾ ਤੋਂ ਪੰਜਾਬੀ ਮਾਨਸਿਕਤਾ ਬਾਰੇ ਜੋ ਸੰਕੇਤ ਮਿਲਦਾ ਹੈ ਕਿ ਬਸਤੀਕਾਰਾਂ ਨੇ ਜ਼ੋਰ ਅਤੇ ਜਬਰ ਨਾਲ ਪੰਜਾਬ ਨੂੰ ਹਥਿਆ ਕੇ ਆਪਣੀ ਸੱਤਾ, ਆਤੰਕ ਅਤੇ ਦਹਿਸ਼ਤ ਨਾਲ ਲੋਕ ਮਨ ਵਿਚ ਖੌਫ਼ ਪੈਦਾ ਕਰ ਦਿੱਤਾ। ਲੋਕ ਫਰੰਗੀ ਦੇ ਖਿਲਾਫ਼ ਲੜਦੇ ਹਨ ਪਰੰਤੂ ਉਸ ਦੀ ਜਿੱਤ ਉਪਰੰਤ ਬੁਰੀ ਤਰ੍ਹਾਂ ਕੁਚਲੇ ਜਾਂਦੇ ਹਨ ਅਤੇ 'ਤਰੱਕੜਿਆਂ ਰਹਣਾ ਓ ਮੀਆਂ ਨੂਰਾ' ਨੂੰ ਸਵੀਕਾਰ ਕਰ ਲੈਂਦੇ ਹਨ।

ਪੰਜਾਬੀ ਕਵਿਤਾ ਆਪਣੇ ਪਰੰਪਰਕ ਵਹਾ ਵਿਚ ਤੁਰਦੀ ਹੋਈ 1850 ਤੋਂ ਬਾਅਦ ਆਪਣਾ ਮੁਹਾਣ ਉਸੇ ਤਰ੍ਹਾਂ ਬਣਾਈ ਰੱਖਦੀ ਹੈ। ਇਸ ਮੁਹਾਣ ਵਿਚ ਪਰੰਪਰਾਗਤ ਕਿੱਸੇ, ਅਧਿਆਤਮਕ ਰੰਗਤ ਆਦਿ ਦਾ ਪ੍ਰਭਾਵ ਪ੍ਰਮੁੱਖ ਤੌਰ 'ਤੇ ਬਣਿਆ ਰਹਿੰਦਾ ਹੈ। ਈਸ਼ਰਦਾਸ ਜਦੋਂ ਰੇਲ ਬਾਰੇ ਲਿਖਦਾ ਹੈ ਤਾਂ ਆਪਣੀ ਪਰੰਪਰਾ ਅਨੁਸਾਰ ਕਬਿੱਤ ਵਿਚ ਹੀ 'ਕਿੱਸਾ ਰੇਲ ਦਾ' ਲਿਖਦਾ ਹੈ। ਇਸ ਕਿੱਸੇ ਦਾ ਪੰਜਾਬੀ ਬੌਧਿਕਤਾ ਨਾਲ ਬਹੁਤ ਨੇੜੇ ਦਾ ਸੰਬੰਧ ਹੈ। ਰੇਲ ਜੋ ਆਧੁਨਿਕ ਸੰਦ-ਸਾਧਨ ਹੈ, ਈਸ਼ਰ ਦਾਸ ਉਸ ਨੂੰ ਪੌਰਾਣਿਕ ਕਰਾਮਤ ਵਾਂਗ ਹੀ ਚਿਤਰਣ ਰਿਹਾ ਹੈ। ਈਸ਼ਰਦਾਸ ਨੇ ਮਹਾਰਾਣੀ ਵਿਕਟੋਰੀਆ ਨੂੰ 'ਤ੍ਰਿਜਟ' ਦੇ ਰੂਪ ਵਿਚ ਚਿੱਤਵ ਕੇ ਮਾਤਾ ਸੀਤਾ ਨਾਲ ਉਸ ਪੌਰਾਣਿਕ ਕਥਾ ਨਾਲ ਮੇਲ ਦਿੱਤਾ ਜਿਸਦੇ ਅਰਥ ਵਿਗਿਆਨਕ ਜਾਂ ਆਧੁਨਿਕ ਨਹੀਂ ਸਗੋਂ ਮਿਥਿਹਾਸਕ ਅਤੇ ਅਧਿਆਤਮਕ ਹਨ। ਇਥੋਂ ਇਹੋ ਸੰਕੇਤ ਮਿਲਦਾ ਹੈ ਕਿ ਪੰਜਾਬੀ ਬੌਧਿਕਤਾ ਅਜੇ ਵੀ ਉਸ ਅਧਿਆਤਮਕ ਸੰਸਾਰ ਨਾਲ ਹੀ ਵਾਹ-ਵਾਸਤਾ ਰੱਖਦੀ ਹੈ ਜਿਸ ਦਾ ਵਿਗਿਆਨਕ ਚੇਤਨਾ ਨਾਲ ਕੋਈ ਵਾਸਤਾ ਨਹੀਂ। 'ਰੇਲ ਗੱਡੀ' ਉਸਨੂੰ ਵਿਗਿਆਨ ਦੀ ਕਾਢ ਨਹੀਂ ਸਗੋਂ 'ਰਾਜਿਆਂ ਦਾ ਕਲੋਲ' ਹੀ ਪ੍ਰਤੀਤ ਹੁੰਦਾ ਹੈ।

ਰਾਜਿਆਂ ਦੇ ਚੋਜ਼ ਰੋਜ਼ ਨਵੇਂ ਰਸ ਭੋਗਦੇ ਹੈਂ
ਅਕਲ ਦੇ ਜ਼ੋਰ ਲੱਖ ਹੁਨਰ ਬਣਾਉਂਦੇ
ਗੱਡੀਆਂ ਬਣਾਇ ਮੇਲ ਖੇਲਦੇ ਕਲੋਲ ਕਰ
ਬੈਠਕੇ ਸਿੰਘਾਸਣਾਂ ਤੇ ਹੁਕਮ ਚਲਾਉਂਦੇ
ਵਿੱਦਿਆ ਤੇ ਸ਼ਕਲ ਅਕਲ ਅੰਗਰੇਜ਼ ਵਿਚ
ਅੱਖਰਾਂ ਦੇ ਹੀਣ ਨੂੰ ਪਸੰਦ ਨਾ ਲਿਆਉਂਦੇ
ਹਰਨਕੱਸ਼ਪ ਹਰਨਾਕਸ਼ ਹੁਕਮ ਹੱਥ
ਲੈ ਕੇ ਵਰ ਸ਼ਿਵਜੀ ਤੇ ਅਮਰ ਕਹਾਉਂਦੇ।
38

ਡਾ ਹਰਿਭਜਨ ਸਿੰਘ ਦੇ ਅਨੁਸਾਰ, ''ਓਨ੍ਹੀਵੀਂ ਸਦੀ ਦਾ ਪੰਜਾਬੀ ਸਾਹਿਤ ਮੈਨੂੰ ਪੂਰਵਲੀਆਂ ਸਦੀਆਂ ਵਿਚ ਰਚੇ ਸਾਹਿਤ ਦਾ ਵਿਸਤਾਰ ਪ੍ਰਤੀਤ ਹੋਇਆ ਹੈ। ਰਚਨਾਕਾਰ ਆਪਣੇ ਮੂਲ ਸੋਮਿਆਂ ਨਾਲ ਜੁੜੇ ਰਹੇ ਹਨ। ਅਲੋਕਾਰ ਤੌਰ 'ਤੇ ਨਵੀਨ ਹੋਣ ਦਾ ਸ਼ੌਕ ਉਹਨਾਂ ਨਹੀਂ ਪਾਲਿਆ। ਉਹਨਾਂ ਬਹੁਤ ਕੁਝ ਨਵਾਂ ਰਚਿਆ, ਪਰ ਪ੍ਰਾਪਤ ਲੀਹਾਂ 'ਤੇ।''39 ਡਾ. ਹਰਿਭਜਨ ਸਿੰਘ ਦਾ ਇਹ ਕਥਨ ਬਿਲਕੁਲ ਠੀਕ ਹੈ। ਇਸ ਦੇ ਨਾਲ ਹੀ ਉਸਦਾ ਕਹਿਣਾ ਕਿ ਪੰਜਾਬੀਆਂ ਦੀ ਮੂਲ ਪ੍ਰੇਰਨਾ 'ਧਰਮ ਭਾਵਨਾ' ਰਹੀ ਹੈ, ਇਹ ਵੀ ਠੀਕ ਹੈ। ਪਰੰਤੂ ਬਸਤੀਕਾਰਾਂ ਦੇ ਆਗਮਨ, ਉਨ੍ਹਾਂ ਦੁਆਰਾ ਸਮਾਜੀ-ਆਰਥਿਕ ਸੰਬੰਧਾਂ ਵਿਚ ਕੀਤੇ ਗਏ ਗੁਣਾਤਮਕ ਬਦਲਾਓ, ਬਸਤੀਵਾਦੀ ਸੱਤਾ ਦਾ ਜਬਰ, ਬਸਤੀਕਾਰਾਂ ਦੁਆਰਾ ਪੰਜਾਬੀ ਮਾਨਸਿਕਤਾ ਉੱਪਰ ਕਾਨੂੰਨ ਅਤੇ ਸਜ਼ਾ ਰਾਹੀਂ ਪੈਦਾ ਕੀਤੇ ਦਬਾਓ ਵਿਚੋਂ ਪੈਦਾ ਹੋਣ ਵਾਲੇ ਸਾਹਿਤ ਨੂੰ ਡਾ. ਹਰਿਭਜਨ ਸਿੰਘ ਪਰੰਪਰਾਗਤ ਰੂਪ ਵਿਚ ਹੀ ਲੈਂਦਾ ਹੈ। ਸਾਹਿਤਕਾਰ ਦੇ ਆਪਣੇ ਯੁੱਗ ਵਿਸ਼ੇਸ਼ ਦੇ ਦਬਾਓ, ਦਬਾਵਾਂ ਤੋਂ ਪਲਾਇਨ, ਦਬਾਵਾਂ ਤੋਂ ਪ੍ਰਤੀਰੋਧ ਉਸ ਦੀ ਰਚਨਾ ਅੰਦਰ ਸਮਾਏ ਹੁੰਦੇ ਹਨ। ਸਾਹਿਤਕਾਰ ਆਪਣੇ ਯੁੱਗ ਵਿਸ਼ੇਸ਼ ਤੋਂ ਨਿਰਲੇਪ ਹੋ ਕੇ ਵਿਚਰ ਹੀ ਨਹੀਂ ਸਕਦਾ। ਉਨੀਵੀਂ ਸਦੀ ਦੇ ਪਿਛਲੇ ਅੱਧ ਦੇ ਸਮੇਂ ਦੇ ਸਾਹਿਤ ਵਿਚੋਂ ਮਿਲਦੇ ਸੰਕੇਤ ਇਹ ਪ੍ਰਮਾਣਿਤ ਕਰ ਦਿੰਦੇ ਹਨ ਕਿ ਬਸਤੀਵਾਦ ਪ੍ਰਤੀ ਪੰਜਾਬੀ ਮਾਨਸਿਕਤਾ ਅਤੇ ਬੋਧ ਦ੍ਰਿਸ਼ਟੀ ਕੀ ਸੀ।

ਕਿਸ਼ਨ ਸਿੰਘ ਆਰਿਫ਼ : -
ਏਸ ਸਮੇਂ ਦੇ ਵਿਚ ਹੈ ਖ਼ੂਬ ਰਾਜ ਅੰਗਰੇਜ਼
ਹਾਸਲ ਹੁਕਮ ਬਣਾਇਆ ਹਰ ਪਾਸੇ ਤਪ ਤੇਜ਼
ਜ਼ੁਲਮ ਨਾ ਕੋਈ ਕਰ ਸਕੇ, ਨਾ ਕੋਈ ਸਖ਼ਤ ਸਤੇਜ
ਸੂਲੀ ਦੇਵਣ ਪਕੜ ਕੇ ਜੋ ਹੋਵੇ ਖੂੰਰੇਜ਼
ਖੁਲ੍ਹੇ ਰੰਗ ਜਹਾਨ ਵਿਚ ਜਿਉਂ ਰੰਗਣ ਰੰਗਰੇਜ਼
ਸ਼ਰਈ ਅਤੇ ਸ਼ਰਾਰਤੀ ਹੋਏ ਸਭ ਗੁਰੇਜ਼
ਕਿਸ਼ਨ ਸਿੰਘ ਸਭ ਯਾਦ ਜੀ ਜਿਉਂ ਦਰਿਆ ਲਬਰੇਜ਼।
40

ਕਿਸ਼ਨ ਸਿੰਘ ਆਰਿਫ਼ ਜੋ ਗੁਲਾਬ ਦਾਸੀ ਪਰੰਪਰਾ ਦਾ ਕਵੀ ਹੈ, ਇਸ ਵਿਚ ਅੰਗਰੇਜ਼ੀ ਰਾਜ ਦੀ ਸਿਫ਼ਤ ਦੇ ਨਾਲ ਨਾਲ ਪੰਜਾਬੀਆਂ ਉੱਪਰ ਖੜ੍ਹੇ ਕੀਤੇ ਦਬਾਅ ਦੇ ਸਪੱਸ਼ਟ ਸੰਕੇਤ ਮਿਲਦੇ ਹਨ। ਬਸਤੀਵਾਦੀ ਰਾਜ ਵਿਚ ਜੋ ਥੋੜਾ ਜਿਹਾ ਵੀ ਵਿਦਰੋਹੀ (ਖੂੰਰੇਜ਼) ਹੋਵੇਗਾ, ਝੱਟ ਸੂਲੀ ਉਤੇ ਚੜ੍ਹਾ ਦਿੱਤਾ ਜਾਵੇਗਾ। ਇਹੋ ਉਸ ਸੱਤਾ ਦਾ ਹਿੰਸਾਤਮਕ ਦਬਾਅ ਹੈ ਜਿਸ ਦੇ ਆਸਰੇ 'ਸ਼ੇਰ ਤੇ ਬੱਕਰੀ ਇਕੋ ਘਾਟ 'ਤੇ ਪਾਣੀ ਪੀਣ' ਲਾ ਦਿੱਤੇ ਹਨ। ਸ਼ਰਈ ਅਤੇ ਸ਼ਰਾਰਤੀ ਦੇ ਚਿਹਨ ਰਾਹੀਂ ਵੀ ਕਿਸ਼ਨ ਸਿੰਘ ਆਰਿਫ਼ ਸਪੱਸ਼ਟ ਕਰ ਦਿੰਦਾ ਹੈ ਕਿ ਉਹ ਸਭ ਗੁਰੇਜ਼ ਕਰਨ ਲੱਗ ਪਏ ਹਨ। ਇਉਂ ਸਮਾਜਕ ਤੌਰ 'ਤੇ ਬਸਤੀਕਾਰਾਂ ਨੇ ਪੰਜਾਬ ਨੂੰ ਆਪਣੀ ਤਾਕਤ, ਹਿੰਸਾ ਅਤੇ ਦਾਬੇ ਦੇ ਕਾਨੂੰਨ ਰਾਹੀਂ ਨਿਯੰਤਰਿਤ ਕਰ ਲਿਆ ਹੈ। ਇਸ ਦਾਬੇ ਨੇ ਪੰਜਾਬੀ ਮਨੁੱਖ ਦੇ ਪ੍ਰਤੀਰੋਧ ਨੂੰ ਖ਼ਾਮੋਸ਼ ਕਰ ਦਿੱਤਾ ਹੈ। ਜੇਕਰ ਭਾਰਤ ਵੱਲ ਵੀ ਨਾ ਜਾਇਆ ਜਾਵੇ ਤਾਂ ਪੰਜਾਬ ਵਿਚ ਹੀ ਭਾਈ ਮਹਾਰਾਜ ਸਿੰਘ ਦੀ ਜਲਾਵਤਨੀ, ਮਹਾਰਾਜਾ ਰਣਜੀਤ ਸਿੰਘ ਦੇ ਨੇੜਲਿਆਂ ਉੱਪਰ ਕੀਤਾ ਜਬਰ, ਨਾਮਧਾਰੀ ਲਹਿਰ ਨਾਲ ਸੱਤਾ ਦੀ ਤਕੜਾਈ ਦੀ ਵਰਤੋਂ, 1857 ਦੇ ਪੰਜਾਬ ਵਿਚ ਵਿਦਰੋਹੀਆਂ ਦੇ ਕੀਤੇ ਘਾਣ ਦਾ ਇਤਿਹਾਸ ਵੀ ਅਜੇ ਚੇਤਿਆਂ ਵਿਚ ਟਿਕਿਆ ਪਿਆ ਹੈ। ਇਸ ਦਬਾਅ ਵਿਚੋਂ ਹੀ ਪੰਜਾਬੀ ਕਵੀ ਸੰਕੇਤ ਕਰਦੇ ਹਨ। 

ਕਿੱਸਾਕਾਰ ਭਗਵਾਨ ਸਿੰਘ : -
(ਜ)    ਥਾਣਾ ਹੈ ਨਥਾਣਾ, ਮੋਗਾ ਆਖਦੇ ਤਸੀਲ ਸਾਡੀ
ਗੋਰਿਆਂ ਦਾ ਰਾਜ, ਜਿੱਥੇ ਇਕ ਨਾ ਨਰਾਜ ਹੈ।
(ਜਜ) ਕਿਸਮਤ ਲਾਹੌਰ ਕੀ ਤੇ ਮਾਲਵਾ ਹੀ ਦੇਸ ਜਾਣੋ
ਹੁਕਮ ਅੰਗਰੇਜ਼ ਕਾ ਤੇ ਕੰਪਨੀ ਦਾ ਰਾਜ ਹੈ।
ਕਹੇ ਭਗਵਾਨ ਸਿੰਘ ਮਾਫ਼ੀ ਸਭ ਖਾਂਵਦੇ ਹੈ
ਘਰੋ ਘਰੀ ਸ਼ਾਹ ਨਾ ਕੋਈ ਕਿਸੇ ਦਾ ਮੁਹਤਾਜ ਹੈ।
41

ਭਗਵਾਨ ਸਿੰਘ ਇਨ੍ਹਾਂ ਸਤਰਾਂ ਵਿਚ ਬਸਤੀਕਾਰਾਂ ਦੇ ਪੰਜਾਬ ਵਿਚ ਆਰੰਭਲੇ ਸਮੇਂ ਦੀ ਗੱਲ ਕਰਦਾ ਹੈ ਜਦੋਂ ਈਸਟ ਇੰਡੀਆ ਕੰਪਨੀ ਦਾ ਹੁਕਮ ਸੀ। ਇਸ ਸ਼ਾਂਤੀ ਦਾ ਭਾਵ ਬਸਤੀਕਾਰਾਂ ਦੇ ਖ਼ੁਸ਼ਹਾਲ ਰਾਜ ਦਾ ਨਹੀਂ ਹੈ। ਇਹ ਵਿਡੰਬਨਾ ਹੀ ਹੈ ਕਿ ਪੰਜਾਬ ਬਸਤੀਵਾਦੀ ਫਰੰਗੀ ਦਾ ਗੁਲਾਮ ਹੈ ਤੇ ਕਵੀ ਪੰਜਾਬੀਆਂ ਨੂੰ ਘਰੋ ਘਰੀ ਸ਼ਾਹ ਦੱਸ ਕੇ ਕਿਸੇ ਦਾ ਮੁਹਤਾਜ ਨਹੀਂ ਹੈ, ਕਹਿ ਰਿਹਾ। ਇਹ ਵੀ ਵਿਡੰਬਨਾ ਹੈ ਕਿ ਗੋਰਿਆਂ ਦੇ ਰਾਜ ਵਿਚ ਕੋਈ ਨਾਰਾਜ਼ ਨਹੀਂ ਹੈ। ਭਗਵਾਨ ਸਿੰਘ ਬਸਤੀਵਾਦੀ ਦਬਾਉ ਦਾ ਰਚਨਾਕਾਰ ਹੈ ਅਤੇ ਉਹ ਟੇਢੇ ਢੰਗ ਨਾਲ ਪੰਜਾਬ ਨੂੰ ਖ਼ਾਮੋਸ਼ ਕਰ ਦੇਣ ਦੀ ਦਾਸਤਾਨ ਕਹਿੰਦਾ ਹੈ। ਅੰਗਰੇਜ਼ ਦਾ ਹੁਕਮ ਹੈ, ਕੰਪਨੀ ਦਾ ਰਾਜ ਹੈ ਪਰੰਤੂ ਰਾਜ ਕੀਤੇ ਜਾਣ ਵਾਲੇ ਗੁਲਾਮ ਪੰਜਾਬੀ ਹਨ। ਇਹ ਗੁਲਾਮ ਖੁਸ਼ ਹਨ ਕਿਉਂਕਿ ਉਹ ਕਿਸੇ ਦੇ ਮੁਹਤਾਜ ਨਹੀਂ, ਬਸ ਇਹੋ ਵਿਡੰਬਨਾ ਹੈ। ਇਸ ਵਿਡੰਬਨਾ ਦੀ ਚਰਮ ਸੀਮਾ ਉਸ ਦੇ 1894 ਈਸਵੀ ਵਿਚ ਲਿਖੇ 'ਜੀਊਣਾ ਮੌੜ' ਦੇ ਕਵੀਸ਼ਰੀ ਰੂਪ ਦੇ ਕਿੱਸੇ ਤੋਂ ਸਪਸ਼ਟ ਹੋ ਜਾਂਦਾ ਹੈ। ਜੀਊਣਾ ਮਾਲਵੇ ਦਾ ਲੋਕ ਨਾਇਕ ਹੈ ਜਿਸ ਦੀ ਗਾਥਾ ਅਣਖ ਅਤੇ ਲੋਕ-ਭਲਾਈ ਦੀਆਂ ਘਟਨਾਵਾਂ ਨਾਲ ਸੰਬੰਧਿਤ ਹੈ। ਲੋਕ ਪਰੰਪਰਾ ਵਿਚ ਅਹਿਮਦ ਡੋਗਰ ਨੇ ਜੀਊਣੇ ਦੇ ਵੱਡੇ ਭਰਾ ਕਿਸ਼ਨੇ ਨੂੰ ਮੁਖਬਰੀ ਕਰਕੇ ਫੜਵਾਇਆ ਤੇ ਉਸ ਨੂੰ ਕਾਲੇ ਪਾਣੀ ਦੀ ਸਜ਼ਾ ਕਰਵਾ ਦਿੱਤੀ। ਉਸ ਉਪਰੰਤ ਅਹਿਮਦ ਡੋਗਰ ਕਿਸ਼ਨੇ ਦੀ ਪਤਨੀ ਉੱਪਰ ਜੋ ਮੈਲੀ ਅੱਖ ਰੱਖਦਾ ਹੈ ਤਾਂ ਜੀਊਣਾ ਇਸਦਾ ਬਦਲਾ ਲੈਂਦਾ ਹੈ। ਇਹ ਬਦਲਾ ਉਸ ਦੀ 'ਅਣਖ' ਭਾਵ ਮਰਦ ਪ੍ਰਧਾਨ ਸਮਾਜ ਦੀ ਕਦਰ ਹੈ। ਉਹ ਸਮਾਜ ਮਰਦ ਕੋਲੋਂ ਜਾਂ ਭਗਤ ਹੋਣਾ ਲੋੜਦਾ ਹੈ ਜਾਂ ਸੂਰਮਾ। ਇਨ੍ਹਾਂ ਦੇ ਵਿਚ-ਵਿਚਕਾਰ ਜਾਂ ਆਰ-ਪਾਰ ਦਾ ਮਨੁੱਖ ਲੋਕ ਮਨ ਵਿੱਚ ਨਾਇਕ/ਮਰਦ ਨਹੀਂ ਹੈ। ਜੀਊਣਾ ਮੌੜ ਸਾਮੰਤੀ ਸਮਾਜ ਦੀ ਕਦਰ ਨੂੰ ਪ੍ਰਣਾਇਆ ਅਹਿਮਦ ਡੋਗਰ ਦਾ ਕਤਲ ਕਰ ਦਿੰਦਾ ਹੈ। ਇਸ ਉਪਰੰਤ ਜੀਊਣਾ ਡਾਕੂ ਬਣ ਜਾਂਦਾ ਹੈ, ਉਹ ਅਮੀਰਾਂ ਅਤੇ ਬਾਣੀਆਂ ਨੂੰ ਲੁੱਟ ਕੇ ਗਰੀਬ ਅਤੇ ਲੋੜਵੰਦਾਂ ਵਿਚ ਵੰਡ ਦਿੰਦਾ ਹੈ। ਲੋਕ ਮਨ ਵਿਚ ਜੀਊਣਾ ਲੋਕ ਨਾਇਕ ਹੈ। ਇਹੋ ਲੋਕ ਨਾਇਕਤਵ ਜੀਊਣੇ ਨੂੰ ਆਪਣੀ ਸਿਮਰਤੀ ਵਿਚ ਯਾਦ ਰੱਖਦਾ ਹੈ। ਇਹ ਸਿਮਰਤੀ ਅੱਗੋਂ ਮਿੱਥ ਬਣਕੇ ਨੈਣਾਂ ਦੇਵੀ ਦੇ ਨਾਲ ਜੁੜਦੀ ਹੈ ਜਦੋਂ ਕਿ ਤੱਥਾਂ ਮੁਤਾਬਕ ਜੀਊਣੇ ਮੌੜ ਨੂੰ ਫਾਂਸੀ ਦਿੱਤੀ ਜਾਂਦੀ ਹੈ। ਇਹ ਜੀਊਣਾ ਮੌੜ ਲੋਕ ਪਰੰਪਰਾ ਵਿਚ ਬਦੀ ਨੁੂੰ ਸੋਧਣ ਵਾਲਾ ਹੈ। ਪਰੰਤੂ ਭਗਵਾਨ ਸਿੰਘ ਦੇ ਕਿੱਸੇ ਵਿਚ ਇਹ ਬਦਮਾਸ਼ ਅਤੇ ਦਹਿਸ਼ਤੀ ਮਨੁੱਖ ਹੈ। ਉਹ ਲੋਕ ਨਾਇਕ ਦੀ ਥਾਂ ਉੱਪਰ ਲੋਕ ਨਫ਼ਰਤ ਦਾ ਰੂਪ ਬਣਾ ਦਿੱਤਾ ਗਿਆ। ਇਸ ਸੰਬੰਧੀ ਡਾ. ਹਰਿਭਜਨ ਸਿੰਘ ਦੀ ਟਿੱਪਣੀ ਖ਼ਾਸ ਧਿਆਨ ਦੀ ਮੰਗ ਕਰਦੀ ਹੈ। ''ਧਨੀਆਂ ਵਿਚ ਪਰਵਾਨ, ਰਈਸੀ ਕਿਸਮ ਦੇ ਠਾਠ-ਬਾਠ ਵਿਚ ਰਹਿਣ ਵਾਲਾ ਭਗਵਾਨ ਸਿੰਘ ਡਾਕੂ ਜੀਊਣੇ ਦੇ ਹਾਂ-ਮੁਖ ਰੂਪ ਨੂੰ ਪੇਸ਼ ਨਹੀਂ ਕਰ ਸਕਿਆ। ਜੀਊਣੇ ਦੇ ਨਾਂ ਨਾਲ ਜੁੜੀਆਂ 'ਸਖਾਵਤ ਦੇ ਆਚਰਣ ਦੇ ਸਦਾਚਾਰਕ ਪੱਖ ਦੀਆਂ.... ਕਹਾਣੀਆਂ।' ਇਸ ਕਿੱਸੇ ਵਿਚੋਂ ਗਾਇਬ ਹਨ। ਭਗਵਾਨ ਸਿੰਘ ਦੇ ਕਿੱਸੇ ਵਿਚ ਪੇਸ਼ ਜੀਊਣਾ ਬਦਨਾਮ ਡਾਕੂ ਹੈ। ਲੋਕਾਂ ਵਿਚ ਉਹਦੇ ਡਾਕਿਆਂ ਨੇ ਦਹਿਸ਼ਤ ਫੈਲਾ ਰੱਖੀ ਹੈ। ਲੋਕਾਂ ਦੇ ਮਨਾਂ ਵਿਚ ਵਸਿਆ ਨਾਇਕ ਜੀਊਣਾ ਮੌੜ ਉਹਨੂੰ ਕਿੱਸਾ-ਰਚਨਾ ਲਈ ਪ੍ਰੇਰਿਤ ਜ਼ਰੂਰ ਕਰਦਾ ਹੈ। ਪਰ ਉਸ ਨਾਲ ਸਹਿਜ ਹਮਦਰਦੀ ਭਗਵਾਨ ਸਿੰਘ ਨੂੰ ਨਹੀਂ। ਇਹ ਰਚਨਾ ਕਰਦਿਆਂ ਭਗਵਾਨ ਸਿੰਘ ਦੀ ਕਲਾਕਾਰੀ ਵਿਚ ਤਨਾਉ ਹੈ।''42 ਡਾ. ਹਰਿਭਜਨ ਸਿੰਘ ਦੇ ਇਸ ਕਥਨ ਅੰਦਰ ਇਕ ਕਥਨ ਸ.ਸ. ਪਦਮ ਦਾ ਵੀ ਹੈ ਜਿਹੜਾ ਕਿ ਜੀਊਣੇ ਨਾਲ ਜੁੜੀਆਂ ਸਖਾਵਤ ਤੇ ਆਚਰਣ ਦੀਆਂ ਕਹਾਣੀਆਂ ਕਿੱਸੇ ਵਿਚੋਂ ਗਾਇਬ ਹਨ। ਕਿਉਂ ਗਾਇਬ ਹਨ, ਇਸ ਸੰਬੰਧੀ ਸ.ਸ. ਪਦਮ ਕੋਈ ਟਿੱਪਣੀ ਨਹੀਂ ਕਰਦਾ। ਦੂਜੇ ਪਾਸੇ ਡਾ. ਹਰਿਭਜਨ ਸਿੰਘ ਇਸ ਪਹਿਲੂ ਨੂੰ ਤਾਂ ਉਭਾਰਦਾ ਹੈ ਕਿ ਭਗਵਾਨ ਸਿੰਘ ਨੂੰ ਜੀਊਣਾ ਮੌੜ ਦਾ ਨਾਇਕਤਵ ਰਚਨਾ ਲਈ ਪ੍ਰੇਰਿਤ ਕਰਦਾ ਹੈ ਪਰੰਤੂ ਹਰਿਭਜਨ ਸਿੰਘ ਇਹ ਨਹੀਂ ਦੱਸ ਪਾਉਂਦਾ ਕਿ ਜੀਊਣੇ ਦਾ ਨਾਇਕਤਵ ਖਲਨਾਇਕ ਵਿੱਚ ਕਿਉਂ ਬਦਲ ਜਾਂਦਾ ਹੈ। ਉਹ ਬਦਮਾਸ਼ ਅਤੇ ਦਹਿਸ਼ਤੀ ਡਾਕੂ ਦੇ ਘਿਨਾਉਣੇ ਰੂਪ ਵਿਚ ਕਿਉਂ ਬਦਲ ਜਾਂਦਾ ਹੈ। ਹਰਿਭਜਨ ਸਿੰਘ ਇਹ ਵੀ ਤੱਥ ਨੂੰ ਉਭਾਰਦਾ ਹੈ ਕਿ ਭਗਵਾਨ ਸਿੰਘ ਨੂੰ ਜੀਊਣੇ ਮੌੜ ਨਾਲ ਸਹਿਜ ਹਮਦਰਦੀ ਨਹੀਂ ਹੈ। ਇਸ ਕਾਰਨ ਇਸ ਉਸ ਦੀ ਰਚਨਾ ਵਿਚ ਤਨਾਉ ਹੈ। ਹਰਿਭਜਨ ਸਿੰਘ ਇਸ ਤਣਾਓ ਦੇ ਉਨ੍ਹਾਂ ਇਤਿਹਾਸਕ ਕਾਰਨਾਂ ਦੀ ਤਲਾਸ਼ ਨਹੀਂ ਕਰਦਾ ਜੋ ਇਸ ਦੀ ਪਿੱਠ ਭੂਮੀ ਵਿਚ ਪਏ ਹਨ, ਉਸ ਸਮੇਂ ਤੱਕ ਬਸਤੀਵਾਦੀ ਰਾਜ ਨੇ ਲਿਖਤ ਅਤੇ ਵਿਚਾਰ ਉੱਪਰ ਜੋ ਨਕੇਲ ਕਸੀ ਹੈ, ਉਹ ਨਕੇਲ ਹੀ ਕਿਸੇ ਰਚਨਾਕਾਰ ਨੂੰ ਖੁੱਲ੍ਹਕੇ ਬੋਲਣ ਨਹੀਂ ਦਿੰਦੀ। ਜੇਕਰ ਭਗਵਾਨ ਸਿੰਘ ਜੀਊਣੇ ਮੌੜ ਦੇ ਨਾਇਕਤਵ ਨੂੰ ਉਭਾਰੇਗਾ ਅਤੇ ਲੋਕਾਈ ਦਾ ਉਸ ਪ੍ਰਤੀ ਸਨੇਹਪੂਰਵਕ ਸੰਬੰਧ ਦਿਖਾਏਗਾ ਤਾਂ ਕੁਦਰਤੀ ਹੈ ਕਿ ਉਹ ਵੇਲੇ ਦੀ ਸੱਤਾ ਦੇ ਖਿਲਾਫ਼ ਭੁਗਤੇਗਾ। ਦੂਸਰਾ ਭਗਵਾਨ ਸਿੰਘ ਨਾਭੇ ਅਤੇ ਪਟਿਆਲੇ ਦੀਆਂ ਰਿਆਸਤਾਂ ਦੇ ਅੱਤ ਨੇੜੇ ਸੀ ਇਹ ਸੱਤਾਧਾਰੀ ਨੇੜ ਮਾਲਵੇ ਦੇ ਲੋਕ ਨਾਇਕ ਜੀਊਣੇ ਨੂੰ ਖਲਨਾਇਕ ਬਣਾ ਦਿੰਦਾ ਹੈ। ਤੀਸਰਾ, ਜੀਊਣਾ ਮੌੜ ਇਹਨਾਂ ਹੀ ਸਮਿਆਂ ਵਿਚ ਉਭਰਿਆ ਨਾਇਕ ਹੈ। ਇਸ ਕਰਕੇ ਹਾਕਮ ਸ਼ਰੇਣੀ ਦੇ ਖਿਲਾਫ਼ ਭੁਗਤਣਾ ਉਸ ਲਈ ਲਾਹੇਵੰਦਾ ਨਹੀਂ। ਇਉਂ ਇਹ ਦਬਾਅ ਉਸ ਦੌਰ ਦੇ ਹਕੂਮਤੀ ਦਬਾਅ ਹਨ। ਡਾ. ਹਰਿਭਜਨ ਸਿੰਘ ਰਚਨਾਤਮਕ ਦੁਫ਼ੇੜ ਦਾ ਸੰਕੇਤ ਤਾਂ ਕਰਦਾ ਹੈ ਪਰੰਤੂ ਉਸ ਰਚਨਾਤਮਕ ਦੁਫ਼ੇੜ ਦੇ ਇਤਿਹਾਸਕ ਪ੍ਰਸੰਗ ਨੂੰ ਦਰਕਿਨਾਰ ਕਰ ਦਿੰਦਾ ਹੈ। ਇਸੇ ਕਰਕੇ ਭਗਵਾਨ ਸਿੰਘ ਦੇ ਕਿੱਸੇ ਦੇ ਅੰਤ ਉੱਪਰ ਬਸਤੀਕਾਰਾਂ ਦੇ ਰਾਜ ਪ੍ਰਤੀ ਕਹੇ ਉਸ ਦੇ ਸ਼ਬਦ ਹਰਿਭਜਨ ਸਿੰਘ ਲਈ ਡੂੰਘੇ ਸਰੋਕਾਰਾਂ ਵਾਲੇ ਨਹੀਂ ਬਣਦੇ।

ਉਨੀ ਸੌ ਇਕਵੰਜਾ ਵਦੀ ਦਿਨ,
ਕੱਤਕ ਮਾਹਿ ਲਿਖਾ ਜੋ ਜੁਲਾਨੀ।
ਦੁਨੀਆਂ ਖ਼ੁਸ਼ਬਾਸ਼ ਹਮੇਸ਼ ਰਹੇ,
ਅਰ ਪੀਵਤ ਸਿੰਘ ਅਜਾ ਸੰਗ ਪਾਨੀ।
ਕੋਊ ਕਲੇਸ ਨਾ ਦੇਸ ਵਿਖੇ,
ਨਾਲ ਅਮਨ ਅਮਾਨ ਬਸੇ ਰਾਜਧਾਨੀ।
ਮੁਲਕ ਪੰਜਾਬ ਖ਼ੁਸ਼-ਆਬ ਵਿਖੇ,
ਸ਼ੁਭ ਕਾਜ ਕਰੇ ਵਿਕਟੋਰੀਆ ਰਾਨੀ। 
43

ਇਹ ਕਾਵਿ ਬੰਦ ਵਿਆਖਿਆ ਦੀ ਮੰਗ ਨਹੀਂ ਕਰਦਾ ਹੈ।

ਉਪਰੋਕਤ ਪੰਜਾਬੀ ਸਾਹਿਤ ਦੀਆਂ ਕੁਝ ਵੰਨਗੀਆਂ ਜਿਹੜੀਆਂ ਪਰੰਪਰਾਗਤ ਰੂਪਾਂ ਵਿਚ ਹੁੰਦੀਆਂ ਹੋਈਆਂ ਉਸ ਦੌਰ ਦੀ ਪੰਜਾਬੀ ਬੌਧਿਕਤਾ ਅਤੇ ਮਾਨਸਿਕਤਾ ਦਾ ਮਾਰਮਿਕ ਪ੍ਰਗਟਾਵਾ ਕਰਦੀਆਂ ਹਨ। ਇਨ੍ਹਾਂ ਵਿਚੋਂ ਸੱਤਾਧਾਰੀ ਆਤੰਕ ਪੰਜਾਬ ਦੀ ਬੌਧਿਕਤਾ ਨੂੰ ਸੁਤੰਤਰ ਰੂਪ ਵਿੱਚ ਪਲਰਨ ਨਹੀਂ ਦਿੰਦਾ ਸਗੋਂ ਉਸ ਉੱਪਰ ਦਾਬਾ ਬਣਾਕੇ ਪੰਜਾਬੀ ਮਾਨਸਿਕਤਾ ਨੂੰ ਦਬੇਲ ਬਣਾਉਂਦਾ ਹੈ। ਪੰਜਾਬੀ ਰਚਨਾਕਾਰ ਉਭਾਸਰ ਕੇ ਵਿਰੋਧ ਨਹੀਂ ਕਰਦਾ। ਜਿੰਨਾ ਤਿੱਖਾ ਤੇ ਤੇਜ਼ ਤਰਾਰ ਵਿਰੋਧ ਸ਼ਾਹ ਮੁਹੰਮਦ ਦੀ ਰਚਨਾ ਵਿਚੋਂ ਮਿਲਦਾ ਹੈ, ਉਹ ਵਿਰੋਧ ਪੰਜਾਬੀ ਬੌਧਿਕਤਾ ਅਤੇ ਮਾਨਸਿਕਤਾ ਵਿਚ ਡਰ ਅਤੇ ਵਹਿਸ਼ਤ ਦੇ ਦਮਨ ਹੇਠ ਮੌਨ ਕਰ ਦਿੱਤਾ ਜਾਂਦਾ ਹੈ। ਇਤਿਹਾਸਕ ਤੌਰ 'ਤੇ ਇਹ ਅਸੰਭਵ ਜਾਪਦਾ ਹੈ ਕਿ ਰਾਜਸੀ ਤੌਰ 'ਤੇ ਭਾਈ ਮਹਾਰਾਜ ਸਿੰਘ ਅਤੇ ਨਾਮਧਾਰੀ ਲਹਿਰ ਦੇ ਵਿਰੋਧ ਦੇ ਤੇਵਰ ਹੋਣ ਅਤੇ ਬੌਧਿਕ ਪੱਧਰ 'ਤੇ ਸ਼ਾਹ ਮੁਹੰਮਦ ਦਾ ਜੰਗਨਾਮਾ ਹੋਵੇ ਪਰ ਭਵਿੱਖ ਵਿਚ ਇਸ ਤਰ੍ਹਾਂ ਦਾ ਵਿਰੋਧ ਦਿਖਾਈ ਨਾ ਦੇਵੇ। ਇਸ ਲਈ ਬਸਤੀਕਾਰਾਂ ਦੇ ਸੱਤਾਧਾਰੀ ਦਬਾਓ ਦਾ ਪ੍ਰਤੱਖ ਪ੍ਰਮਾਣ ਹੀ ਇਹ ਹੈ ਕਿ ਉਸ ਪਥਰਾਅ ਦਿੱਤੇ ਜਾਣ ਵਾਲੇ ਵਾਤਾਵਰਣ ਵਿਚ ਪੰਜਾਬੀ ਮਨੁੱਖ ਸਵੈ-ਰੱਖਿਆ ਦੀ ਸਥਿਤੀ ਉਤੇ ਪਹੁੰਚ ਕੇ ਧਰਮ ਦੀ ਓਟ ਵਿਚੋਂ ਆਪਣੀ ਪਛਾਣ ਬਣਾਉਣ ਵਿਚ ਲੱਗ ਜਾਂਦਾ ਹੈ। ਇਸ ਪਛਾਣ ਨਾਲ ਪੰਜਾਬ ਵਿਚ ਹਿੰਦੂ, ਸਿੱਖ ਅਤੇ ਮੁਸਲਿਮ ਖ਼ਾਸ ਤਰ੍ਹਾਂ ਦੇ ਤਣਾਓ ਅਤੇ ਟਕਰਾਓ ਵਿਚੋਂ ਗੁਜ਼ਰਦੇ ਹਨ। ਇਹ ਤਣਾਓ ਪੰਜਾਬੀ ਮਨੁੱਖ ਦੀ ਮਾਨਸਿਕਤਾ ਨੂੰ ਸੰਪਰਦਾਇਕ ਮਾਨਸਿਕਤਾ ਵਿਚ ਤਬਦੀਲ ਕਰ ਦਿੰਦਾ ਹੈ, ਜਿਸ ਦੇ ਦੂਰ-ਰਸ ਸਿੱਟੇ 1947 ਦੀ ਭਾਰਤ ਵੰਡ ਵਿਚ ਨਿਕਲਦੇ ਹਨ। ਪੰਜਾਬ ਅਤੇ ਪੰਜਾਬੀਅਤ ਧਰਮ ਦੇ ਆਧਾਰ 'ਤੇ ਵੰਡੇ ਜਾਂਦੇ ਹਨ।

-7-

ਬਸਤੀਵਾਦੀ ਰਾਜ-ਕਾਲ ਵਿਚ ਪੰਜਾਬ ਦੀ ਬੌਧਿਕਤਾ ਅਤੇ ਮਾਨਸਿਕਤਾ ਦੀ ਪਛਾਣ ਦਾ ਖੇਤਰ ਉਸ ਸਮੇਂ ਦੀਆਂ ਲਹਿਰਾਂ ਅਤੇ ਪੱਤਰਕਾਰੀ ਵਿਚੋਂ ਵੀ ਪ੍ਰਗਟ ਹੁੰਦਾ ਹੈ। ਪੰਜਾਬ ਵਿਚ ਨਾਮਧਾਰੀ, ਸਿੰਘ ਸਭਾ ਲਹਿਰ, ਆਰੀਆ ਸਮਾਜੀ ਲਹਿਰ, ਬ੍ਰਹਮੋ ਸਮਾਜ, ਤਨਜ਼ੀਮ, ਤਬਲੀਗ, ਅਹਿਮਦੀਆ, ਖ਼ਾਕਸਰ ਆਦਿ ਲਹਿਰਾਂ ਧਰਮ ਕੇਂਦਰਿਤ ਸੁਧਾਰਵਾਦ ਦੇ ਨਾਅ ਹੇਠ ਧਰਮ ਦੀ ਪੁਨਰ ਸੁਰਜੀਤੀ ਦਾ ਮਰਕਜ਼ ਬਣਦੀਆਂ ਹਨ। 1875 ਵਿਚ ਸੁਆਮੀ ਦਇਆ ਨੰਦ ਦੀ ਬੰਬਈ ਵਿਚ ਸਥਾਪਤ ਕੀਤੀ ਆਰੀਆ ਸਮਾਜੀ ਲਹਿਰ ਨੂੰ ਜਿੰਨੀ ਸਫ਼ਲਤਾ ਪੰਜਾਬ ਵਿਚ ਮਿਲੀ, ਓਨੀ ਇਸ ਨੂੰ ਹੋਰ ਭਾਰਤ ਵਿਚ ਨਹੀਂ ਮਿਲੀ। ਸੁਆਮੀ ਦਇਆ ਨੰਦ ਨੇ ਹਿੰਦੂ ਸਮਾਜ ਅਤੇ ਧਰਮ ਦੀਆਂ ਕੁਰੀਤੀਆਂ ਨੂੰ ਦੂਰ ਕਰਕੇ ਦੇਸ਼ ਦੀ ਏਕਤਾ ਦਾ ਮਸਲਾ ਉਠਾਇਆ। ਆਰੀਆ ਸਮਾਜ ਦੀ 'ਸ਼ੁੱਧੀ ਲਹਿਰ' ਧਰਮ ਪਰਿਵਰਤਨ ਦੀ ਹੀ ਲਹਿਰ ਸੀ। ਉਸੇ ਸਮੇਂ 'ਬ੍ਰਹਮੋ ਸਮਾਜ' ਵੀ ਆਪਣੇ ਪੈਰ ਪਸਾਰ ਰਿਹਾ ਸੀ। ਆਰੀਆ ਸਮਾਜੀ ਲਹਿਰ ਦੇ ਇਸਤਰੀ ਦੇ ਬਰਾਬਰੀ ਦਾ ਸਥਾਨ ਅਤੇ ਜਾਤੀ ਪ੍ਰਥਾ ਦੇ ਅੰਤ ਨੇ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਆਪਣੇ ਵੱਲ ਆਕਰਸ਼ਿਤ ਕੀਤਾ। 1873 ਈ. ਵਿਚ ਚਾਰ ਵਿਦਿਆਰਥੀਆਂ ਦੇ ਈਸਾਈ ਧਰਮ ਵਿੱਚ ਸ਼ਾਮਲ ਹੋਣ ਦੀ ਪ੍ਰਤੀਕਿਰਿਆ ਵਿਚੋਂ ਸਿੱਖ ਧਰਮ ਅੰਦਰ 'ਸਿੰਘ ਸਭਾ ਲਹਿਰ' ਨੇ ਜਨਮ ਲਿਆ। ਇਸ ਲਹਿਰ ਪਿੱਛੇ ਠਾਕਰ ਸਿੰਘ ਸੰਧਾਵਾਲੀਆ ਵਰਗੇ ਵੱਡੇ ਜਾਗੀਰਦਾਰ ਸਨ। ਇਹ ਲਹਿਰ ਸਿੱਖ ਧਰਮ ਦੇ ਕੁਲੀਨ-ਤੰਤਰ ਅਤੇ ਪਤਵੰਤਿਆਂ ਦੀ ਲਹਿਰ ਸੀ ਜਿਸ ਨੇ ਸਿੱਖ ਧਰਮ ਦੀ 'ਪਵਿੱਤਰਤਾ' ਦੇ ਨਾਲ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਦੇ ਨਾਲ ਨਾਲ ਬਸਤੀਵਾਦੀਆਂ ਨਾਲ ਮਿਲਕੇ ਚੱਲਣ ਦੀ ਨੀਤੀ ਅਪਣਾਈ। ਮੁਸਲਮਾਨਾਂ ਵਿਚ ਸਰ ਸੱਯਦ ਅਹਿਮਦ ਖਾਂ ਨੇ ਅਲੀਗੜ੍ਹ ਅੰਦੋਲਨ ਚਲਾਇਆ। ਇਸ ਦੇ ਪ੍ਰਭਾਵ ਸਦਕਾ ਪੰਜਾਬ ਵਿਚ ਦਿੱਲੀ ਅਤੇ ਲਾਹੌਰ ਵਿਚ 'ਅੰਜੁਮਾਨ-ਏ-ਇਸਲਾਮੀਆ' ਲਹਿਰ ਦੀ ਸਥਾਪਨਾ ਹੋਈ। ਪੰਜਾਬ ਵਿਚ ਮੁਸਲਮਾਨਾਂ ਵਿਚ ਪ੍ਰਭਾਵਸ਼ਾਲੀ ਲਹਿਰ 'ਅੰਜੁਮਾਨ-ਏ-ਹਿਮਾਇਤ-ਏ-ਇਸਲਾਮ' ਸੀ ਜਿਸ ਨੇ ਧਾਰਮਕ ਸਿਧਾਂਤਾਂ ਦੇ ਨਾਲ ਨਾਲ ਇਸਲਾਮੀਆਂ ਸਕੂਲ, ਅਨਾਥ-ਆਸ਼ਰਮ ਖੋਲਣੇ ਅਤੇ ਪੁਸਤਕਾਂ ਲਿਖਵਾਉਣ ਦਾ ਕੰਮ ਕੀਤਾ। ਪੰਜਾਬ ਵਿਚ ਕਾਦੀਆ ਤੋਂ ਚੱਲਣ ਵਾਲੀ ਮੁਸਲਿਮ ਲਹਿਰ ਗੁਲਾਮ ਅਹਿਮਦ ਦੀ ਅਗਵਾਈ ਵਿਚ 'ਅਹਿਮਦੀਆ ਲਹਿਰ' ਸੀ ਜਿਸ ਨੂੰ 'ਕਾਦੀਆਨਾ ਲਹਿਰ' ਵੀ ਕਿਹਾ ਜਾਂਦਾ ਸੀ। ਇਹ ਕੁਰਾਨ ਦੇ ਮਹੱਤਵ ਉੱਪਰ ਜ਼ੋਰ ਦਿੰਦੀ ਸੀ ਅਤੇ ਨਾਲ ਹੀ ਵਿੱਦਿਅਕ ਅਤੇ ਸਮਾਜ ਸੁਧਾਰ ਦੀ ਗੱਲ ਵੀ ਕਰਦੀ ਸੀ।

ਇਉਂ ਪੰਜਾਬ 1870 ਤੋਂ ਬਾਅਦ ਧਾਰਮਿਕ ਲਹਿਰਾਂ ਦਾ ਗੜ੍ਹ ਬਣ ਗਿਆ। ਇਹ ਲਹਿਰਾਂ ਆਪਸੀ ਸੰਵਾਦ ਦੀ ਥਾਂ ਵਧੇਰੇ ਆਪਸੀ ਵਾਦ-ਵਿਵਾਦ ਦਾ ਹਿੱਸਾ ਬਣੀਆਂ ਰਹੀਆਂ। ਇਸ ਵਾਦ-ਵਿਵਾਦ ਵਿਚ ਆਪਣੇ ਆਪਣੇ ਧਰਮ ਨੂੰ ਅਲੱਗ, ਵੱਖਰਾ ਅਤੇ ਮਹਾਨ ਦਰਸਾਉਣ ਦੇ ਨਾਲ ਨਾਲ ਦੂਜਿਆਂ ਪ੍ਰਤੀ ਸਹਿਹੋਂਦ ਦੀ ਭਾਵਨਾ ਘੱਟ ਸੀ। ਇਹੋ ਕਾਰਨ ਹੈ ਕਿ ਇਨ੍ਹਾਂ ਲਹਿਰਾਂ ਵਿਚ ਆਤਮ-ਰੱਖਿਆ ਅਤੇ ਆਪਣੇ ਫਿਰਕੇ ਦਾ ਵਿਕਾਸ ਅਤੇ ਉਸ ਦੇ ਸ਼ੁੱਧੀਕਰਨ (ਸੁਧਾਰ) ਦਾ ਅਮਲ ਨਾਲੋਂ ਨਾਲ ਚੱਲਿਆ। ਪੰਜਾਬ ਵਿਚ ਆਰੀਆ ਸਮਾਜੀ ਲਹਿਰ ਅਤੇ ਸਿੰਘ ਸਭਾ ਲਹਿਰ ਦਾ ਤਣਾਓ ਸਪੱਸ਼ਟ ਸੀ। ਆਰੀਆ ਸਮਾਜੀ ਲਹਿਰ ਵਲੋਂ ਸਿੱਖ ਧਰਮ ਸੰਬੰਧੀ ਕੀਤਾ ਜਾਣ ਵਾਲਾ ਕੂੜ ਪ੍ਰਚਾਰ ਨਫ਼ਰਤ ਦੀ ਪੱਧਰ 'ਤੇ ਸਾਹਮਣੇ ਆ ਰਿਹਾ ਸੀ। ਇਥੇ ਇਕ ਉਦਾਹਰਨ ਤੋਂ ਹੀ ਇਸ ਦਾ ਅਹਿਸਾਸ ਹੋ ਜਾਂਦਾ ਹੈ:

ਨਾਨਕ ਸ਼ਾਹ ਫਕੀਰ ਨੇ ਨਯਾ ਚਲਾਇਆ ਪੰਥ
ਇਧਰ ਉਧਰ ਸੇ ਜੋੜ ਕੇ ਲਿਖ ਮਾਰਾ ਇਕ ਗ੍ਰੰਥ
ਪਹਿਲੇ ਚੇਲੇ ਕਰ ਲੀਏ, ਪਿੱਛੇ ਬਦਲਾ ਭੇਸ
ਸਰ ਪਰ ਸਾਫ਼ਾ ਬੰਧ ਕੇ ਰੱਖ ਲਏ ਸਭ ਕੇਸ।
44

ਆਰੀਆ ਸਮਾਜ ਦੇ ਇਸ ਤਰ੍ਹਾਂ ਦੇ ਪ੍ਰਚਾਰ ਦੇ ਸਮਾਨਾਂਤਰ ਸਿੱਖਾਂ ਵਿਚ ਆਪਣੀ ਧਾਰਮਕ ਵੱਖਰੀ ਹੋਂਦ, ਹਸਤੀ ਅਤੇ ਪਛਾਣ ਨੇ ਵਿਚਾਰਧਾਰਕ ਚੇਤਨਾ ਪੈਦਾ ਕੀਤੀ। ਸਿੰਘ ਸਭਾ ਲਹਿਰ ਪਹਿਲਾਂ ਹੀ ਚਾਰ ਵਿਦਿਆਰਥੀਆਂ ਦੇ ਈਸਾਈ ਧਰਮ ਵਿੱਚ ਜਾਣ ਦੀ ਪ੍ਰਤੀਕਿਰਿਆ ਵਿਚੋਂ ਪੈਦਾ ਹੋਈ ਸੀ। ਆਰੀਆ ਸਮਾਜੀ ਲਹਿਰ ਦੇ ਹਮਲਿਆਂ ਨੇ ਇਸ ਪ੍ਰਤੀ ਕਿਰਿਆਵਾਦੀ ਚੇਤਨਾ ਨੂੰ ਦ੍ਰਿੜ ਕੀਤਾ। ਇਸ ਦ੍ਰਿੜਤਾ ਕਰਕੇ ਸਿੰਘ ਸਭਾ ਲਹਿਰ ਸਿੱਖ ਧਰਮ ਨੂੰ 'ਸਿੰਘ ਸਰੂਪ' ਵਿੱਚ ਬਦਲਣ ਲੱਗ ਜਾਂਦੀ ਹੈ। ''ਸਿੰਘ ਸਭਾ ਲਹਿਰ ਸਹੀ ਅਰਥਾਂ ਵਿਚ ''ਸਿੱਖ ਸੁਰਜੀਤੀ'' ਦੀ ਹੀ ਲਹਿਰ ਹੈ। ਸਿੱਖ-ਸੁਰਜੀਤੀ ਦਾ ਭਾਵ ਹੈ ਕਿ ''ਸਿੱਖ'' ਦੀ ਅਧਿਆਤਮਕ -ਜਗਿਆਸਾ ਨੂੰ ਜਗਾ ਕੇ, ਉਸ ਦੀ ਅੰਤਰ ਆਤਮਾ ਵਿਚ 'ਸਿੰਘ ਹਸਤੀ', 'ਸਿੰਘ ਸਰੂਪ' ਤੇ 'ਸਿੰਘ ਸਰੂਪ' (?) ਤੇ 'ਸਿੰਘ ਗੌਰਵ' ਦੇ ਮਾਨ ਵਿਚ ਜੀਊਣ ਦਾ ਰਸ ਤੇ ਉਤਸ਼ਾਹ ਪੈਦਾ ਕਰਨਾ ਹੈ। 'ਸਿੱਖ' ਦੀ ਸੰਪੂਰਨ ਸਫ਼ਲਤਾ ਦਾ ਦਿੱਬ-ਦਰਸ਼ਨ 'ਸਿੰਘ' ਬਣਨ ਵਿਚੋਂ ਹੀ ਦੇਖਿਆ ਜਾ ਸਕਦਾ ਹੈ।''45 ਪ੍ਰੋ. ਜੋਗਿੰਦਰ ਸਿੰਘ ਦਾ ਇਹ ਕਥਨ ਬਹੁਤ ਧਿਆਨ ਦੀ ਮੰਗ ਕਰਦਾ ਹੈ ਕਿ ਸਿੱਖਾਂ ਦੀ ਅਧਿਆਤਮਕ ਜਗਿਆਸਾ ਜਗਾ ਕੇ ਉਸਦੀ ਹਸਤੀ, ਸਰੂਪ ਅਤੇ ਗੌਰਵ ਨੂੰ ਸਿੰਘ ਸਰੂਪ ਦੇਣਾ ਹੈ। ਇਹ ਅਵਚੇਤਨ ਅਤੇ ਵਿਚਾਰਧਾਰਾ 'ਸਿੰਘ ਸਭਾ ਲਹਿਰ' ਦੇ ਨਾਮਕਰਨ ਅੰਦਰ ਵੀ ਪ੍ਰਵਾਹਤ ਹੈ। ਸਿੱਖ ਤੋਂ ਸਿੰਘ ਤੱਕ ਦਾ ਸਫ਼ਰ ਸਿੱਖ ਧਰਮ ਦਾ ਬਸਤੀਵਾਦੀ ਰਾਜ ਕਾਲ ਵਿਚ ਸਨਾਤਨੀ ਪਰੰਪਰਾਵਾਂ ਤੋਂ ਵੱਖਰਾ ਹੁੰਦਾ ਚਲਾ ਜਾਂਦਾ ਹੈ। ਇਹ ਵੱਖਰਤਾ ਉਸ ਸਮੇਂ ਐਨੇ ਵਿਰੋਧ ਵਿਚ ਪਲਟ ਜਾਂਦੀ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ 'ਹਮ ਹਿੰਦੂ ਨਹੀਂ' ਵਰਗੀ ਪੁਸਤਕ ਰਚਦੇ ਹਨ ਜਿਸ ਵਿਚ ਉਸ ਵੇਲੇ ਦੇ ਸੰਪਰਦਾਇਕ ਤਣਾਓ ਦੇ ਲੱਛਣ ਸਪੱਸ਼ਟ ਦੇਖੇ ਜਾ ਸਕਦੇ ਹਨ।

ਪੰਜਾਬ ਵਿਚ ਉੱਠਣ ਵਾਲੀਆਂ ਧਰਮ ਕੇਂਦਰਿਤ ਲਹਿਰਾਂ ਪੰਜਾਬੀ ਮਨੁੱਖ ਦੀ ਬੌਧਿਕਤਾ ਨੂੰ ਸੰਪਰਦਾਇਕ ਮੋੜਾ ਦਿੰਦੀਆਂ ਹਨ। ਇਹ ਮੋੜਾ ਪੰਜਾਬ ਦੀ ਸਯੁੰਕਤ ਪੰਜਾਬੀਅਤ ਦੀ ਪਰੰਪਰਾ ਨੂੰ ਪਾੜਨ ਦਾ ਕੰਮ ਕਰਦਾ ਹੈ। ਬਸਤੀਕਾਰਾਂ ਨੂੰ ਪੰਜਾਬ ਦੀ ਬੌਧਿਕਤਾ ਸਾਣ 'ਤੇ ਚੜ੍ਹਕੇ ਆਪਣੇ ਯੁੱਗ ਦੀ ਰਾਜਸੀ-ਆਰਥਿਕ ਵਿਵਸਥਾ ਅਤੇ ਦਮਨ ਬਾਰੇ ਸੋਚੇ, ਇਹ ਪ੍ਰਵਾਨ ਹੀ ਨਹੀਂ ਸੀ। ਇਸ ਕਰਕੇ ਬਸਤੀਕਾਰ ਪੰਜਾਬੀਆਂ ਨੂੰ ਉਸੇ ਵੰਡਣ ਦੀ ਨੀਤੀ ਦਾ ਅਨੁਸਰਨ ਕਰਦੇ ਹਨ ਜਿਹੜੀ ਬਸਤੀਕਾਰਾਂ ਨੇ 1857 ਦੇ ਵਿਦਰੋਹ ਦੇ ਨਤੀਜੇ ਵਜੋਂ ਸਿੱਖੀ ਸੀ। 1857 ਦੇ ਵਿਦਰੋਹ ਉਪਰੰਤ ਭਾਰਤ ਅੰਦਰ ਹਿੰਦੂਆਂ ਅਤੇ ਮੁਸਲਮਾਨਾਂ ਪ੍ਰਤੀ ਫਿਰਕੇਦਾਰਾਨਾ ਨੀਤੀ ਬਸਤੀਵਾਦ ਨੂੰ ਰਾਸ ਆ ਰਹੀ ਸੀ। ਪੰਜਾਬ ਵਿਚ ਇਹ ਧਰਤੀ ਹੋਰ ਵੀ ਜ਼ਰਖੇਜ਼ ਸੀ ਕਿਉਂਕਿ ਪੰਜਾਬ ਵਿਚ ਤੀਜਾ ਧਰਮ ਸਿੱਖ ਧਰਮ ਵੀ ਵੱਡੀ ਤਾਦਾਦ ਵਿਚ ਸੀ। ਭਾਈ ਦਿੱਤ ਸਿੰਘ ਜੋ 'ਖਾਲਸਾ ਅਖਬਾਰ' ਦਾ ਸੰਪਾਦਕ ਸੀ, ਸੰਪਾਦਕੀ ਵਿਚ ਲਿਖਦਾ ਹੈ, ''ਜਦ ਇਸ ਕੌਮ ਵਿਚ ਕੌਮ ਕਹਾਉਨ ਦਾ ਸਾਮਾਨ ਸਾਰਾ ਪਾਇਆ ਜਾਂਦਾ ਹੈ ਤਾਂ ਫਿਰ ਨਾਮਲੂਮ ਜੋ ਇਸ ਦੇ ਬਿੰਬ ਕਿਉਂ ਦੂਸਰੀ ਕੌਮ ਦੇ ਅਧੀਨ ਹੋ ਰਹੇ ਹਨ ਅਤੇ ਆਪਨਾ ਆਪ ਖਾਲਸਾ ਕਿਉਂ ਨਹੀਂ ਬਨਾਉਂਦੇ।''46 ਇਥੇ ਸਮਝਣ ਵਾਲਾ ਪ੍ਰਮੁੱਖ ਨੁਕਤਾ ਇਹੋ ਹੈ ਕਿ ਪੰਜਾਬ ਦੀ ਬੌਧਿਕਤਾ ਸੰਪਰਦਾਇਕ ਹੋ ਕੇ ਪਿਛਲ ਖੁਰੀ ਮੁੜ ਰਹੀ ਸੀ। ਇਸ ਦਾ ਸਪੱਸ਼ਟ ਕਾਰਨ ਇਹ ਵੀ ਹੈ ਕਿ ਬਸਤੀਕਾਰਾਂ ਨੇ ਪੰਜਾਬ ਨੂੰ ਆਧੁਨਿਕ ਚੇਤਨਾ ਦੇ ਕੇ ਜਿਸ ਵਿਵੇਕ, ਤਰਕ ਅਤੇ ਦਲੀਲ ਨਾਲ ਜੋੜਨਾ ਸੀ, ਉਹ ਤਾਂ ਪੰਜਾਬ ਨੂੰ ਦਿੱਤੀ ਹੀ ਨਹੀਂ ਸੀ। ਦੂਸਰਾ, ਜਿਸ ਤਰ੍ਹਾਂ ਪੰਜਾਬ ਵਿਚ ਹੋਂਦ ਅਤੇ ਪਛਾਣ ਦਾ ਸੰਕਟ ਬਸਤੀਕਾਰਾਂ ਨੇ ਪੈਦਾ ਕਰ ਦਿੱਤਾ ਸੀ, ਉਹ ਪਛਾਣ ਧਰਮ ਰਾਹੀਂ ਹੀ ਜਲਦੀ ਤੇ ਸੁਰੱਖਿਅਤ ਬਣ ਸਕਦੀ ਸੀ ਕਿਉਂਕਿ ਧਰਮ ਦਾ ਵਿਸ਼ਵਾਸ਼ ਯਕਦਮ ਮਾਨਸਿਕ ਧਰਵਾਸ ਦੇਣ ਦਾ ਸਾਧਨ ਵੀ ਹੈ। ਤੀਸਰਾ, ਪੰਜਾਬੀਆਂ ਕੋਲ ਬਸਤੀਵਾਦ ਖਿਲਾਫ਼ ਲੜਨ ਦੀ ਆਧੁਨਿਕ ਰਾਜਸੀ ਚੇਤਨਾ ਦੀ ਉੱਕਾ ਹੀ ਅਣਹੋਂਦ ਸੀ ਕਿਉਂਕਿ ਉਸ ਤੋਂ ਪਹਿਲਾਂ ਧਰਮ ਜਾਂ ਬਾਹੂਬਲ ਦੇ ਸਾਮੰਤੀ ਤਰੀਕੇ ਨਾਲ ਲੜਨ ਦੇ ਪੰਜਾਬ ਅਤੇ ਭਾਰਤ ਨਤੀਜੇ ਭੁਗਤ ਚੁੱਕਾ ਸੀ। ਬਸਤੀਵਾਦੀ ਸਾਮਰਾਜ ਨੂੰ ਸਾਮੰਤੀ ਰਾਜਸੀ ਰਣਨੀਤੀ ਨਾਲ ਮਾਤ ਨਹੀਂ ਦਿੱਤੀ ਜਾ ਸਕਦੀ ਸੀ। ਇਹੋ ਜਿਹੀ ਸਥਿਤੀ ਨੇ ਪੰਜਾਬੀ ਮਨੁੱਖ ਦੀ ਚੇਤਨਾ ਨੂੰ ਫੈਲਰਨ ਦੀ ਥਾਵੇਂ ਧਰਮਾਂ, ਫਿਰਕਿਆਂ ਤੱਕ ਸੁੰਗੇੜ ਦਿੱਤਾ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬੀ ਬੌਧਿਕਤਾ ਆਧੁਨਿਕਤਾ ਦੀ ਥਾਂ ਉੱਪਰ ਮੱਧਕਾਲੀ ਬੋਧ ਦਾ ਅਨੁਸਰਨ ਕਰਦੀ ਰਹੀ।

ਪੰਜਾਬੀ ਬੌਧਿਕਤਾ ਦਾ ਇਕ ਪਾਸਾਰ ਉਸ ਸਮੇਂ ਦੀ ਪੱਤਰਕਾਰੀ ਵਿਚੋਂ ਵੀ ਸਪਸ਼ਟ ਦਿਖਾਈ ਦਿੰਦਾ ਹੈ। ਪੱਤਰਕਾਰੀ ਦਾ ਇਕ ਹਿੱਸਾ ਤਾਂ ਇਨ੍ਹਾਂ ਧਾਰਮਿਕ ਪੁਨਰ ਜਾਗਰਣ ਲਹਿਰਾਂ ਨਾਲ ਸੰਬੰਧਿਤ ਹੋ ਕੇ ਉਸੇ ਦਾ ਅਨੁਸਰਣ ਕਰਦਾ ਹੈ। ਇਸ ਦੀ ਸਪੱਸ਼ਟ ਮਿਸਾਲ ਖ਼ਾਲਸਾ ਅਖਬਾਰ, ਖ਼ਾਲਸਾ ਗੱਜਟ, ਗੁਰਮੁਖੀ ਅਖ਼ਬਾਰ, ਵਿਦਿਯਾਰਕ, ਸੁਧਾਰਕ ਆਦਿ, ਸ਼ੁੱਧ ਰੂਪ ਵਿਚ ਧਾਰਮਕ ਅਤੇ ਵਿਦਿਅਕ ਸੁਧਾਰਾਂ ਤੱਕ ਸੀਮਤ ਹਨ। ਸਿੰਘ ਸਭਾ ਲਹਿਰ ਦੇ ਮੁੱਖ ਆਸ਼ਿਆਂ ਵਿਚ ਬਸਤੀਕਾਰਾਂ ਦੀਆਂ ਨਜ਼ਰਾਂ ਵਿਚ ਬਿਹਤਰ ਹੋਣਾ ਸੀ। ਇਸੇ ਕਰਕੇ ਸਿੰਘ ਸਭਾ ਲਹਿਰ ਦਾ ਹਰ ਯਤਨ ਬਸਤੀਕਾਰਾਂ ਦਾ ਗੁਣ ਗਾਇਨ ਕਰਨਾ ਸੀ। ''ਇਸ ਵਾਸਤੇ ਅੱਜ ਕਲ ਸਰਕਾਰ ਅੰਗ੍ਰੇਜ਼ੀ ਦੇ ਰਾਜ ਵਿਚ ਹਰ ਇਕ ਮਜ਼ਹਬ ਯਾ ਕੌਮ ਨੂੰ ਆਪਣੀ ਉਨਤੀ ਦਾ ਸਮਯ ਬਹੁਤ ਹੀ ਅੱਛੀ ਤਰ੍ਹਾਂ ਨਾਲ ਮਿਲ ਗਿਆ ਹੈ ਜਿਸ ਵਿਚ ਖ਼ਾਸ ਕਰਕੇ ਖਾਲਸਾ ਨੂੰ ਤਾਂ ਇਸ ਤੇ ਬਹੁਤ ਹੀ ਲਾਭ ਹੋ ਗਿਆ ਹੈ, ਕਿਉਂਕਿ ਅੱਜ ਕੱਲ ਜੋ ਚੀਨ ਦੇ ਚਿੱਬੇ ਮੂੰਹ ਵਾਲਿਆਂ ਵਿਚ ਗੁਰਦੁਆਰੇ ਬਨਕੇ ਧਰਮ ਦਾ ਪ੍ਰਚਾਰ ਹੋ ਰਿਹਾ ਹੈ ਅਰ ਬ੍ਰਹਮਾਂ, ਮਲਾਇਆ, ਕਾਲੇ ਪਾਣੀ ਜੈਸੀਆਂ ਜਗ੍ਹਾ ਪਰ ਖਾਲਸਾ ਧਰਮ ਦਾ ਡੰਕਾ ਵਜ ਰਿਹਾ ਹੈ ਸੋ ਇਹ ਕਦੇ ਕਿਸੇ ਬਾਦਸ਼ਾਹਤ ਵਿਚ ਹੋਨਾ ਸਹੇ ਦੇ ਸਿੰਗਾਂ ਵਾਂਗ ਸਾ, ਫਿਰ ਅਫਰੀਕਾ ਦੇ ਰੇਗਸਤਾਨਾਂ ਵਿਚ ਅਰ ਬੰਗਾਲ ਅਤੇ ਦੱਖਨ ਵਿਚ ਸਰਹੱਦੀ ਪਹਾੜੀਆਂ ਪਰ ਜੋ ਜੈਕਾਰੇ ਬੋਲ ਰਹੇ ਹਨ ਸੋ ਕੇਵਲ ਅੰਗ੍ਰੇਜ਼ੀ ਰਾਜ ਦਾ ਹੀ ਪ੍ਰਤਾਪ ਹੈ, ਇਸ ਵਾਸਤੇ ਖਾਲਸਾ ਲਈ ਇਹ ਬਹੁਤ ਹੀ ਉੱਤਮ ਸਮਯ ਹੈ ਜੋ ਆਪਨੀ ਉਨਤੀ ਕਰੇ।''47 ਇਉਂ ਸਥਿਤੀ ਬਸਤੀਕਾਰਾਂ ਦੀ ਰਹਿਮਤ ਉਤੇ ਖੜ੍ਹੀ ਹੋਈ ਹੈ। ਇਸ ਸਥਿਤੀ ਨੇ ਜੋ ਬਸਤੀਵਾਦ ਖਿਲਾਫ਼ ਪ੍ਰਤੀਰੋਧ ਦੀ ਬੌਧਿਕ ਧੁਨੀ ਪੈਦਾ ਕਰਨੀ ਸੀ, ਉਹ ਖੜੋਤ ਦਾ ਸ਼ਿਕਾਰ ਹੋ ਕੇ ਧਾਰਮਕਤਾ ਦੀ ਜਕੜ ਵਿਚ ਆ ਗਈ।

ਪੱਤਰਕਾਰੀ ਦੇ ਖੇਤਰ ਵਿਚ ਉਸ ਸਮੇਂ ਬ੍ਰਹਮ ਸਮਾਜੀ ਦਿਆਲ ਸਿੰਘ ਮਜੀਠਿਆ ਵਲੋਂ ਸ਼ੁਰੂ ਕੀਤਾ ਜਾਣ ਵਾਲਾ ਅਖਬਾਰ 'ਟ੍ਰਿਬਿਊਨ' ਪੰਜਾਬ ਦੀ ਸੰਕੀਰਨ ਧਾਰਮਿਕ ਜੰਗ ਦੀ ਥਾਵੇਂ ਨਰਮ, ਉਦਾਰਪੰਥੀ ਤੇ ਰਾਸ਼ਟਰੀ ਭਾਵਨਾ ਦੀ ਚਾਹਤ ਨਾਲ ਸਾਹਮਣੇ ਆਉਂਦਾ ਹੈ। ਇਹ ਜਾਤੀ, ਜਮਾਤੀ, ਧਾਰਮਕ ਮਸਲਿਆਂ ਦੀ ਥਾਂ ਲੋਕ ਭਲਾਈ ਦੇ ਅਤੇ ਪੱਛਮੀ ਤਰਜ਼ ਦੀ ਵਿੱਦਿਆ ਦਾ ਹਮਾਇਤੀ ਸੀ। ਪਰੰਤੂ ਬਸਤੀਵਾਦ ਪ੍ਰਤੀ ਇਸ ਦਾ ਨਜ਼ਰੀਆ ਅਤੇ ਰਵੱਈਆ ਉਦਾਰਵਾਦੀ ਸੀ। ''ਸਰਕਾਰੀ ਅਕਾਦਮੀਆਂ ਜਾਂ ਸੰਸਥਾਵਾਂ ਜਾਂ ਨਿੱਜੀ ਵਿਅਕਤੀਆਂ ਦੀ ਆਪਣੀ ਆਲੋਚਨਾ ਵਿਚ, ਅਸੀਂ ਉਹਨਾਂ ਦੇ ਕੰਮ ਕਾਰਾਂ ਦੀ ਉਦਾਰ ਤੇ ਉਸਾਰੂ ਨੁਕਤਾਚੀਨੀ ਕਰਨ ਨੂੰ ਜੋ ਸੂਝ ਨਾਲ ਮੇਲ ਖਾਂਦੀ ਹੋਵੇ ਅਤੇ ਨਰਮ ਤੋਂ ਨਰਮ ਭਾਸ਼ਾ ਵਿਚ ਹੋਵੇ, ਆਪਣਾ ਜ਼ਰੂਰੀ ਫ਼ਰਜ਼ ਸਮਝਾਂਗੇ।.... ਧਾਰਮਿਕ ਮਾਮਲਿਆਂ ਵਿਚ ਅਸੀਂ ਸਹੀ ਅਰਥਾਂ ਵਿਚ ਨਿਰਪੱਖ ਰਹਾਂਗੇ। ਸਮਾਜਕ ਵਿਸ਼ਿਆਂ ਬਾਰੇ ਸਾਡੀਆਂ ਹਮਦਰਦੀਆਂ ਸੁਧਾਰ ਦੇ ਸਾਊ ਤੇ ਸਾਵਧਾਨੀਪੂਰਨ ਮਾਰਗ ਨਾਲ ਹੋਣਗੀਆਂ।''48

ਪੱਤਰਕਾਰੀ ਵਿਚ ਧਰਮ ਨਿਰਪੱਖ ਭਾਵਨਾ ਅਤੇ ਚੇਤਨਾ ਭਾਵੇਂ ਅਗਵਾਨੂੰ ਸਥਿਤੀ ਵਿਚ ਨਹੀਂ ਸੀ ਪਰੰਤੂ ਇਹ ਆਪਣੇ ਆਪ ਵਿਚ ਆਧੁਨਿਕ ਚੇਤਨਾ ਦੇ ਉਦੈ ਹੋਣ ਦੀ ਲੱਛਣਕਾਰੀ ਸੀ। ਇਹ ਉਸ ਸਮੇਂ ਵਿਚ ਭਾਵੇਂ ਵਿਰਲਾ ਯਤਨ ਸੀ, ਪਰੰਤੂ ਧਾਰਮਕ ਬੋਧ ਦੀ ਥਾਵੇਂ ਆਧੁਨਿਕ ਬੋਧ ਦੇ ਬੀਜ ਫੁੱਟਣ ਦਾ ਸੰਕੇਤ ਜ਼ਰੂਰ ਹੈ। ਇਸ ਬੀਜ ਦੇ ਫੁੱਟਣ ਅਤੇ ਫੈਲਰਨ ਦਾ ਵਾਤਾਵਰਨ ਪੂਰੀ ਤਰ੍ਹਾਂ ਨਾਲ ਸਾਜ਼ਗਰ ਨਹੀਂ ਸੀ ਕਿਉਂਕਿ ਉਸ ਸਮੇਂ ਪੜ੍ਹਾਈ ਜਾਣ ਵਾਲੀ ਪੜ੍ਹਾਈ (ਵਿਸ਼ੇਸ਼ ਤੌਰ ਤੇ ਪੰਜਾਬੀ) ਧਾਰਮਿਕਤਾ ਦੀ ਜਕੜ ਵਿਚ ਗ੍ਰਿਫ਼ਤਾਰ ਸੀ। ਓਰੀਅੰਟਲ ਕਾਲਜ ਲਾਹੌਰ, ਜਿੱਥੇ ਪੰਜਾਬੀ ਦਾ ਪਹਿਲਾਂ ਪ੍ਰੋਫ਼ੈਸਰ ਭਾਈ ਗੁਰਮੁਖ ਸਿੰਘ ਸੀ ਤੇ ਸਿੰਘ ਸਭਾ ਲਹਿਰ ਦੇ ਸੰਸਥਾਪਕਾਂ ਵਿੱਚੋਂ ਸੀ, ਉਥੇ ਸਿੱਖ ਧਰਮ ਦੀ ਪੜ੍ਹਾਈ ਨੂੰ ਹੀ ਅਹਿਮੀਅਤ ਸੀ। ''ਉਸ ਵੇਲੇ ਅੱਜ ਕਲ੍ਹ ਦੀ ਤਰ੍ਹਾਂ ਪੰਜਾਬੀ ਇਮਤਿਹਾਨਾਂ ਵਿਚ ਕਿੱਸੇ ਕਹਾਣੀਆਂ ਨਹੀਂ ਸਨ ਰੱਖੇ ਹੋਏ, ਵਿਦਿਆਰਥੀਆਂ ਨੂੰ ਬੜੇ ਵਿਦਵਤਾ ਭਰੇ ਗ੍ਰੰਥ ਪੜ੍ਹਨੇ ਪੈਂਦੇ ਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਤੋਂ ਜਾਣੂ ਹੋਣਾ ਲਾਜ਼ਮੀ ਸੀ।''49

ਇਸ ਸਥਿਤੀ ਨਾਲ ਖਤਰਨਾਕ ਰੁਝਾਨ ਇਹ ਪੈਦਾ ਹੋ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਸਿੱਖਾਂ ਦੀ ਭਾਸ਼ਾ ਬਣਨ ਲੱਗ ਪੈਂਦੀ ਹੈ। ਧਾਰਮਕ ਵਿੱਦਿਆ ਨੂੰ ਕੌਮੀ ਵਿੱਦਿਆ ਦੇ ਨਾਅ ਹੇਠ ਕਰਨ ਨਾਲ ਭਾਸ਼ਾਵਾਂ ਦੀ ਵੰਡ ਹੋਣੀ ਸ਼ੁਰੂ ਹੋ ਜਾਂਦੀ ਹੈ। ਪੰਜਾਬੀ ਬੰਦਾ ਹਿੰਦੂ, ਸਿੱਖ ਜਾਂ ਮੁਸਲਮਾਨ ਹੈ ਅਤੇ ਹੁਣ ਉਸਦੀ ਭਾਸ਼ਾ ਹਿੰਦੀ, ਪੰਜਾਬੀ ਜਾਂ ਉਰਦੂ ਹੈ। ਭਾਸ਼ਾ ਦੀ ਵੰਡ ਭਵਿੱਖ ਵਿਚ ਜੇ ਧਰਮਾਂ ਨਾਲ ਜੁੜਕੇ ਸੰਕਟਗ੍ਰਸਤ ਹੁੰਦੀ ਹੈ ਤਾਂ ਉਸਦੇ ਬੀਜ ਇਸ ਸੰਪਰਦਾਇਕ ਦੌਰ ਵਿਚ ਹੀ ਪਏ ਹਨ। 

ਉਪਰੋਕਤ ਵਿਸ਼ਲੇਸ਼ਣ ਉਪਰੰਤ ਬਸਤੀਵਾਦੀ ਰਾਜ-ਕਾਲ (1850-1900) ਤੱਕ ਦੀ ਇਤਿਹਾਸਕ ਸਥਿਤੀ ਇਹੋ ਦੱਸਦੀ ਹੈ ਕਿ ਇਸ ਦੌਰ ਵਿਚ ਪੰਜਾਬੀ ਮਨੁੱਖ ਦੀ ਚੇਤਨਾ ਗ੍ਰਿਫ਼ਤਾਰ ਬੌਧਿਕਤਾ (Arrested Intellect) ਦੀ ਦੇਣ ਹੈ ਜਿਸ ਕਰਕੇ ਇਸ ਨੂੰ ਆਧੁਨਿਕ ਚੇਤਨਾ ਦੀ ਥਾਂ ਉੱਪਰ ਬਸਤੀਵਾਦੀ ਆਧੁਨਿਕਤਾ ਦੇ ਰੂਪ ਵਜੋਂ ਦੇਖਣਾ ਬਣਦਾ ਹੈ। ਇਸ ਉਪਰੰਤ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਬੰਗਾਲ 'ਬੰਗ-ਭੰਗ' ਲਹਿਰ ਅਤੇ ਪੰਜਾਬ ਵਿਚ 'ਪਗੜੀ ਸੰਭਾਲ ਜੱਟਾ ਲਹਿਰ' ਆਧੁਨਿਕ ਚੇਤਨਾ ਦੀਆਂ ਲਹਿਰਾਂ ਬਣਨ ਵੱਲ ਵਧਦੀਆਂ ਹਨ ਕਿਉਂਕਿ ਇਹ ਲਹਿਰਾਂ ਧਾਰਮਿਕਤਾ ਦੀ ਜੱਦ ਵਿਚੋਂ ਬਾਹਰ ਨਿਕਲ ਕੇ ਪਹਿਲੀ ਵਾਰ ਆਰਥਿਕ ਅਤੇ ਸਿਆਸੀ ਮਸਲਿਆਂ ਪ੍ਰਤੀ ਰਾਜਨੀਤਕ ਦ੍ਰਿਸ਼ਟੀ ਅਪਣਾਉਂਦੀਆਂ ਹਨ ਜਿਸ ਵਿਚ ਬਸੀਤਵਾਦ ਦਾ ਵਿਰੋਧ ਯਥਾਰਥਕ ਅਤੇ ਤਰਕਸੰਗਤ ਰੂਪ ਅਖ਼ਤਿਆਰ ਕਰਦਾ ਹੈ। ਹਾਲਾਂਕਿ ਭਾਰਤ ਵਿਚ 1885 ਵਿਚ ਕਾਂਗਰਸ ਦੀ ਨੀਂਹ ਰੱਖੀ ਜਾ ਚੁੱਕੀ ਸੀ ਪਰੰਤੂ ਇਸ ਦਾ ਪ੍ਰਭਾਵ ਅਤੇ ਮਕਸਦ ਉਸ ਦੌਰ ਵਿਚ ਸੁਰੱਖਿਅਤ ਵਾਲਵ (Safety Valve) ਦਾ ਹੀ ਸੀ। ਪੰਜਾਬੀ ਸਾਹਿਤ ਚਿੰਤਨ ਵਿਚ ਇਹ ਦੌਰ ਗੰਭੀਰ ਚਰਚਾ ਅਤੇ ਪੁਨਰ ਮੁਲਾਂਕਣ ਦੀ ਮੰਗ ਕਰਦਾ ਹੈ ਤਾਂ ਜੋ ਸਾਹਿਤ-ਇਤਿਹਾਸ ਅਤੇ ਚਿੰਤਨ ਵਿਚ ਭ੍ਰਾਂਤੀਆਂ ਦੇ ਆਧਾਰ 'ਤੇ ਖੜ੍ਹੀਆਂ ਗਲਤ ਧਾਰਨਾਵਾਂ ਦੀ ਨਵਿਰਤੀ ਹੋ ਕੇ ਸਾਹਿਤ ਚਿੰਤਨ ਵਿਗਿਆਨਕ, ਬਾਹਰਮੁਖੀ ਅਤੇ ਤਰਕ ਸੰਗਤ ਸਰੂਪ ਪ੍ਰਾਪਤ ਕਰ ਸਕੇ। 

ਹਵਾਲੇ:
1.    ਮੁੱਢਲੀ ਉਨੀਵੀਂ ਸਦੀ ਦਾ ਪੰਜਾਬ (ਗਣੇਸ਼ ਦਾਸ ਦੇ ਚਾਰ ਬਾਗ-ਏ-ਪੰਜਾਬ ਵਿਚੋਂ) ਸੰਪਾਦਕ ਡਾ. ਜੇ. ਐਸ. ਗਰੇਵਾਲ ਅਤੇ ਡਾ. ਇੰਦੂ ਬਾਂਗਾ, ਪੰਨਾ-19, 27, 70, 116, 135
2.    ਈਸ਼ਵਰ ਦਿਆਲ ਗੌੜ, ਫ਼ਰੀਦਾ ਖਾਕੁ ਨਾ ਨਿੰਦੀਐ, ਪੰਨਾ-149
3.    ਡਾ. ਜੇ. ਐਸ. ਗਰੇਵਾਲ, ਹਿਸਟੌਰੀਕਲ ਸਟੱਡੀਜ਼ ਇਨ ਪੰਜਾਬੀ ਲਿਟਰੇਚਰ, ਪੰਨਾ- 3
4.    ਧੰਨਾ ਸਿੰਘ ਗੁਲਸ਼ਨ, ਅਜ ਦਾ ਪੰਜਾਬ ਅਤੇ ਸਿੱਖ ਰਾਜਨੀਤੀ, ਪੰਨਾ- 42
5.    ਡਾ. ਗੌਤਮ ਸ਼ਰਮਾ ਵਿਆਥਿਤ, ਹਿਮਾਚਲ ਪ੍ਰਦੇਸ਼ : ਲੋਕ ਸਭਿਆਚਾਰ ਅਤੇ ਸਾਹਿਤ, ਪੰਨਾ- 4-5
6.    ਗਿਆਨੀ ਗੁਰਦਿੱਤ ਸਿੰਘ, ਮੇਰਾ ਪਿੰਡ, ਪੰਨਾ- 45
7.    ਪੰਡਿਤ ਦੇਵੀ ਪ੍ਰਸ਼ਾਦ, ਗੁਲਸ਼ਨ-ਏ-ਪੰਜਾਬ, ਪੰਨਾ-233
8.    ਡਾ. ਬੀ. ਐਲ, ਗੁਪਤਾ, ਭਾਰਤ ਕਾ ਆਰਥਿਕ ਇਤਿਹਾਸ, ਪੰਨਾ-19
9.    ਡਾ. ਸੁਦਰਸ਼ਨ ਸਿੰਘ, ਪੰਜਾਬ ਦਾ ਇਤਿਹਾਸ, (1849-1947), ਪੰਨਾ-15
10.    ਕਾਰਲ ਮਾਰਕਸ, ਸਰਮਾਇਆ -ਜਿਲਦ ਪਹਿਲੀ, ਪੰਨਾ-373-374
11.    ਇਰਫ਼ਾਨ ਹਬੀਬ, ਇਤਿਹਾਸ ਔਰ ਵਿਚਾਰਧਾਰਾ, ਪੰਨਾ-63
12.    ਰਾਮ ਸ਼ਰਣ ਸ਼ਰਮਾ, ਭਾਰਤੀਯ ਸਾਮੰਤਵਾਦ, ਪੰਨਾ- 235
13.    ਜਗਜੀਤ ਸਿੰਘ, ਸਿੱਖ ਇਨਕਲਾਬ, ਪੰਨਾ- 116
14.    ਸਤਨਾਮ ਚਾਨਾ, ਸਿੱਖ ਫ਼ਲਸਫ਼ੇ ਦਾ ਰਾਜਨੀਤਕ ਏਜੰਡਾ ਤੇ ਪੰਜਾਬ ਕਮਿਊਨ,  ਪੰਨਾ- 35-36
15.    ਪ੍ਰੋ. ਕਿਸ਼ਨ ਸਿੰਘ, ਸਿੱਖ ਲਹਿਰ, ਪੰਨਾ- 181
16.    ਰਾਧਾ ਸ਼ਰਮਾ, ਰਣਜੀਤ ਸਿੰਘ ਕਾਲ ਦੀ ਕਿਸਾਨੀ ਦਾ ਸਮਾਜ-ਸ਼ਾਸਤਰੀ ਅਧਿਐਨ, ਪੰਨਾ- 5
17.    ਬਾਬਾ ਪ੍ਰੇਮ ਸਿੰਘ ਹੋਤੀ, ਪੰਜਾਬ ਦਾ ਸਮਾਜਕ ਇਤਿਹਾਸ (ਖ਼ਾਲਸਾ ਰਾਜ-ਕਾਲ ਸਮੇਂ) (ਸੰਪਾ: ਡਾ. ਫੌਜਾ ਸਿੰਘ) ਪੰਨਾ-8
18.    ਡਾ. ਸੁਦਰਸ਼ਨ ਸਿੰਘ, ਪੰਜਾਬ ਦਾ ਇਤਿਹਾਸ (1845-1947) ਪੰਨਾ- 76
19.    ਪ੍ਰੀਤਮ ਸਿੰਘ, ''ਸਾਮਰਾਜਵਾਦ, ਭਾਰਤੀ ਪੂੰਜੀਵਾਦ ਅਤੇ ਪੰਜਾਬ ਦੀ ਆਰਥਕਤਾ'', ਪੰਜਾਬ ਦੀ ਆਰਥਕਤਾ (ਸੰਪਾ : ਡਾ. ਨਿਰਮਲ ਸਿੰਘ ਆਜ਼ਾਦ) ਪੰਨਾ -9
20.    ਪੋz. ਰਣਧੀਰ ਸਿੰਘ, ਗ਼ਦਰੀ ਸੂਰਬੀਰ, ਪੰਨਾ- 3-4
21.    ਡਾ. ਬੀ.ਐਲ. ਗੁਪਤਾ, ਭਾਰਤ ਕਾ ਆਰਥਿਕ ਇਤਿਹਾਸ, ਪੰਨਾ- 215
22.    ਉਧਰਿਤ, ਪ੍ਰੀਤਮ ਸਿੰਘ, ''ਸਾਮਰਾਜਵਾਦ, ਭਾਰਤੀ ਪੂੰਜੀਵਾਦ ਅਤੇ ਪੰਜਾਬ ਦੀ ਆਰਥਕਤਾ'', ਪੰਜਾਬ ਦੀ ਆਰਥਕਤਾ (ਸੰਪਾ: ਨਿਰਮਲ ਸਿੰਘ) ਪੰਨਾ- 17
23.    ਗੁਰਬਖ਼ਸ਼ ਸਿੰਘ ਰਾਹੀ, ਪੰਜਾਬ ਰਿਆਸਤੀ ਪਰਜਾ ਮੰਡਲ, ਪੰਨਾ - 37-38
24.    ਉਹੀ, ਪੰਨਾ-24
25.    ਰੋਮੀਲਾ ਥਾਪਰ, ਪ੍ਰਾਚੀਨ ਭਾਰਤ ਮੁੱਢ ਤੋਂ 1300 ਈਸਵੀਂ ਤੱਕ, ਪੰਨਾ-32
26.    ਬੀ. ਐਲ. ਗੁਪਤਾ, ਭਾਰਤ ਕਾ ਆਰਥਿਕ ਇਤਿਹਾਸ, ਪੰਨਾ- 395
27.    ਰੋਮੀਲਾ ਥਾਪਰ, ਪ੍ਰਾਚੀਨ ਭਾਰਤ ਮੁੱਢ ਤੋਂ 1300 ਈਸਵੀਂ ਤੱਕ, ਪੰਨਾ-2-3
28.    ਮੈਕਸ ਆਰਥਰ ਮੈਕਾਲਿਫ਼, ਸਿੱਖ ਇਤਿਹਾਸ, ਜਿਲਦ 1-2, ਆਦਿਕਾ, ਪੰਨਾ -18
29.    ਹੋਰ ਵਿਆਖਿਆ ਲਈ ਦੇਖੋ, ਮੈਕਸ ਆਰਥਰ ਮੈਕਾਲਿਫ਼, ਸਿੱਖ ਇਤਿਹਾਸ -ਜਿਲਦਾਂ 1, 2 ਪੰਨਾ-17 ਤੋਂ 39
30.    ਮਦਨ ਗੋਪਾਲ, ਦਿਆਲ ਸਿੰਘ ਮਜੀਠੀਆ, ਪੰਨਾ-61
31.    ਸੁਮਿਤ ਸਰਕਾਰ, ਆਧੁਨਿਕ ਭਾਰਤ, ਪੰਨਾ- 89
32.    ਮੈਨੇਜਰ ਪਾਂਡੇ, ਲੋਕਗੀਤੋਂ ਔਰ ਗੀਤੋਂ ਮੇਂ 1857, ਪੰਨਾ- 26
33.    *ਇਹ ਸਾਰੇ ਲੋਕ ਗੀਤ, ਦੇਵਿੰਦਰ ਸਤਿਆਰਥੀ ਦੀ 1936 ਵਿੱਚ ਛਪੀ ਪੁਸਤਕ 'ਗਿੱਧਾ' ਵਿਚੋਂ ਹਨ।
34.    ਸ਼ਾਹ ਮੁਹੰਮਦ, ਜੰਗਨਾਮਾ ਹਿੰਦ-ਪੰਜਾਬ, ਪੰਨਾ-42
35.    ਉਧਰਿਤ, ਰਜਨੀ ਪਾਮ ਦੱਤ, ਅਜੋਕਾ ਭਾਰਤ, ਪੰਨਾ- 7
36.    ਮੈਨੇਜਰ ਪਾਂਡੇ, ਲੋਕਗੀਤੋਂ ਔਰ ਗੀਤੋਂ ਮੇਂ 1857, ਪੰਨਾ- 26
37.    ਕਰਤਾਰ ਸਿੰਘ ਸ਼ਮਸ਼ੇਰ, ਨੀਲੀ ਤੇ ਰਾਵੀ, ਪੰਨੇ- 86 ਤੋਂ 104
38.    ਉਨ੍ਹੀਵੀਂ ਸਦੀ ਦਾ ਚੋਣਵਾਂ ਪੰਜਾਬੀ ਸਾਹਿਤ, (ਸੰਪਾ: ਹਰਿਭਜਨ ਸਿੰਘ) ਪੰਨਾ-511
39.    ਉਹੀ, ਪੰਨਾ -xxiii
40.    ਉਹੀ, ਪੰਨਾ- 334
41.    ਉਹੀ, ਪੰਨਾ- 342-343
42.    ਉਹੀ, ਪੰਨਾ- 486
43.    ਉਹੀ, ਪੰਨਾ- 488
44.    ਡਾ. ਸਤਿੰਦਰ ਕੌਰ, ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਪ੍ਰਕਾਸ਼ਿਤ ਪੰਜਾਬੀ ਪੱਤਰਾਂ ਵਿਚ ਸੰਮਿਲਤ ਪੰਜਾਬੀ ਸਾਹਿਤ ਸਰਵੇਖਣ ਅਤੇ ਮੁਲਾਂਕਣ, ਪੰਨਾ-169
45.    ਪੋz. ਜੋਗਿੰਦਰ ਸਿੰਘ, ''ਸਿੰਘ ਸਭਾ ਲਹਿਰ ਤੇ ਸਿੱਖ ਸੁਰਜੀਤੀ'', ਸਿੰਘ ਸਭਾ ਲਹਿਰ ਦਾ ਸੁਨਹਿਰੀ ਤੇ ਮਹਾਨ ਪਰਉਪਕਾਰੀ ਇਤਿਹਾਸ (ਸੰਪ: ਗਿਆਨੀ ਕਰਤਾਰ ਸਿੰਘ ਸ੍ਰਹੱਦੀ), ਪੰਨਾ- 16
46.    ਗਿਆਨੀ ਦਿੱਤ ਸਿੰਘ ਤੇ ਸਿੱਖ ਮਸਲੇ, (ਸੰਪਾ: ਡਾ. ਇੰਦਰਜੀਤ ਸਿੰਘ ਗੋਗੋਆਣੀ), ਪੰਨਾ- 60
47.    ਉਹੀ, ਪੰਨਾ- 197
48.    ਮਦਨ ਗੋਪਾਲ, ਦਿਆਲ ਸਿੰਘ ਮਜੀਠੀਆ, ਪੰਨਾ 69
49.    ਸ਼ਮਸ਼ੇਰ ਸਿੰਘ ਅਸ਼ੋਕ, ''ਪ੍ਰੋ. ਭਾਈ ਗੁਰਮੁਖ ਸਿੰਘ ਜੀ'', ਸਿੰਘ ਸਭਾ ਲਹਿਰ ਦਾ ਸੁਨਹਿਰੀ ਤੇ ਮਹਾਨ ਪਰਉਪਕਾਰੀ ਇਤਿਹਾਸ (ਸੰਪਾ : ਗਿਆਨੀ ਕਰਤਾਰ ਸਿੰਘ ਸ੍ਰਹੱਦੀ), ਪੰਨਾ- 505
ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

Business and Economy History Politics
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ

ਦੂਜੀ ਲਹਿਰ ਦਾ ਆਖ ਕੇ, ਭਾਰਤ ਦੇ ਅੰਦਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਤਾਲਾਬੰਦੀ ਲਗਾਉਣ ਦੀ...

By ਗੁਰਪ੍ਰੀਤ ਸਿੰਘ
May 6, 2021
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ
in History
History of Sikhs in Australia

Most of us think that Sikh or South Asian migration to Australia is a recent phenomenon, spanning just the past few deca...

By Manpreet Kaur
May 6, 2021
History of Sikhs in Australia