ਹੁਕਮਰਾਨਾਂ ਦੀ ਨਵੀਂ ਚਾਲ: ਪੰਜਾਬ 'ਚ ਲਾਗੂ ਹੋਵੇਗਾ ਰਾਸ਼ਟਰਪਤੀ ਰਾਜ?


ਸੇ ਮਹੀਨੇ ਦੀ 27 ਤਰੀਕ ਨੂੰ ਜਿਹੜਾ ਘਟਨਾਕ੍ਰਮ ਮਲੋਟ ਸ਼ਹਿਰ ਵਿਖੇ ਵਾਪਰਿਆ, ਉਹਨੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਕਿਸਾਨ ਅੰਦੋਲਨ ਤੋਂ ਪੂਰੀ ਤਰ੍ਹਾਂ ਨਾਲ ਲੋਕਾਂ ਦਾ ਧਿਆਨ ਇਸੇ ਵੇਲੇ ਹੱਟ ਤਾਂ ਚੁੱਕਿਆ ਹੀ ਹੈ, ਨਾਲ ਹੀ ਸਾਰੇ ਲੋਕਾਂ ਦੇ ਮੂੰਹ ‘ਤੇ ਮਲੋਟ ਵਾਲੀ ਘਟਨਾ ਚੜ ਗਈ ਹੈ। ਮਲੋਟ ਦੇ ਵਿੱਚ ਅਬੋਹਰ ਦੇ ਭਾਜਪਾਈ ਵਿਧਾਇਕ ਅਰੁਣ ਨਾਰੰਗ ਦੀ ਕੁੱਝ ਪ੍ਰਦਰਸ਼ਨਕਾਰੀਆਂ ਨੇ 27 ਮਾਰਚ 2021 ਨੂੰ ਪੁਲਿਸ ਦੀ ਮੌਜੂਦਗੀ ਵਿੱਚ ਕੁੱਟਮਾਰ ਕੀਤੀ। ਪੁਲਿਸ ਦਾ ਦਾਅਵਾ ਹੈ ਕਿ ਵਿਧਾਇਕ ਦੀ ਕੁੱਟਮਾਰ ਕਰਨ ਵਾਲੇ ਕਿਸਾਨ ਸਨ ਅਤੇ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦੇ ਬਿਆਨਾਂ ਦੇ ਆਧਾਰ ‘ਤੇ 300 ਦੇ ਕਰੀਬ ਕਿਸਾਨਾਂ ਅਤੇ ਲੋਕਾਂ ਦੇ ਵਿਰੁੱਧ ਪਰਚਾ ਵੀ ਦਰਜ ਕੀਤਾ ਗਿਆ ਹੈ। ਪਰ ਕੁੱਟਮਾਰ ਦਾ ਸ਼ਿਕਾਰ ਹੋਏ ਭਾਜਪਾ ਵਿਧਾਇਕ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ, ਕਿ ਉਹਦੀ ਕੁੱਟਮਾਰ ਕਰਨ ਵਾਲੇ ਕਿਸਾਨ ਨਹੀਂ ਸਨ, ਬਲਕਿ ਕੁੱਝ ਕੁ ਸ਼ਰਾਰਤੀ ਅਨਸਰ ਸਨ। ਭਾਜਪਾ ਵਿਧਾਇਕ ਦਾ ਦੋਸ਼ ਇਹ ਵੀ ਹੈ ਕਿ, ਇਹ ਸ਼ਰਾਰਤੀ ਅਨਸਰ ਪੰਜਾਬ ਸਰਕਾਰ ਦੁਆਰਾ ਪਾਲੇ ਗਏ ਸ਼ਰਾਰਤੀ ਅਨਸਰ ਹਨ, ਜਿਹੜੇ ਲਗਾਤਾਰ ਭਾਜਪਾ ਆਗੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਗੱਲਾਂ-ਗੱਲਾਂ ਦੇ ਵਿੱਚ ਭਾਜਪਾਈ ਵਿਧਾਇਕ ਇਹ ਚੁਆਤੀ ਵੀ ਲਗਾ ਗਏ ਕਿ, ਉਹਦੀ ਕੁੱਟਮਾਰ ਕਰਨ ਵਾਲੇ ਕਿਸਾਨ ਨਹੀਂ ਸਨ, ਪਰ ਦੂਜੇ ਪਾਸੇ ਭਾਜਪਾਈ ਵਿਧਾਇਕ ਮਾਮਲੇ ਨੂੰ ਵੀ ਗੋਲ-ਮੋਲ ਕਰ ਗਏ।

ਭਾਜਪਾ ਵਿਧਾਇਕ ਦਾ ਦਾਅਵਾ ਹੈ ਕਿ ਉਹ ਮਲੋਟ ਸ਼ਹਿਰ ਵਿਖੇ ਪੰਜਾਬ ਕਾਂਗਰਸ ਦੇ ਚਾਰ ਸਾਲਾਂ ਦੇ ਰਿਪੋਰਟ ਕਾਰਡ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਨ ਆਇਆ ਸੀ। ਜਿਵੇਂ ਹੀ ਉਹ ਪ੍ਰੈੱਸ ਕਾਨਫ਼ਰੰਸ ਕਰ ਰਿਹਾ ਸੀ ਤਾਂ, ਇਸੇ ਦੌਰਾਨ ਹੀ ਬਾਹਰੋਂ ਅਵੱਲੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ। ਕੁੱਝ ਲੋਕਾਂ ਨੇ ਹੱਥਾਂ ਵਿੱਚ ਹਰੇ ਅਤੇ ਕਾਲੇ ਝੰਡੇ ਫੜੇ ਹੋਏ ਸਨ। ਵਿਧਾਇਕ ਦਾ ਦਾਅਵਾ ਹੈ ਕਿ ਉਹਨੇ ਪੁਲਿਸ ਵਾਲਿਆਂ ਨੂੰ ਇਹ ਵੀ ਆਖਿਆ ਕਿ, ਉਹਦੀ ਜਾਨ ਨੂੰ ਖ਼ਤਰਾ ਹੈ, ਇਸ ਲਈ ਉਹ ਅੰਦਰ ਕਮਰੇ ਵਿੱਚ ਹੀ ਬੈਠ ਜਾਂਦੇ ਹਨ, ਪਰ, ਪੁਲਿਸ ਨੇ ਮੇਰੀ (ਵਿਧਾਇਕ) ਗੱਲ ਮੰਨੀ‌ ਨਹੀਂ ਸੀ ਅਤੇ ਉਹ ਬਾਹਰ ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਮੈਨੂੰ ਲੈ ਆਏ। ਜਿੱਥੇ ਕੁੱਝ ਲੋਕਾਂ ਨੇ ਮੇਰੀ (ਵਿਧਾਇਕ) ਗੱਡੀ ‘ਤੇ ਹਮਲਾ ਕੀਤਾ, ਕਾਲਖ ਮਲੀ ਅਤੇ ਮੇਰੇ (ਵਿਧਾਇਕ)ਕੱਪੜੇ ਪਾੜ ਦਿੱਤੇ। ਕੁੱਝ ਲੋਕਾਂ ਨੇ ਮੇਰੀ ਕੁੱਟਮਾਰ ਕੀਤੀ। ਦੱਸ ਦਈਏ ਕਿ, ਪੁਲਿਸ ਨੇ ਨੰਗੇ ਵਿਧਾਇਕ ਨੂੰ ਭੀੜ ਦੇ ਚੁਗ਼ਲ ਵਿੱਚੋਂ ਛਡਾਇਆ ਅਤੇ ਸੁਰੱਖਿਅਤ ਜਗ੍ਹਾ ‘ਤੇ ਲੈ ਕੇ ਗਏ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਟਕਰਾਅ ਦੀ ਸਥਿਤੀ ਵੀ ਬਣੀ, ਪਰ ਕੁੱਝ ਸੂਝਵਾਨ ਲੋਕਾਂ ਦੇ ਕਾਰਨ ਇਹ ਮਾਮਲਾ ਬਹੁਤਾ ਉੱਥੇ 27 ਮਾਰਚ ਵਾਲੇ ਦਿਨ ਭਖ ਨਹੀਂ ਸਕਿਆ। ਪਰ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਸੰਗੀਨ ਧਰਾਵਾਂ ਦੇ ਤਹਿਤ ਪਰਚਾ ਦਰਜ ਕਰ ਦਿੱਤਾ ਅਤੇ ਕੁੱਝ ਕੁ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

ਇਸੇ ਮਾਮਲੇ ਨੂੰ ਲੈ ਕੇ, 28 ਮਾਰਚ ਨੂੰ ਭਾਜਪਾ ਦੇ ਸੀਨੀਅਰ ਲੀਡਰ, ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲੇ। ਘਟਨਾ ਦੀ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਨਿੰਦਾ ਕੀਤੀ ਅਤੇ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲਬਾਤ ਕਰਕੇ, ਕਾਰਵਾਈ ਕਰਨ ਲਈ ਆਖਿਆ। ਰਾਜਪਾਲ ਦੇ ਆਦੇਸ਼ ਮਗਰੋਂ ਕੈਪਟਨ ਨੇ ਵੀ ਘਟਨਾ ਦੀ ਨਿੰਦਾ ਕੀਤੀ ਅਤੇ ਡੀਸੀ ਤੋਂ ਇਲਾਵਾ ਐਸਐਸਪੀ ਨੂੰ ਨਿਰਦੇਸ਼ ਦਿੱਤੇ, ਕਿ ਭਾਜਪਾ ਵਰਕਰਾਂ ਦੇ ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਸੁਰੱਖਿਆ ਮੁਕੰਮਲ ਕੀਤੀ ਜਾਵੇ। ਖ਼ੈਰ, ਕੈਪਟਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵੱਲੋਂ ਵੀ ਉਕਤ ਘਟਨਾ ਦੀ ਨਿੰਦਾ ਕੀਤੀ ਗਈ ਹੈ। ਪਰ, ਇੱਥੇ ਸਵਾਲ ਉੱਠਦਾ ਹੈ ਕਿ ਇੱਕੋ ਦਮ ਇਹ ਸਭ ਕੁੱਝ ਕਿਵੇਂ ਹੋ ਗਿਆ? ਕੀ ਇਹ ਸਭ ਕੁੱਝ ਪਲਾਨ ਕੀਤਾ ਹੋਇਆ ਮਾਮਲਾ ਸੀ? ਕੀ ਕਿਸਾਨ ਅੰਦੋਲਨ ਨੂੰ ਢਾਹ ਲਗਾਉਣ ਦੇ ਲਈ ਸਰਕਾਰ ਦੀ ਇਹ ਸੋਚੀ ਸਮਝੀ ਸਾਜ਼ਿਸ਼ ਸੀ? ਕੀ ਕਿਸਾਨ ਹੀ ਸਨ ਵਿਧਾਇਕ ‘ਤੇ ਹਮਲਾ ਕਰਨ ਵਾਲੇ? ਅਜਿਹੇ ਅਨੇਕਾਂ ਸਵਾਲ ਹਨ, ਪਰ ਕਿਸਾਨ ਆਗੂਆਂ ਦੇ ਬਿਆਨ ਵੀ ਇਸ ਘਟਨਾ ‘ਤੇ ਸਾਹਮਣੇ ਆਏ ਹਨ, ਜਿਸ ਵਿੱਚ ਕਿਸਾਨ ਆਗੂ ਇਸ ਘਟਨਾ ਦੀ ਨਿੰਦਾ ਤਾਂ ਕਰ ਹੀ ਰਹੇ ਹਨ, ਨਾਲ ਹੀ ਕਹਿ ਰਹੇ ਹਨ ਕਿ ਕੁੱਟਮਾਰ ਕਿਸਾਨਾਂ ਨੇ ਨਹੀਂ ਕੀਤੀ, ਬਲਕਿ ਕਾਲੀਆਂ ਝੰਡੀਆਂ ਨਾਲ ਕਿਸਾਨਾਂ ਨੇ ਸਿਰਫ਼ ਵਿਧਾਇਕ ਦਾ ਵਿਰੋਧ ਕੀਤਾ ਹੈ।

ਕੁੱਝ ਕੁ ਪ੍ਰਦਸ਼ਨਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ‘ਤੇ ਦਰਜ ਕੀਤੇ ਗਏ ਧਾਰਾ 307 ਦੇ ਮਾਮਲਿਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਭਾਜਪਾ ਨਾਲ ਮਿਲੀ ਹੋਈ ਹੈ ਅਤੇ ਕੇਂਦਰ ਸਰਕਾਰ ਦੇ ਕਹਿਣ ‘ਤੇ ਹੀ ਸਭ ਕੁੱਝ ਕਰ ਰਹੀ ਹੈ। ਇਸੇ ਮਾਮਲੇ ਨੂੰ ਲੈ ਕੇ 28 ਮਾਰਚ ਨੂੰ ਭਾਜਪਾ ਆਗੂਆਂ ਦਾ ਵਫ਼ਦ, ਜਿਹੜਾ ਕਿ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਿਆ, ਉਹਦੇ ਬਾਰੇ ਵਿੱਚ ਵਿਸ਼ੇਸ਼ ਚਰਚਾ ਕਰਨਾ ਬਣਦੀ ਹੈ। ਕਿਉਂਕਿ ਭਾਜਪਾ ਵਫ਼ਦ ਨੇ ਜਿਹੜੀ ਮੰਗ ਰਾਜਪਾਲ ਕੋਲ ਰੱਖੀ ਹੈ, ਉਹ ਪੰਜਾਬ ਨੂੰ ਉਜਾੜੇ ਵੱਲ ਤਾਂ ਧੱਕੇਗੀ ਹੀ, ਨਾਲ ਹੀ ਪੰਜਾਬ ਦੇ ਅੰਦਰ ਅਜਿਹਾ ਮਾਹੌਲ ਬਣ ਜਾਵੇਗਾ, ਜਿਸ ਦੇ ਨਾਲ ਪੰਜਾਬ ਬਰਬਾਦੀ ਦੇ ਵੱਲ ਵਧੇਗਾ ਅਤੇ ਕਿਸਾਨ ਅੰਦੋਲਨ ਵੀ ਖ਼ਤਮ ਹੋ ਜਾਵੇਗਾ। ਦਰਅਸਲ, ਭਾਜਪਾ ਵਫ਼ਦ ਨੇ ਰਾਜਪਾਲ ਕੋਲ ਮੰਗ ਰੱਖੀ ਕਿ, ਜਿਸ ਤਰ੍ਹਾਂ ਇਸ ਵੇਲੇ ਪੰਜਾਬ ਦੇ ਅੰਦਰ ਹਾਲਾਤ ਬਣ ਚੁੱਕੇ ਹਨ, ਇਸੇ ਨੂੰ ਵੇਖਦੇ ਹੋਏ ਕਾਂਗਰਸ ਸਰਕਾਰ ਨੂੰ ਬਰਖ਼ਾਸਤ ਕਰਕੇ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਚਾਹੀਦਾ ਹੈ। ਵੇਖਿਆ ਜਾਵੇ ਤਾਂ ਜਿਹੜੀ ਮੰਗ ਭਾਜਪਾ ਵਫ਼ਦ ਨੇ ਰੱਖੀ ਹੈ, ਉਹਨੂੰ ਕਿਸੇ ਨੇ ਵੀ ਘੋਖ ਕੇ ਨਹੀਂ ਵੇਖਿਆ, ਕਿ ਆਖ਼ਰ ਭਾਜਪਾ ਅਜਿਹੀ ਮੰਗ ਕਰ ਕਿਉਂ ਰਹੀ ਹੈ, ਕਿ ਰਾਸ਼ਟਰਪਤੀ ਰਾਜ ਪੰਜਾਬ ਵਿੱਚ ਲਾਗੂ ਕਰ ਦਿੱਤਾ ਜਾਵੇ?

ਅਸਲ ਸਚਾਈ ਦੇ ਵੱਲ ਨਿਗਾਹ ਮਾਰੀਏ ਤਾਂ, ਭਾਜਪਾ ਹਾਈ ਕਮਾਂਡ ਦੀ ਸੋਚ ਹੈ, ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਨੂੰ ਹਾਲੇ ਇੱਕ ਸਾਲ ਬਾਕੀ ਪਿਆ ਹੈ। ਕਿਸਾਨਾਂ ਦਾ ਅੰਦੋਲਨ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ, ਜਿਸ ਕਾਰਨ ਭਾਜਪਾ ਦੀ ਬਦਨਾਮੀ ਸਾਰੇ ਪਾਸੇ ਹੋ ਰਹੀ ਹੈ। ਕਿਸਾਨ ਅੰਦੋਲਨ ਸਰਕਾਰ ਦੀਆਂ ਜੜਾਂ ਵਿੱਚ ਬੈਠ ਗਿਆ ਹੈ। ਇਸੇ ਤਰ੍ਹਾਂ ਵੇਖਿਆ ਜਾਵੇ ਤਾਂ, ਕਿਸਾਨ ਅੰਦੋਲਨ ਦੇ ਕਾਰਨ 5 ਸੂਬਿਆਂ ਵਿੱਚ ਚੋਣਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਭਾਜਪਾ ਨੂੰ ਹਾਰਨ ਦਾ ਡਰ ਸਤਾ ਰਿਹਾ ਹੈ। ਇਸੇ ਕਾਰਨ ਭਾਜਪਾ ਹਾਈ ਕਮਾਂਡ ਦੀ ਸੋਚ ਹੈ ਕਿ, ਪੰਜਾਬ ਦੇ ਕਿਸਾਨ ਜਿਹੜੇ ਕਿ ਮੁਲਕ ਭਰ ਦੇ ਵੱਖ ਵੱਖ ਸੂਬਿਆਂ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਨਾਲ ਲੈ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਦੇ ਪ੍ਰਦਰਸ਼ਨ ਨੂੰ ਫ਼ੇਲ੍ਹ ਕੀਤਾ ਜਾਵੇ।

ਸਿਆਸੀ ਮਾਹਿਰਾਂ ਅਤੇ ਬੁੱਧੀਜੀਵੀਆਂ ਦੀ ਮੰਨੀਏ ਤਾਂ, ਉਨ੍ਹਾਂ ਦੇ ਮੁਤਾਬਿਕ, ਜੇਕਰ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੈ ਤਾਂ, ਕਿਸਾਨ ਮੋਰਚਾ ਕੁੱਝ ਹੀ ਦਿਨਾਂ ਵਿੱਚ ਸਮਾਪਤ ਹੋ ਸਕਦਾ ਹੈ, ਕਿਉਂਕਿ ਪੰਜਾਬ ਸਰਕਾਰ ਦੀਆਂ ਸਾਰੀਆਂ ਸ਼ਕਤੀਆਂ ਰਾਜਪਾਲ ਦੇ ਕੋਲ ਆ ਜਾਣਗੀਆਂ ਅਤੇ ਰਾਜਪਾਲ ਪਹਿਲੋਂ ਹੀ ਭਾਜਪਾ ਦਾ ਹੈ, ਜੋ ਕਿਸਾਨ ਅੰਦੋਲਨ ਨੂੰ ਚੱਲਣ ਤੋਂ ਰੋਕੇਗਾ। ਡੂੰਘਾਈ ਨਾਲ ਵੇਖੀਏ ਤਾਂ, ਇੱਕ ਗੱਲ ਸਭਨਾਂ ਨੂੰ ਯਾਦ ਹੋਵੇਗੀ ਕਿ, ਕੁੱਝ ਮਹੀਨੇ ਪਹਿਲੋਂ ਹੀ ਪੰਜਾਬ ਵਿਧਾਨ ਸਭਾ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ, ਪੰਜਾਬ ਦੇ ਕਿਸਾਨਾਂ ਨੂੰ ਫ਼ਾਇਦਾ ਪਹੁੰਚਾਉਣ ਵਾਸਤੇ ਨਵੇਂ ਖੇਤੀ ਬਿੱਲ ਪਾਸ ਕੀਤੇ ਸਨ, ਜਿਨ੍ਹਾਂ ਦੀਆਂ ਕਾਪੀਆਂ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਰਾਜਪਾਲ ਨੂੰ ਸੌਂਪੀਆਂ ਗਈਆਂ ਸਨ।

ਇਸੇ ਦੌਰਾਨ ਹੀ ਮੁੱਖ ਮੰਤਰੀ ਪੰਜਾਬ ਨੇ ਰਾਜਪਾਲ ਕੋਲ ਮੰਗ ਰੱਖੀ ਸੀ ਕਿ ਇਨ੍ਹਾਂ ਖੇਤੀ ਬਿੱਲਾਂ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਵੇ ਤਾਂ, ਜੋ ਇਹ ਬਿੱਲ ਕਾਨੂੰਨ ਬਣ ਸਕਣ। ਪਰ, ਮਹੀਨੇ ਬੀਤ ਜਾਣ ਦੇ ਬਾਅਦ ਵੀ ਰਾਜਪਾਲ ਨੇ ਕੈਪਟਨ ਸਰਕਾਰ ਦੀ ਮੰਗ ‘ਤੇ ਗ਼ੌਰ ਨਹੀਂ ਕੀਤਾ ਅਤੇ ਨਾ ਹੀ ਬਿੱਲ ਰਾਸ਼ਟਰਪਤੀ ਨੂੰ ਭੇਜੇ ਹਨ। ਇਸੇ ਵਿੱਚ ਸਾਫ਼ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਪੰਜਾਬ ਦੇ ਅੰਦਰ ਭਾਜਪਾ ਵਿਧਾਇਕ ਦੀ ਕੁੱਟਮਾਰ ਦਾ ਮਸਲਾ ਇਸੇ ਤਰ੍ਹਾਂ ਹੀ ਭਖਿਆ ਰਹਿੰਦਾ ਹੈ ਅਤੇ ਇਹ ਮਸਲਾ 15-20 ਦਿਨ ਵੀ ਹੋਰ ਚੱਲਦਾ ਹੈ ਤਾਂ, ਪੰਜਾਬ ‘ਤੇ ਵੱਡਾ ਸੰਕਟ ਆ ਸਕਦਾ ਹੈ। ਪੰਜਾਬ ਦੇ ਅੰਦਰ ਰਾਜਪਾਲ ਕਿਸੇ ਵੀ ਵੇਲੇ ਰਾਸ਼ਟਰਪਤੀ ਰਾਜ ਲਾਗੂ ਕਰ ਸਕਦਾ ਹੈ, ਕਿਉਂਕਿ ਰਾਜਪਾਲ ਨੂੰ ਤਾਂ ਬਸ ਕੇਂਦਰ ਦੇ ਇੱਕ ਇਸ਼ਾਰੇ ਦੀ ਲੋੜ ਹੈ। ਕੁੱਝ ਦਿਨ ਪਹਿਲੋਂ ਦਿੱਲੀ ਸਰਕਾਰ ਦੇ ਬਹੁਤੇ ਅਧਿਕਾਰਾਂ ਨੂੰ ਕੇਂਦਰ ਸਰਕਾਰ ਦੁਆਰਾ ਖੋਹ ਕੇ ਉਪ ਰਾਜਪਾਲ ਨੂੰ ਸੌਂਪ ਦਿੱਤੇ ਗਏ ਅਤੇ ਇਸ ਤੋਂ ਪਹਿਲੋਂ ਜੰਮੂ ਕਸ਼ਮੀਰ ਦੇ ਅਧਿਕਾਰਾਂ ‘ਤੇ ਵੀ ਕੇਂਦਰ ਡਾਕਾ ਮਾਰ ਚੁੱਕਿਆ ਹੈ। ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਅਤੇ 35-ਏ ਹਟਾ ਕੇ ਕੇਂਦਰ ਸਰਕਾਰ ਉੱਥੇ ਇਸ ਵੇਲੇ ਰਾਸ਼ਟਰਪਤੀ ਰਾਜ ਲਾਗੂ ਕਰੀ ਬੈਠਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੇ ਅੰਦਰ ਵੀ ਅਜਿਹਾ ਹੀ ਹੋਵੇਗਾ। ਜੇਕਰ ਮਾਹੌਲ ਇਸੇ ਤਰ੍ਹਾਂ ਹੀ ਰਿਹਾ ਤਾਂ, ਉਹ ਵੇਲਾ ਦੂਰ ਨਹੀਂ, ਜਦੋਂ ਦਿੱਲੀ ਦੇ ਵਾਂਗ ਪੰਜਾਬ ਸਰਕਾਰ ਦੀਆਂ ਵੀ ਸ਼ਕਤੀਆਂ ਖੋਹ ਲਈਆਂ ਜਾਣਗੀਆਂ ਅਤੇ ਸਰਕਾਰ ਬਰਖ਼ਾਸਤ ਹੋ ਜਾਵੇਗੀ।

Current Affairs
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ

ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ...

By ਗੁਰਪ੍ਰੀਤ ਸਿੰਘ
April 13, 2021
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ

ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜ...

By Vijay Bombeli
April 13, 2021
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ