ਬੁੱਧ ਚਿੰਤਨ - ਮਾਲਕੀ ਤੋਂ ਲਾਰੀ ਦੀ ਚਾਕਰੀ


ਰੋਡਵੇਜ਼ ਦੀ ਲਾਰੀ .. ਨਵੀਂ ਪੀੜ੍ਹੀ ਇਸ ਨੂੰ ਜਾਣਦੀ ਨਹੀਂ ਤੇ ਜੇ ਜਾਣਦੀ ਹੈ ਤਾਂ ਮਹਿਜ਼ ਖਟਾਰਾ, ਕੰਡਮ ਬੱਸ ਵਜੋਂ ਹੀ ਪਛਾਣਦੀ ਹੈ ਜੋ ਸਮਾਂ ਵਿਹਾਅ ਚੁੱਕੀ ਹੈ। ਜਾਂ ਕਹਿ ਲਓ ਇਹ ਉਸ ਦਾ ਮਾਲਕ ਤੋਂ ਨੌਕਰ ਬਣਨ ਦਾ ਸਫ਼ਰ ਹੈ। ਸਰਕਾਰਾਂ ਨੇ ਇਸ ਦੀ ਹਾਲਤ ਏਨੀ ਬਦਤਰ ਕਰ ਦਿੱਤੀ ਹੈ ਕਿ ਇਹ ਹੁਣ ਆਪਣੀ ਬਰਬਾਦੀ ਦਾ ਮਾਤਮ ਮਨਾ ਰਹੀ ਹੈ।

ਕਦੇ ਇਸ ਦੀ ਪੰਜਾਬ ਵਿਚ ਪੂਰੀ ਟੌਅਰ ਹੁੰਦੀ ਸੀ। ਲੋਕ ਬੱਸ ਅੱਡਿਆਂ ਉੱਪਰ ਘੰਟਿਆਂ ਬੱਧੀ ਇਸ ਦੀ ਉਡੀਕ ਕਰਦੇ ਸਨ। ਇਹ ਸੱਜਣਾਂ ਦੇ ਮੇਲ ਕਰਾਉਂਦੀ ਤੇ ਕਦੇ ਵਿਛੜਿਆਂ ਦੇ ਹੰਝੂਆਂ ਨਾਲ ਭਿੱਜ ਜਾਂਦੀ। ਦੂਰੋਂ ਤੱਕ ਕੇ ਹੀ ਸਭ ਦੇ ਚਿਹਰਿਆਂ 'ਤੇ ਰੌਣਕ ਆ ਜਾਂਦੀ।

ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਦਾ ਨਾਮ "ਓਮਨੀ ਬੱਸ" ਸੀ ਤੇ ਓ.ਮਨ ਤੋਂ ਓਮਨੀ ਬਣ ਕੇ ਸਭ ਦੇ ਦਿਲਾਂ ਦੀ ਰਾਣੀ ਬਣ ਗਈ। ਗੱਡਿਆਂ 'ਤੇ ਸਫ਼ਰ ਕਰਨ ਵਾਲਿਆਂ ਲਈ ਇਹ ਚਮਤਕਾਰ ਤੋਂ ਘੱਟ ਨਹੀਂ ਸੀ। ਬੱਸ ਦੇ ਤੇਜ਼ ਘੁੰਮਦੇ ਪਹੀਆਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਰਫ਼ਤਾਰ ਦੇ ਦਿੱਤੀ ਸੀ। ਵਿਦਿਆਰਥੀਆਂ ਲਈ ਤਾਂ ਵਰਦਾਨ ਸਿੱਧ ਹੋਈ। ਪਿੰਡਾਂ ਦੀਆਂ ਪੈਲੀਆਂ 'ਚੋਂ ਨਿਕਲ ਕੇ ਸ਼ਹਿਰ ਜਾਣ ਵਾਲੇ ਪਾੜਿਆਂ ਨੇ ਆਪਣੀ ਵਿਦਵਤਾ ਨਾਲ ਸੂਬੇ ਦੀ ਨੁਹਾਰ ਬਦਲੀ। ਮੁਫ਼ਤ ਸਫ਼ਰ ਲਈ ਪਾੜਿਆਂ ਵਲੋਂ ਲੜੇ ਗਏ ਲੰਬੇ ਸਘੰਰਸ਼ ਦਾ ਵੀ ਇਹ ਬੱਸਾਂ ਗਵਾਹ ਬਣੀਆਂ ਹਨ।

ਵੰਡ ਮਗਰੋਂ ਇਸ ਦਾ ਨਾਮ ਓਮਨੀ ਤੋਂ ਰੋਡਵੇਜ਼ ਹੋ ਗਿਆ। 1948 ਵਿਚ ਮਹਿਜ਼ 13 ਬੱਸਾਂ ਹੁੰਦੀਆਂ  ਸਨ... ਜੋ ਪੰਜਾਬ ਦੇ ਨਿੱਕੇ ਵੱਡੇ ਕਸਬਿਆਂ ਤੋਂ ਵੱਡੇ ਸ਼ਹਿਰਾਂ ਨੂੰ  ਜਾਂਦੀਆਂ ਸਨ। 1985 ਵਿਚ 2407 ਬੱਸਾਂ ਦੀ ਪੰਜਾਬ ਤੇ ਨਾਲ ਲੱਗਦੇ ਰਾਜਾਂ ਵਿਚ ਸਰਦਾਰੀ ਸੀ। ਲੋੜ ਮੁਤਾਬਕ ਬੱਸਾਂ ਦੀ ਗਿਣਤੀ ਵਿਚ ਤਾਂ ਵਾਧਾ ਹੁੰਦਾ ਗਿਆ ਪਰ ਇਨ੍ਹਾਂ ਦੀ ਹਾਲਤ ਦਿਨੋਂ-ਦਿਨ ਨਿਘਰਦੀ ਗਈ। ਟੁੱਟੇ ਸ਼ੀਸ਼ੇ-ਬਾਰੀਆਂ ਤੇ ਉਪਰੋਂ ਵਕਤ, ਬੇਵਕਤ ਆਉਣਾ। ਸ਼ਾਇਦ ਤਾਂ ਹੀ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਨੇ ਗੀਤ  ਲਿਖਿਆ ਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਆਵਾਜ਼ ਨੇ ਇਸ ਨੂੰ ਅਮਰ ਕਰ ਦਿੱਤਾ। 


"ਆ 'ਗੀ ਰੋਡਵੇਜ਼ ਦੀ ਲਾਰੀ...
ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ।"

ਟਰੱਕ ਟਰਾਂਸਪੋਰਟਰਾਂ ਦੀਆਂ ਮੁਨਾਫ਼ਾਖੋਰ ਨਜ਼ਰਾਂ ਇਸ 'ਤੇ ਕੀ ਪਈਆਂ, ਇਸ ਨੂੰ ਖੁੱਡੇ ਲਾ ਕੇ ਹੌਲੀ ਹੌਲੀ ਆਪਣੀ ਸਰਦਾਰੀ ਕਾਇਮ ਕਰ ਲਈ। ਉਹ ਪੰਜਾਬ ਦਾ ਕਾਲਾ ਦੌਰ ਸੀ। ਲੋਕ ਘਰਾਂ ਵਿਚ ਸਹਿਮੇ ਬੈਠੇ ਸਨ ਤੇ ਪੰਜਾਬ ਦੇ ਟਰਾਂਸਪੋਰਟਰਾਂ ਨੇ ਪੰਜਾਬ ਦੀ ਸੱਤਾ 'ਤੇ ਕਬਜ਼ਾ ਕਰਨ ਲਈ ਕਮਰਕੱਸੇ ਕਰ ਲਏ। ਉਸ ਵੇਲੇ ਪੰਜਾਬ ਸਰਕਾਰ ਨੇ 534 ਬੱਸਾਂ ਦਾ ਬੇੜਾ ਹੋਰ ਵਧਾ ਦਿੱਤਾ। ਪੰਜਾਬ ਰੋਡਵੇਜ਼ ਮੁਲਾਜ਼ਮ ਯੂਨੀਅਨਾਂ ਬਣੀਆਂ। ਉਨ੍ਹਾਂ ਨੇ ਆਪਣੀਆਂ ਤਨਖ਼ਾਹਾਂ-ਭੱਤੇ ਵਧਾਉਣ ਦੇ ਨਾਲ-ਨਾਲ ਇਸ ਨੂੰ ਬਚਾਉਣ ਲਈ ਵੀ ਸੰਘਰਸ਼ ਵਿੱਢੇ ਜੋ ਹਾਲੇ ਤੱਕ ਜਾਰੀ ਹਨ। ਸਰਕਾਰਾਂ ਦੇ ਆਫਰੇ ਢਿੱਡ ਦੇਖ ਕੇ ਕੁਝ ਮੁਲਾਜ਼ਮਾਂ ਨੇ ਵੀ ਅਫ਼ਸਰਸ਼ਾਹੀ ਨਾਲ ਮਿਲ ਕੇ ਇਸ ਮਹਿਕਮੇ ਨੂੰ ਅੰਦਰੋਂ ਅੰਦਰੀਂ ਚੂਨਾ ਲਾਉਣਾ ਸ਼ੁਰੂ ਕਰ ਦਿੱਤਾ। ਕੰਡਕਟਰ ਟਿਕਟਾਂ ਰੱਖ ਕੇ ਡਰਾਈਵਰ ਤੇਲ ਤੇ ਹੋਰ ਟੁੱਟ ਭੱਜ ਦੇ ਬਿੱਲ ਬਣਾ ਕੇ ਆਪਣਾ ਆਪ ਹੀ ਨੁਕਸਾਨ ਕਰਨ ਲੱਗੇ।

ਪੰਜਾਬ ਵਿਚ ਟਰਾਂਸਪੋਰਟਰ ਰਾਜ ਕਰਨ ਲੱਗੇ। ਉਹ ਜਾਇਜ਼-ਨਾਜਾਇਜ਼ ਬੱਸਾਂ ਚਲਾਉਣ ਲੱਗੇ। ਇਹ ਸਭ ਕੁਝ ਰੋਡਵੇਜ਼ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੁੰਦਾ ਰਿਹਾ। ਸਰਕਾਰ ਨੇ ਪੀਆਰਟੀਸੀ ਬਣਾਈ ਪਰ ਟਰਾਂਸਪੋਰਟ 'ਤੇ ਕਬਜ਼ਾ ਨਿੱਜੀ ਬੱਸ ਕੰਪਨੀਆਂ ਦਾ ਵਧਣ ਲੱਗਿਆ। ਰੋਡਵੇਜ਼ ਦੀਆਂ ਬੱਸਾਂ ਖ਼ਰਾਬ ਹੋਣ ਲੱਗੀਆਂ। ਮਹਿਕਮੇ ਦੀ ਭ੍ਰਿਸ਼ਟ ਅਫ਼ਸਰਸ਼ਾਹੀ ਤੇ ਕਰਮਚਾਰੀਆਂ ਨੇ ਇਸ ਦੀਆਂ ਜੜ੍ਹਾਂ ਵੱਢਣ ਵਿਚ ਕੋਈ ਕਸਰ ਨਾ ਛੱਡੀ।

ਤੇਲ ਦੀਆਂ ਕੀਮਤਾਂ ਤੇ ਹੋਰ ਮਸ਼ੀਨਰੀ ਦੇ ਸਾਮਾਨ ਵਿਚ ਵਾਧਾ ਹੋਣ ਕਰਕੇ ਇਸ ਦੀ ਆਮਦਨ ਘੱਟ ਗਈ। ਵੱਡੀ ਸਰਕਾਰੀ ਬੱਸ ਸੇਵਾ ਦੇ ਬਰਾਬਰ ਨਿੱਜੀ ਕੰਪਨੀਆਂ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ । ਸਰਕਾਰ ਨੇ ਮਹਿਕਮੇ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਲਈ ਨਵੇਂ-ਨਵੇਂ ਕਾਨੂੰਨ ਬਣਾ ਕੇ ਕਮਾਊ ਮਹਿਕਮੇ ਨੂੰ ਮੰਗਤਾ ਬਣਾ ਦਿੱਤਾ। ਕਦੇ ਪੰਜਾਬ ਰੋਡਵੇਜ਼ ਦੀ ਸਰਦਾਰੀ ਸੀ.. ਮਾਲਕੀ ਸੀ। ਹੁਣ ਸਰਕਾਰ ਨੇ ਰੋਡਵੇਜ਼ ਦਾ ਨਾਮ ਬਦਲ ਕੇ ਪਨ ਬੱਸ ਕਰ ਦਿੱਤਾ। ਠੇਕੇਦਾਰੀ ਸਿਸਟਮ ਨੇ ਹਾਲਤ ਪਾਣੀ ਤੋਂ ਪਤਲੀ ਕਰ ਦਿੱਤੀ। ਪਹਿਲਾਂ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ਸੜਕਾਂ 'ਤੇ ਫਿਰਦੀਆਂ ਸਨ ਪਰ ਫੇਰ ਪੰਜਾਬ ਵਿਚਲੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸੱਤਾ 'ਤੇ ਕਾਬਜ਼ ਹੁੰਦਿਆਂ ਹੀ ਟਰਾਂਸਪੋਰਟ ਉੱਪਰ ਕਬਜ਼ਾ ਕਰ ਲਿਆ। ਹੁਣ ਹਾਲਤ ਇਹ ਬਣ ਗਈ ਕਿ ਪੰਜਾਬ ਰੋਡਵੇਜ਼ ਦੀ ਬੇੜੀ ਸਵਾਰੀਆਂ ਨੇ ਨਹੀਂ, ਭ੍ਰਿਸ਼ਟ ਅਫ਼ਸਰਾਂ,  ਭ੍ਰਿਸ਼ਟ ਮੁਲਾਜ਼ਮਾਂ ਤੇ ਭ੍ਰਿਸ਼ਟ ਸਿਆਸੀ ਲੋਕਾਂ ਨੇ ਡੋਬ ਦਿੱਤੀ। ਇਸ ਮਹਿਕਮੇ ਨੂੰ ਖੋਖਲਾ ਕਰਨ ਵਿਚ ਸਰਕਾਰ ਦੀਆਂ ਮੁਫ਼ਤ ਦੀਆਂ ਸਕੀਮਾਂ ਨੇ ਹੋਰ ਚੂਨਾ ਲਾਇਆ। ਹੁਣ ਇਸ ਕੋਲ ਸਿਰਫ਼ 250 ਬੱਸਾਂ ਰਹਿ ਗਈਆਂ ਹਨ ਤੇ ਉਹ ਵੀ ਠੇਕੇ 'ਤੇ ਹਨ। ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਜੋ ਕਦੇ ਮਾਲਕ ਸਨ, ਹੁਣ ਨੌਕਰ ਬਣ ਗਈਆਂ ਹਨ।

ਪੰਜਾਬ ਵਿਚ ਬਾਦਲ ਪਰਿਵਾਰ ਨੇ ਪੰਜਾਬ ਤੋਂ ਬਿਨਾਂ ਬਾਕੀ ਸੂਬਿਆਂ ਦੇ ਰੂਟਾਂ 'ਤੇ ਕਬਜ਼ਾ ਕਰ ਲਿਆ ਹੈ। ਹੁਣ ਪੰਜਾਬ ਸਰਕਾਰ ਨੇ ਆਪਣੇ ਸਿਆਸੀ ਲਾਹੇ ਅਤੇ ਆਪਣੇ ਚਹੇਤਿਆਂ ਦੀਆਂ ਤਿਜੌਰੀਆਂ ਭਰਨ ਲਈ ਵੈਂਟੀਲੇਟਰ 'ਤੇ ਪਈ ਪਨਬਸ ਤੇ ਪੀਆਰਟੀਸੀ ਦੀ ਅਰਥੀ 'ਸਜਾਉਣ' ਦਾ ਸਾਮਾਨ ਤਿਆਰ ਕਰ ਲਿਆ ਹੈ।‍ ਇਸ ਵਾਰ ਕੈਪਟਨ ਅਮਰਿੰਦਰ ਸਰਕਾਰ ਨੇ ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਦੇ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡੇ ਹਨ। ਸਾਢੇ ਚਾਰ ਸੌ ਕਰੋੜ ਦਾ ਕਾਰੋਬਾਰ ਕਰਨ ਵਾਲਾ ਇਹ ਮਹਿਕਮਾ ਪਹਿਲਾਂ ਹੀ 76 ਕਰੋੜ ਦੇ ਘਾਟੇ ਵਿਚ ਜਾ ਰਿਹਾ ਹੈ। ਹੁਣ ਮੁਫ਼ਤ ਦੀ ਸਹੂਲਤ ਇਸ ਮਹਿਕਮੇ ਨੂੰ ਕਦੋਂ ਲੱਕੜਾਂ 'ਤੇ ਪਾਉਂਦੀ ਹੈ, ਕਿਆਸ ਲਾਉਣਾ ਔਖਾ ਨਹੀਂ। ਸਰਕਾਰੀ ਬੱਸ ਸੇਵਾ ਦੀ ਚਿਤਾ ਸਜਾਉਣ ਵਾਲੀਆਂ ਧਿਰਾਂ ਦੀ ਨਜ਼ਰ ਹਰ ਜਨਤਕ ਅਦਾਰੇ 'ਤੇ ਟਿਕੀ ਹੋਈ ਹੈ। ਇਨ੍ਹਾਂ ਨੂੰ ਬਚਾਉਣ ਲਈ ਜਨਤਕ ਸੰਘਰਸ਼ ਦੀ ਡਾਢੀ ਜ਼ਰੂਰਤ ਹੈ।  

Current Affairs
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ

ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ...

By ਗੁਰਪ੍ਰੀਤ ਸਿੰਘ
April 13, 2021
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ

ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜ...

By Vijay Bombeli
April 13, 2021
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ