ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ


ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ। ਹਥਿਆਰਾਂ ਪੱਖੋਂ ਭਾਰਤ ਮਜ਼ਬੂਤ ਦੇਸ਼ ਬਣ ਚੁੱਕਿਆ ਹੈ। ਇਹ ਦਾਅਵਾ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਹੈ। ਰਾਜਨਾਥ ਸਿੰਘ ਲਗਾਤਾਰ ਹਥਿਆਰਾਂ ਅਤੇ ਫ਼ੌਜ 'ਤੇ ਮਾਣ ਦੀ ਗੱਲ ਕਰਦੇ ਹੋਏ ਕਹਿ ਰਹੇ ਹਨ ਕਿ ਅਸੀਂ ਚੀਨ ਅਤੇ ਪਾਕਿਸਤਾਨ ਨੂੰ ਇੱਕ ਝਟਕੇ ਵਿੱਚ ਖ਼ਤਮ ਕਰ ਸਕਦੇ ਹਾਂ, ਕਿਉਂਕਿ ਸਾਡੇ ਕੋਲ ਰਾਫ਼ੇਲ ਜਹਾਜ਼ ਹੈ। ਰਾਜਨਾਥ ਸਿੰਘ ਇਹ ਵੀ ਦਾਅਵਾ ਕਰਦੇ ਹਨ ਕਿ ਰਾਫ਼ੇਲ ਜਹਾਜ਼ ਬੜੀ ਦੂਰ ਤੱਕ ਮਾਰ ਕਰਦੇ ਹਨ, ਕਿਸੇ ਵਿੱਚ ਹਿੰਮਤ ਹੈ ਤਾਂ ਸਾਡੇ ਅੱਗੇ ਖੰਘ ਕੇ ਵਿਖਾਏ।

ਰਾਫ਼ੇਲ ਜਹਾਜ਼ਾਂ ਦੀ ਖੇਪ ਲੰਘੇ ਸਾਲ ਭਾਰਤ ਆਈ ਸੀ। ਇਹ ਰਾਫ਼ੇਲ ਜਹਾਜ਼ ਉਦੋਂ ਭਾਰਤ ਪੁੱਜੇ ਜਦੋਂ ਕਿਸਾਨਾਂ ਦਾ ਮੋਰਚਾ ਲੱਗ ਚੁੱਕਿਆ ਸੀ। ਰਾਫ਼ੇਲ ਜਹਾਜ਼ ਦਾ ਸੌਦਾ ਕਿੰਨੇ ਵਿੱਚ ਹੋਇਆ, ਇਹ ਹਾਲੇ ਤੱਕ ਸਰਕਾਰ ਸਪੱਸ਼ਟ ਨਹੀਂ ਕਰ ਸਕੀ। ਪਰ, ਫ਼ਰਾਂਸ ਦੀ ਨਿਊਜ਼ ਵੈੱਬਸਾਈਟ 'ਮੀਡੀਆ ਪਾਰਟ' ਨੇ ਰਾਫ਼ੇਲ ਪੇਪਰਜ਼ ਨਾਂਅ ਦੇ ਲੇਖ ਵਿੱਚ ਲਿਖਿਆ ਹੈ ਕਿ, ਭਾਰਤ ਨਾਲ ਰਾਫ਼ੇਲ ਦੀ ਡੀਲ ਮੌਕੇ, 'ਦਲਾਲ' 11 ਲੱਖ ਯੂਰੋ (ਕਰੀਬ ਸਾਢੇ 9 ਕਰੋੜ ਰੁਪਏ) ਲੈ ਗਿਆ। 

ਦੱਸਦੇ ਚੱਲੀਏ ਕਿ, ਭਾਰਤ ਸਰਕਾਰ ਵੱਲੋਂ ਕਰੀਬ 59 ਹਜ਼ਾਰ ਕਰੋੜ ਰੁਪਏ ਦੇ ਵਿੱਚ ਫ਼ਰਾਂਸ ਤੋਂ 36 ਰਾਫ਼ੇਲ ਜਹਾਜ਼ ਖ਼ਰੀਦੇ ਹਨ। ਭਾਰਤ ਅਤੇ ਫ਼ਰਾਂਸ ਵਿਚਾਲੇ ਹੋਏ ਰਾਫ਼ੇਲ ਦੇ ਸੌਦੇ ਵਿੱਚ ਵਿਚੋਲਾ ਜਾਂ ਫਿਰ ਦਲਾਲ ਕੌਣ ਹੋ ਸਕਦੈ, ਇਹਦੇ ਬਾਰੇ ਸਾਨੂੰ ਡੂੰਘਾਈ ਦੇ ਨਾਲ ਰਿਸਰਚ ਕਰਨੀ ਪੈਣੀ ਐ। ਕਹਿੰਦੇ ਨੇ, ਵਿਚੋਲਾ 11 ਲੱਖ ਯੂਰੋ ਹੜੱਪ ਕਰ ਗਿਆ, ਰਾਫ਼ੇਲ ਜਹਾਜ਼ ਦੇ ਸੌਦੇ ਕਰਵਾਉਣ ਲਈ। ਰਾਫ਼ੇਲ ਜਹਾਜ਼ ਦੇ ਸੌਦੇ ਕਰਵਾਉਣਾ ਕੋਈ ਔਖਾ ਕੰਮ ਸੀ? ਸਰਕਾਰ ਨੇ ਫ਼ਰਾਂਸ ਨਾਲ ਸਿੱਧੀ ਤਾਂ ਗੱਲ ਕਰੀ ਹੋਊ, ਜਹਾਜ਼ ਖ਼ਰੀਦਣ ਲੱਗਿਆ, ਕੀ ਉਦੋਂ ਵਿਚੋਲਾ ਜੀ ਸਾਹਮਣੇ ਨਾ ਆਏ?

ਸਵਾਲ ਉੱਠਦੇ ਹਨ ਕਿ, ਰਾਫ਼ੇਲ ਜਹਾਜ਼ਾਂ ਦੀ ਡੀਲ 'ਤੇ ਵਿਚੋਲਾ ਆਖ਼ਰ ਕਰਦਾ ਕੀ ਸੀ? ਇਹ ਵਿਚੋਲਾ 'ਜਿੰਨ' ਜਿਹੜਾ ਬੰਦ ਬੋਤਲ ਵਿੱਚੋਂ ਬਾਹਰ ਆਇਆ ਹੈ, ਇਹਦਾ ਪਤਾ ਲਗਾਉਣਾ ਲਾਜ਼ਮੀ ਹੈ, ਕਿਉਂਕਿ ਇਹ ਦੇਸ਼ ਦੇ ਨਾਲ ਜੁੜਿਆ ਮਸਲਾ ਐ। ਵੱਡੀ ਗੱਲ ਜਿਹੜੀ ਕਰਨੀ ਬਣਦੀ ਹੈ, ਉਹ ਇਹ ਹੇ ਕਿ ਰਾਫ਼ੇਲ ਜਹਾਜ਼ ਵਿੱਚ ਸੌਦੇਬਾਜ਼ੀ ਸਮੇਂ ਵਿਚੋਲੇ ਨੇ 11 ਲੱਖ ਯੂਰੋ ਜਿਹੜੀ ਵਿਚੋਲਗੀ ਲਈ, ਉਹਦੇ 'ਤੇ ਭਾਰਤ ਸਰਕਾਰ ਆਪਣੀ ਸਪੱਸ਼ਟੀਕਰਨ ਕਿਉਂ ਨਹੀਂ ਦੇ ਰਹੀ। ਕਾਂਗਰਸ ਦੁਆਰਾ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸ ਕੇ, ਭਾਰਤ ਸਰਕਾਰ ਬੁੱਤਾ ਸਾਰ ਰਹੀ ਐ। 

ਪਰ ਫ਼ਰਾਂਸ ਦੀ ਇੱਕ ਨਿਊਜ਼ ਵੈੱਬਸਾਈਟ 'ਮੀਡੀਆ ਪਾਰਟ' ਵੱਲੋਂ ਜਿਹੜੇ ਖ਼ੁਲਾਸੇ ਕਰ ਮਾਰੇ ਨੇ, ਉਹਦੇ ਬਾਰੇ ਕੋਈ ਵੀ ਸਰਕਾਰ ਦਾ ਮੰਤਰੀ ਨਹੀਂ ਬੋਲ ਰਿਹਾ। ਮੀਡੀਆ ਪਾਰਟ ਵੱਲੋਂ ਕੀਤੇ ਗਏ ਇੰਕਸ਼ਾਫ਼ ਤੋਂ ਬਾਅਦ ਇੱਕ ਵਾਰ ਫਿਰ ਰਾਫ਼ੇਲ ਦਾ ਜਿੰਨ ਬੋਤਲ ਵਿੱਚੋਂ ਬਾਹਰ ਆ ਗਿਆ ਹੈ। ਦਰਅਸਲ, ਫ਼ਰਾਂਸ ਦੀ ਇੱਕ ਏਜੰਸੀ ਨੇ ਜਦੋਂ ਆਡਿਟ ਕੀਤਾ, ਤਾਂ ਉਸ ਨੇ ਪਾਇਆ ਕਿ ਰਾਫ਼ੇਲ ਵਿੱਚ 11 ਲੱਖ ਯੂਰੋ ਇੱਕ ਵਿਚੋਲੇ ਨੂੰ ਦਿੱਤੇ ਗਏ। ਫ਼ਰਾਂਸ ਦੀ ਭ੍ਰਿਸ਼ਟਾਚਾਰ ਵਿਰੋਧੀ ਕੰਪਨੀ ਨੇ ਇਹ ਇੰਕਸ਼ਾਫ਼ ਕੀਤਾ।

ਖ਼ਬਰਾਂ ਕਹਿੰਦੀਆਂ ਹਨ ਕਿ, ਫ਼ਰਾਂਸ ਦੀ ਨਿਊਜ਼ ਵੈੱਬਸਾਈਟ 'ਮੀਡੀਆ ਪਾਰਟ' ਨੇ ਰਾਫ਼ੇਲ ਪੇਪਰਜ਼ ਨਾਂਅ ਦੇ ਲੇਖ ਪ੍ਰਕਾਸ਼ਿਤ ਕੀਤੇ ਹਨ। ਉਸ ਰਿਪੋਰਟ ਵਿੱਚ ਇਹੋ ਦਾਅਵਾ ਕੀਤਾ ਗਿਆ ਹੈ ਕਿ ਇਸ ਸੌਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ। ਰਿਪੋਰਟ ਮੁਤਾਬਿਕ ਰਾਫ਼ੇਲ ਜੰਗੀ ਹਵਾਈ ਜਹਾਜ਼ ਸੌਦੇ ਵਿੱਚ ਗੜਬੜੀ ਦਾ ਸਭ ਤੋਂ ਪਹਿਲਾਂ ਪਤਾ ਫ਼ਰਾਂਸ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੂੰ 'ਏਐਫ਼ਏ' 2016 ਵਿੱਚ ਹੋਏ ਇਸ ਸੌਦੇ ਉੱਤੇ ਦਸਤਖ਼ਤ ਤੋਂ ਬਾਅਦ ਲੱਗਾ। 

ਏਐਫ਼ਏ ਨੂੰ ਪਤਾ ਲੱਗਾ ਕਿਹਾ ਕਿ ਰਾਫ਼ੇਲ ਬਣਾਉਣ ਵਾਲੀ ਕੰਪਨੀ 'ਦਸੌ ਏਵੀਏਸ਼ਨ' ਨੇ ਇੱਕ ਵਿਚੋਲੇ ਨੂੰ 11 ਲੱਖ ਯੂਰੋ ਦੇਣ ਬਾਰੇ ਸਹਿਮਤੀ ਪ੍ਰਗਟਾਈ ਸੀ। ਇਹ ਹਥਿਆਰ ਦਲਾਲ ਇਸ ਵੇਲੇ ਇੱਕ ਹੋਰ ਹਥਿਆਰ ਸੌਦੇ ਵਿੱਚ ਗੜਬੜੀ ਲਈ ਮੁਲਜ਼ਮ ਹੈ। ਰਾਫ਼ੇਲ ਜਹਾਜ਼ ਸੌਦੇ ਵਿੱਚ ਦਲਾਲੀ ਦੇ ਮੁੱਦੇ 'ਤੇ ਕੁੱਝ ਦਿਨ ਪਹਿਲੋਂ ਭਾਜਪਾ ਨੇ ਵੀ ਬਿਆਨ ਜਾਰੀ ਕਰਿਆ। ਇਹ ਬਿਆਨ ਐਹੋ ਜਿਹਾ ਸੀ, ਜਿਹਨੂੰ ਪੜ੍ਹ ਸੁਣ ਕੇ ਹਾਸਾ ਵੀ ਆਉਂਦੈ।

ਵੇਖਿਆ ਜਾਵੇ ਤਾਂ, ਜਦੋਂ ਫ਼ਰਾਂਸ ਦੀ ਨਿਊਜ਼ ਵੈੱਬਸਾਈਟ ਮੀਡੀਆ ਪਾਰਟ ਇਹ ਗੱਲ ਲਿਖ ਰਹੀ ਹੈ ਕਿ ਭਾਰਤ ਨਾਲ ਰਾਫ਼ੇਲ ਜਹਾਜ਼ ਦੇ ਸੌਦੇ ਸਮੇਂ 11 ਲੱਖ ਯੂਰੋ ਦੀ ਦਲਾਲੀ ਜਾਂ ਫਿਰ ਵਿਚੋਲਗੀ ਹੋਈ ਤਾਂ, ਫਿਰ ਸੱਤਾਧਿਰ ਭਾਜਪਾ ਕਿਉਂ ਨਹੀਂ ਮੰਨ ਨਹੀਂ? ਖ਼ੈਰ, ਭਾਜਪਾ ਨੇ ਬਿਆਨ ਜਾਰੀ ਕਰਦਿਆਂ ਹੋਇਆ ਦਲਾਲੀ ਵਾਲੇ ਮਸਲੇ ਨੂੰ ਮੁੱਢੋਂ ਖ਼ਾਰਜ ਕਰ ਮਾਰਿਆ। ਨਾਲ ਹੀ ਭਾਜਪਾ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਸਿਖਰਲੀ ਅਦਾਲਤ ਨੇ ਵੀ ਇਸ ਮਾਮਲੇ ਦੀ ਜਾਂਚ ਕਰਵਾਉਣ ਸਬੰਧੀ ਮੰਗ ਖ਼ਾਰਜ ਕਰ ਦਿੱਤੀ ਸੀ। 

ਰਾਫ਼ੇਲ ਜਹਾਜ਼ ਖ਼ਰੀਦ ਵਿੱਚ ਭ੍ਰਿਸ਼ਟਾਚਾਰ ਮਸਲੇ 'ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਇਸ ਨੂੰ ਇੱਕ ਵੱਡਾ ਮੁੱਦਾ ਬਣਾਇਆ ਸੀ, ਪਰ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ ਪੂਰੀ ਤਰ੍ਹਾਂ ਗ਼ਲਤ ਹਨ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਇਸ ਖ਼ਰੀਦ ਵਿੱਚ ਵਿੱਤੀ ਬੇਨਿਯਮੀਆਂ ਸਬੰਧੀ ਫ਼ਰਾਂਸ ਦੇ ਮੀਡੀਆ ਵਿੱਚ ਛਪੀਆਂ ਖ਼ਬਰਾਂ ਉਸ ਦੇਸ਼ ਵਿੱਚ 'ਵਪਾਰਕ ਮੁਕਾਬਲੇ' ਕਾਰਨ ਹੋ ਸਕਦੀਆਂ ਹਨ।

ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਜਿਹੜਾ ਬਿਆਨ ਦਿੱਤਾ ਹੈ, ਉਹਦੇ ਤੋਂ ਤਾਂ ਇੰਝ ਲੱਗਦਾ ਜਿਵੇਂ ਕਿਸੇ ਪ੍ਰਕਾਰ ਦਾ ਕੋਈ ਘੁਟਾਲਾ ਜਾਂ ਫਿਰ ਦਲਾਲੀ ਹੋਈ ਹੀ ਨਾ ਹੋਵੇ। ਜਿਸ ਤਰ੍ਹਾਂ ਵਿਰੋਧੀ ਦਲ ਨੂੰ ਕੇਂਦਰੀ ਮੰਤਰੀ ਨੇ ਕੋਸਿਆ, ਉਹਦੇ ਤੋਂ ਤਾਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਮਸਲੇ 'ਤੇ ਮਿੱਟੀ ਪਾਉਣ ਲਈ, ਫ਼ਰਾਂਸ ਦੇ ਮੀਡੀਆ ਦੁਆਰਾ ਛਾਪੇ ਗਏ ਲੇਖ ਵਿੱਚ ਚੁੱਕੇ ਗਏ ਸਵਾਲਾਂ 'ਤੇ ਜੁਆਬ ਦੇਣ ਦੀ ਬਿਜਾਏ, ਅਸਲੀ ਜੁਆਬ ਹੀ ਲੁਕੋਏ ਗਏ ਹਨ। 

ਹੁਣ ਸਵਾਲ ਤਾਂ ਇਹ ਵੀ ਉੱਠਦੇ ਹਨ ਕਿ, ਇਹ ਜੇਕਰ ਫ਼ਰਾਂਸ ਦੀ ਨਿਊਜ਼ ਵੈੱਬਸਾਈਟ 'ਮੀਡੀਆ ਪਾਰਟ' ਦੁਆਰਾ ਛਾਪੀ ਗਈ ਰਿਪੋਰਟ ਗ਼ਲਤ ਹੈ ਤਾਂ, ਕੀ 'ਮੀਡੀਆ ਪਾਰਟ' ਨੂੰ ਕਾਂਗਰਸ ਨੇ ਪੈਸੇ ਦੇ ਕੇ ਇਹ ਖ਼ਬਰ ਲਗਵਾਈ ਹੈ? ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇੰਝ ਕੀ ਹੁਣ ਪੂਰੇ ਸੌਦੇ 'ਤੇ ਸੁਆਲ ਖੜ੍ਹਾ ਨਹੀਂ ਹੋ ਗਿਆ ਹੈ? ਕੀ ਇਸ ਦੀ ਜਾਂਚ ਨਹੀਂ ਹੋਣੀ ਚਾਹੀਦੀ ਅਤੇ ਕੀ ਹੁਣ ਪ੍ਰਧਾਨ ਮੰਤਰੀ ਇਸ ਦਾ ਜਵਾਬ ਦੇਣਗੇ?

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਸਨ ਕਿ ਇਹ ਡੀਲ ਸਰਕਾਰ ਤੋਂ ਸਰਕਾਰ ਵਿਚਾਲੇ ਹੈ, ਤਾਂ ਫਿਰ ਉਸ ਵਿੱਚ ਹੁਣ ਵਿਚੋਲਾ ਕਿੱਥੋਂ ਆ ਗਿਆ? ਇਸ ਦੇ ਨਾਲ ਹੀ ਉਨ੍ਹਾਂ ਇਹ ਕਿਹਾ ਕਿ ਸਰਕਾਰ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਸੰਸਦ, ਭਾਜਪਾ ਵਿੱਚੋਂ ਕੋਈ ਵੀ ਨਹੀਂ ਦੱਸ ਰਿਹਾ ਕਿ ਰਾਫ਼ੇਲ ਜਹਾਜ਼ ਦੀ ਕੀਮਤ ਕੀ ਹੈ ਅਤੇ 'ਓਹ' ਦਲਾਲ ਕੌਣ ਹੈ, ਜਿਸ ਬਾਰੇ ਫ਼ਰਾਂਸ ਦਾ ਮੀਡੀਆ ਬੋਲ ਰਿਹਾ ਹੈ? ਹੁਣ ਸਵਾਲ ਇਹ ਹੈ ਕਿ, ਜੇਕਰ ਰਾਫ਼ੇਲ ਸਰਕਾਰ ਅਤੇ ਭਾਰਤੀ ਮੀਡੀਆ ਦੀਆਂ ਰਿਪੋਰਟਾਂ ਦੇ ਮੁਤਾਬਿਕ, 59 ਕਰੋੜ ਰੁਪਏ ਦਾ ਹੈ ਤਾਂ, ਫਿਰ 'ਓਹਦਾ' ਟੈਂਡਰ ਕਿੱਥੇ ਹੈ? ਭਾਰਤ ਸਰਕਾਰ ਕੀ ਫ਼ਰਾਂਸ ਦੇ ਮੀਡੀਆ ਦੀਆਂ ਰਿਪੋਰਟਾਂ ਦਾ ਜਵਾਬ ਦੇਵੇਗੀ? 

ਗੁਰਪ੍ਰੀਤ

Politics Current Affairs
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ

ਦੂਜੀ ਲਹਿਰ ਦਾ ਆਖ ਕੇ, ਭਾਰਤ ਦੇ ਅੰਦਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਤਾਲਾਬੰਦੀ ਲਗਾਉਣ ਦੀ...

By ਗੁਰਪ੍ਰੀਤ ਸਿੰਘ
May 6, 2021
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ
ਸੱਚ ਬੋਲਿਆਂ ਭਾਂਬੜ ਮੱਚਦਾ...!

ਹੁਣ ਦਿੱਲੀ ਦੇ ਵਿੱਚ ਕਿਸਾਨ ਬੈਠੇ ਹਨ.. ਪਰ ਉਹ ਤੇ ਜ਼ਮੀਨਾਂ ਲਈ ਬੈਠੇ ਹਨ...ਤੁਹਾਡੇ ਕੋਲ ਗਵਾਉਣ ਲਈ ਜ਼ਮੀਰ ਤੋਂ ਬਿਨਾਂ ਕੀ ਹੈ... ਤੁਹਾਡੀ ਤੇ ਜ...

May 6, 2021
ਸੱਚ ਬੋਲਿਆਂ ਭਾਂਬੜ ਮੱਚਦਾ...!