ਜੰਮੂ ਕਸ਼ਮੀਰ 'ਚ ਰੋਹਿੰਗਿਆ ਮੁਸਲਮਾਨਾਂ ਦੇ ਮੌਜੂਦਾ ਹਾਲਾਤ ਕਿਹੋ ਜਿਹੇ ਹਨ?


ਜੰਮੂ ਵਿੱਚ ਹਰ ਰੋਜ਼ ਦੀ ਤਰ੍ਹਾਂ 6 ਮਾਰਚ 2021 ਨੂੰ ਵੀ ਸ਼ਾਮ ਦੇ ਵੇਲੇ ਠੰਢੀਆਂ ਹਵਾਵਾਂ ਵਹਿ ਰਹੀਆਂ ਸਨ। ਸਾਨੂੰ ਤਾਂ ਕੁੱਝ ਸਮਝ ਨਹੀਂ ਸੀ ਆ ਰਹੀ ਕਿ ਇਹ ਸਭ ਕੀ ਹੋ ਰਿਹਾ ਹੈ, ਅਸੀਂ ਹਨੇਰੀ ਰਾਤ ਵਿੱਚ ਕਿਹੜੇ ਪਾਸੇ ਜਾਵਾਂਗੇ। ਨਾ ਤਾਂ ਸਾਡੇ ਕੋਲ ਕੋਈ ਪੈਸਾ ਧੇਲਾ ਸੀ ਅਤੇ ਨਾ ਹੀ ਸਾਡੇ ਕੋਲ ਖਾਣ ਪੀਣ ਵਾਸਤੇ ਕੋਈ ਸਮਾਨ। ਅਸੀਂ ਘਰਾਂ ਦੇ ਅੰਦਰੋਂ ਇਸ ਤਰ੍ਹਾਂ ਕੱਢ ਦਿੱਤੇ ਗਏ ਹਾਂ, ਜਿਵੇਂ ਅਸੀਂ ਇਸ ਧਰਤੀ ਨੂੰ ਗੰਧਲਾ ਕਰਦੇ ਹੋਈਏ। ਸਾਡਾ ਕਸੂਰ ਸਿਰਫ਼ ਏਨਾ ਹੈ ਕਿ ਅਸੀਂ ਆਪਣਾ ਮੁਲਕ ਛੱਡ ਕੇ ਭਾਰਤ ਵਿੱਚ ਰਹਿਣ ਲਈ ਆਏ ਹਾਂ, ਕਿਉਂਕਿ ਸਾਡੇ ਮੁਲਕ ਦੇ ਅੰਦਰ ਸਾਡੇ ਉੱਪਰ ਅੱਤਿਆਚਾਰ ਬਹੁਤ ਹੋ ਰਹੇ ਨੇ ਅਤੇ ਇਸੇ ਲਈ ਅਸੀਂ ਡਰਦੇ ਮਾਰੇ ਭਾਰਤ ਵਰਗੇ ਸ਼ਾਂਤਮਈ ਸੁਭਾਅ ਵਾਲੇ ਦੇਸ਼ ਅੰਦਰ ਰਹਿਣ ਲਈ ਆਏ ਹਾਂ। ਇਹ ਬੋਲ ਉਸ ਰੋਹਿੰਗਿਆ ਮੁਸਲਮਾਨ ਔਰਤ ਦੇ ਹਨ, ਜੋ ਕੁਛੜ ਚੁੱਕ ਕੇ 7 ਮਹੀਨਿਆਂ ਦੇ ਨਿਆਣੇ ਨੂੰ ਜੰਗਲਾਂ ਵਿਚਲੇ ਰਸਤੇ ਥਾਣੀਂ ਅੱਗੇ ਵੱਲ ਨੂੰ ਵੱਧ ਰਹੀ ਸੀ। ਰੋਹਿੰਗਿਆ ਮੁਸਲਮਾਨ ਔਰਤ ਨੇ ਕਿਹਾ ਕਿ, ਅਸੀਂ ਰੋਹਿੰਗਿਆ ਮੁਸਲਮਾਨ ਹਾਂ, ਇਹੀ ਸਾਡਾ ਕਸੂਰ ਹੈ ਅਤੇ ਹੁਣ ਸਾਨੂੰ ਇੱਥੋਂ ਕੱਢਿਆ ਜਾ ਰਿਹਾ ਹੈ। ਦਰਅਸਲ, ਇਸ ਵੇਲੇ ਜੰਮੂ ਦੇ ਵਿੱਚ ਰਹਿੰਦੇ ਰੋਹਿੰਗਿਆ ਮੁਸਲਮਾਨਾਂ ਨੂੰ ਸਰਕਾਰ ਨਿਸ਼ਾਨਾ ਬਣਾ ਰਹੀ ਹੈ ਅਤੇ ਉਨ੍ਹਾਂ ਨੂੰ ਘਰੋਂ ਬੇਦਖ਼ਲ ਕਰ ਰਹੀ ਹੈ।

ਰੋਹਿੰਗਿਆ ਮੁਸਲਮਾਨਾਂ ਨੂੰ ਜੰਮੂ ਵਿਚਲੇ ਭਥਿੰਡੀ ਦੇ ਕਿਰਆਨੀ ਤਾਲਾਬ ਮੁਹੱਲੇ ਵਿੱਚੋਂ ਕੱਢਣ ਵਾਸਤੇ ਜੰਮੂ ਕਸ਼ਮੀਰ ਪੁਲਿਸ ਨੇ ਕੇਂਦਰ ਸਰਕਾਰ ਦੇ ਕਹੇ ‘ਤੇ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਹੋਈ ਹੈ। ਜੰਮੂ ਕਸ਼ਮੀਰ ਪੁਲਿਸ ਦੇ ਇੰਸਪੈਕਟਰ ਜਨਰਲ ਰੈਂਕ ਅਧਿਕਾਰੀ ਮੁਕੇਸ਼ ਸਿੰਘ ਨੇ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜੰਮੂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਕੋਲ, ਪਾਸਪੋਰਟ ਐਕਟ ਦੀ ਧਾਰਾ (3) ਦੇ ਅਨੁਸਾਰ, ਯਾਤਰਾ ਦੇ ਸਹੀ ਦਸਤਾਵੇਜ਼ ਨਹੀਂ ਸਨ। ਉਨ੍ਹਾਂ ਨੂੰ ਹੀਰਾ ਨਗਰ ਦੇ ‘ਹੋਲਡਿੰਗ ਸੈਂਟਰ’ ਭੇਜਿਆ ਗਿਆ ਹੈ। ਜੰਮੂ-ਕਸ਼ਮੀਰ ਦੇ ਗ੍ਰਹਿ ਵਿਭਾਗ ਦੀ ਫਰਵਰੀ-2018 ਦੀ ਇੱਕ ਰਿਪੋਰਟ ਦੇ ਅਨੁਸਾਰ, 6523 ਰੋਹਿੰਗਿਆ ਪੰਜ ਜ਼ਿਲ੍ਹਿਆਂ ਵਿੱਚ 39 ਕੈਂਪਾਂ ਵਿੱਚ ਰਹਿੰਦੇ ਹਨ। ਪੁਲਿਸ ਨੇ ਰੋਹਿੰਗਿਆ ਖ਼ਿਲਾਫ਼ ਇਹ ਕਾਰਵਾਈ ਅਜਿਹੇ ਸਮੇਂ ਕੀਤੀ ਹੈ, ਜਦੋਂ ਉਨ੍ਹਾਂ ਵਿੱਚੋਂ ਕੁੱਝ ਦੇ ਕੋਲੋਂ ਆਧਾਰ ਕਾਰਡ ਅਤੇ ਪਾਸਪੋਰਟ ਵਰਗੇ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਗਏ ਸਨ। ਇਸ ਗੱਲ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਕਿ, ਸਾਰੇ ਹੀ ਰੋਹਿੰਗਿਆ ਮੁਸਲਮਾਨਾਂ ਕੋਲ ਅਸਲੀ ਦਸਤਾਵੇਜ਼ ਹੋਣਗੇ, ਪਰ ਇੱਕੋ ਵੇਲੇ ਏਨਾ ਵੱਡਾ ਫ਼ੈਸਲਾ ਪੁਲਿਸ ਦੁਆਰਾ ਲੈ ਲੈਣਾ, ਇਹ ਠੀਕ ਨਹੀਂ ਹੈ। ਕੁੱਝ ਸਮੇਂ ਲਈ ਮੋਹਲੱਤ ਦਿੱਤੀ ਜਾਂਦੀ ਤਾਂ, ਰੋਹਿੰਗਿਆ ਮੁਸਲਮਾਨ ਆਪਣਾ ਕੁੱਝ ਪ੍ਰਬੰਧ ਕਰ ਲੈਂਦੇ।

ਦਰਅਸਲ, ਗੱਲ ਏਦਾਂ ਹੈ ਕਿ 6 ਮਾਰਚ 2021 ਨੂੰ ਰੋਹਿੰਗਿਆ ਮੁਸਲਮਾਨਾਂ ‘ਤੇ ਉਸ ਵੇਲੇ ਸਰਕਾਰ ਦਾ ਕਹਿਰ ਟੁੱਟ ਪਿਆ, ਜਦੋਂ ਉਨ੍ਹਾਂ ਨੂੰ ਘਰ ਛੱਡਣ ਲਈ ਕਹਿ ਦਿੱਤਾ ਗਿਆ। ਇਸ ਵੇਲੇ ਭਾਰਤ ਦੇ ਜੰਮੂ ਵਿਚਲੇ ਭਥਿੰਡੀ ਦੇ ਕਿਰਆਨੀ ਤਾਲਾਬ ਮੁਹੱਲੇ ਵਿੱਚ ਰੋਹਿੰਗਿਆ ਮੁਸਲਮਾਨ ਵੱਡੀ ਗਿਣਤੀ ਵਿੱਚ ਰਹਿ ਰਹੇ ਹਨ, ਪਰ ਪਿਛਲੇ ਦਿਨੀਂ ਉਨ੍ਹਾਂ ਲਈ ਮਾੜੀ ਖ਼ਬਰ ਸਾਹਮਣੇ ਆਈ। ਜੰਮੂ ਪੁਲਿਸ ਨੇ ਸ਼ਰੇਆਮ ਰੋਹਿੰਗਿਆ ਮੁਸਲਮਾਨਾਂ ਨੂੰ ਕਹਿ ਦਿੱਤਾ, ਕਿ ਉਹ ਆਪਣੇ ਘਰ ਬਾਰ ਛੱਡ ਕੇ ਇੱਥੋਂ ਨਿਕਲ ਜਾਣ। ਸਰਕਾਰ ਅਤੇ ਜੰਮੂ ਪੁਲਿਸ ਦੇ ਸੂਤਰ ਦੱਸਦੇ ਹਨ ਕਿ, ਰੋਹਿੰਗਿਆ ਮੁਸਲਮਾਨਾਂ ਕੋਲ ਭਾਰਤੀ ਹਿੱਸੇ ਵਿੱਚ ਰਹਿਣ ਵਾਸਤੇ ਕੁੱਝ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਭਾਰਤ ਦੇ ਅੰਦਰ ਰਹਿਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ। ਰੋਹਿੰਗਿਆ ਮੁਸਲਮਾਨਾਂ ਉੱਪਰ ਸਮੇਂ ਦੀਆਂ ਹਕੂਮਤਾਂ ਨੇ ਕਹਿਰ ਢਾਹੁਣ ਦਾ ਕੰਮ ਕੀਤਾ ਹੀ ਹੈ ਅਤੇ ਵੱਖ ਵੱਖ ਮੁਲਕਾਂ ਦੇ ਵਿੱਚ ਇਸ ਵੇਲੇ ਰੋਹਿੰਗਿਆ ਮੁਸਲਮਾਨਾਂ ‘ਤੇ ਅੱਤਿਆਚਾਰ ਹੋ ਰਿਹਾ ਹੈ। ਬੰਗਲਾਦੇਸ਼, ਮਿਆਂਮਾਰ ਅਤੇ ਭਾਰਤ ਵਰਗੇ ਦੇਸ਼ਾਂ ਵਿੱਚ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਅਣਮਨੁੱਖੀ ਸਲੂਕ ਕੀਤਾ ਜਾ ਰਿਹਾ ਹੈ।

ਮਿਆਂਮਾਰ ਦੇ ਵਿੱਚ ਸਭ ਤੋਂ ਵੱਧ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰੋਹਿੰਗਿਆ ਮੁਸਲਮਾਨਾਂ ਨੂੰ ਹਰ ਸਰਕਾਰ ਨੇ ਨਿਸ਼ਾਨਾ ਬਣਾਇਆ ਹੈ। ਮਿਆਂਮਾਰ ਦੇ ਵਿੱਚ ਤਾਨਾਸ਼ਾਹੀ ਰਾਜ ਆਉਣ ਤੋਂ ਬਾਅਦ, ਉੱਥੇ ਰਹਿੰਦੇ ਰੋਹਿੰਗਿਆ ਮੁਸਲਮਾਨਾਂ ਨੂੰ ਸਰਕਾਰ ਅਤੇ ਫ਼ੌਜ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ। ਰੋਹਿੰਗਿਆ ਮੁਸਲਮਾਨ ਜਿੱਥੇ ਕਿਤੇ ਵੀ ਰਹਿੰਦੇ ਹਨ, ਉਨ੍ਹਾਂ ਨੂੰ ਹਰ ਸਰਕਾਰ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ ਇਸ ਵੇਲੇ ਭਾਰਤ ਦੇ ਜੰਮੂ ਵਿਚਲੇ ਭਥਿੰਡੀ ਦੇ ਕਿਰਆਨੀ ਤਾਲਾਬ ਮੁਹੱਲੇ ਵਿੱਚ ਰੋਹਿੰਗਿਆ ਮੁਸਲਮਾਨ ਵੱਡੀ ਗਿਣਤੀ ਵਿੱਚ ਰਹਿ ਰਹੇ ਹਨ, ਪਰ ਪਿਛਲੇ ਦਿਨੀਂ ਉਨ੍ਹਾਂ ਲਈ ਮਾੜੀ ਖ਼ਬਰ ਸਾਹਮਣੇ ਆਈ। ਜੰਮੂ ਪੁਲਿਸ ਨੇ ਸ਼ਰੇਆਮ ਰੋਹਿੰਗਿਆ ਮੁਸਲਮਾਨਾਂ ਨੂੰ ਕਹਿ ਦਿੱਤਾ, ਕਿ ਉਹ ਆਪਣੇ ਘਰ ਬਾਰ ਛੱਡ ਕੇ ਇੱਥੋਂ ਨਿਕਲ ਜਾਣ। ਜੰਮੂ ਕਸ਼ਮੀਰ ਦੇ ਅੰਦਰ ਇਸ ਵੇਲੇ ਏਨੀ ਜ਼ਿਆਦਾ ਠੰਢ ਪੈ ਰਹੀ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਲੋਕ ਬੜੀ ਮੁਸ਼ਕਲ ਦੇ ਨਾਲ ਘਰਾਂ ਵਿੱਚੋਂ ਬਾਹਰ ਨਿਕਲ ਰਹੇ ਨੇ।

ਰੋਹਿੰਗਿਆ ਮੁਸਲਮਾਨਾਂ ਦੇ ਨਾਲ ਜੋ ਅਣਮਨੁੱਖਾ ਸਲੂਕ ਹੋ ਰਿਹਾ ਹੈ, ਉਹ ਨਾ-ਸਹਿਣਯੋਗ ਹੈ। ਇੱਕ ਮੀਡੀਆ ਰਿਪੋਰਟ ਦੀ ਮੰਨੀਏ ਤਾਂ, ਜੰਮੂ ਵਿੱਚ ਭਥਿੰਡੀ ਦੇ ਕਿਰਆਨੀ ਤਾਲਾਬ ਮੁਹੱਲੇ ਵਿਖੇ ਸ਼ਨੀਵਾਰ ਦੇਰ ਸ਼ਾਮ ਤੋਂ ਤਣਾਅ ਦਾ ਮਾਹੌਲ ਸੀ। ਇਸ ਦਾ ਮੁੱਖ ਕਾਰਨ ਇਹ ਸੀ ਕਿ 155 ਰੋਹਿੰਗਿਆ ਸ਼ਹਿਰ ਦੇ ਮੌਲਾਨਾ ਆਜ਼ਾਦ ਸਟੇਡੀਅਮ ਤੋਂ ਘਰ ਵਾਪਸ ਨਹੀਂ ਪਰਤੇ। ਇਹ ਲੋਕ ਦਿਨ ਵੇਲੇ ਪੁਲਿਸ ਦੇ ਬੁਲਾਵੇ ‘ਤੇ ਆਪਣੇ ਕਾਗ਼ਜ਼ਾਤ ਚੈੱਕ ਕਰਵਾਉਣ ਗਏ ਸਨ, ਪਰ ਦਿਨ ਭਰ ਚੱਲੀ ਜਾਂਚ ਤੋਂ ਬਾਅਦ, ਜੰਮੂ-ਕਸ਼ਮੀਰ ਪੁਲਿਸ ਨੇ ਕੁੱਝ ਲੋਕਾਂ ਨੂੰ ਤਾਂ ਘਰ ਜਾਣ ਦੀ ਆਗਿਆ ਦੇ ਦਿੱਤੀ, ਪਰ ਦੂਜੇ ਪਾਸੇ, ਰੋਹਿੰਗਿਆ ਮੁਸਲਮਾਨ, ਜੋ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ, ਉਨ੍ਹਾਂ ਨੂੰ ਪੁਲਿਸ ਨੇ ਹੀਰਾ ਨਗਰ ਉਪ-ਜੇਲ੍ਹ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗ੍ਰਿਫਤਾਰ ਕਰ ਲਿਆ ਸੀ।

ਗ੍ਰਿਫ਼ਤਾਰੀ ਦੀ ਖ਼ਬਰ ਜਦੋਂ, ਰੋਹਿੰਗਿਆ ਮੁਸਲਮਾਨਾਂ ਦੇ ਪਰਿਵਾਰ ਵਾਲਿਆਂ ਨੇ ਸੁਣੀ ਤਾਂ ਉਹ ਹੈਰਾਨ ਰਹਿ ਗਏ। ਕਈਆਂ ਨੇ ਸਾਰੀ ਰਾਤ ਕੁੱਝ ਖਾਦਾ ਪੀਤਾ ਵੀ ਨਹੀਂ ਅਤੇ ਕਈ ਵਿਚਾਰੇ ਆਪਣੇ ਰਿਸ਼ਤੇਦਾਰਾਂ ਦੀ ਉਡੀਕ ਵਿੱਚ ਸਾਰੀ ਰਾਤ ਜਾਗਦੇ ਰਹੇ। ਰੋਹਿੰਗਿਆ ਮੁਸਲਮਾਨ ਕਈ ਤਾਂ ਸ਼ਨੀਵਾਰ ਰਾਤ ਲੁੱਕ ਛਿਪ ਕੇ ਕੱਟਣ ਤੋਂ ਬਾਅਦ ਐਤਵਾਰ ਸਵੇਰੇ ਵੇਲੇ ਹੀ ਪੁਲਿਸ ਦੀ ਨਿਗਾਹ ਤੋਂ ਬਚਣ ਵਾਸਤੇ ਆਪਣੇ ਘਰੇਲੂ ਸਮਾਨ ਸਮੇਤ ਸੜਕਾਂ ‘ਤੇ ਆ ਗਏ। ਏਨਾ ਮੁਸਲਮਾਨਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ। ਕੁੱਝ ਰੋਹਿੰਗਿਆ ਮੁਸਲਮਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਵੇਲੇ ਕੁੱਝ ਵੀ ਸਮਝ ਨਹੀਂ ਆ ਰਿਹਾ ਕਿ, ਉਨ੍ਹਾਂ ਨੇ ਕਿਹੜੇ ਪਾਸੇ ਜਾਣਾ ਹੈ? ਉਨ੍ਹਾਂ ਦਾ ਕਿਹੜਾ ਟਿਕਾਣਾ ਹੈ, ਕਿਹੜੇ ਰਾਹੀਂ ਪੈਣਾ ਹੈ ਜਾਂ ਫਿਰ ਕਿੱਥੇ ਜਾ ਕੇ ਸਵੇਰ ਹੋਣੀ ਹੈ ਜਾਂ ਫਿਰ ਸ਼ਾਮ ਹੋਣੀ ਹੈ, ਇਹਦੇ ਬਾਰੇ ਕੋਈ ਅਤਾ ਪਤਾ ਨਹੀਂ ਹੈ।

ਸਾਨੂੰ ਤਾਂ ਪੁਲਿਸ ਨੇ ਏਨਾ ਹੀ ਕਿਹਾ ਹੈ ਕਿ, ਘਰ ਛੱਡੋ ਅਤੇ ਨਿਕਲਦੇ ਬਣੋ, ਨਹੀਂ ਤਾਂ ਜੇਲ੍ਹਾਂ ਵਿੱਚ ਸੁੱਟ ਦਿਆਂਗੇ। ਬੁਰਕੇ ਵਿੱਚ ਮੂੰਹ ਲਪੇਟੀ ਇੱਕ ਔਰਤ ਨੇ ਇੰਟਰਨੈਸ਼ਨਲ ਮੀਡੀਆ ਨੂੰ ਦੱਸਿਆ ਕਿ, ਉਹਦੀ ਕੁੱਛੜ 7 ਮਹੀਨਿਆਂ ਦਾ ਜਵਾਕ ਹੈ, ਉਹਨੇ ਕਿੱਥੇ ਜਾਣਾ ਹੈ, ਕੋਈ ਪਤਾ ਨਹੀਂ ਹੈ। ‘ਅਸੀਂ ਕਿੱਥੇ ਜਾਵਾਂਗੇ, ਅਜੇ ਵੀ ਚਿੰਤਤ ਹਾਂ। ਬੱਚਾ ਅਜੇ ਛੇ ਮਹੀਨੇ ਦਾ ਵੀ ਨਹੀਂ ਹੈ। ਇਸ ਨੂੰ ਰਸਤੇ ਵਿੱਚ ਦੁੱਧ ਕਿਵੇਂ ਪਿਆਵਾਂਗੀ? ਸਾਨੂੰ ਬੋਤਲ ਕਿੱਥੋਂ ਮਿਲੇਗੀ, ਗਰਮ ਪਾਣੀ ਕਿੱਥੋਂ ਮਿਲੇਗਾ। ਸਾਡੇ ਕੋਲ ਪੈਸੇ ਵੀ ਨਹੀਂ ਹਨ। ਸਾਨੂੰ ਨਹੀਂ ਪਤਾ ਕਿ ਇਹ ਸਾਨੂੰ ਕਿੱਥੇ ਲੈ ਜਾ ਰਹੇ ਹਨ।’ ਇਹ ਔਰਤ ਆਪਣੇ ਪਰਿਵਾਰ ਨਾਲ 9 ਸਾਲਾਂ ਤੋਂ ਜੰਮੂ ਵਿੱਚ ਰਹਿ ਰਹੀ ਸੀ, ਜਿਸ ਦੇ ਤਿੰਨ ਬੱਚੇ ਹਨ। ਉਨ੍ਹਾਂ ਕਿਹਾ ਕਿ ਉਹ ਸਮਝ ਨਹੀਂ ਪਾ ਰਹੇ ਹਨ ਕਿ ਪੁਲਿਸ ਉਨ੍ਹਾਂ ਨੂੰ ਤੰਗ-ਪ੍ਰੇਸਾਨ ਕਿਉਂ ਕਰ ਰਹੀ ਹੈ, ਜਦੋਂ ਉਨ੍ਹਾਂ ਨੇ ਕੁੱਝ ਨਹੀਂ ਕੀਤਾ। ਚਲਦੇ-ਚਲਦੇ ਰੋਹਿੰਗਿਆ ਭਥਿੰਡੀ ਦੀਆਂ ਗਲੀਆਂ ਵਿੱਚ ਇਕੱਠੇ ਹੋਏ ਕਿਸੇ ਨੇ ਆਪਣੇ ਬੱਚਿਆਂ ਨੂੰ ਘਰ ਦਾ ਖਾਣਾ ਖੁਆਇਆ, ਤਾਂ ਕਿਸੇ ਨੇ ਬਿਸਕੁਟ ਦਾ ਪੈਕਟ ਲੈ ਕੇ ਬੱਚਿਆਂ ਦੇ ਹੱਥਾਂ ਵਿੱਚ ਰੱਖ ਦਿੱਤਾ। ਇਸ ਦੌਰਾਨ ਕਿਰਆਨੀ ਤਾਲਾਬ ਖੇਤਰ ਵਿੱਚ ਦਿਨ ਭਰ ਦੁਕਾਨਾਂ ਬੰਦ ਰਹੀਆਂ ਅਤੇ ਰੋਹਿੰਗਿਆ ਕਾਲੋਨੀ ਵਿੱਚ ਚੁੱਪ ਫੈਲ ਗਈ। ਸੁਰੱਖਿਆ ਬਲਾਂ ਦੀ ਤਾਇਨਾਤੀ ਵੀ ਸਰਕਾਰ ਦੁਆਰਾ ਵੱਡੇ ਪੱਧਰ ‘ਤੇ ਕੀਤੀ ਗਈ ਸੀ। ਉੱਥੇ ਮੌਜੂਦ ਹਰ ਆਦਮੀ ਦੇ ਚਿਹਰੇ ‘ਤੇ ਉਦਾਸੀ ਸਾਫ਼ ਨਜ਼ਰ ਆ ਰਹੀ ਸੀ। ਛੋਟੇ ਝੁੰਡ ਬਣਾ ਕੇ, ਉਹ ਆਪਸ ਵਿੱਚ ਆਪਣੇ ਭਵਿੱਖ ਬਾਰੇ ਚਿੰਤਤ ਹੁੰਦੇ ਨਜ਼ਰ ਆਏ।

ਰੋਹਿੰਗਿਆ ਮੁਸਲਮਾਨਾਂ ਨੂੰ ਜਿਸ ਪ੍ਰਕਾਰ ਜੰਮੂ ਕਸ਼ਮੀਰ ਦੇ ਅੰਦਰੋਂ ਇਸ ਵੇਲੇ ਲੰਮੇ ਸਮੇਂ ਬਾਅਦ ਕੱਢਿਆ ਜਾ ਰਿਹਾ ਹੈ, ਉਹਦੇ ਤੋਂ ਇੱਕ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ, ਸਰਕਾਰ ਮੁਸਲਮਾਨਾਂ ਦੀ ਦੁਸ਼ਮਣ ਹੈ। ਬੇਸ਼ੱਕ ਮੁਸਲਮਾਨਾਂ ਨੂੰ ਦੇਸ਼ ਦਾ ਅੰਗ ਦੱਸਣ ਵਾਲੇ ਹੁਕਮਰਾਨ ਸਮੇਂ ਸਮੇਂ ‘ਤੇ ਮੁਸਲਮਾਨਾਂ ਨੂੰ ਆਪਣਾ ‘ਭਾਈ’ ਕਹਿੰਦੇ ਨਜ਼ਰੀ ਆਉਂਦੇ ਹਨ, ਪਰ ਜਿਸ ਤਰੀਕੇ ਨਾਲ ਅਣਮਨੁੱਖਾ ਸਲੂਕ ਇਸ ਵੇਲੇ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਹੋ ਰਿਹਾ ਹੈ, ਉਹਦੇ ਤੋਂ ਕੁੱਝ ਲੁਕਿਆ ਛਿਪਿਆ ਨਹੀਂ ਹੈ। ਭਾਰਤੀ ਮੀਡੀਆ ਇਸ ਵੇਲੇ ਰੋਹਿੰਗਿਆ ਮੁਸਲਮਾਨਾਂ ਦੀ ਅਸਲ ਹਾਲਤ ਨਹੀਂ ਵਿਖਾ ਰਿਹਾ ਅਤੇ ਨਾ ਹੀ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਕੋਈ ਗੱਲਬਾਤ ਕਰਕੇ, ਉਨ੍ਹਾਂ ਦੀ ਮੁਸ਼ਕਲ ਜਾਣ ਰਿਹਾ ਹੈ, ਸਗੋਂ ਸਰਕਾਰ ਦੁਆਰਾ ਜਾਰੀ ਕੀਤੇ ਜਾਂਦੇ ਪ੍ਰੈੱਸ ਬਿਆਨਾਂ ਨੂੰ ਵੀ ਬਾਖ਼ੂਬੀ ਦੇ ਨਾਲ ਵਿਖਾ ਰਿਹਾ ਹੈ। ਜਾਣਕਾਰੀ ਇਹ ਵੀ ਹੈ ਕਿ, ਕੁੱਝ ਰੋਹਿੰਗਿਆ ਮੁਸਲਮਾਨ ਜੰਮੂ ਦੇ ਪੁੱਠੇ ਸਿੱਧੇ ਰਾਹਾਂ ਥਾਣੀ ਹੁੰਦੇ ਹੋਏ ਜਦੋਂ ਭਥਿੰਡੀ ਦੇ ‘ਮੱਕਾ ਮਸਜਿਦ’ ਪਹੁੰਚੇ ਤਾਂ, ਉੱਥੇ ਪਹਿਲੋਂ ਹੀ ਭਾਰੀ ਮਾਤਰਾ ਵਿੱਚ ਪੁਲਿਸ ਵਾਲੇ ਮੌਜੂਦ ਸਨ, ਜਿਨ੍ਹਾਂ ਨੇ ਰੋਹਿੰਗਿਆ ਮੁਸਲਮਾਨਾਂ ਨੂੰ ਵਾਪਸ ਜਾਣ ਲਈ ਕਹਿ ਦਿੱਤਾ, ਪਰ ਰੋਹਿੰਗਿਆ ਸਹਿਮਤ ਨਹੀਂ ਹੋਏ।

ਮੁਹੰਮਦ ਹਾਰੂਨ ਨੇ ਦੱਸਦੇ ਹਨ ਕਿ ‘ਸਾਨੂੰ ਸਮਝ ਨਹੀਂ ਆ ਰਿਹਾ ਕਿ, ਅਸੀਂ ਇੱਥੋਂ ਕਿੱਥੇ ਜਾਵਾਂਗੇ? ਜੰਮੂ ਵਿੱਚ ਇੰਨਾ ਲੰਮਾ ਸਮਾਂ ਬੀਤ ਚੁੱਕਾ ਹੈ, ਇੱਥੇ ਕਦੇ ਕਿਸੇ ਨੂੰ ਪ੍ਰੇਸ਼ਾਨ ਨਹੀਂ ਕੀਤਾ ਗਿਆ। ਪਤਾ ਨਹੀਂ ਕਿਉਂ ਪੁਲਿਸ ਅਚਾਨਕ ਸਾਨੂੰ ਜਾਂਚ ਦੇ ਨਾਮ ‘ਤੇ ਪ੍ਰੇਸ਼ਾਨ ਕਰ ਰਹੀ ਹੈ।’ ਹਾਰੂਨ ਕਹਿੰਦਾ ਹੈ, ‘ਜਦੋਂ ਤੱਕ ਸਾਡੇ ਦੇਸ਼ ਵਿੱਚ ਸ਼ਾਂਤੀ ਬਹਾਲ ਨਹੀਂ ਹੁੰਦੀ, ਅਸੀਂ ਵਾਪਸ ਨਹੀਂ ਜਾ ਸਕਦੇ। ਜੇਕਰ ਭਾਰਤ ਸਰਕਾਰ ਨੂੰ ਕੋਈ ਮੁਸ਼ਕਲ ਆਉਂਦੀ ਹੈ, ਸਾਨੂੰ ਇਸਨੂੰ ਕਿਸੇ ਹੋਰ ਦੇਸ਼ ਦੇ ਹਵਾਲੇ ਕਰਨਾ ਚਾਹੀਦਾ ਹੈ, ਅਸੀਂ ਉੱਥੇ ਚਲੇ ਜਾਵਾਂਗੇ। ਜੇਕਰ ਭਾਰਤ ਸਰਕਾਰ ਅਜਿਹਾ ਕਰਦੀ ਹੈ ਤਾਂ ਸਾਡੇ ‘ਤੇ ਬਹੁਤ ਵੱਡਾ ਅਹਿਸਾਨ ਹੋਵੇਗਾ। ਆਖ਼ਿਰਕਾਰ, ਅਸੀਂ ਕਿੰਨਾ ਚਿਰ ਜ਼ੁਲਮ ਸਹਿੰਦੇ ਰਹਾਂਗੇ। ਇੱਕ ਰੋਹਿੰਗਿਆ ਕਾਰੋਬਾਰੀ ਮੁਹੰਮਦ ਰਫੀਕੀ, ਜੋ ਲੰਬੇ ਸਮੇਂ ਤੋਂ ਜੰਮੂ ਵਿੱਚ ਰਹਿ ਰਹੇ ਹਨ, ਮੁਸੀਬਤ ਦੀ ਸਥਿਤੀ ਵਿੱਚ ਉੱਥੇ ਘੁੰਮ ਰਹੇ ਸੀ। ਉਨ੍ਹਾਂ ਨੇ ਕਿਹਾ, ‘ਅਸੀਂ ਸਾਰਿਆਂ ਨੇ ਭਾਰਤ ਵਿੱਚ ਸ਼ਰਨ ਲਈ ਸੀ।

ਉਨ੍ਹਾਂ ਸਾਰਿਆਂ ਕੋਲ ਯੂਐਨਐਚਆਰਸੀ ਦਾ ਕਾਰਡ ਹੈ। ਅਸੀਂ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਾਂ। ਅਸੀਂ ਆਪਣੇ ਦੇਸ਼ ਜਾਣ ਲਈ ਤਿਆਰ ਹਾਂ, ਪਰ ਸਾਨੂੰ ਕੁੱਝ ਸਮਾਂ ਮਿਲਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਆਪ ਨੂੰ ਸੰਭਾਲ ਸਕੀਏ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਰ ਸਕੀਏ।’ ਪੁਲਿਸ ਕਾਰਵਾਈ ਦਾ ਜ਼ਿਕਰ ਕਰਦਿਆਂ ਮੁਹੰਮਦ ਜੁਬੈਰ ਕਹਿੰਦੇ ਹਨ ਕਿ ‘ਇੱਕ ਆਦਮੀ ਦੀ ਗ਼ਲਤੀ ਕਰਕੇ ਸਭ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਸਾਡੀ ਤਾਂ ਅਜਿਹੀ ਕੋਈ ਗ਼ਲਤੀ ਨਹੀਂ ਹੈ। ਹੋ ਸਕਦਾ ਹੈ ਕਿ ਇੱਕ ਜਾਂ ਦੋ ਆਦਮੀਆਂ ਵੱਲੋਂ ਕੋਈ ਗ਼ਲਤੀ ਹੋਈ ਹੋਵੇ, ਪਰ ਉਨ੍ਹਾਂ ਦੇ ਕਾਰਨ ਹਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ।’ ਜੰਮੂ ਵਿੱਚ 13 ਸਾਲਾਂ ਤੋਂ ਰਹਿ ਰਹੇ ਮੁਹੰਮਦ ਯੂਨਸ ਨੇ ਪੁਲਿਸ ਕਾਰਵਾਈ ‘ਤੇ ਸਵਾਲ ਉਠਾਉਂਦੇ ਹੋਏ ਕਿਹਾ, ‘ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਮੇਰਾ ਕੀ ਕਸੂਰ ਹੈ? ਮੈਂ ਆਪਣੇ ਦੇਸ਼ ਵਿੱਚ, ਆਪਣੇ ਮਾਂ-ਪਿਓ ਨੂੰ ਗੁਆਇਆ। ਉਸ ਤੋਂ ਬਾਅਦ ਅਸੀਂ ਆਪਣੀ ਜ਼ਿੰਦਗੀ ਬਚਾ ਕੇ ਭਾਰਤ ਆਏ। ਪਰ ਇੱਥੇ ਵੀ ਸਾਡੇ ‘ਤੇ ਅੱਤਿਆਚਾਰ ਹੋ ਰਿਹਾ ਹੈ।’ ਮੁਹੰਮਦ ਯੂਨਸ ਨੇ ਕਿਹਾ, ‘ਸਾਡੀ ਗ਼ਲਤੀ ਸਿਰਫ਼ ਇਹੀ ਹੈ ਕਿ ਅਸੀਂ ਮੁਸਲਮਾਨ ਹਾਂ। ਅਸੀਂ 2008 ਵਿੱਚ ਭਾਰਤ ਆਏ ਸਾਂ, ਉਸ ਵੇਲੇ ਤੁਸੀਂ (ਪੁਲਿਸ ਜਾਂ ਫਿਰ ਸਰਕਾਰ ਨੇ) ਸਾਨੂੰ ਕਿਉਂ ਨਹੀਂ ਫੜਿਆ? ਸਾਨੂੰ ਅੱਜ ਕਿਉਂ ਫੜਿਆ ਜਾ ਰਿਹਾ ਹੈ? ਦੂਜੇ ਪਾਸੇ ਜੰਮੂ ਪੁਲਿਸ ਅਧਿਕਾਰੀ ਰੋਹਿੰਗਿਆ ਪਰਿਵਾਰਾਂ ਨੂੰ ਇਹ ਕਹਿ ਰਹੇ ਹਨ ਕਿ ਅਸੀਂ ਕੁੱਝ ਦਿਨਾਂ ਦਾ ਸਮਾਂ ਤੁਹਾਨੂੰ ਦਿੰਦੇ ਹਾਂ, ਆਪਣਾ ਜਲਦੀ ਹਿਸਾਬ ਕਿਤਾਬ ਨਿਬੇੜੋ ਅਤੇ ਚਲਦੇ ਬਣੋ।

ਖ਼ੈਰ, ਇਸ ਵੇਲੇ ਕੁੱਲ ਮਿਲਾ ਕੇ, ਰੋਹਿੰਗਿਆ ਮੁਸਲਮਾਨ ਮੁਸੀਬਤ ਦੀ ਘੜੀ ਵਿੱਚੋਂ ਲੰਘ ਰਹੇ ਹਨ। ਸਾਲ 2019 ਦੇ ਅਗਸਤ ਮਹੀਨੇ ਦੀ 5 ਤਰੀਕ ਨੂੰ ਧਾਰਾ 370 ਅਤੇ 35-ਏ ਜੰਮੂ ਕਸ਼ਮੀਰ ਦੇ ਵਿੱਚੋਂ ਖ਼ਤਮ ਕੀਤੀ ਗਈ। ਇਹ ਧਾਰਾਵਾਂ ਬੰਦੂਕ ਦੀ ਨੋਕ ਅਤੇ ਫ਼ੌਜੀ ਬਲ ਦੇ ਪਹਿਰੇ ਹੇਠ ਖ਼ਤਮ ਕੀਤੀਆਂ ਗਈਆਂ। ਇੱਕ ਤਾਨਾਸ਼ਾਹੀ ਤਰੀਕੇ ਦੇ ਨਾਲ ਪਹਿਲੋਂ ਲੋਕਾਂ ਨੂੰ ਘਰਾਂ ਦੇ ਅੰਦਰ ਤਾੜਿਆਂ ਗਿਆ, ਫਿਰ ਧਾਰਾਵਾਂ ਖ਼ਤਮ ਕਰ ਦਿੱਤੀਆਂ ਗਈਆਂ। ਕਸ਼ਮੀਰੀਆਂ ਕੋਲੋਂ ਉਨ੍ਹਾਂ ਨੂੰ ਆਜ਼ਾਦੀ ਵੇਲੇ ਦੇ ਮਿਲੇ ਅਧਿਕਾਰ ਖੋਹ ਲਏ ਗਏ। ਲੰਘੇ 2019 ਸਾਲ ਤੋਂ ਹੀ ਕਸ਼ਮੀਰ ਦੇ ਅੰਦਰ ਬਹੁਤ ਕੁੱਝ ਅਜਿਹਾ ਵਾਪਰ ਰਿਹਾ ਹੈ, ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਅਸੀਂ ਸਰਕਾਰ ਦੇ ਉਨ੍ਹਾਂ ਕੰਮਾਂ ਦੀ ਪ੍ਰਸ਼ੰਸਾ ਵੀ ਕਰਦੇ ਹਾਂ, ਜੋ ਲੋਕ ਹਿੱਤ ਹਨ, ਪਰ ਧਾਰਾ 370 ਅਤੇ 35-ਏ ਖ਼ਤਮ ਕਰਨਾ, ਸਰਕਾਰ ਦਾ ਕੰਮ ਲੋਕ ਹਿੱਤ ਨਹੀਂ ਸੀ, ਕਿਉਂਕਿ ਆਜ਼ਾਦ ਭਾਰਤ ਦੇ ਅੰਦਰ ਕਿਸੇ ਦੇ ਕੋਲੋਂ ਵੀ ਬੰਦੂਕ ਦੀ ਨੋਕ ‘ਤੇ ਅਧਿਕਾਰ ਖੋਹ ਲੈਣੇ, ਕਿਤੋਂ ਦਾ ਵੀ ਇਨਸਾਫ਼ ਨਹੀਂ ਹੈ। ਇਨਸਾਫ਼ ਖ਼ਾਤਰ ਅੱਜ ਵੀ ਹਜ਼ਾਰਾਂ ਕਸ਼ਮੀਰੀ ਲੜ ਰਹੇ ਹਨ ਅਤੇ ਉੱਥੋਂ ਦੇ ਸਿਆਸਤਦਾਨਾਂ ਦੇ ਵੰਨ ਸੁਵੰਨੇ ਬਿਆਨ ਵੀ ਮੌਜੂਦਾ ਕੇਂਦਰੀ ਹਕੂਮਤ ਦੇ ਖ਼ਿਲਾਫ਼ ਆ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ, ਜੰਮੂ ਕਸ਼ਮੀਰ ਦੇ ਅੰਦਰ ਜ਼ਿਆਦਾਤਰ ਮੁਸਲਮਾਨ ਭਾਈਚਾਰੇ ਦੇ ਨਾਲ ਸਬੰਧਿਤ ਲੋਕ ਰਹਿੰਦੇ ਹਨ, ਇਸੇ ਕਰਕੇ ਹੀ ਉੱਥੋਂ ਦੇ ਲੋਕਾਂ ਉੱਪਰ ਜ਼ੁਲਮ ਢਾਹੇ ਜਾ ਰਹੇ ਹਨ। ਇਸ ਵੇਲੇ ਮੁਸਲਮਾਨਾਂ ‘ਤੇ ਵੈਸੇ ਤਾਂ ਅਮਰੀਕਾ ਵਰਗੇ ਮੁਲਕਾਂ ਵਿੱਚ ਵੀ ਅੱਤਿਆਚਾਰ ਹੋ ਗਿਆ ਹੈ ਅਤੇ ਸਿੱਖਾਂ ਦੇ ਵਾਂਗ ਮੁਸਲਮਾਨਾਂ ਨੂੰ ਵੀ ‘ਵੱਖਰੀ’ ਨਜ਼ਰ ਦੇ ਨਾਲ ਵੇਖਿਆ ਜਾ ਰਿਹਾ ਹੈ।

Current Affairs Human Rights
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ

ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ...

By ਗੁਰਪ੍ਰੀਤ ਸਿੰਘ
April 13, 2021
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ

ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜ...

By Vijay Bombeli
April 13, 2021
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ