ਇਸ ਹਮਾਮ 'ਚ ਸਭ ਨੰਗੇ!


ਲੋਕਾਂ ਨੂੰ ਤਾਂ ਪਹਿਲਾਂ ਹੀ ਖ਼ਦਸ਼ਾ ਸੀ ਕਿ ਇਹ ਸਭ ਡਰਾਮਾ ਹੋ ਰਿਹਾ ਹੈ ਪਰ ਸਿੱਟ ਦੇ ਮੁਖੀ ਨੇ ਸਿਆਸਤ ਦੇ ਚਿੱਕੜ ਵਿੱਚ ਜਿਹੜਾ ਨੌਕਰੀ ਛੱਡਣ ਦਾ ਪੱਥਰ ਸੁੱਟਿਆ ਹੈ, ਉਸ ਨਾਲ ਕਈ.. 'ਦਰਵੇਸ਼ਾਂ' ਤੇ ਬੜਬੋਲਿਆਂ ਦੇ ਚਿੱਟੇ ਕੁੜਤਿਆਂ 'ਤੇ ਛਿੱਟੇ ਪੈ ਗਏ ਹਨ।

ਇਸ਼ਕ ਉਹ ਹੁੰਦਾ ਹੈ ਜੋ ਸਿਰ ਚੜ੍ਹ ਬੋਲੇ। ਬੋਲ਼ੀਆਂ ਸਰਕਾਰਾਂ ਨੂੰ ਆਪਣੀ ਆਵਾਜ਼ ਸੁਣਾਉਣ ਲਈ ਉੱਚੀ ਬੋਲਣਾ ਪੈਂਦਾ ਹੈ। ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਨੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਸੁੱਤੀ ਪਈ ਅੰਗਰੇਜ਼ ਹਕੂਮਤ ਨੂੰ ਜਗਾਇਆ ਸੀ। ਉਦੋਂ ਸਮੇਂ ਗੋਰਿਆਂ ਦੀ ਗ਼ੁਲਾਮੀ ਦੇ ਸਨ ਤੇ ਅੱਜ ਅਸੀਂ ਆਜ਼ਾਦ ਭਾਰਤ ਵਿਚ ਵਿਚਰ ਰਹੇ ਹਾਂ। ਜਾਂ ਤਾਂ ਸੁੱਤੇ ਪਏ ਹਾਂ ਜਾਂ ਜਾਗਦੇ ਹੋਏ ਵੀ ਅੱਖਾਂ ਬੰਦ ਕਰਈਆਂ ਹਨ। ਸੁੱਤਿਆਂ ਨੂੰ ਜਗਾਉਣ ਲਈ ਹੁਣ ਵੱਡੇ ਧਮਾਕੇ ਦੀ ਲੋੜ ਹੈ। ਨਹੀਂ ਤਾਂ ਚੁੱਪ ਗੁੰਗਾ ਬਣਾ ਦੇਵੇਗੀ। ਅਜਿਹੀ ਹੀ ਚੁੱਪ ਨੂੰ ਤੋੜਦਿਆਂ ਚੰਡੀਗੜ੍ਹ ਵਿੱਚ ਜਿਹੜਾ ਧਮਾਕਾ ਹੋਇਆ ਹੈ, ਉਸ ਨੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਹੀ ਨਹੀਂ ਮਚਾਈ ਸਗੋਂ ਤੂਫ਼ਾਨ ਲਿਆ ਦਿੱਤਾ ਹੈ। ਇਹ ਉਹ ਤੂਫ਼ਾਨ ਹੈ, ਜੋ ਲੰਮੇ ਸਮੇਂ ਤੋਂ ਲੋਕ ਮਨਾਂ ਅੰਦਰ ਡੱਕਿਆ ਹੋਇਆ ਸੀ। ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਧਾਰਮਿਕ ਮੁੱਦੇ ਦਾ ਲਾਹਾ ਸਿਆਸਤਦਾਨਾਂ ਨੇ ਖੂਬ‍ ਲਿਆ। ਇਸ ਦੀਆਂ ਤਾਰਾਂ ਕਿਥੇ ਕਿਥੇ ਜੁੜਦੀਆਂ ਸਨ, ਇਸ ਦੀ ਭਿਣਕ ਤਾਂ ਹਰ ਪੰਜਾਬੀ ਨੂੰ ਸੀ ਪਰ ਹਾਲਤ "ਕੌਣ ਆਖੇ ਰਾਣੀਏ ਅੱਗਾ ਢੱਕ" ਵਾਲੀ ਬਣੀ ਹੋਈ ਸੀ।

ਸਮੇਂ ਦੇ ਹਾਕਮਾਂ ਨੇ ਲੋਕਾਂ ਅਤੇ ਅਫ਼ਸਰਸ਼ਾਹੀ ਨੂੰ ਤਾਂ ਚੂਹੇ ਬਣਾ ਧਰਿਆ ਹੈ। ਆਖ਼ਰ ਖੂੰਖਾਰ ਹੋ ਚੁੱਕੀ ਸਿਆਸੀ ਬਿੱਲੀ ਦੇ ਗਲ਼ ਟੱਲੀ ਕੌਣ ਬੰਨ੍ਹੇ...?

ਜੋ ਬੋਲੇ ਉਹੀ ਗ਼ੱਦਾਰ.. ਦਾ ਫ਼ਤਵਾ ਜਾਰੀ ਹੋ ਜਾਂਦਾ ਹੈ ਪਰ ਜਿਹੜਾ ਬੰਬ ਹੁਣ ਫਟਿਆ ਹੈ, ਉਹ ਬਹੁਤ ਦੇਰ ਪਹਿਲਾਂ ਫੱਟ ਜਾਣਾ ਸੀ ਜੇ ਸਿਆਸਤਦਾਨ ਨੂਰਾ ਕੁਸ਼ਤੀ ਨਾ ਖੇਡਦੇ? ਰਲ਼ ਕੇ ਖੇਡਣ ਤੇ ਲੁੱਟ ਮਾਰ ਕਰਨ ਲਈ ਸਭ ਲੁਟੇਰੇ ਇੱਕਮੁੱਠ ਹਨ। ਹੁਣ ਦੇ ਹਾਕਮ ਨੇ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਪਹਿਲਆਂ ਤਾਂ ਨੀਲੀਆਂ ਪਗੜੀ ਵਾਲਿਆਂ 'ਤੇ ਕੇਸ ਪਾਏ... ਮੀਡੀਆ ਵਿੱਚ ਬੱਲੇ ਬੱਲੇ ਕਰਵਾਈ... ਫੇਰ ਸਰਕਾਰੀ ਗਵਾਹ ਮੁਕਰਵਾਏ ਤੇ ਮਗਰੋਂ ਉਹੀ ਭ੍ਰਿਸ਼ਟ ਅਕਾਲੀ ਬਚਾਏ... ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਵਾਰੋ-ਵਾਰੀ ਰਾਜ ਕੀਤਾ। ਅਕਾਲੀ-ਭਾਜਪਾ ਦੇ ਰਾਜ ਵੇਲੇ ਧਾਰਮਿਕ ਗ੍ਰੰਥਾਂ ਦੀਆਂ ਜਿਹੜੀਆਂ ਅਦਬੀਆਂ ਹੋਈਆਂ, ਉਨ੍ਹਾਂ ਕਹਾਣੀਆਂ ਦੇ ਕਿਰਦਾਰ ਤੇ ਸਿਰਜਕ ਕੌਣ ਸਨ, ਉਨ੍ਹਾਂ ਨੂੰ ਕੌਣ ਨਹੀਂ ਜਾਣਦਾ?

ਬਰਗਾੜੀ ਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਨੂੰ ਕੌਣ ਭੁੱਲਿਆ ਹੈ ... ਜਾਂਚ ਲਈ ਸਪੈਸ਼ਲ ਟਾਸਕ ਫੋਰਸ ਬਣੀ.. ਕਮਿਸ਼ਨ ਬਣੇ ਨਿਕਲਿਆ ਕੀ... ਛੁਣਛੁਣਾ..! ਹੁਣ ਜਦੋਂ ਅਦਾਲਤ ਨੇ ਸਿੱਟ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਦੀ ਜਾਂਚ ਰਿਪੋਰਟ ਰੱਦ ਕੀਤੀ ਤਾਂ ਨਾ ਤਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਤੇ ਨਾ ਹੀ ਹਰ ਨਿੱਕੀ-ਨਿੱਕੀ ਗੱਲ 'ਤੇ ਫ਼ਤਵੇ ਜਾਰੀ ਕਰਨ ਵਾਲੇ ਕੁਸਕੇ.. ਜਿਹੜੇ ਕਮਜ਼ੋਰ ਬੰਦਿਆਂ ਨੂੰ ਘਰਾਂ ਵਿੱਚ ਕੁੱਟਣ ਮਾਰਨ ਤੁਰ ਜਾਂਦੇ ਸਨ। ਸਿੱਟ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦਿੰਦਿਆਂ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਹੁਣ ਸਿਆਸੀ ਖੇਮਿਆਂ ਵਿੱਚ ਤੂਫ਼ਾਨ ਆਇਆ ਹੋਇਆ ਹੈ ਕਿ ਉਸ ਨੂੰ ਅਸਤੀਫ਼ਾ ਕਿਉਂ ਦੇਣਾ ਪਿਆ ?.... ਲੋਕਾਂ ਦੇ ਮਨਾਂ ਵਿੱਚ ਇਹ ਵੀ ਸਵਾਲ ਹਨ ਕਿ ਆਖ਼ਰ ਕਿਸ ਦੇ ਦਬਾਅ ਹੇਠ ਕੋਰਟ ਨੇ ਰਿਪੋਰਟ ਰੱਦ ਕੀਤੀ? ਕੀ ਅਦਾਲਤਾਂ ਉੱਤੇ ਵੀ ਸਿਆਸੀ ਲੁਟੇਰਿਆਂ ਦਾ ਦਬਾਅ ਹੈ?

ਕੀ ਸਿਆਸਤਦਾਨ ਕਾਨੂੰਨ ਤੋਂ ਵੱਡੇ ਹਨ? ਪਰ ਜੋ ਵੀ ਨਾਟਕ ਹੋਇਆ, ਉਸ ਦਾ ਸੱਚ ਤਾਂ ਇਹੀ ਦਿੱਖ ਰਿਹਾ ਹੈ ਕਿ ਦਾਲ ਵਿੱਚ ਕੋਕੜੂ ਹੀ ਨਹੀਂ, ਪੂਰੀ ਦੀ ਪੂਰੀ ਕਾਲੀ ਹੈ। ਪਰ ਹੁਣ ਜੋ ਦਿੱਖ ਰਿਹਾ ਹੈ ਤੇ ਦਿਖਾਇਆ ਜਾ ਰਿਹਾ ਹੈ, ਉਸ ਪਿੱਛੇ ਜੋ ਛੁਪਿਆ ਹੈ.. ਉਸ ਨਾਲ ਹਾਕਮ ਧਿਰ ਤੇ ਧਰਮ ਦੇ ਠੇਕੇਦਾਰ ਜ਼ਰੂਰ ਨੰਗੇ ਹੋ ਗਏ ਹਨ। ਲੋਕਾਂ ਨੂੰ ਤਾਂ ਪਹਿਲਾਂ ਹੀ ਖ਼ਦਸ਼ਾ ਸੀ ਕਿ ਇਹ ਸਭ ਡਰਾਮਾ ਹੋ ਰਿਹਾ ਹੈ ਪਰ ਸਿੱਟ ਦੇ ਮੁਖੀ ਨੇ ਸਿਆਸਤ ਦੇ ਚਿੱਕੜ ਵਿੱਚ ਜਿਹੜਾ ਨੌਕਰੀ ਛੱਡਣ ਦਾ ਪੱਥਰ ਸੁੱਟਿਆ ਹੈ, ਉਸ ਨਾਲ ਕਈ.. 'ਦਰਵੇਸ਼ਾਂ' ਤੇ ਬੜਬੋਲਿਆਂ ਦੇ ਚਿੱਟੇ ਕੁੜਤਿਆਂ 'ਤੇ ਛਿੱਟੇ ਪੈ ਗਏ ਹਨ। ਸਿਆਣੇ ਕਹਿੰਦੇ ਹਨ ਕਿ ਖੂਹ ਵਿੱਚ ਡਿੱਗੀ ਇੱਟ ਸੁੱਕੀ ਨੀ ਨਿਕਲਦੀ ਪਰ ਬੇਅਦਬੀ ਕਾਂਡ ਦੀ ਰਿਪੋਰਟ ਦੇ ਕਿਹੜੇ ਦਾਗ਼ੀ ਸਨ.. ਉਨ੍ਹਾਂ ਬਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੈ। ਆਈ.ਪੀ ਐਸ. ਨੇ ਆਪਣਾ ਫ਼ਰਜ਼ ਨਿਭਾਉਂਦੇ ਹੋਏ ਦੁੱਧ ਤੇ ਪਾਣੀ ਲੋਕਾਂ ਦੀ ਕਚਹਿਰ ਵਿਚ ਰੱਖ ਦਿੱਤਾ ਹੈ। ਹੁਣ ਦੇਖਣਾ ਹੈ ਲੋਕਾਂ ਦਾ ਸਰਕਾਰ ਤੇ ਕੋਰਟ ਤੋਂ ਉੱਠਿਆ ਵਿਸ਼ਵਾਸ ਕਿਵੇਂ ਬਹਾਲ ਹੁੰਦਾ ਹੈ?

ਸਿਆਣੇ ਆਖਦੇ ਹਨ.. ਜੇ ਪੱਲੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ.... ਪਰ ਗੱਲ ਤਾਂ ਹੁਣ ਇਹ ਵੱਧ ਨਜ਼ਰ ਆ ਰਹੀ ਹੈ ਕਿ ਬੇਸ਼ਰਮ ਦਾ ਕੋਠੀ ਦੇ ਵਿੱਚ ਮੂੰਹ ... ਹੁਣ ਮੂੰਹ 'ਤੇ ਲੱਗੀ ਕਾਲਖ ਕਿਵੇਂ ਤੇ ਕੌਣ ਲਾਹੂਗਾ? ਇਹ ਤਾਂ ਸਮਾਂ ਦੱਸੇਗਾ ਪਰ ਸਿਆਸੀ ਖੇਮਿਆਂ ਵਿੱਚ ਆਇਆ ਤੂਫ਼ਾਨ ਕਿਹੜੇ ਸਿਆਸੀ ਆਗੂਆਂ ਦਾ ਕੀ ਨੁਕਸਾਨ ਤੇ ਫਾਇਦਾ ਕਰਦਾ ਹੈ..?

ਤੁਸੀਂ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ

Politics
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ

ਦੂਜੀ ਲਹਿਰ ਦਾ ਆਖ ਕੇ, ਭਾਰਤ ਦੇ ਅੰਦਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਤਾਲਾਬੰਦੀ ਲਗਾਉਣ ਦੀ...

By ਗੁਰਪ੍ਰੀਤ ਸਿੰਘ
May 6, 2021
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ
ਸੱਚ ਬੋਲਿਆਂ ਭਾਂਬੜ ਮੱਚਦਾ...!

ਹੁਣ ਦਿੱਲੀ ਦੇ ਵਿੱਚ ਕਿਸਾਨ ਬੈਠੇ ਹਨ.. ਪਰ ਉਹ ਤੇ ਜ਼ਮੀਨਾਂ ਲਈ ਬੈਠੇ ਹਨ...ਤੁਹਾਡੇ ਕੋਲ ਗਵਾਉਣ ਲਈ ਜ਼ਮੀਰ ਤੋਂ ਬਿਨਾਂ ਕੀ ਹੈ... ਤੁਹਾਡੀ ਤੇ ਜ...

May 6, 2021
ਸੱਚ ਬੋਲਿਆਂ ਭਾਂਬੜ ਮੱਚਦਾ...!