ਵਿਰਾਸਤ-ਏ-ਸਮੁੰਦਾ


ਮੈਂ ਗਾਹੇ ਬਗਾਹੇ ਜਦ ਕਦੇ ਪਿੰਡ ਫੇਰਾ ਪਾਉਂਦਾ ਹਾਂ ਤਾਂ ਅਕਸਰ ਪਿੰਡ ਦੇ ਲਹਿੰਦੇ ਵਾਲੇ ਪਾਸੇ ਪੈਂਦੀਆਂ ਕਬਰਾਂ ਦੇ ਨਾਲ ਲੱਗਦੇ ਕੁਝ ਥੁੜੇ-ਟੁੱਟੇ ਘਰਾਂ ਵਿਚਾਲੇ ਖੜ੍ਹੇ ਇਕ ਨਿੱਕੇ ਜਿਹੇ ਕੋਠੇ ਨੂੰ ਦੇਖ ਕੇ ਮੈਨੂੰ ਬੀਤ ਚੁੱਕਿਆ ਇਕ ਸ਼ਖ਼ਸ 'ਸਮੁੰਦਾ' ਬਹੁਤ ਯਾਦ ਆਉਂਦਾ ਹੈ। ਸਮੁੰਦਾ ਜੋ ਪਿੰਡਾਂ ਵਿੱਚ ਵਸਦੀ ਇਕ ਖ਼ਾਸ ਜਮਾਤ ਦਾ ਪ੍ਰਤੀਨਿਧ ਪਾਤਰ ਸੀ ਜਿਸ ਨੂੰ ਸਮੇਂ ਦੇ ਸਮਾਜ ਨੇ ਪਹਿਲਾਂ ਚੂੜ੍ਹਾ ਗਰਦਾਨ ਕੇ ਭੁੰਜੇ ਬਿਠਾਈ ਰੱਖਿਆ ਤੇ ਫਿਰ ਉਸੇ ਸਮਾਜ ਨੇ ਆਪਣੀ ਕੁਟਿਲ ਆਦਰਸ਼ਕ ਪਹੁੰਚ ਸਦਕੇ ਉਸ ਨੂੰ 'ਹਰੀਜਨ' ਵਡਿਆ ਕੇ ਆਪਣੇ ਕੰਮਾਂ-ਧੰਦਿਆਂ 'ਤੇ ਲਾਈ ਰੱਖਿਆ ਤੇ ਸਮੁੰਦਾ ਉਮਰ ਭਰ ਇਨ੍ਹਾਂ ਦੋ ਪਰਸਪਰ ਵਿਰੋਧੀ ਸ਼ਬਦਾਂ ਵਿਚਾਲੇ ਲਟਕਦਾ ਰਿਹਾ।

ਮੇਰੇ ਇਸ ਛੋਟੇ ਜਿਹੇ ਪਿੰਡ ਵਿੱਚ ਸਾਰੇ ਘਰ ਪਾਕਿਸਤਾਨ ਤੋਂ ਉੱਜੜ ਕੇ ਆਏ ਸਨ। ਪਰ ਸਮੁੰਦੇ ਬਾਰੇ ਮੇਰੀ ਉਮਰ ਦੇ ਲੋਕ ਨਹੀਂ ਸੀ ਜਾਣਦੇ ਕਿ ਉਹ ਇਸ ਪਿੰਡ ਨੂੰ ਰਹਿਣ ਬਸੇਰਾ ਬਣਾਉਣ ਤੇ ਇੱਥੇ ਰੋਟੀ-ਰੋਜ਼ੀ ਕਮਾਉਣ ਤੋਂ ਪਹਿਲਾਂ ਕਿੱਥੇ ਵੱਸਦਾ ਸੀ। ਅਸਲ ਵਿੱਚ ਸਮੁੰਦਾ ਮੇਰੇ ਸੁਰਤ ਪਹਿਰੇ ਆਉਣ ਤੋਂ ਪਹਿਲਾਂ ਹੀ ਇਸ ਪਿੰਡ ਦਾ ਪੱਕਾ ਬਾਸ਼ਿੰਦਾ ਹੋ ਚੁੱਕਿਆ ਸੀ।

ਜਦੋਂ ਮੈਂ ਆਪਣੀ ਦਾਦੀ ਦੀ ਉਂਗਲ ਫੜ ਪਿੰਡ ਦੀਆਂ ਗਲੀਆਂ ਵਿੱਚ ਤੁਰਨ ਲੱਗਾ ਉਦੋਂ ਸਮੁੰਦਾ ਪਿੰਡ ਦੇ ਉੱਤਰ ਵਾਲੇ ਪਾਸੇ ਬਾਪੂ ਵਿਰਸਾ ਸਿੰਘ, ਸਰਪੰਚ ਬਾਜ ਸਿੰਘ ਤੇ ਅਮਰੀਕੇ ਬੰਬ ਦਿਆਂ ਘਰਾਂ ਵਿਚਾਲੇ ਖੁੱਲ੍ਹੇ ਪਏ ਦਲਾਨ ਵਿਚਕਾਰ ਆਪੂੰ ਛੱਤੇ ਖਜੂਰ ਦੇ ਛਤੀਰ ਵਾਲੇ ਕੱਚੇ ਕੋਠੇ ਵਿਚ ਰਹਿੰਦਾ ਸੀ। ਪਿੰਡ ਦੀ ਇਹ ਵਿਹਲੀ  ਥਾਂ ਖੁਦ-ਬ-ਖ਼ੁਦ ਮਾਲਕ ਬਣੇ ਇਨ੍ਹਾਂ ਤਿੰਨਾਂ ਘਰਾਂ ਦੀ ਸਾਂਝੀ ਮਲਕੀਅਤ ਸੀ, ਜਿੱਥੇ ਉਨ੍ਹਾਂ ਨੇ ਥਾਪੀਆਂ ਵਾਲੇ ਗੀਰੇ ਤੇ ਤੂੜੀ ਵਾਲੇ ਕੁੱਪ ਸਜਾ ਰੱਖੇ ਸਨ। ਇਨ੍ਹਾਂ ਕੁੱਪਾਂ-ਘੀਰਿਆਂ ਦੇ ਸਮੁੰਦਰ ਵਿਚਾਲੇ ਸਮੁੰਦੇ ਦਾ ਜਹਾਨ-ਜਜ਼ੀਰਾ ਵਸਦਾ ਸੀ। ਉਸ ਦੀ ਤ੍ਰੀਮਤ 'ਤਾਜਾਂ' ਬਾਰਾਂ ਮਹੀਨੇ ਤੀਹ ਦਿਨ ਭਾਰੇ ਪੈਰੀਂ ਹੀ ਰਹਿੰਦੀ ਤੇ ਜ਼ਿੰਮੀਦਾਰ ਘਰਾਂ ਦਾ ਗੋਹਾ-ਕੂੜਾ ਕਰਦੀ, ਘਰਾਂ ਤੋਂ ਰੂੜ੍ਹੀਆਂ ਤੇ ਰੂੜ੍ਹੀਆਂ ਤੋਂ ਘਰਾਂ ਵਿਚਾਲੇ ਕਿਸੇ ਸ਼ਟਲ ਵਾਂਗ ਨਜ਼ਰ ਆਉਂਦੀ। ਹਰ ਸਾਲ ਸਵਾ ਸਾਲ ਬਾਅਦ ਲਾਗਲੇ ਪਿੰਡੋਂ 'ਸੱਦੋ' ਦਾਈ  ਤਾਜਾਂ ਦਾ ਜਣੇਪਾ ਸੰਵਾਰਨ ਆਉਂਦੀ। ਸੱਦੋ ਆਪਣਾ ਕੰਮ ਕਾਰ ਜਿਹਾ ਨਿਪਟਾ ਕੇ ਸਾਡੇ ਘਰਾਂ ਵੱਲ ਆ ਜਾਂਦੀ; ਜਿੱਥੇ ਉਹ ਰੋਟੀ ਖਾਂਦੀ, ਲੱਸੀ ਪੀਂਦੀ ਤੇ ਨਾਲ ਦੀ ਨਾਲ ਇਹ ਖ਼ਬਰ ਵੀ ਨਸ਼ਰ ਕਰ ਜਾਂਦੀ ਕਿ ਤਾਜਾਂ ਨੇ ਇਸ ਵਾਰ ਕੀ ਜੰਮਿਆ ਏ...ਨਿਆਣਾ ਜਿਉਂਦਾ ਏ ਜਾਂ ਮੋਇਆ।

ਤਾਜਾਂ ਦੀ ਕੁੱਖੋਂ ਜੰਮੇ ਕਿੰਨੇ ਨਿਆਣੇ ਜੰਮੇ ਤੇ ਕਿੰਨੇ ਜੰਮਦਿਆਂ ਸਾਰ ਹੀ ਅੱਲਾ ਨੂੰ ਪਿਆਰੇ ਹੋ ਗਏ; ਇਸ ਦਾ ਲੇਖਾ-ਜੋਖਾ ਨਾ ਪਿੰਡ ਵਾਲਿਆਂ ਕੋਲ ਸੀ ਤੇ ਸ਼ਾਇਦ ਨਾ ਸਮੁੰਦੇ ਨੂੰ ਇਹਦਾ ਕੋਈ ਇਲਮ ਸੀ। ਪਰ ਉਸ ਦੇ ਬਚ ਗਏ ਨਿਆਣਿਆਂ ਵਿਚੋਂ ਸਭ ਤੋਂ ਵੱਡਾ ਵੀਰੂ, ਜਿਸ ਨੂੰ ਸਮੁੰਦਾ ਲਾਡ ਨਾਲ ਵੀਰ ਭਾਨ ਆਖ ਕੇ ਬਲਾਉਂਦਾ, ਉਸ ਤੋਂ ਛੋਟਾ ਘੋਨੀ, ਫਿਰ ਜੱਗਾ, ਤਦ ਛਿੰਦੀ ਤੇ ਮਾਅਣੀ ਦੋ ਕੁੜੀਆਂ ਤੇ ਸਭ ਤੋਂ ਛੇਕੜਲਾ ਤੇ ਸੱਤਵਾਂ ਜਿਉਂਦਾ ਨਿਆਣਾ ਸੱਤਾ ਸੀ।

ਸੱਤੇ ਦੇ ਜਨਮ ਤੋਂ ਡੇਢ ਕੁ ਵਰ੍ਹੇ ਬਾਅਦ ਸਿਆਲ ਰੁੱਤੇ ਇਕ ਦਿਨ ਪਿੰਡ ਦੇ ਵੱਡੇ ਛੋਟੇ ਜੀਅ ਜਦ ਧੂੰਆਂ ਸੇਕਦੇ ਪਏ ਸਨ ਤਾਂ ਅਚਾਨਕ ਸਮੁੰਦੇ ਦੀ ਤ੍ਰੀਮਤ ਤਾਜਾਂ ਧੂੰਏਂ ਦੇ ਕੋਲੋਂ ਦੀ ਸਿਰ 'ਤੇ ਗੋਹੇ ਕੂੜੇ ਵਾਲਾ ਟੋਕਰਾ ਲੈ ਕੇ ਲੰਘੀ। ਉਹਦੇ ਵੱਲ ਟੇਢਾ ਜਿਹਾ ਝਾਕਦਿਆਂ ਚਾਚੇ ਬੰਤਾ ਸਿੰਘ ਨੇ ਕੋਲ ਬੈਠੇ ਸਮੁੰਦੇ ਨੂੰ ਹੂਰਾ ਮਾਰਦਿਆਂ ਆਖਿਆ, “ਓਹ..ਸਮੁੰਦਿਆ, ਹੁਣ ਤਾਂ ਚੱਜ ਕਰ ਲੈ, ਕਿਵੇਂ ਪਾਲੇਂਗਾ ਏਡੇ ਵੱਡੇ ਕੁਟੰਬ ਨੂੰ। ਤੇ ਕੋਲੋਂ ਸਮੁੰਦਾ ਬੋਲਿਆ, ਓ..ਭਾਊ, ਮੈਂ ਕਿਹੜਾ ਇਨ੍ਹਾਂ ਨੂੰ ਕਿੱਲੇ ਕੱਛ ਕੇ ਦੇਣੇ ਨੇ। ਆਪੇ ਕਰਨਗੇ, ਆਪੇ ਖਾਣਗੇ। ਜਿੰਨੇ ਵੱਧ ਹੱਥ ਹੋਣਗੇ,ਓਨੇ ਵੱਧ ਦਾਣੇ ਆਉਣਗੇ। ਸਮੁੰਦਾ ਆਪਣੀ ਥਾਵੇਂ ਠੀਕ ਸੀ। ਉਨ੍ਹਾਂ ਸਮਿਆਂ ਵਿੱਚ ਪਿੰਡਾਂ ਵਿਚ ਵਸਦੇ ਜੱਟਾਂ-ਜਿੰਮੀਂਦਾਰਾਂ, ਤਰਖਾਣਾਂ-ਲੁਹਾਰਾਂ ਜਾਂ ਇਨ੍ਹਾਂ ਦੇ ਬਰਾਬਰ ਦੀਆਂ ਜ਼ਾਤਾਂ ਗੋਤਾਂ ਵਾਲਿਆਂ ਦੇ ਨਿਆਣੇ ਤਾਂ ਪਿੰਡਾਂ ਦੇ ਸਕੂਲਾਂ ਵਿਚ ਪੜ੍ਹਨ ਪੈਂਦੇ ਸਨ ਪਰ ਇਸ ਤੋਂ ਥੱਲੇ ਵਾਲਿਆਂ ਨੂੰ ਪੜ੍ਹਨ-ਪੜ੍ਹਾਉਣ ਦਾ ਕਦੇ ਖ਼ਿਆਲ ਹੀ ਨਹੀਂ ਸੀ ਆਇਆ। ਬਹੁਤਾ ਕਰਕੇ ਇਨ੍ਹਾਂ ਦੇ ਨਿਆਣੇ ਡੰਗਰਾਂ ਦੇ ਵਾਗੀ ਹੀ ਹੁੰਦੇ। ਏਸ ਤਰਜ਼ੇ ਸਮੁੰਦੇ ਦੇ ਸਾਰੇ ਨਿਆਣਿਆਂ ਲਈ ੳ.. ਅ.. ਮੁਹਾਰਨੀ ਤੇ ਦੂਣੀ ਦਾ ਪਹਾੜਾ ਗਾਉਣਾ ਵਰਜਿਤ ਹੀ ਰਹਿ ਗਿਆ।

ਸਮੁੰਦੇ ਨੇ ਪਹਿਲ-ਪਲੇਠਾ ਸੀਰ ਚਾਚੇ ਸੂਬਾ ਸਿੰਘ ਨਾਲ ਲਿਆ। ਉਦੋਂ ਓਹਦੇ ਹੱਡ ਨਰੋਏ ਤੇ ਦੇਹੀ ਵਿੱਚ ਜਾਨ ਸੀ। ਵਾਹੀ ਜੋਤੀ ਦਾ ਸਾਰਾ ਕੰਮ ਬੰਦਿਆਂ-ਬਲਦਾਂ ਦੇ ਮੋਢਿਆਂ 'ਤੇ ਹੀ ਹੁੰਦਾ ਸੀ। ਪਾਕਿਸਤਾਨੋਂ ਖੁੱਲ੍ਹੀਆਂ ਜ਼ਮੀਨਾਂ ਛੱਡ ਕੇ ਆਏ ਜ਼ਿੰਮੀਦਾਰਾਂ ਤੇ ਉਨ੍ਹਾਂ ਦੇ ਟੱਬਰਾਂ ਨੂੰ ਮਿਹਨਤ ਮਸ਼ੱਕਤ ਤਾਂ ਕਰਨੀ ਪੈਂਦੀ ਸੀ ਪਰ ਉਹ ਲੀੜੇ ਟੁੱਕਰ ਤੋਂ ਆਰੀ ਨਹੀਂ ਸਨ। ਪਰ ਉਨ੍ਹਾਂ ਨਾਲ ਸੀਰਪੁਣਾ ਕਰਦੇ ਸਮੁੰਦੇ ਵਰਗਿਆਂ ਦੀ ਹੋਣੀ ਡਾਹਢੀ ਬਦਤਰ ਸੀ। ਕੰਮ ਕਾਰ ਦੁੱਗਣਾ ਕਰਨਾ ਪੈਂਦਾ ਤੇ ਰੋਟੀ ਚਾਹ ਵੇਲੇ ਉਨ੍ਹਾਂ ਨੂੰ ਵਿੱਥ 'ਤੇ ਬਿਠਾ ਕੇ ਮਿੱਠੇ-ਥਿੰਦੇ ਤੋਂ ਵਿਰਵੇ ਹੀ ਰੱਖਿਆ ਜਾਂਦਾ। ਹਾੜ ਸਿਆਲ ਦੇ ਭਾਰੇ ਕੰਮ ਤੇ ਵਿਤਕਰੇ ਵਾਲੀ ਖ਼ੁਰਾਕ ਕਰਕੇ ਸਮੁੰਦ ਜਣਾਂ ਦੀਆਂ ਦੇਹਾਂ ਉਮਰੋਂ ਪਹਿਲਾਂ ਹੀ ਖੰਡਰ ਹੋ ਜਾਂਦੀਆਂ। ਉਨ੍ਹਾਂ ਨੂੰ ਸਰੀਰ ਚਲਦੇ ਰੱਖਣ ਲਈ ਜਰਦਾ, ਬੀੜੀਆਂ, ਡੋਡਿਆਂ ਤੇ ਕਦੇ-ਕਦੇ ਅਫ਼ੀਮ ਦਾ ਦਾਸ ਵੀ ਹੋਣਾ ਪੈਂਦਾ ਤੇ ਸਮੁੰਦੇ ਨਾਲ ਵੀ ਇੰਜ ਹੀ ਹੋਇਆ। ਚਾਚਾ ਸੂਬਾ ਸਿੰਘ ਦੇ ਖੱਤਿਆਂ ਵਿਚ ਚੱਲਣ ਵਾਲੀ ਭਾਰੀ ਕਹੀ ਚੱਤੋ-ਪਹਿਰ ਸਮੁੰਦੇ ਦੇ ਮੋਢਿਆਂ 'ਤੇ ਹੀ ਰਹਿੰਦੀ। ਉਹ ਵਰ੍ਹਦੀਆਂ ਧੁੱਪਾਂ ਵਿੱਚ ਪਹਿਲਾਂ ਖੇਤਾਂ ਦੇ ਬੰਨੇ ਛਾਂਗਦਾ, ਫਿਰ ਵੱਟਾਂ ਨੂੰ ਮਿੱਟੀ ਲੇਪਦਾ, ਖੇਤਾਂ ਵਿੱਚੋਂ ਲੰਘਦੀਆਂ ਅੱਡਾਂ-ਖਾਲਾਂ ਖਾਲ਼ਦਾ, ਡੰਗਰਾਂ-ਵੱਛਿਆਂ ਲਈ ਖੇਤਾਂ ਵਿੱਚੋਂ ਚਰੀ ਦੀਆਂ ਡੇਢ-ਡੇਢ ਮਣ ਭਾਰੀਆਂ ਪੰਡਾਂ ਸਿਰ 'ਤੇ ਢੋਂਦਾ, ਘੰਟਾ-ਘੰਟਾ ਹੱਥ ਵਾਲੇ ਟੋਕੇ ਮੂਹਰੇ ਜੁੱਤਿਆ ਲੱਕੜ ਹੋਈ ਚਰੀ ਕੁਤਰਦਾ ਰਹਿੰਦਾ। ਹਾੜ੍ਹ ਮਹੀਨੇ ਗੱਡਿਆਂ ਦੇ ਗੱਡੇ ਇਕੱਠੀ ਹੋਈ ਡੰਗਰਾਂ ਦੀ ਰੂੜ੍ਹੀ ਸਮੁੰਦੇ ਦੇ ਸਿਰ ਤੋਂ ਹੁੰਦੀ ਹੋਈ ਹੀ ਖੇਤਾਂ ਵਿਚ ਪਹੁੰਚਦੀ। ਕਣਕਾਂ ਦੀ ਗਹਾਈ, ਝੋਨਿਆਂ ਦੀ ਲਵਾਈ, ਗੰਨਿਆਂ ਦੀ ਛਿਲਾਈ ਤੇ ਪੱਠੇ-ਦੱਥੇ ਦੀ ਬਿਜਾਈ ਜਹੇ ਸਭ ਧੰਦੇ ਸਮੁੰਦੇ ਸਿਰ ਹੀ ਸਨ। ਘਰ ਵਿਚ ਚਾਰ ਦਾਣੇ ਆਉਣ ਸਦਕਾ ਚਾਚਾ ਸੂਬਾ ਸਿਹੁੰ ਸੁੱਖ ਨਾਲ ਹੁਣ ਧੂਵੀਆਂ ਲਾਜ਼ਵਰੀ ਚਾਦਰਾਂ ਬੰਨ੍ਹਣ ਲੱਗ ਪਿਆ ਸੀ ਤੇ ਸਮੁੰਦੇ ਨੂੰ ਚਲਦਾ ਰੱਖਣ ਲਈ ਉਹ ਉਸ ਨੂੰ ਸਵੇਰੇ ਦੁਪਹਿਰੇ ਅਫ਼ੀਮ ਦੇ ਗੋਲੇ ਛਕਾ ਛੱਡਦਾ ਤੇ ਆਥਣੇ ਲੂਣ ਦੀਆਂ ਡਲ਼ੀਆਂ ਨਾਲ ਘਰ ਦੀ ਕੱਢੀ ਸ਼ਰਬਤੀ ਦਾ ਨੱਕੋ-ਨੱਕ ਭਰਿਆ ਕੜੀ ਵਾਲਾ ਗਿਲਾਸ ਪਿਆ ਛੱਡਦਾ। ਤੇ ਫਿਰ ਸਮੁੰਦਾ ਨਾ ਕਹੀ ਵਾਹੁੰਦਾ ਥੱਕਦਾ ਤੇ ਨਾ ਕਦੇ ਹੱਥ ਵਾਲੇ ਟੋਕੇ ਅੱਗੇ ਝੁਕਦਾ। ਕੰਮ ਦੀ ਬਹੁਤਾਤ ਤੇ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦੀ ਤਾਦਾਦ ਨੇ ਛਿਮਾਹੀਆਂ ਵਿਚ ਹੀ ਸਮੁੰਦੇ ਦੇ ਸੋਤਰ ਸੂਤ ਲਏ। ਉਹਦਾ ਪੌਣੇ ਛੇ ਫੁੱਟਾ ਸਰੀਰ ਸੁੰਗੜ ਕੇ ਸਾਢੇ ਪੰਜ ਫੁੱਟ ਰਹਿ ਗਿਆ। ਉਹਦੀਆਂ ਸਿਆਹ ਘਣੀਆਂ ਮੁੱਛਾਂ ਉਹਦੇ ਬੁੱਲ੍ਹਾਂ ਵਿੱਚ ਪੈਣ ਲੱਗੀਆਂ। ਤੇ ਉਹਦੇ ਚਿੱਟੇ ਦੰਦਾਂ 'ਤੇ ਪਲਿੱਤਣ ਚੜ੍ਹ ਗਈ। ਸਿਰ ਦੀ ਚੋਟੀ ਵਾਲਾਂ ਤੋਂ ਸੱਖਣੀ ਹੋ ਗਈ। ਹੌਲੀ-ਹੌਲੀ ਉਹਦੀ ਦੇਹ ਭਾਰੇ ਕੰਮਾਂ ਤੋਂ ਇਨਕਾਰੀ ਹੋਣ ਲੱਗੀ। ਤੇ ਫਿਰ ਜਿਵੇਂ ਸਰਦਾਰ ਸੂਬਾ ਸਿੰਘ ਦੀ ਚਾਹਤ ਸੀ। ਸਮੁੰਦੇ ਨੇ ਸਿਰ ਚੜ੍ਹਿਆ ਕਰਜ਼ਾ ਲਾਹੁਣ ਲਈ ਆਪਣੇ ਪਲੇਠੇ ਪੁੱਤਰ ਵੀਰੂ ਨੂੰ ਆਪਣੀ ਥਾਵੇਂ ਜੱਟ ਦੇ ਜੂਲੇ ਹੇਠ ਕਰ ਦਿੱਤਾ ਤੇ ਆਪ ਘਰਾਂ ਦੇ ਟੁੱਟਵੇਂ ਕੰਮ ਕਰਨ ਲੱਗ ਪਿਆ। ਖਾਓ ਪੀਓ ਵੇਲੇ ਉਹ ਕਿਸੇ ਨਾ ਕਿਸੇ ਘਰ ਦੇ ਵਿਹੜੇ ਵਿੱਚ ਜਾ ਖੜ੍ਹਦਾ ਤੇ ਉੱਚੀ ਆਵਾਜ਼ ਦਿੰਦਾ ਆਖਦਾ, ਓਹ ਬੀਬੀਓ ਭੈਣੋ, ਟੋਕਰਾ ਕੁ ਰੋਟੀਆਂ ਦੀ ਖੈਰ ਤਾਂ ਪਾ ਦਿਓ... ਤੇ ਬੀਬੀਆਂ ਉਹਦੀ ਰਮਜ਼ ਨੂੰ ਜਾਣਦੀਆਂ ਛਿੱਕੂਆਂ ਵਿੱਚ ਪਏ ਵਧੇ ਘਟੇ ਮਿੱਠੇ ਪਰਸ਼ਾਦੇ ਉਹਦੀ ਅੱਡੀ ਹੋਈ ਝੋਲੀ ਵਿਚ ਸੁੱਟ ਦੇਂਦੀਆਂ।

ਜੱਟਾਂ ਦੇ ਭੜੋਲਿਆਂ ਵਿੱਚ ਜਦ ਦਾਣੇ ਪੈਣ ਲੱਗੇ ਤਾਂ ਪਿੰਡ ਦੇ ਕੱਚਿਆਂ ਘਰਾਂ ਨੂੰ ਪੱਕੇ ਹੋਣ ਦਾ ਚਾਅ ਚੜ੍ਹਨ ਲੱਗਾ। ਜਿਸ ਕਦਰੇ ਸਮੁੰਦੇ ਦਾ ਨਾਂ ਘਰ ਘਰ ਘੁੰਮਣ ਲੱਗਾ। ਉਨ੍ਹੀਂ ਦਿਨੀਂ ਸੀਮਿੰਟ ਦੀ ਕਿੱਲਤ ਹੋਣ ਕਰਕੇ ਕੰਧਾਂ ਦੀ ਚਿਣਾਈ ਮਿੱਟੀ-ਗਾਰੇ ਨਾਲ ਹੀ ਹੁੰਦੀ ਸੀ ਤੇ ਸਮੁੰਦਾ ਇਹ ਗਾਰਾ ਬਣਾਉਣ ਦਾ ਮਾਹਰ ਸੀ। ਉਹ ਲੱਤ ਮਾਰ-ਮਾਰ ਕੇ ਗਾਰੇ ਨੂੰ ਐਸਾ ਰਸਾਉਂਦਾ ਕਿ 'ਚਿੱਦੀ' ਹਲਵਾਈ ਦੀ ਕੜਾਹੀ ਵਿੱਚ ਪਏ ਤਾਜ਼ੇ ਖੋਏ ਨੂੰ ਵੀ ਮਾਤ ਪਾ ਦਿੰਦਾ। ਜਿਹੜਾ ਘਰ ਵੀ ਪੱਕੇ ਕੋਠੇ ਛੱਤਣ ਲੱਗਦਾ, ਗਾਰੇ ਦੇ ਕੰਮ ਲਈ ਸਮੁੰਦੇ ਨੂੰ ਬੁਲਾਵਾ ਦੇ ਦਿੰਦਾ। ਸਮੁੰਦਾ ਆਪਣੇ ਹੁਨਰ ਦੇ ਚਾਅ ਵਿਚ ਵਿੱਤੋਂ ਵੱਧ ਜਾਨ ਲਾ ਦਿੰਦਾ। ਲਗਭਗ ਸਾਰੇ ਪਿੰਡ ਦੀ ਚਿਣਾਈ ਸਮੁੰਦੇ ਦੇ ਬਣੇ ਗਾਰੇ ਨਾਲ ਹੀ ਹੋਈ ਤੇ ਉਹਦੀ ਦੇਹ ਵਿਚ ਜੋ ਮਾੜੀ ਮੋਟੀ ਜਾਨ ਸੂਬਾ ਸਿਹੁੰ ਦੇ ਖੇਤਾਂ ਵਿਚੋਂ ਬਚ ਗਈ ਸੀ ਉਹ ਜ਼ਿੰਮੀਦਾਰਾਂ ਦੇ ਪੱਕੇ ਕੋਠਿਆਂ ਵਿਚ ਚਿਣੀ ਗਈ। ਤੇ ਫਿਰ ਉਹਦੇ ਜਿਹਾ ਗਾਰਾ ਬਣਾਉਣ ਵਾਲੇ ਹੋਰ ਵੀ ਪਿੰਡ ਵਿੱਚ ਆ ਗਏ। ਜਿਸ ਸਦਕੇ ਸਮੁੰਦੇ ਦੀ ਪੁੱਛ ਪ੍ਰਤੀਤ ਘਟ ਗਈ। ਉਹਨੇ ਬੀੜੀ ਬੱਤੀ ਦੀ ਪੂਰਤੀ ਲਈ ਏਧਰ ਓਧਰ ਹੱਥ ਪੱਲੇ ਮਾਰਨੇ ਸ਼ੁਰੂ ਕਰ ਦਿੱਤੇ। ਕਦੇ ਉਹ ਰਾਤ ਬਰਾਤੇ ਕਿਸੇ ਦੇ ਖੇਤ ਵਿੱਚੋਂ ਕਪਾਹ ਦੀ ਮਗਰੀ ਚੁਗ ਲਿਆਉਂਦਾ, ਕਦੇ ਕਿਸੇ ਦਾ ਬਰਸੀਮ ਵੱਢ ਕੇ ਸ਼ਹਿਰ ਵੇਚ ਆਉਂਦਾ, ਕਦੇ ਕਿਸੇ ਦੇ ਖੇਤ ਵਿੱਚੋਂ ਗੰਨੇ ਭੰਨ ਲੈਂਦਾ ਤੇ ਕਦੇ ਕਿਸੇ ਦੇ ਝੋਨੇ ਦੀਆਂ ਮੁੰਜਰਾਂ ਲਾਪਰ ਲੈਂਦਾ। ਉਹਦੀ ਦੇਹ ਦੀਆਂ ਇਹ ਮਜਬੂਰੀਆਂ ਫਿਰ ਜੱਗ ਜ਼ਾਹਰ ਹੋਣ ਲੱਗੀਆਂ ਤੇ ਗਾਹੇ ਬਗਾਹੇ ਉਹ ਫੜਿਆ ਜਾਣ ਲੱਗਿਆ। ਉਸ ਨਾਲ ਬੀਤੀਆਂ ਦੋ-ਤਿੰਨ ਘਟਨਾਵਾਂ ਮੇਰੇ ਜ਼ਿਹਨ ਵਿੱਚ ਉਂਜ ਈ ਪਈਆਂ ਹੋਈਆਂ ਨੇ।

ਪਹਿਲੀ ਇਹ ਕਿ ਵੱਡੀ ਸੜਕ ਤੋਂ ਪਿੰਡ ਨੂੰ ਆਉਂਦੇ ਰਾਹ 'ਤੇ ਇਕ ਵੱਡ ਆਕਾਰੀ ਟਾਹਲੀ ਖੜ੍ਹੀ ਸੀ ਜਿਹਦੇ ਮੁੱਢ ਵਿੱਚ ਸਤਨਾਮ ਸਿੰਘ ਦੇ ਖੇਤ ਪੈਂਦੇ ਸਨ। ਸਤਨਾਮ ਸਿੰਘ ਦਾ ਟੱਬਰ ਇਸ ਟਾਹਲੀ 'ਤੇ ਆਪਣਾ ਜਮਹੂਰੀ ਹੱਕ ਸਮਝਦਾ ਸੀ। ਪੱਕੇ ਕੋਠਿਆਂ ਵਾਸਤੇ ਲੱਕੜ ਦੀ ਲੋੜ ਖ਼ਾਤਰ ਉਨ੍ਹਾਂ ਟਾਹਲੀ ਦੇ ਮੋਛੇ ਕਰ ਲਏ। ਮਹੀਨਿਆਂਬੱਧੀ, ਓਹ ਵੱਢੀ-ਟੁੱਕੀ ਟਾਹਲੀ ਓਥੇ ਹੀ ਸੁੱਕਦੀ ਰਹੀ। ਤੇ ਇਕ ਰਾਤੇ ਸਮੁੰਦੇ ਨੇ ਆਪਣੇ ਕੋਠੇ ਦੇ ਝੁਕੇ ਹੋਏ ਖਜੂਰ ਦੇ ਸ਼ਤੀਰ ਹੇਠ ਥੰਮ੍ਹਲਾ ਦੇਣ ਲਈ ਉਸ ਟਾਹਲੀ ਵਿੱਚੋਂ ਲੋੜ ਗੋਚਰੀ ਇਕ ਗੇਲੀ ਚੁੱਕ ਲਿਆਂਦੀ। ਸਵੇਰੇ ਸਤਨਾਮੇ ਕਿਆਂ ਨੂੰ ਪਤਾ ਲੱਗ ਗਿਆ। ਸਤਨਾਮੇ ਦਾ ਵੱਡਾ ਮੁੰਡਾ ਡਾਂਗ ਲੈ ਕੇ ਸਮੁੰਦੇ ਦੇ ਘਰ ਜਾ ਧਮਕਿਆ। ਉਹਨੇ ਜਾਂਦਿਆਂ ਹੀ ਸਮੁੰਦੇ ਨੂੰ ਕੋਠੇ ਵਿੱਚੋਂ ਬਾਹਰ ਧੂਹ ਲਿਆਂਦਾ। ਸਮੁੰਦੇ ਦੀਆਂ ਲੱਤਾਂ-ਬਾਹਾਂ ਤੇ ਮੋਢਿਆਂ-ਗੋਡਿਆਂ 'ਤੇ ਡਾਂਗ ਫਿਰਨ ਲੱਗੀ। ਸਮੁੰਦੇ ਦੇ ਟੱਬਰ ਦੀ ਹਾਲ ਪਾਹਰਿਆ ਨੇ ਪਿੰਡ ਦੀ ਮੰਡੀਰ ਨੂੰ ਆਪਣੇ ਘਰ ਇਕੱਠਾ ਤਾਂ ਕਰ ਲਿਆ ਪਰ ਡਾਂਗ ਵਾਲੇ ਨੂੰ ਹੱਥ ਪਾ ਕੇ ਰੋਕਣ ਦੀ ਕਿਸੇ ਵਿੱਚ ਹਿੰਮਤ ਨਾ ਪਈ। ਤੇ ਫਿਰ ਉਹੋ ਹੋਇਆ ਜੋ ਸਮੁੰਦੇ ਵਰਗਿਆਂ ਨਾਲ ਅਕਸਰ ਹੁੰਦਾ ਆਇਐ। ਸਮੁੰਦੇ ਨੇ ਆਪਣੇ ਹੱਥੀਂ ਪਹਿਲਾਂ ਓਹ ਟਾਹਲੀ ਦਾ ਟੁਕੜਾ ਝੁਕੇ ਹੋਏ ਛਤੀਰ ਹੇਠੋਂ ਕੱਢਿਆ ਤੇ ਫਿਰ ਡਾਂਗ ਨਾਲ ਭੱਜੀਆਂ ਹੋਈਆਂ ਮੌਰਾਂ 'ਤੇ ਚੁੱਕ ਕੇ ਸਤਨਾਮੇ ਦੇ ਘਰ ਛੱਡ ਆਇਆ।

ਦੂਜੀ ਘਟਨਾ ਖ਼ਰਬੂਜ਼ਿਆਂ ਨਾਲ ਜੁੜੀ ਹੋਈ ਏ। ਇਕ ਵਰ੍ਹੇ ਸਮੁੰਦੇ ਦੇ ਪੁਰਾਣੇ ਮਾਲਕ ਸੂਬਾ ਸਿਹੁੰ ਨੇ ਪਿੰਡੋਂ ਦੂਰ ਲਹਿੰਦੇ ਵਾਲੇ ਪਾਸੇ ਆਪਣੀ ਮੈਰ੍ਹੀ ਜ਼ਮੀਨ ਵਿੱਚ ਖ਼ਰਬੂਜ਼ਿਆਂ ਦੀ ਖੇਤੀ ਦਾ ਸ਼ੌਕ ਪਾਲਿਆ। ਪੱਕੇ ਹੋਏ ਖ਼ਰਬੂਜ਼ਿਆਂ ਦੀ ਮਹਿਕ ਜਦ ਸਮੁੰਦੇ ਦੇ ਸਾਹਾਂ ਵਿੱਚ ਰਲੀ ਤਾਂ ਇਕ ਦੁਪਹਿਰ ਜਦ ਲੋਕ ਵਗਦੀ ਲੂਅ ਤੋਂ ਡਰਦੇ ਆਪਣੇ ਅੰਦਰੀਂ ਦੁਬਕੇ ਪਏ ਸੀ ਤਾਂ ਸਮੁੰਦਾ ਖ਼ਰਬੂਜ਼ਿਆਂ ਦੇ ਵਾੜੇ ਵਿਚ ਜਾ ਪਹੁੰਚਿਆ ਤੇ ਪੰਜ-ਸੱਤ ਸੇਰ ਖ਼ਰਬੂਜ਼ੇ ਤੋੜ ਲਿਆਇਆ। ਖ਼ਰਬੂਜ਼ੇ ਅਜੇ ਉਹਦੇ ਟੱਬਰ ਦੇ ਪੇਟ ਵਿੱਚ ਵੀ ਨਹੀਂ ਸਨ ਪਏ ਕਿ ਕਿਸੇ ਨੇ ਭਾਨੀ ਮਾਰ ਦਿੱਤੀ। ਸੂਬਾ ਸਿਹੁੰ ਨੂੰ ਪਤਾ ਲੱਗ ਗਿਆ। ਉਹ ਉਠਿਆ ਤੇ ਚਾਹ ਪੀਂਦੇ ਸਮੁੰਦੇ ਨੂੰ ਸਮੇਤ ਖ਼ਰਬੂਜ਼ਿਆਂ ਉਹਦੇ ਘਰੋਂ ਚੁੱਕ ਲਿਆਇਆ। ਪਿੰਡ ਦੇ ਵਿਚਾਲੇ ਖੁੱਲ੍ਹੀ ਥਾਵੇਂ ਜਾਮਣ ਦਾ ਦਰਖ਼ਤ ਸੀ। ਉਸ ਨੇ ਸਮੁੰਦੇ ਨੂੰ ਕਿਸੇ ਡੰਗਰ ਗਲ਼ੋਂ ਲੱਥੇ ਸੰਗਲ ਨਾਲ ਜਾਮਣ ਦੇ ਤਣੇ ਨਾਲ ਬੰਨ੍ਹ ਦਿੱਤਾ ਤੇ ਉਹਦੇ ਇਕ ਪਾਸੇ ਲੋਕਾਂ ਦੀ ਤਸੱਲੀ ਲਈ ਤੋੜੇ ਹੋਏ ਖ਼ਰਬੂਜ਼ਿਆਂ ਦੀ ਢੇਰੀ ਲਾ ਦਿੱਤੀ। ਲੋਕ ਕੰਮ ਧੰਦੇ ਤੋਂ ਵਿਹਲੇ ਹੋ ਕੇ ਇਹ ਮਜ੍ਹਮਾ ਵੇਖਣ ਲਈ ਜਾਮਣ ਹੇਠ ਜੁੜ ਗਏ। ਸੰਗਲ ਨਾਲ ਨੂੜਿਆ, ਸਿਰੋਂ ਨੰਗਾ, ਤੇੜ ਬਾਪੂ ਵਿਰਸਾ ਸਿਹੁੰ ਦਾ ਲੱਥਾ ਕਛਹਿਰਾ ਤੇ ਬਟਨਾਂ ਤੋਂ ਵਿਰਵਾ ਇਕ ਖੁੱਲ੍ਹਾ ਜਿਹਾ ਝੱਗਾ ਪਾਈ ਸਮੁੰਦਾ ਕਿਸੇ ਮਹਾਂ ਦੋਸ਼ੀ ਵਾਂਗ ਨਜ਼ਰਾਂ ਝੁਕਾਈ ਬੈਠਾ ਹੋਇਆ ਸੀ। ਉਸ ਤੋਂ ਥੋੜ੍ਹਾ ਕੁ ਪਰ੍ਹੇ ਮੰਜੇ 'ਤੇ ਚਾਚਾ ਸੂਬਾ ਸਿਹੁੰ ਮੱਸੇ ਰੰਗੜ ਦੀ ਤਰ੍ਹਾਂ ਆਸਣ ਲਾਈ ਬੈਠਾ ਸੀ। ਜਦੋਂ ਜਾਮਣ ਹੇਠ ਪਿੰਡ ਦੀ ਇੱਲਤੀ ਮੰਡੀਰ ਵਾਹਵਾ ਜੁੜ ਗਈ ਤਾਂ ਸੂਬਾ ਸਿਹੁੰ ਨੇ ਫ਼ਰਮਾਨ ਜਾਰੀ ਕੀਤਾ, “ਮਾਰੋ ਏਸ ਕੰਜਰ ਨੂੰ ਛਿੱਤਰ।” ਬੱਸ ਫਿਰ ਕੀ ਸੀ। ਜੁੜੀ ਹੋਈ ਭੀੜ ਨੇ ਆਪਣੀਆਂ ਜੁੱਤੀਆਂ ਲਾਹ ਕੇ ਸਮੁੰਦੇ ਵੱਲ ਵਗਾਉਣੀਆਂ ਸ਼ੁਰੂ ਕਰ ਦਿੱਤੀਆਂ। ਸਮੁੰਦੇ ਨੇ ਜੁੱਤੀਆਂ ਤੋਂ ਬਚਾਓ ਲਈ ਹੱਥਾਂ ਨੂੰ ਸਿਰ 'ਤੇ ਰੱਖਿਆ। ਪਤਾ ਨਹੀਂ ਕੀਹਦਾ ਗੋਹੇ ਦਾ ਲਿੱਬੜਿਆ ਜਿਹਾ ਇਕ ਛਿੱਤਰ ਓਹਦੇ ਮੂੰਹ 'ਤੇ ਜਾ ਵੱਜਿਆ। ਉਹਦੇ ਬੁੱਲ੍ਹਾਂ ਵਿੱਚੋਂ ਲਹੂ ਵਗ ਤੁਰਿਆ। ਸਿਆਹ ਬੁੱਲ੍ਹਾਂ ਵਿੱਚੋਂ ਵਗਦੇ ਲਹੂ ਨੇ ਉਸ ਦੀ ਵਜਾ ਕਿਸੇ ਕਿਆਸੇ ਹੋਏ ਭੈਰੋਂ ਨਾਥ ਜਿਹੀ ਬਣਾ ਦਿੱਤੀ। ਮਨੋਰੰਜਨ ਹਿਤ ਇਹ ਡਰਾਮਾ ਢਲੀ ਦੁਪਹਿਰ ਤੱਕ ਚਲਦਾ ਰਿਹਾ। ਸਮੁੰਦੇ ਦਾ ਛੁਟਕਾਰਾ ਉਦੋਂ ਹੋਇਆ ਜਦ ਗਰਦੌਰੀਆਂ ਕਰਨ ਆਏ ਪਟਵਾਰੀ ਨੂੰ ਜਾਮਣ ਹੇਠ ਬਿਠਾਉਣਾ ਪਿਆ। ਅਖ਼ੀਰ ਸੂਬਾ ਸਿਹੁੰ ਨੇ ਆਪਣੇ ਪੈਰ ਦੀ ਜੁੱਤੀ ਸਮੁੰਦੇ ਦੇ ਸਿਰ ਵਿਚ ਚੰਗੀ ਤਰ੍ਹਾਂ ਝਾੜ ਕੇ ਉਸ ਨੂੰ ਰਿਹਾਅ ਕਰ ਦਿੱਤਾ ਤੇ ਖ਼ਰਬੂਜ਼ਿਆਂ ਦੀ ਢੇਰੀ ਜੁੜੀ ਹੋਈ ਮੰਡੀਰ ਵਿਚ ਵੰਡ ਦਿੱਤੀ।

ਸਮੁੰਦੇ ਨਾਲ ਜੁੜੀ ਤੀਸਰੀ ਘਟਨਾ ਦੀਵਾਲੀ ਵਾਲੀ ਰਾਤ ਦੀ ਹੈ। ਜਿਸ ਦਾ ਮੁੱਖ ਗੁਨਾਹਗਾਰ ਮੈਂ ਸਾਂ ਤੇ ਉਸ ਗੁਨਾਹ ਦਾ ਭਾਰ ਅਜੇ ਤੱਕ ਮੇਰੇ ਦਿਲ 'ਤੇ ਪਿਆ ਹੋਇਐ। ਅਸੀਂ ਚਾਚਿਆਂ ਬਾਬਿਆਂ ਦੇ ਰਲੇ ਹੋਏ ਚਾਰ-ਪੰਜ ਛੋਹਰ ਨਵੇਂ ਛੱਤੇ ਕੋਠੇ ਦੇ ਬਨੇਰਿਆਂ 'ਤੇ ਦੀਵੇ ਧਰ ਰਹੇ ਸਾਂ ਤੇ ਪਟਾਕੇ ਫੂਕ ਰਹੇ ਸਾਂ। ਹੋਣੀ ਸ਼ਾਮਤ ਨੂੰ ਸਮੁੰਦਾ ਜ਼ਿੰਮੀਦਾਰਾਂ ਦੇ ਘਰਾਂ ਵਿੱਚੋਂ ਦੀਵਾਲੀ ਦੀ ਗਜ਼ਾ ਕਰਕੇ ਕੁਝ ਗਾਉਂਦਾ ਹੋਇਆ ਗਲੀ ਵਿੱਚੋਂ ਲੰਘਦਾ ਆਪਣੇ ਘਰ ਪਰਤ ਰਿਹਾ ਸੀ ਕਿ ਅਚਾਨਕ ਮੈਨੂੰ ਇਕ ਸ਼ਰਾਰਤ ਸੁੱਝੀ। ਮੈਂ ਵੱਡੇ ਸਾਰੇ ਇਕ ਚੀਤਾ ਬੰਬ ਨੂੰ ਅੱਗ ਲਾਈ ਤੇ ਗਲੀ ਵਿੱਚੋਂ ਲੰਘ ਰਹੇ ਸਮੁੰਦੇ ਦੇ ਸਿਰ ਵੱਲੇ ਵਗਾਹ ਮਾਰਿਆ। ਬੰਬ ਸਮੁੰਦੇ ਦੇ ਸਿਰ ਦੇ ਐਨ ਨੇੜੇ ਜਾ ਕੇ ਫਟ ਗਿਆ। ਕੰਨ ਪਾੜਵਾਂ ਧਮਾਕਾ ਹੋਇਆ। ਸਮੁੰਦੇ ਦੀ ਜ਼ੋਰਦਾਰ ਚੰਗਿਆੜ ਨਿਕਲੀ ਤੇ ਉਹ ਧੜੰਮ ਦੇਣੇ ਹਨੇਰੀ ਗਲੀ ਵਿੱਚ ਚੁਫਾਲ ਡਿਗ ਪਿਆ। ਅਸੀਂ ਸਾਰੇ ਡਰਦੇ ਮਾਰੇ ਛੱਤ ਤੋਂ ਉਤਰ ਕੇ ਰਜਾਈਆਂ ਵਿੱਚ ਜਾ ਦੁਬਕੇ। ਮੈਨੂੰ ਸਾਰੀ ਰਾਤ ਨੀਂਦ ਨਾ ਪਈ। ਸਵੇਰੇ ਤੜਕਸਾਰ ਮੈਂ ਘਰ ਦਾ ਬੂਹਾ ਖੋਲ੍ਹ ਕੇ ਗਲੀ ਵਿਚ ਝਾਤੀ ਮਾਰੀ। ਉਧਰ ਕੁਝ ਵੀ ਨਜ਼ਰ ਨਾ ਪਿਆ। ਫਿਰ ਮੈਂ ਉਸ ਘਟਨਾ ਵਾਲੀ ਥਾਂ ਪਹੁੰਚਿਆ। ਵੇਖਿਆ ਤਾਂ ਉੱਥੇ ਲੱਡੂਆਂ ਜਲੇਬੀਆਂ ਤੇ ਹੋਰ ਨਿੱਕ-ਸੁੱਕ ਦੇ ਛੋਟੇ-ਵੱਡੇ ਟੁਕੜੇ ਖਿੱਲਰੇ ਪਏ ਸਨ ਤੇ ਕੋਲ ਇਕ ਮੈਲਾ ਕੁਚੈਲਾ ਜਿਹਾ ਪਰਨਾ ਵੀ ਪਿਆ ਸੀ। ਮੈਨੂੰ ਯਕੀਨ ਜਿਹਾ ਆ ਗਿਆ ਕਿ ਸਮੁੰਦਾ ਬਚ ਗਿਆ ਹੋਏਗਾ। ਇਸ ਕੁਕਰਮ 'ਤੇ ਮੈਨੂੰ ਬੜੀ ਲੱਜਾ ਆਈ। ਥੋੜ੍ਹੀ ਉਮਰ ਹੋਰ ਵਧੀ ਤਾਂ ਇਹ ਅਹਿਸਾਸ ਵੀ ਹੋਇਆ ਕਿ ਅਸੀਂ ਜ਼ਿੰਮੀਦਾਰਾਂ ਦੇ ਨਿਆਣੇ ਅਜਿਹੀ ਸ਼ਰਾਰਤ ਕੇਵਲ ਸਮੁੰਦੇ ਵਰਗਿਆਂ ਨਾਲ ਹੀ ਕਰ ਸਕਦੇ ਸਾਂ ਕਿਸੇ ਹੋਰ ਪੰਚ-ਖੜਪੰਚ ਨਾਲ ਨਹੀਂ।       

ਸਮੁੰਦੇ ਦਾ ਵੱਡਾ ਮੁੰਡਾ ਵੀਰੂ ਜਦ ਚਾਰ ਕੁ ਦਿਨਾਂ ਲਈ ਗਭਰੇਟ ਹੋਇਆ ਤਾਂ ਸਮੁੰਦੇ ਨੇ ਬਣਦੇ ਸਰਦੇ ਢੰਗ ਨਾਲ ਪੁੱਤ ਦਾ ਵਿਆਹ ਜਿਹਾ ਕਰ ਦਿੱਤਾ। ਵੀਰੂ ਦੀ ਘਰਵਾਲੀ 'ਬੌਬੀ' ਲਾਗਲੇ ਕਸਬੇ ਵਿਚ ਪੈਂਦੀ ਇਕ ਬਸਤੀ ਦੀ ਜੰਮੀ ਪਲ਼ੀ ਸੀ ਜੋ ਮਾੜਾ-ਮੋਟਾ ਬਣ-ਠਣ ਕੇ ਰਹਿਣ ਦੀ ਸ਼ੁਕੀਨ ਸੀ। ਵੀਰੂ ਵਿਚਾਰੇ ਨੇ ਹਨੀਮੂਨ ਮਨਾਉਣ ਲਈ ਕਿਹੜਾ ਗੁੱਲਮਰਗ ਜਾਣਾ ਸੀ। ਉਹਦਾ ਸਿਰ ਤਾਂ ਵਿਆਹ ਤੋਂ ਅਗਲੇ ਦਿਨ ਹੀ ਰੂੜ੍ਹੀ ਵਾਲੇ ਟੋਕਰੇ ਹੇਠ ਸੀ। ਕੁਝ ਨਵੇਂ ਵਿਆਹ ਕਰਕੇ ਤੇ ਕੁਝ ਸੂਬਾ ਸਿਹੁੰ ਦੇ ਭਾਰੇ ਕੰਮਾਂ ਨੇ ਉਸ ਨੂੰ ਦਿਨਾਂ ਵਿਚ ਹੀ ਮੁਤਾੜ ਕੇ ਰੱਖ ਦਿੱਤਾ। ਇਹ ਉਹੋ ਵੀਰੂ ਸੀ ਜਿਸ ਨੇ ਅਠਾਰਵੇਂ ਵਰ੍ਹੇ ਵਿੱਚ ਪੈਰ ਰੱਖਦਿਆਂ ਇਕ ਵੇਰਾਂ ਦੁੱਧ-ਦਹੀਂ ਨਾਲ ਪਲੇ ਵੱਡਿਆਂ ਦੇ ਬੂਟੇ ਦੀਆਂ ਗੋਡਣੀਆਂ ਲਵਾ ਦਿੱਤੀਆਂ ਸਨ। ਤੇ ਇਸ ਮੁਤਾੜੇ ਗਏ ਵੀਰੂ ਨੇ ਪਤਾ ਨਹੀਂ ਕਿਹੜੀ ਗੱਲੋਂ ਇਕ ਦਿਨ ਇਹ ਅਫ਼ਵਾਹ ਫੈਲਾ ਦਿੱਤੀ ਕਿ ਉਸ ਦੀ ਘਰਵਾਲੀ ਇਸਤਰੀ ਨਾ ਹੋ ਕੇ ਹੀਜੜਾ ਏ। ਇਹ ਗੱਲ ਪਿੰਡ ਵਿਚ ਹੀ ਨਹੀਂ ਸਗੋਂ ਨਾਲ ਦੇ ਕਈ ਪਿੰਡਾਂ ਵਿਚ ਵੀ ਧੁੰਮ ਗਈ ਤੇ ਫਿਰ ਇਕ ਦਿਨ ਬੌਬੀ ਦਾ ਪਿਓ ਆਇਆ ਤੇ ਕੁੜੀ ਨੂੰ ਵਾਪਸ ਆਪਣੇ ਘਰ ਈਸਾ ਨਗਰੀ ਲੈ ਗਿਆ। ਕੁਝ ਮਹੀਨਿਆਂ ਬਾਅਦ ਪਤਾ ਚੱਲਿਆ ਕਿ ਬੌਬੀ ਫਿਰ ਮੁੜ ਆਈ ਏ।.. ਤੇ ਫਿਰ ਵਰ੍ਹੇ-ਵਰ੍ਹੇ ਦੀ ਵਿੱਥ ਨਾਲ ਬੌਬੀ ਨੇ ਦੋ ਮੁੰਡੇ ਜੰਮੇ। ਹੈਰਾਨ ਹੋਏ ਲੋਕ ਵੀਰੂ ਕੋਲ ਉਹ ਹੀਜੜੇ ਵਾਲਾ ਕਿੱਸਾ ਛੇੜਦੇ ਤਾਂ ਵੀਰੂ ਨੀਵੀਂ ਪਾ ਕੇ ਉੱਥੋਂ ਖਿਸਕ ਜਾਂਦਾ।

ਸਭ ਤੋਂ ਛੋਟੇ ਛੋਹਰ ਸੱਤੇ ਦੇ ਜਗਤ ਪ੍ਰਵੇਸ਼ ਪਿੱਛੋਂ ਸਮੁੰਦੇ ਦੇ ਸਭ ਸਰਵਰ-ਸਰੋਤ ਸੁੱਕ ਗਏ ਤੇ ਤਾਜਾਂ ਦੀ ਖੇਤੀ ਵੀ ਨਿੱਸਰਨੋਂ ਰੁਕ ਗਈ। ਵੀਰੂ ਤੋਂ ਛੋਟੇ ਘੋਨੀ ਦਾ ਵਿਆਹ ਹੋਇਆ ਤਾਂ ਉਹ ਆਪਣੇ ਸਹੁਰੇ ਪਿੰਡ ਜਾ ਵਸਿਆ। ਤੀਜੇ ਨੰਬਰ ਵਾਲੇ ਜੱਗੇ ਦਾ ਢੋਅ-ਢੁੱਕ ਬਣਿਆ ਤਾਂ ਉਹ ਇਕ ਦਿਨ ਖੇਤ ਵਿੱਚੋਂ ਬਰਸੀਮ ਵੱਢਦਾ ਡਿੱਗੀ ਪਈ ਬਿਜਲੀ ਦੀ ਤਾਰ ਨਾਲ ਚਿੰਬੜ ਕੇ ਪੂਰਾ ਹੋ ਗਿਆ ਤੇ ਉਹਦੀ ਵਹੁਟੀ ਬਿਨ ਬੂਟਾ ਲਾਇਆਂ ਹੀ ਪੇਕਿਆਂ ਨੂੰ ਮੁੜ ਗਈ। ਇਨ੍ਹਾਂ ਹੀ ਦਿਨਾਂ ਵਿਚ ਸਮੁੰਦਾ ਆਪ ਵੀ ਮਸੀਹ ਨੂੰ ਪਿਆਰਾ ਹੋ ਗਿਆ। ਉਹਦੇ ਤੁਰ ਜਾਣ ਬਾਅਦ ਤਾਜਾਂ ਨੇ ਵੱਡੀ ਕੁੜੀ ਛਿੰਦੀ ਨੂੰ ਆਪਣੇ ਚਚੇਰੇ ਭਰਾ ਦੇ ਪੁੱਤ ਨਾਲ ਤੋਰ ਦਿੱਤਾ। ਛੋਟੀ ਕੁੜੀ ਮਾਹਣੀ ਸੱਪ ਦੇ ਡੱਸਣ ਨਾਲ ਚੱਲ ਵਸੀ। ਸੱਤੇ ਦਾ ਘਰ ਵੱਸਣ ਤੋਂ ਪਹਿਲਾਂ ਹੀ ਤਾਜਾਂ ਦਮ ਤੋੜ ਗਈ। ਜਿਸ ਥਾਵੇਂ ਸਮੁੰਦੇ ਦਾ ਖਜੂਰ ਦੇ ਛਤੀਰ ਵਾਲਾ ਕੋਠਾ ਸੀ ਉਹ ਥਾਂ ਕਾਬਜ਼ ਭਾਈਵਾਲਾਂ ਨੇ ਵੰਡ ਲਈ। ਸਮੁੰਦੇ ਵੱਲੋਂ ਸੱਤੇ ਨੂੰ ਮਿਲੀ ਇਹ ਅਚੱਲ ਸੰਪਤੀ ਚੱਲ ਕੇ ਪਿੰਡ ਦੇ ਲਹਿੰਦੇ ਪਾਸੇ ਪੈਂਦੀਆਂ ਕਬਰਾਂ ਦੀ ਇਕ ਗੁੱਠੇ ਪਹੁੰਚ ਗਈ। ਇਹ ਨਵਾਂ ਬਣਿਆ ਕੋਠਾ, ਉਸਰਿਆ ਭਾਵੇਂ ਪੱਕੀਆਂ ਇੱਟਾਂ ਨਾਲ ਸੀ ਪਰ ਛੱਤ, ਬੂਹਾ ਤੇ ਬਾਰੀ ਪਹਿਲੇ ਕੋਠੇ ਵਾਲੇ ਹੀ ਸਨ। ਪਿੰਡ ਦੇ ਕੰਮਾਂ-ਧੰਦਿਆਂ ਵਿੱਚੋਂ ਰੋਜ਼ੀ-ਰੋਟੀ ਚੁਗਣ ਲਈ ਦੋ ਘਰ ਹੋਰ ਵੀ ਓਥੇ ਆ ਵਸੇ। ਇਨ੍ਹਾਂ ਵਿੱਚੋਂ ਇਕ ਘਰ ਨੇ ਬਿਜਲੀ ਦਾ ਓੜ-ਪੋੜ ਕਰ ਲਿਆ। ਰਾਤ ਉਤਰਦੀ ਹੈ ਤਾਂ ਇੱਥੋਂ ਤਾਰ ਖਿੱਚ ਕੇ ਸੱਤਾ ਆਪਣੇ ਪਿਓ ਵੱਲੋਂ ਮਿਲੀ ਵਿਰਾਸਤ ਨੂੰ ਉਂਜ ਹੀ ਜਗਮਗਾ ਦਿੰਦਾ ਏ ਜਿਵੇਂ ਰਾਜਿਆਂ-ਮਹਾਂਰਾਜਿਆਂ ਦੇ ਪੁਰਾਣੇ ਮਹਿਲਾਂ ਨੂੰ ਅੱਜਕੱਲ੍ਹ ਵਿਸ਼ੇਸ਼ ਰੌਸ਼ਨੀਆਂ ਨਾਲ ਜਿਊਂਦਾ ਕਰ ਦਿੱਤਾ ਜਾਂਦੈ।

From The Past
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ

ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ...

By ਗੁਰਪ੍ਰੀਤ ਸਿੰਘ
April 13, 2021
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ

ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜ...

By Vijay Bombeli
April 13, 2021
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ