Deon (ਦਿਉਣ)

Is this your listing? Claim it here!
Deon, Tehsil - Bathinda, Bathinda, Punjab 151001, India
Deon (ਦਿਉਣ)
Is this your listing? Claim it here!

Deon (ਦਿਉਣ)

Deon, Tehsil - Bathinda, Bathinda, Punjab 151001, India

About

ਦਿਉਣ ਪਿੰਡ ਵਿੱਦਿਅਕ ਸੰਸਥਾਵਾਂ ਵਜੋਂ ਜਾਣਿਆ ਜਾਂਦਾ ਪਿੰਡ ਹੈ ਅਤੇ ਇੱਥੋਂ ਦੇ ਲੋਕ ਕਾਫ਼ੀ ਹੱਕ ਤੱਕ ਪੜ੍ਹੇ ਲਿਖੇ ਹਨ। ਪਿੰਡ ਵਿੱਚ ਤਕਰੀਬਨ ਹੀ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਆਬਾਦੀ-7000, ਰਕਬਾ 6,400 ਏਕੜ, ਕੁੱਲ ਵੋਟਰ 5607, ਮਰਦ -2983 ਅਤੇ ਔਰਤ-2624

ਪਿੰਡ ਦਿਉਣ - (ਗੁਰਨੈਬ ਸਾਜਨ)

ਜ਼ਿਲ੍ਹਾ ਬਠਿੰਡਾ ਤੋਂ ਸ਼੍ਰੀ ਮੁਕਤਸਰ ਸਾਹਿਬ ਸੜਕ ਤੋਂ ਇੱਕ ਕਿੱਲੋਮੀਟਰ ਪਿੱਛੇ ਹਟਵਾਂ ਪੱਛਮ ਵਾਲੇ ਪਾਸੇ ਘੁੱਗ ਵੱਸਦਾ ਪਿੰਡ ਦਿਉਣ।

ਪਿੰਡ ਦਾ ਇਤਿਹਾਸ:

ਪਿੰਡ ਦਿਉਣ 1400 ਈ. ਦੌਰਾਨ ਹੋਂਦ ਵਿੱਚ ਆਇਆ ਸੀ ਅਤੇ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਨੇੜਲੇ ਪਿੰਡ ਲੱਖੀ ਜੰਗਲ, ਜੋ ਉਸ ਸਮੇਂ ਬੇ-ਆਬਾਦ ਸੀ, ਉਸ ਪਾਵਨ ਧਰਤੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਉਸ ਸਮੇਂ ਦਿਉਣ ਪਿੰਡ ਘੁੱਗ ਵਸਦਾ ਸੀ। ਪਿੰਡ ਦਿਉਣ ਦੇ ਮੋਹੜੀਂ ਗੱਡਾ ਵਿੱਚੋਂ ਬਾਬਾ ਭੰਗੂ ਦੇ ਦੋ ਪੁੱਤਰ ਦਿਉਣ ਅਤੇ ਜਿਉਣ ਸਨ। ਜਿਉਣ ਬੇ-ਔਲਾਦਾ ਸੀ ਅਤੇ ਦਿਉਣ ਦੇ ਚਾਰ ਪੁੱਤਰ ਸਨ, ਮਿਰਜ਼ਾ, ਹਰਦਿੱਤਾ, ਰਾਮ ਸਿੰਘ ਉਰਫ ਰਾਮੂੰ, ਫਤੂਹੀ ਸਿੰਘ ਉਰਫ ਰੂਪਾ। ਦਿਉਣ ਪਿੰਡ ਵਿੱਚ ਬਰਾੜ ਗੋਤ ਦੇ ਜ਼ਿਆਦਾ ਲੋਕ ਵੱਸਦੇ ਹਨ, ਜਦੋਂਕਿ ਹਰ ਭਾਈਚਾਰੇ ਦੇ ਲੋਕ ਆਪਸੀ ਭਾਈਚਾਰਕ ਸਾਂਝ ਨਾਲ ਰਹਿੰਦੇ ਹਨ। ਦਿਉਣ ਦੇ ਆਸਪਾਸ ਮਹਿਮਾ ਸਰਜਾ, ਭਗਵਾਨਾ ਮਹਿਮਾ, ਬੁਰਜ ਮਹਿਮਾ, ਬਹਿਮਣ ਦੀਵਾਨਾ, ਬੁਲਾਡੇਵਾਲਾ, ਸਿਵੀਆਂ, ਪਿੰਡਾਂ ਦੀਆਂ ਹੱਦਾਂ ਲੱਗਦੀਆਂ ਹਨ। ਪਿੰਡ ਦੀਆਂ ਪੱਤੀਆਂ ਵਿੱਚੋਂ ਮਿਰਜਾ, ਰਾਮੂੰ, ਹਰਦਿੱਤਾ, ਰੂਪਾ ਪੱਤੀ, ਜਦੋਂਕਿ ਮਹਾਰਾਜਾ ਫ਼ਰੀਦਕੋਟ ਦੀ ਰਿਆਸਤ ਸਮੇਂ ਰਾਊ ਠੁਲਾ, ਜੋ ਮਿਰਜ਼ਾ ਪੱਤੀ ਦਾ ਹਿੱਸਾ ਸੀ, ਉਸ ਪੱਤੀ ਵਿੱਚੋਂ ਇੱਕ ਹੋਰ ਨੰਬਰਦਾਰ ਨੇ, ਮਿਰਜ਼ਾ ਪੱਤੀ ਵਿੱਚੋਂ ਰਾਓ ਠੁਲੇ ਨੂੰ ਨੰਬਰਦਾਰੀ ਦਾ ਹਿੱਸਾ ਦਿੱਤਾ। ਇਸ ਕਰਕੇ ਹੁਣ ਪਿੰਡ ਦੀਆਂ ਪੰਜ ਪੱਤੀਆਂ ਹਨ। ਮਹਿਮੇ ਅਤੇ ਭੂਆ ਕੋਟਲੀ ਦੇ ਪਰਿਵਾਰ ਵਿੱਚੋਂ ਦਿਉਣ ਪਿੰਡ ਬੱਝਾ ਹੈ, ਪਿੰਡ ਦਿਉਣ ਦੇ 5-6 ਨੰਬਰਦਾਰ ਹਨ, ਜਿਨ੍ਹਾਂ ਵਿੱਚੋਂ ਇੱਕ ਐਸ.ਸੀ ਨੰਬਰਦਾਰ ਹੈ।

ਪਿੰਡ ਦੀਆਂ ਪ੍ਰਾਪਤੀਆਂ:

ਇਸ ਪਿੰਡ ਦੇ ਜੰਮ-ਪਲ ਮੇਜਰ ਜਰਨੈਲ ਸਿੰਘ 1967 ਵਿੱਚ ਇੰਡੀਅਨ ਆਰਮੀ ਕਮਿਸ਼ਨ ਦੇ ਪਦ 'ਤੇ ਤਾਇਨਾਤ ਸਨ, ਜਿਨ੍ਹਾਂ ਨੂੰ 1968 ਵਿੱਚ ਆਈ ਐਮ ਏ ਵਿੱਚੋਂ ਗੋਲਡ ਮੈਡਲ ਮਿਲਿਆ। ਆਰਮੀ ਵਿੱਚੋਂ ਪਿੰਡ ਦੇ 4 ਸੂਬੇਦਾਰ ਸੇਵਾ-ਮੁਕਤ ਹੋ ਚੁੱਕੇ ਹਨ। ਬਠਿੰਡਾ ਜ਼ਿਲ੍ਹਾ ਦੇ ਮਹਿਰਾਜ ਤੋਂ ਬਾਅਦ ਦਿਉਣ ਪਿੰਡ ਦੇ 100 ਦੇ ਕਰੀਬ ਨੌਜਵਾਨ ਮਿਲਟਰੀ-ਪੈਰਾਮਿਲਟਰੀ ਵਿੱਚ ਤਾਇਨਾਤ ਹਨ। ਪੰਜਾਬ ਪੁਲਿਸ ਵਿੱਚੋਂ ਨਸੀਬ ਸਿੰਘ, ਤੇਜ ਸਿੰਘ ਅਤੇ ਅਤਰ ਸਿੰਘ ਏਐਸਆਈ ਤੋਂ ਸਬ ਇੰਸਪੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਸਾਲ 2011 ਵਿੱਚ ਪਿੰਡ ਦੇ ਪੰਜਾਬ ਪੁਲਿਸ ਵਿੱਚ 18 ਨੌਜਵਾਨ ਇੱਕੋ ਸਮੇਂ ਭਰਤੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸੀਆਈਡੀ ਵਿੱਚ ਗੁਰਸੇਵਕ ਸਿੰਘ ਬਰਾੜ, ਸਬ ਇੰਸਪੈਕਟਰ ਬਣ ਚੁੱਕੇ ਹਨ। ਵਿਜੀਲੈਂਸ ਵਿੱਚ ਗੁਰਬਚਨ ਸਿੰਘ ਬੰਗੜ, ਕੁਲਵਿੰਦਰ ਸਿੰਘ ਏਐਸਆਈ, ਲਖਵਿੰਦਰ ਸਿੰਘ ਏਐਸਆਈ, ਜਗਸੀਰ ਸਿੰਘ ਏਐਸਆਈ, ਗੁਰਦਾਸ ਸਿੰਘ ਏਐਸਆਈ ਵਜੋਂ ਵੱਖ ਵੱਖ ਥਾਣਿਆਂ ਵਿੱਚ ਤਾਇਨਾਤ ਹਨ। ਪਿੰਡ ਦੇ 400 ਵਿਅਕਤੀ, ਗੁਰੂ ਨਾਨਕ ਦੇਵ ਪਲਾਂਟ ਵਿੱਚ ਨੌਕਰੀਆਂ ਕਰਦੇ ਰਹੇ ਹਨ। ਸਾਲ 2013 ਵਿੱਚ ਦੇਸ਼ ਦੀ ਸੇਵਾ ਕਰਦਿਆਂ ਜੰਮੂ ਕਸਮੀਰ ਵਿੱਚ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਪਿੰਡ ਦੇ ਨੌਜਵਾਨ ਲਾਸ ਨਾਇਕ ਜਗਦੀਸ਼ ਸਿੰਘ ਸ਼ਹੀਦ ਹੋ ਗਏ ਸਨ, ਉਨ੍ਹਾਂ ਦੀ ਸ਼ਹੀਦੀ ਉੱਪਰ ਪੂਰੇ ਪਿੰਡ ਨੂੰ ਮਾਣ ਹੈ। ਨਛੱਤਰ ਸਿੰਘ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਨ ਅਤੇ ਪੰਜਾਬ ਨੰਬਰਦਾਰ ਯੂਨੀਅਨ ਦੇ ਮੈਂਬਰ ਵੀ ਰਹਿ ਚੁੱਕੇ ਹਨ। ਸਾਲ 1992 ਵਿੱਚ ਜਗਰੂਪ ਸਿੰਘ ਬਰਾੜ ਇੰਡੀਅਨ ਬਾਸਕਟਬਾਲ ਟੀਮ ਵਿੱਚ ਖੇਡਿਆ, ਜੋ ਅੱਜ ਕੱਲ੍ਹ ਕੈਨੇਡਾ ਵਿੱਚ ਪੰਜ ਵਾਰ ਵਿਧਾਇਕ ਦੇ ਅਹੁਦੇ 'ਤੇ ਪੰਜਾਬੀਆਂ ਦੀ ਸੇਵਾ ਕਰ ਰਿਹਾ ਹੈ। ਉਸ ਦਾ ਭਰਾ ਜਸਵੰਤ ਸਿੰਘ ਬਰਾੜ ਵੀ ਕੈਨੇਡਾ ਵਿੱਚ ਹੈ।

ਉੱਘੀਆਂ ਨਾਮਵਰ ਸਖਸ਼ੀਅਤਾਂ:

ਲੋਕ ਗਾਥਾਵਾਂ ਦੇ ਗਾਇਕ ਕੁਲਦੀਪ ਮਾਣਕ ਦੀ ਆਵਾਜ਼ ਵਿੱਚ, ਇਸ ਪਿੰਡ ਦੇ ਗੀਤਕਾਰ ਅਲਬੇਲ ਬਰਾੜ ਦੀ ਕਲਮ ਵਿੱਚੋਂ ਛੱਡੀਏ ਨਾ ਵੈਰੀ ਨੂੰ, ਕੁੱਖ ਤਾਂ ਸੁਲੱਖਣੀ ਹੋਈ, ਇੱਕ ਵਾਰੀ ਲੰਘਿਆ ਵੇਲਾ ਅਤੇ ਹੋਰ ਵੀ ਸੈਂਕੜੇ ਗੀਤ ਰਿਕਾਰਡ ਹੋ ਚੁੱਕੇ ਹਨ, ਉਹ ਵੀ ਇਸ ਪਿੰਡ ਦੇ ਮਾਣ ਹਨ। ਪਿੰਡ ਵਿੱਚ ਸੰਗੀਤਕ ਖੇਤਰ ਨਾਲ ਜੁੜੇ ਬਰਾੜ ਜੋ ਕਿਸਾਨ ਐਂਥਮ ਗੀਤ ਰਾਹੀਂ ਚਰਚਾ ਵਿਚ ਰਹੇ ਹਨ, ਉਹ ਵੀ ਇਸ ਪਿੰਡ ਦੇ ਜੰਮਪਲ ਹਨ, ਪਰ ਅੱਜ ਕੱਲ੍ਹ ਉਨ੍ਹਾਂ ਦਾ ਪਰਿਵਾਰ ਹਨੂੰਮਾਨਗੜ ਰਾਜਸਥਾਨ ਵਿੱਚ ਰਹਿੰਦਾ ਹੈ। ਉੱਘੇ ਨਾਵਲਕਾਰ ਕਾਲਾ ਸਿੰਘ ਮੁਟਿਆਰ ਨੇ ਸਾਹਿਤਕ ਖੇਤਰ ਵਿੱਚ ਆਪਣੇ ਦੋ ਨਾਵਲ ਦਿਲਾਂ ਦੀ ਸਾਰ ਅਤੇ ਕੌਣ ਸੁਣੇ ਫਰਿਆਦਾਂ ਰਾਹੀਂ ਸਾਹਿਤਕ ਜਗਤ ਵਿੱਚ ਆਪਣੀ ਪਛਾਣ ਬਣਾਈ ਅਤੇ ਉਨ੍ਹਾਂ ਦੀ ਕਲਮ ਤੋਂ ਪਿੰਡ ਦੇ ਹੋਰ ਲੇਖਕਾਂ ਨੇ ਅਗਵਾਈ ਲਈ ਅਤੇ ਉੱਘੀ ਕਵਿੱਤਰੀ ਕਰਮਜੀਤ ਕੰਮੋ ਸਾਹਿਤਕ ਖੇਤਰ ਵਿੱਚ ਅਮਿੱਟ ਹਸਤਾਖ਼ਰ ਹਨ। ਕਰਮਜੀਤ ਕੰਮੋ ਨੇ ਤਾਂ ਆਪਣੇ ਨਾਂਅ ਅਤੇ ਮਗਰ ਆਪਣੇ ਪੇਕੇ ਪਿੰਡ ਦਿਉਣ ਦਾ ਨਾਂਅ ਪਹਿਲਾਂ ਲਗਾ ਕੇ ਇਸ ਪਿੰਡ ਨੂੰ ਵੱਡਾ ਮਾਣ ਬਖਸ਼ਿਆ ਹੈ। ਕਰਮਜੀਤ ਦੀ ਪਲੇਠੀ ਕਵਿਤਾ ਦੀ ਕਿਤਾਬ ਚਿੜੀਆਂ ਦੀ ਚਹਿਕ ਅਤੇ ਦੂਜੀ ਕਿਤਾਬ ਦੂਜੀ ਗੀਤਾਂ ਦੀ ਕਿਤਾਬ ਪਿਆਜ਼ੀ ਚੁੰਨੀ ਰਾਹੀਂ, ਪਿੰਡ ਦਾ ਨਾਂ ਰੌਸ਼ਨ ਕੀਤਾ। ਕਰਮਜੀਤ ਕੰਮੋ ਹਰਿਆਣਾ ਦੇ ਕਸਬਾ ਏਲਨਾਬਾਦ ਵਿਆਹੀ ਹੋਈ ਹੈ ਅਤੇ ਉੱਥੋਂ ਹੀ ਸਵਰ ਗੰਗਾ ਰੇਡੀਓ ਦੀ ਡਾਇਰੈਕਟਰ ਅਤੇ ਐਂਕਰ ਵਜੋਂ ਸੇਵਾਵਾਂ ਨਿਭਾ ਰਹੀ ਹੈ। ਇਸ ਤੋਂ ਇਲਾਵਾ ਗਾਇਕ ਗੀਤਕਾਰ ਇਕਬਾਲ ਪੰਜੂ, ਤਾਰਾ ਦਿਉਣ ਅਤੇ ਹੋਰ ਵੀ ਨਵੇਂ ਉੱਭਰ ਰਹੇ ਗਾਇਕ ਗੀਤਕਾਰ ਲੇਖਕ, ਗੁਰਨੈਬ ਸਾਜਨ ਦਿਉਣ ਵੀ, ਇਸ ਪਿੰਡ ਦੇ ਪੱਤਰਕਾਰੀ ਵਿੱਚ ਮੱਲਾਂ ਮਾਰ ਰਹੇ ਹਨ।

ਪਿੰਡ ਦੀ ਬਣਤਰ: ਪਿੰਡ ਵਿੱਚ 11 ਵਾਰਡ ਅਤੇ 6 ਗੁਰਦੁਆਰਾ ਸਾਹਿਬ

ਪਿੰਡ ਦੀਆਂ ਪੰਜ ਪੱਤੀਆਂ ਵਿੱਚੋਂ ਰਾਮੂੰ, ਮਿਰਜਾ, ਰਾਊ, ਹਰਦਿੱਤਾ, ਰੂਪਾ ਹਨ। ਪਿੰਡ ਵਿੱਚ 11 ਵਾਰਡ ਹਨ। ਪਿੰਡ ਵਿੱਚ 6 ਗੁਰਦੁਆਰਾ ਸਾਹਿਬ, ਵੱਖ ਵੱਖ ਭਾਈਚਾਰਿਆਂ ਨਾਲ ਸਬੰਧਿਤ ਹਨ। ਬਾਬਾ ਵਿਸ਼ਵਕਰਮਾ ਅਤੇ ਵਾਲਮੀਕੀ ਮੰਦਰ, ਜੌੜੇ ਪਾਤਸ਼ਾਹ ਦਰਵੇਸ਼ਾਂ ਦੀ ਜਗ੍ਹਾ, ਡੇਰਾ ਬਾਬਾ ਸਿੱਧ ਤਿਲਕ ਰਾਓ, ਜਿਸ ਦੀ ਮਾਨਤਾ ਆਸ ਪਾਸ ਪਿੰਡਾਂ ਵਿੱਚ ਹੈ। ਇਸ ਸਥਾਨ ਉੱਪਰ ਬਾਬਾ ਜਮਨਾ ਦਾਸ ਨੇ, ਜੰਗਲ ਵਿੱਚ ਮੰਗਲ ਲਗਾ ਕੇ ਇਸ ਸਥਾਨ ਨੂੰ ਆਬਾਦ ਕੀਤਾ ਅਤੇ ਅੱਜ ਇਹ ਸਥਾਨ ਸਮੁੱਚੇ ਪਿੰਡਾਂ ਲਈ ਸਾਂਝੀਵਾਲਤਾ ਦਾ ਪ੍ਰਤੀਕ ਬਣਿਆ ਹੋਇਆ ਹੈ। ਡੇਰਾ ਬਾਬਾ ਬਰਮਾ, ਡੇਰਾ ਜਲਾਲ, ਬਾਬਾ ਨਾਥਾ ਦੀਆਂ ਸਮਾਧਾਂ ਹਨ, ਮਾਤਾ ਸ਼ੇਰਾਂ ਵਾਲੀ ਦੇ ਮੰਦਿਰ ਦੀ ਪਿੰਡ ਵਿੱਚ ਮਾਨਤਾ ਹੈ।

ਸਕੂਲ, ਕਾਲਜ ਯੂਨੀਵਰਸਿਟੀ ਦੇ ਨਾਲ-ਨਾਲ ਸਿੱਖਿਆ ਅਤੇ ਖੇਡ ਜਗਤ 'ਚ ਮੱਲਾਂ

ਕਿਸੇ ਸਮੇਂ ਮਾਲਵੇ ਵਿੱਚੋਂ ਬਠਿੰਡਾ ਜ਼ਿਲ੍ਹੇ ਨੂੰ ਵਿੱਦਿਆ ਪੱਖੋਂ ਪੱਛੜਿਆ ਇਲਾਕਾ ਮੰਨਿਆ ਜਾਂਦਾ ਸੀ, ਪਰ ਸਮੁੱਚੇ ਮਾਲਵੇ ਨੂੰ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ਪਿੰਡ ਦਿਉਣ ਵਿੱਚ ਸਥਿਤ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਹੈ। ਜਿਸ ਵਿੱਚੋਂ ਪੜ੍ਹਾਈ ਕਰਕੇ ਵਿਦਿਆਰਥੀ ਉੱਚ ਅਹੁਦਿਆਂ 'ਤੇ ਤਾਇਨਾਤ ਹਨ। ਇਸ ਸੰਸਥਾ ਦੀਆਂ ਵਿੱਦਿਅਕ, ਸਮਾਜਿਕ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਅਹਿਮ ਪ੍ਰਾਪਤੀਆਂ ਰਹੀਆਂ ਹਨ। ਕੌਮ ਦੇ ਨਿਰਮਾਤਾ ਅਧਿਆਪਕ ਦਾ ਮੁੱਢ ਬੰਨ੍ਹਣ ਵਾਲੀ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦਿਉਣ ਬਠਿੰਡਾ ਜ਼ਿਲ੍ਹੇ ਦੀ, ਇਸ ਸੰਸਥਾ ਵਿੱਚ ਅੱਜ ਤੱਕ ਅਨੇਕਾਂ ਅਧਿਆਪਕ ਸਿਖਲਾਈ ਲੈ ਕੇ ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਵਿੱਦਿਆ ਰੂਪੀ ਚਾਨਣ ਵੰਡ ਰਹੇ ਹਨ। ਇਸ ਸੰਸਥਾ ਨੂੰ ਪਿੰਡ ਦੀ ਪੰਚਾਇਤ ਵੱਲੋਂ 10 ਏਕੜ ਜ਼ਮੀਨ ਦਾਨ ਵਜੋਂ ਦਿੱਤੀ ਗਈ ਹੈ। ਪਰ ਸਰਕਾਰ ਵੱਲੋਂ ਇਸ ਪਿੰਡ ਦੇ ਲਈ ਰਾਖਵਾਂ ਕੋਟਾ ਨਹੀਂ ਰੱਖਿਆ ਗਿਆ, ਜਿਸ ਕਰਕੇ ਇਸ ਪਿੰਡ ਦੇ ਵਿਦਿਆਰਥੀ ਇਸ ਸੰਸਥਾ ਵਿੱਚੋਂ ਬਤੌਰ ਅਧਿਆਪਕ ਸਿਖਲਾਈ ਨਹੀਂ ਲੈ ਸਕੇ। ਇਸ ਤੋਂ ਇਲਾਵਾ ਮਾਲਵਾ ਫਾਰਮੇਸੀ ਕਾਲਜ, ਮਾਲਵਾ ਕਾਲਜ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਦਿੱਤਾ ਗਿਆ ਹੈ। ਪ੍ਰਿੰਸੀਪਲ ਜੋਗਿੰਦਰ ਸਿੰਘ ਬੱਲਮਗੜ ਅਤੇ ਸਮੂਹ ਸਟਾਫ਼ ਦੀ ਅਣਥੱਕ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀ ਵਿੱਦਿਅਕ ਸਮਾਜਿਕ ਅਤੇ ਖੇਡਾਂ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ, ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਹਿੰਦਾ ਹੈ। 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ 90 ਪ੍ਰਤੀਸ਼ਤ ਤੋਂ ਵੱਧ ਅੰਕ ਲੈ ਕੇ ਪਾਸ ਹੋਏ ਹਨ। ਪਿੰਡ ਵਿੱਚ 5 ਆਂਗਣਵਾੜੀ ਸੈਂਟਰ ਹਨ। ਪਿੰਡ ਵਿੱਚ ਦੋ ਸਰਕਾਰੀ ਐਲੀਮੈਂਟਰੀ ਸਕੂਲ ਹਨ। ਮਾਂ ਖੇਡ ਕਬੱਡੀ ਦੇ ਖਿਡਾਰੀ ਦੋ ਭਰਾਵਾਂ ਦੀ ਜੋੜੀ ਵਿੱਚੋਂ ਬਲਜਿੰਦਰ ਬਚੀ ਅਤੇ ਕੁਲਵਿੰਦਰ ਕਿੰਦਾ ਰੇਡਰ ਤੇ ਜਾਫੀ ਵਜੋਂ ਚੰਗਾ ਨਾਂ ਕਮਾਇਆ ਹੈ। ਇਸ ਤੋਂ ਇਲਾਵਾ ਕਬੱਡੀ ਖਿਡਾਰੀਆਂ ਵਿੱਚੋਂ ਸੁਖਦੇਵ ਸੁੱਖਾ, ਜਸਵੀਰ ਬਿੱਲੀ, ਬਲਜੀਤ ਬੀਤਾ, ਦੂਹਰਾ ਓਪਨ ਕਬੱਡੀ ਵਿੱਚ ਪਿੰਡ ਦਾ ਨਾਂ ਰੌਸ਼ਨ ਕਰ ਰਹੇ ਹਨ। ਬਾਸਕਟਬਾਲ ਦੇ ਖਿਡਾਰੀਆਂ ਵਜੋਂ ਵੀ ਇਹ ਪਿੰਡ ਜਾਣਿਆ ਜਾਂਦਾ ਹੈ। ਬਾਸਕਟਬਾਲ ਖੇਡ ਵਿੱਚੋਂ ਜਗਰੂਪ ਸਿੰਘ ਬਰਾੜ ਓਲੰਪਿਕ ਤੱਕ ਖੇਡਿਆ, ਬਾਕੀ ਖਿਡਾਰੀਆਂ ਵਿੱਚੋਂ ਜਗਸੀਰ ਸਿੰਘ, ਗੁਰਧਿਆਨ ਸਿੰਘ, ਬਲਵੀਰ ਸਿੰਘ, ਨਿਰਮਲ ਸਿੰਘ, ਕਾਕਾ ਸਿੰਘ, ਗੁਰਸੇਵਕ ਸਿੰਘ, ਗੁਰਚਰਨ ਸਿੰਘ ਤੋਂ ਇਲਾਵਾ ਸੁਰਜੀਤ ਸਿੰਘ ਮਹੰਤ ਬਾਸਕਟਬਾਲ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਸਰਕਾਰੀ ਨੌਕਰੀ ਕਰ ਰਿਹਾ ਹੈ। ਬਾਸਕਟਬਾਲ ਵਿੱਚ ਕੇਵਲ ਸਿੰਘ ਪੁੱਤਰ ਸਾਧੂ ਸਿੰਘ ਸਾਬਕਾ ਸਰਪੰਚ ਜੋ ਨੈਸ਼ਨਲ ਪੱਧਰ ਬਾਸਕਟਬਾਲ ਵਿੱਚੋਂ ਪੰਜਾਬ ਤੋਂ ਇਲਾਵਾ ਨੈਸ਼ਨਲ ਪੱਧਰ 'ਤੇ ਗੋਲਡ ਮੈਡਲ ਜਿੱਤ ਕੇ ਪਿੰਡ ਦਾ ਨਾਂ ਚਮਕਾ ਚੁੱਕਾ ਹੈ ਅਤੇ ਅੱਜ ਕੱਲ੍ਹ ਬਤੌਰ ਏਐਸਆਈ ਪੰਜਾਬ ਪੁਲਿਸ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਿਹਾ ਹੈ। ਇਸ ਪਿੰਡ ਦੀ ਨੂੰਹ ਬੀਬੀ ਰਾਜਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਚੇਅਰਪਰਸਨ ਰਹਿ ਚੁੱਕੀ ਹੈ। ਜਿਨ੍ਹਾਂ ਨੂੰ ਆਪਣੇ ਕਾਰਜਕਾਲ ਦੌਰਾਨ ਕੇਂਦਰ ਸਰਕਾਰ ਵੱਲੋਂ ਸ਼ਾਨਦਾਰ ਪ੍ਰਾਪਤੀਆਂ ਬਦਲੇ ਐਵਾਰਡ ਵੀ ਮਿਲ ਚੁੱਕਾ ਹੈ।

ਕਿਸਾਨੀ ਮੋਰਚਾ ਵਿੱਚ ਯੋਗਦਾਨ ਅਤੇ ਕੁੱਝ ਖ਼ਾਸ ਸਖ਼ਸੀਅਤਾਂ

ਕਿਸਾਨ ਅੰਦੋਲਨ ਵਿੱਚ ਇਸ ਪਿੰਡ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਆਗੂ ਗੁਰਪਾਲ ਸਿੰਘ, ਨੀਟਾ ਦਿਉਣ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਿੰਡ ਇਕਾਈ ਪ੍ਰਧਾਨ ਰਾਮ ਸਿੰਘ ਬਰਾੜ ਵਲੋਂ ਵੀ ਪਿੰਡ ਦੇ ਕਿਸਾਨ ਸਾਥੀਆਂ ਨਾਲ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਮੋਰਚਿਆਂ ਉੱਪਰ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸ਼ਹੀਦ ਭਗਤ ਸਿੰਘ ਯੂਥ ਐਂਡ ਸਪੋਰਟਸ ਕਲੱਬ ਵੱਲੋਂ ਖੇਡ ਮੇਲੇ ਅਤੇ ਹੋਰ ਸਮਾਜਿਕ ਖੇਤਰ ਵਿੱਚ ਗਤੀਵਿਧੀਆਂ ਕਰਕੇ ਨੌਜਵਾਨਾਂ ਨੂੰ ਜਿੱਥੇ ਨਸ਼ਿਆਂ ਤੋਂ ਦੂਰ ਰੱਖਿਆ ਜਾਂਦਾ ਰਿਹਾ ਹੈ, ਉੱਥੇ ਪਿੰਡ ਵਿੱਚ ਸਮਾਜਿਕ ਗਤੀਵਿਧੀਆਂ ਕਰਕੇ ਨੌਜਵਾਨੀ ਨੂੰ ਚੰਗੇ ਪਾਸੇ ਲਾ ਰਹੇ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਯੁਵਕ ਸੇਵਾਵਾਂ ਭਲਾਈ ਕਲੱਬ, ਗੁਰਧਿਆਨ ਯਾਦਗਾਰੀ ਫਾਉਡੇਂਸ਼ਨ, ਸ਼ਹੀਦ ਜਗਦੀਸ਼ ਸਿੰਘ ਕਲੱਬ ਅਤੇ ਆਰਮੀ ਵੈੱਲਫੇਅਰ ਐਸੋਸੀਏਸ਼ਨ ਦਿਉਣ ਦੇ ਪ੍ਰਧਾਨ ਸੂਬੇਦਾਰ ਹਰਮੇਲ ਸਿੰਘ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਤ ਹੋਏ ਹਨ। ਪਿੰਡ ਦੇ 1975 ਵਿੱਚ ਐਮ. ਏ ਦੀ ਪੜ੍ਹਾਈ ਕਰਨ ਵਾਲੇ ਸਭ ਤੋਂ ਵੱਧ ਪੜ੍ਹੇ ਲਿਖੇ ਵਿਅਕਤੀ ਪਹਾੜਾ ਸਿੰਘ ਬਰਾੜ ਸਨ, ਤੋਂ ਇਲਾਵਾ ਪਿੰਡ ਦੇ ਉੱਚੀ ਸੁੱਚੀ ਸੋਚ ਦੇ ਧਾਰਨੀ ਨੌਜਵਾਨ ਬਹਾਦਰ ਸਿੰਘ ਬਰਾੜ ਸਰਦਾਰਗੜ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਵਿੱਦਿਆ ਰੂਪੀ ਚਾਨਣ ਵੰਡ ਰਿਹਾ ਹੈ। ਮਾਸਟਰ ਬਹਾਦਰ ਸਿੰਘ ਬਰਾੜ ਕਿਸਾਨੀ ਮਸਲਿਆਂ ਉੱਪਰ ਵੀ ਆਪਣੀ ਤਿੱਖੀ ਸੂਝਬੂਝ ਰਾਹੀਂ ਕਿਸਾਨ ਅੰਦੋਲਨ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਵਿੱਦਿਆ ਦੇ ਖੇਤਰ ਵਿੱਚ ਮੋਹਰੀ ਮੋਹਰੀ ਭੂਮਿਕਾ ਨਿਭਾ ਰਹੀ ਪਿੰਡ ਦਿਉਣ ਦੀ ਹੋਣਹਾਰ ਧੀ ਪਰਮਪਾਲ ਕੌਰ ਪੁੱਤਰੀ ਕੇਵਲ ਸਿੰਘ ਏਐੱਸਆਈ ਪੰਜਾਬ ਪੁਲਿਸ ਜੋ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ ਦਿਉਣ ਵਿੱਚੋਂ ਬੀਐਸਸੀ ਮੈਥ ਵਿੱਚੋਂ ਟੌਪਰ ਰਹੀ ਅਤੇ ਅੱਜ ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮਐੱਸਸੀ ਮੈਥ ਦੀ ਪੜ੍ਹਾਈ ਕਰਕੇ ਪਿੰਡ ਦਾ ਨਾਂ ਰੌਸ਼ਨ ਕਰ ਰਹੀ ਹੈ। ਇਸ ਪਿੰਡ ਦੇ ਡਾ. ਚੇਤ ਸਿੰਘ ਬਰਾੜ ਪ੍ਰੈੱਸ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਗੋਨਿਆਣਾ ਮੰਡੀ, ਡਾ: ਭਗਵੰਤ ਦਾਸ ਦਿਉਣ ਕਿਸਾਨ ਅੰਦੋਲਨ ਦੌਰਾਨ ਜੀਦਾ ਟੋਲ ਪਲਾਜ਼ਾ ਅਤੇ ਪਿਛਲੇ 6 ਮਹੀਨਿਆਂ ਤੋਂ ਲਗਾਏ ਗਏ ਮੁਫਤ ਮੈਡੀਕਲ ਕੈਂਪ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਹਨ। ਇਸ ਪਿੰਡ ਦੇ 35 ਦੇ ਕਰੀਬ ਲੜਕੇ ਲੜਕੀਆਂ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।


ਪਿੰਡ ਦੀ ਮੌਜੂਦਾ ਦੀ ਪੰਚਾਇਤ ਉਨ੍ਹਾਂ ਦੁਆਰਾ ਕੀਤੇ ਕੰਮ ਤੋਂ ਇਲਾਵਾ MLA, MP ਅਤੇ ਪੁਲਿਸ ਥਾਣਾ

ਸਰਪੰਚ ਬੀਬੀ ਸੁਖਵੀਰ ਕੌਰ ਬੰਗੜ, ਗੁਰਮੇਲ ਕੌਰ ਪੰਚ ਪਰਮਿੰਦਰ ਕੌਰ ਪੰਚ, ਜਸਵੀਰ ਕੌਰ ਪੰਚ, ਸੋਨਾ ਰਾਣੀ ਪੰਚ, ਦਰਸ਼ਨ ਸਿੰਘ ਪੰਚ, ਸੁਖਪਾਲ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ ਅਤੇ ਯੂਸਫ ਸਿੰਘ ਪੰਚ, ਮਲਕੀਤ ਸਿੰਘ ਪੰਚ, ਛਿੰਦਰ ਸਿੰਘ ਵੱਲੋਂ ਪਿੰਡ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਪਿੰਡ ਨੂੰ ਜਿਹੜਾ ਲੋਕ ਸਭਾ ਹਲਕਾ ਲੱਗਦਾ ਹੈ, ਉਹ ਬਠਿੰਡਾ ਹੈ ਅਤੇ ਬਠਿੰਡੇ ਤੋਂ ਲੋਕ ਸਭਾ ਮੈਂਬਰ ਹਰਮਿਸਰਤ ਕੌਰ ਬਾਦਲ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੀ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ ਹੈ। ਪਿੰਡ ਦੇ ਅਧੂਰੇ ਰਹਿੰਦੇ ਵਿਕਾਸ ਲਈ ਪੰਚਾਇਤ ਵੱਲੋਂ ਪੰਜਾਬ ਸਰਕਾਰ ਕੋਲੋਂ ਖੁੱਲ੍ਹੇ ਗੱਫੇ ਲਿਆ ਕੇ ਦਿੱਤੇ ਜਾ ਰਹੇ ਹਨ। ਜਿਸ ਕਰਕੇ ਪਿੰਡ ਵਿੱਚ ਵਿਕਾਸ ਕਾਰਜ ਜ਼ੋਰਾਂ 'ਤੇ ਚੱਲ ਰਹੇ ਹਨ। ਪਿੰਡ ਵਿੱਚ ਬਣੇ ਪੁਰਾਤਨ ਦਰਵਾਜਾ ਨਵੇਂ ਸਿਰੇ ਤੋਂ ਉਸਾਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਦੇ ਗਰਾਊਂਡ ਘਰ, ਪੰਚਾਇਤ ਘਰ ਵਿੱਚ ਪਿੰਡ ਦੇ ਸਾਂਝੇ ਕੰਮਾਂ ਲਈ ਇਕੱਠ ਜੁੜਦੇ ਹਨ। ਪਿੰਡ ਦਾ ਵਿਕਾਸ ਵੱਡੇ ਪੱਧਰ 'ਤੇ ਹੋ ਰਿਹਾ ਹੈ, ਜਿਸ ਦੌਰਾਨ ਸ਼ਮਸ਼ਾਨਘਾਟ ਵਿੱਚ ਪਾਰਕ, ਭੱਠੀਆਂ, ਸਕੂਲ ਵਿੱਚ ਬਾਸਕਟਬਾਲ ਗਰਾਊਂਡ, ਪਿੰਡ ਦੀਆਂ ਗਲੀਆਂ ਵਿੱਚ ਇੰਟਰ-ਲਾਕ ਟਾਈਲਾਂ ਲਵਾਈਆਂ ਜਾ ਰਹੀਆਂ ਹਨ। ਘਰਾਂ ਦੇ ਗੰਦੇ ਪਾਣੀ ਲਈ ਸੀਵਰੇਜ ਦੀਆਂ ਪਾਈਆਂ ਜਾ ਰਹੀਆਂ ਹਨ। ਪੰਚਾਇਤ ਘਰ ਦੀ ਮੁਰੰਮਤ, ਵਾਟਰ ਵਰਕਸ ਵਿਚ ਨਹਿਰੀ ਪਾਣੀ ਦੀ ਬੰਦੀ ਵੇਲੇ ਪਾਣੀ ਦੀ ਘਾਟ ਨੂੰ ਦੇਖਦਿਆ ਮੋਟਰ ਲਗਵਾਈ ਗਈ ਹੈ। ਪਿੰਡ ਦੇ ਦੋ ਛੱਪੜਾਂ 'ਤੇ ਵੀ ਮੋਟਰਾਂ ਲਗਾਈਆਂ ਗਈਆਂ ਹਨ। ਸਰਕਾਰੀ ਐਲੀਮੈਂਟਰੀ ਸਕੂਲ ਮੇਨ ਵਿੱਚ ਆਂਗਣਵਾੜੀ ਸੈਂਟਰ ਦੀ ਇਮਾਰਤ ਬਣਾਈ ਜਾ ਚੁੱਕੀ ਹੈ। ਐਸ ਸੀ ਧਰਮਸ਼ਾਲਾ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

ਉਦਯੋਗਿਕ, ਖੇਤੀ, ਫੈਕਟਰੀ ਤੋਂ ਇਲਾਵਾ ਸਰਪੰਚ ਰਹਿ ਚੁੱਕੇ ਅਤੇ ਉਨ੍ਹਾਂ ਦੁਆਰਾ ਪਾਏ ਗਏ ਕ੍ਰਾਂਤੀਕਾਰੀ ਯੋਗਦਾਨ

ਇਹ ਪਿੰਡ ਦਾ ਜਿਆਦਾਤਰ ਹਿੱਸਾ ਖੇਤੀ ਅਤੇ ਦੁੱਧ ਉਤਪਾਦ ਧੰਦੇ ਨਾਲ ਜੁੜਿਆ ਹੋਇਆ ਹੈ। ਇੱਥੋਂ ਦੇ ਲੋਕ ਕਿਸਾਨ ਅੰਦੋਲਨ ਵਿੱਚ ਵੀ ਆਪਣਾ ਯੋਗਦਾਨ ਪਾ ਚੁੱਕੇ ਹਨ ਅਤੇ ਹੁਣ ਵੀ ਪਾ ਰਹੇ ਹਨ। ਪਿੰਡ ਦੇ ਰਹਿ ਚੁੱਕੇ ਸਰਪੰਚਾਂ ਵਿੱਚੋਂ ਸਾਬਕਾ ਸਰਪੰਚ ਮੇਹਰ ਸਿੰਘ, ਮੱਲ ਸਿੰਘ, ਇੰਦਰ ਸਿੰਘ, ਭਾਗ ਸਿੰਘ, ਗੁਰਦੇਵ ਸਿੰਘ, ਕਰਮ ਸਿੰਘ, ਬਲਦੇਵ ਸਿੰਘ, ਸਾਧੂ ਸਿੰਘ, ਬੋਘਾ ਸਿੰਘ, ਸੁਰਜੀਤ ਸਿੰਘ, ਸੁਖਪ੍ਰੀਤ ਕੌਰ, ਭੋਲਾ ਸਿੰਘ, ਅੰਗਰੇਜ਼ ਕੌਰ ਅਤੇ ਮੌਜੂਦਾ ਸਰਪੰਚ ਸੁਖਵੀਰ ਕੌਰ ਬੰਗੜ ਆਦਿ ਹਨ। ਸਰਕਾਰ ਵੱਲੋਂ ਜੋ ਖੁਸ਼ਹਾਲੀ ਟੈਕਸ ਲਗਾਇਆ ਜਾਂਦਾ ਹੈ, ਕਾਮਰੇਡ ਬਾਬਾ ਭਾਗ ਸਿੰਘ, ਬਾਬਾ ਜਿਉਣ ਸਿੰਘ, ਬਾਬਾ ਮੱਲ ਸਿੰਘ ਸਰਪੰਚ ਵੱਲੋਂ ਆਪਣੇ ਸਮੇਂ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕਰਨ ਤੇ ਅੱਜ ਤੱਕ ਨਹੀਂ ਦਿੱਤਾ ਜਾਂਦਾ। ਇਸ ਤੋਂ ਇਲਾਵਾ 1980 ਵਿੱਚ ਸਰਪੰਚ ਬਲਦੇਵ ਸਿੰਘ ਦੀ ਅਗਵਾਈ ਹੇਠ ਪੰਚ ਸਾਧੂ ਸਿੰਘ ਵੱਲੋਂ ਸਮੁੱਚੀ ਪੰਚਾਇਤ ਮਤਾ ਪਾ ਕੇ ਚੁੱਲੇ ਟੈਕਸ ਦਾ ਵਿਰੋਧ ਕੀਤਾ ਗਿਆ ਸੀ, ਜੋ ਅੱਜ ਤੱਕ ਚੁੱਲਾ ਟੈਕਸ ਨਹੀਂ ਦਿੱਤਾ ਜਾ ਰਿਹਾ। ਪੰਜਾਬ ਵਿੱਚ ਚੱਲੇ ਕਾਲੇ ਦੌਰ ਦੌਰਾਨ ਅਸੈਂਬਲੀ ਚੋਣਾਂ ਦਾ ਜਦੋਂ ਅਕਾਲੀਆਂ ਨੇ ਬਾਈਕਾਟ ਕੀਤਾ ਸੀ, ਤਾਂ ਉਸ ਸਮੇਂ 1992 ਵਿੱਚ 58 ਪਿੰਡਾਂ ਵਿੱਚੋਂ ਸਿਰਫ਼ ਦਿਉਣ ਅਤੇ ਸਿਵੀਆ ਪਿੰਡਾਂ ਵਿੱਚ ਹੀ ਵੋਟਾਂ ਪਈਆਂ ਸਨ। ਬਾਬਾ ਮੇਹਰ ਸਿੰਘ ਨੂੰ ਦੇਸ਼ ਦੀ ਵੰਡ ਤੋਂ ਬਾਅਦ ਲੋਕਾਂ ਨੇ ਸਰਬ-ਸੰਮਤੀ ਨਾਲ ਹੱਥ ਖੜੇ ਕਰਕੇ ਸਰਪੰਚ ਚੁਣ ਲਿਆ ਸੀ। ਇਸ ਤੋਂ ਬਾਅਦ ਲਗਾਤਾਰ ਸਰਪੰਚੀ ਦੀ ਚੋਣ ਲਈ ਵੋਟਾਂ ਪੈਂਦੀਆਂ ਰਹੀਆਂ ਹਨ।

ਪਿੰਡ ਦੀਆਂ ਸਮੱਸਿਆਵਾਂ:

ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਬੱਸ ਅੱਡੇ ਦਿਉਣ ਤੋਂ, ਪਿੰਡ ਦਿਉਣ ਨੂੰ ਮਿਲਾਉਂਦੀ ਲਿੰਕ ਸੜਕ ਜਲਦੀ ਬਣਾਉਣ ਦੀ ਮੰਗ ਅਤੇ ਬੇਰੀਆਣਾ ਛੱਪੜ ਤੋਂ ਜੋ ਪਿੰਡ ਦਾ ਨਿਕਾਸੀ ਪਾਣੀ ਜਮ੍ਹਾਂ ਹੁੰਦਾ ਹੈ, ਉਹ ਪਾਣੀ ਖੇਤਾਂ ਨੂੰ ਲਗਾਏ ਜਾਣ ਲਈ ਛੱਪੜ ਉਪਰ ਮੋਟਰ ਲਗਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦਿਉਣ ਤੋਂ ਨਹੀਆਂਵਾਲਾ ਕੱਚੇ ਰਸਤੇ ਨੂੰ ਸੜਕ ਬਣਾਏ ਜਾਣ ਦੀ ਮੰਗ, ਜੋ ਨਗਰ ਨਿਵਾਸੀਆਂ ਵੱਲੋਂ ਲੰਮੇ ਸਮੇਂ ਤੋਂ, ਸਮੇਂ ਦੀਆਂ ਸਰਕਾਰਾਂ ਅੱਗੇ ਰੱਖੀ ਜਾਂਦੀ ਹੈ, ਉਹ ਸੜਕ ਜਲਦੀ ਬਣਾਈ ਜਾਵੇ।

Location

Deon, Tehsil - Bathinda, Bathinda, Punjab 151001, India
ਜ਼ਿਲ੍ਹਾ ਬਠਿੰਡਾ ਤੋਂ ਸ਼੍ਰੀ ਮੁਕਤਸਰ ਸਾਹਿਬ ਸੜਕ ਤੋਂ ਇੱਕ ਕਿੱਲੋਮੀਟਰ ਪਿੱਛੇ ਹਟਵਾਂ ਪੱਛਮ ਵਾਲੇ ਪਾਸੇ ਘੁੱਗ ਵੱਸਦਾ ਪਿੰਡ ਦਿਉਣ
Get directions